ਖੇਤੀਬਾੜੀ ਮੰਤਰਾਲਾ
ਮੁੱਖ ਫਸਲਾਂ ਦਾ ਚੌਥਾ ਅਗਾਊਂ ਅਨੁਮਾਨ ਜਾਰੀ ਕੀਤਾ ਗਿਆ
ਦੇਸ਼ ਵਿੱਚ ਰਿਕਾਰਡ 308.65 ਮਿਲੀਅਨ ਟਨ ਅਨਾਜ ਦਾ ਉਤਪਾਦਨ
ਅਨਾਜ ਦਾ ਉਤਪਾਦਨ ਪਿਛਲੇ ਪੰਜ ਸਾਲਾਂ ਦੇ ਔਸਤਨ ਅਨਾਜ ਉਤਪਾਦਨ ਨਾਲੋਂ 29.77 ਮਿਲੀਅਨ ਟਨ ਵਧੇਰੇ ਹੈ
ਰਿਕਾਰਡ ਉਤਪਾਦਨ ਕਿਸਾਨਾਂ ਦੀ ਅਣਥੱਕ ਮਿਹਨਤ, ਵਿਗਿਆਨੀਆਂ ਦੇ ਹੁਨਰ ਅਤੇ ਸਰਕਾਰ ਦੀਆਂ ਨੀਤੀਆਂ ਸਦਕਾ ਹੋਇਆ ਹੈ - ਸ਼੍ਰੀ ਨਰੇਂਦਰ ਸਿੰਘ ਤੋਮਰ
Posted On:
11 AUG 2021 8:30PM by PIB Chandigarh
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ 2020-21 ਲਈ ਮੁੱਖ ਖੇਤੀ ਫਸਲਾਂ ਦੇ ਉਤਪਾਦਨ ਦਾ ਚੌਥਾ ਅਗਾਊਂ ਅਨੁਮਾਨ ਜਾਰੀ ਕੀਤਾ ਗਿਆ ਹੈ। ਰਿਕਾਰਡ 308.65 ਮਿਲੀਅਨ ਟਨ ਅਨਾਜ ਦਾ ਉਤਪਾਦਨ ਕੀਤਾ ਗਿਆ ਹੈ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਕਿਸਾਨਾਂ ਦੀ ਅਣਥੱਕ ਮਿਹਨਤ, ਵਿਗਿਆਨੀਆਂ ਦੇ ਹੁਨਰ ਅਤੇ ਖੇਤੀਬਾੜੀ ਅਤੇ ਭਾਰਤ ਸਰਕਾਰ ਦੀਆਂ ਕਿਸਾਨ ਹਿਤੈਸ਼ੀ ਨੀਤੀਆਂ ਦੇ ਕਾਰਨ ਦੇਸ਼ ਵਿੱਚ ਰਿਕਾਰਡ ਅਨਾਜ ਪੈਦਾ ਹੋ ਰਿਹਾ ਹੈ। ਭਾਰਤੀ ਖੇਤੀ ਨੂੰ ਅੱਗੇ ਵਧਾਉਣ ਲਈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਰਾਜਾਂ ਨਾਲ ਠੋਸ ਕੰਮ ਕਰ ਰਹੀ ਹੈ, ਜੋ ਭਵਿੱਖ ਵਿੱਚ ਵੀ ਜਾਰੀ ਰਹਿਣਗੇ।
ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਕਿਹਾ ਕਿ, 2020-21 ਦੇ ਚੌਥੇ ਅਗਾਊਂ ਅਨੁਮਾਨਾਂ ਅਨੁਸਾਰ, ਦੇਸ਼ ਵਿੱਚ ਕੁੱਲ ਅਨਾਜ ਉਤਪਾਦਨ 308.65 ਮਿਲੀਅਨ ਟਨ ਰਿਕਾਰਡ ਹੋਣ ਦਾ ਅਨੁਮਾਨ ਹੈ, ਜੋ 2019-20 ਦੌਰਾਨ ਅਨਾਜ ਦੇ ਉਤਪਾਦਨ ਨਾਲੋਂ 11.14 ਮਿਲੀਅਨ ਟਨ ਵੱਧ ਹੈ। 2020-21 ਦੇ ਦੌਰਾਨ ਉਤਪਾਦਨ ਪਿਛਲੇ ਪੰਜ ਸਾਲਾਂ (2015-16 ਤੋਂ 2019-20) ਦੇ ਅਨਾਜ ਦੇ ਔਸਤਨ ਉਤਪਾਦਨ ਦੇ ਮੁਕਾਬਲੇ 29.77 ਮਿਲੀਅਨ ਟਨ ਜ਼ਿਆਦਾ ਹੈ।
ਚੌਥੇ ਅਗਾਊਂ ਅਨੁਮਾਨਾਂ ਦੇ ਅਨੁਸਾਰ, 2020-21 ਦੌਰਾਨ ਮੁੱਖ ਫਸਲਾਂ ਦੇ ਅਨੁਮਾਨਤ ਉਤਪਾਦਨ ਹੇਠ ਲਿਖੇ ਅਨੁਸਾਰ ਹਨ:
· ਅਨਾਜ - 308.65 ਮਿਲੀਅਨ ਟਨ (ਰਿਕਾਰਡ)
· ਚੌਲ - 122.27 ਮਿਲੀਅਨ ਟਨ (ਰਿਕਾਰਡ)
· ਕਣਕ - 109.52 ਮਿਲੀਅਨ ਟਨ (ਰਿਕਾਰਡ)
· ਪੌਸ਼ਟਿਕ / ਮੋਟੇ ਅਨਾਜ - 51.15 ਮਿਲੀਅਨ ਟਨ
· ਮੱਕੀ - 31.51 ਮਿਲੀਅਨ ਟਨ (ਰਿਕਾਰਡ)
· ਦਾਲਾਂ - 25.72 ਮਿਲੀਅਨ ਟਨ (ਰਿਕਾਰਡ)
· ਤੁਰ - 4.28 ਮਿਲੀਅਨ ਟਨ
· ਛੋਲੇ - 11.99 ਮਿਲੀਅਨ ਟਨ (ਰਿਕਾਰਡ)
· ਤੇਲ ਬੀਜ - 36.10 ਮਿਲੀਅਨ ਟਨ (ਰਿਕਾਰਡ)
· ਮੂੰਗਫਲੀ - 10.21 ਮਿਲੀਅਨ ਟਨ (ਰਿਕਾਰਡ)
· ਸੋਇਆਬੀਨ - 12.90 ਮਿਲੀਅਨ ਟਨ
· ਤੋਰੀਆ ਅਤੇ ਸਰ੍ਹੋਂ - 10.11 ਮਿਲੀਅਨ ਟਨ (ਰਿਕਾਰਡ)
· ਗੰਨਾ - 399.25 ਮਿਲੀਅਨ ਟਨ
· ਕਪਾਹ - 35.38 ਮਿਲੀਅਨ ਗੰਢਾਂ (ਹਰੇਕ 170 ਕਿਲੋ ਦੀ)
· ਪਟਸਨ ਅਤੇ ਮੇਸਤਾ - 9.56 ਮਿਲੀਅਨ ਗੰਢਾਂ (ਹਰੇਕ 180 ਕਿਲੋ ਦੀ)
2020-21 ਦੌਰਾਨ ਚੌਲਾਂ ਦਾ ਕੁੱਲ ਉਤਪਾਦਨ ਰਿਕਾਰਡ 122.27 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ। ਇਹ ਪਿਛਲੇ ਪੰਜ ਸਾਲਾਂ ਦੇ 112.44 ਮਿਲੀਅਨ ਟਨ ਦੇ ਔਸਤਨ ਉਤਪਾਦਨ ਨਾਲੋਂ 9.83 ਮਿਲੀਅਨ ਟਨ ਵਧੇਰੇ ਹੈ।
2020-21 ਦੌਰਾਨ ਕਣਕ ਦਾ ਉਤਪਾਦਨ ਰਿਕਾਰਡ 109.52 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ। ਇਹ ਕਣਕ ਦੇ ਔਸਤਨ ਉਤਪਾਦਨ 100.42 ਮਿਲੀਅਨ ਟਨ ਨਾਲੋਂ 9.10 ਮਿਲੀਅਨ ਟਨ ਵੱਧ ਹੈ।
ਪੌਸ਼ਟਿਕ / ਮੋਟੇ ਅਨਾਜ ਦਾ ਉਤਪਾਦਨ 51.15 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ, ਜੋ 2019-20 ਦੌਰਾਨ ਉਤਪਾਦਨ ਨਾਲੋਂ 3.40 ਮਿਲੀਅਨ ਟਨ ਵੱਧ ਹੈ। ਇਸ ਤੋਂ ਇਲਾਵਾ, ਇਹ ਔਸਤਨ ਉਤਪਾਦਨ ਨਾਲੋਂ 7.14 ਮਿਲੀਅਨ ਟਨ ਜ਼ਿਆਦਾ ਹੈ।
2020-21 ਦੌਰਾਨ ਕੁੱਲ ਦਾਲਾਂ ਦਾ ਉਤਪਾਦਨ 25.72 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ ਜੋ ਪਿਛਲੇ ਪੰਜ ਸਾਲਾਂ ਦੇ 21.99 ਮਿਲੀਅਨ ਟਨ ਦੇ ਔਸਤਨ ਉਤਪਾਦਨ ਨਾਲੋਂ 3.73 ਮਿਲੀਅਨ ਟਨ ਵੱਧ ਹੈ।
2020-21 ਦੌਰਾਨ ਦੇਸ਼ ਵਿੱਚ ਕੁੱਲ ਤੇਲ ਬੀਜਾਂ ਦਾ ਉਤਪਾਦਨ ਰਿਕਾਰਡ 36.10 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ ਜੋ 2019-20 ਦੌਰਾਨ ਉਤਪਾਦਨ ਨਾਲੋਂ 2.88 ਮਿਲੀਅਨ ਟਨ ਵੱਧ ਹੈ। ਇਸ ਤੋਂ ਇਲਾਵਾ, 2020-21 ਦੌਰਾਨ ਤੇਲ ਬੀਜਾਂ ਦਾ ਉਤਪਾਦਨ 30.55 ਮਿਲੀਅਨ ਟਨ ਦੇ ਔਸਤਨ ਤੇਲ ਬੀਜ ਉਤਪਾਦਨ ਦੇ ਮੁਕਾਬਲੇ 5.56 ਮਿਲੀਅਨ ਟਨ ਵੱਧ ਹੈ।
2020-21 ਦੌਰਾਨ ਦੇਸ਼ ਵਿੱਚ ਗੰਨੇ ਦਾ ਕੁੱਲ ਉਤਪਾਦਨ 399.25 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ। 2020-21 ਦੇ ਦੌਰਾਨ ਗੰਨੇ ਦਾ ਉਤਪਾਦਨ 36.2.07 ਮਿਲੀਅਨ ਟਨ ਦੇ ਗੰਨੇ ਦੇ ਔਸਤਨ ਉਤਪਾਦਨ ਦੇ ਮੁਕਾਬਲੇ 37.18 ਮਿਲੀਅਨ ਟਨ ਜ਼ਿਆਦਾ ਹੈ।
ਕਪਾਹ ਦਾ ਉਤਪਾਦਨ 35.38 ਮਿਲੀਅਨ ਗੰਢਾਂ (ਹਰੇਕ 170 ਕਿਲੋਗ੍ਰਾਮ) ਹੋਣ ਦਾ ਅੰਦਾਜਾ ਹੈ, ਜੋ ਕਪਾਹ ਦੇ ਔਸਤਨ ਉਤਪਾਦਨ ਨਾਲੋਂ 3.49 ਮਿਲੀਅਨ ਗੰਢਾਂ ਵੱਧ ਹੈ। ਪਟਸਨ ਅਤੇ ਮੇਸਤਾ ਦੇ ਉਤਪਾਦਨ ਦਾ ਅਨੁਮਾਨ 9.56 ਮਿਲੀਅਨ ਗੰਢਾਂ (ਹਰੇਕ 180 ਕਿਲੋ) ਦਾ ਹੈ।
ਵੱਖ -ਵੱਖ ਫਸਲਾਂ ਦੇ ਉਤਪਾਦਨ ਦਾ ਮੁਲਾਂਕਣ ਰਾਜਾਂ ਤੋਂ ਪ੍ਰਾਪਤ ਅੰਕੜਿਆਂ 'ਤੇ ਅਧਾਰਤ ਹੈ ਅਤੇ ਹੋਰ ਸਰੋਤਾਂ ਤੋਂ ਉਪਲਬਧ ਜਾਣਕਾਰੀ ਦੇ ਨਾਲ ਪ੍ਰਮਾਣਿਤ ਹੈ।
2020-21 ਲਈ ਅਨਾਜ ਦੇ ਉਤਪਾਦਨ ਦਾ ਚੌਥਾ ਅਗਾਊਂ ਅਨੁਮਾਨ
*****
ਏਪੀਐਸ/ਜੇਕੇ
(Release ID: 1745003)
Visitor Counter : 305