ਘੱਟ ਗਿਣਤੀ ਮਾਮਲੇ ਮੰਤਰਾਲਾ

ਅੱਜ ਦੇਸ਼ ਭਰ ਵਿੱਚ ਵੱਖ -ਵੱਖ ਸੰਗਠਨਾਂ ਵਲੋਂ "ਮੁਸਲਿਮ ਮਹਿਲਾ ਅਧਿਕਾਰ ਦਿਵਸ" ਮਨਾਇਆ ਗਿਆ


ਤਿੰਨ ਤਲਾਕ ਵਿਰੁੱਧ ਕਾਨੂੰਨ ਮੁਸਲਿਮ ਔਰਤਾਂ ਦੇ ਸੰਵਿਧਾਨਕ ਅਧਿਕਾਰਾਂ ਨੂੰ ਯਕੀਨੀ ਬਣਾਉਣ ਲਈ "ਵੱਡਾ ਸੁਧਾਰ" ਸਾਬਤ ਹੋਇਆ ਹੈ, ਜਿਸ ਨੇ "ਬਿਹਤਰ ਨਤੀਜੇ" ਦਿਖਾਏ ਹਨ: ਮੁਖਤਾਰ ਅੱਬਾਸ ਨਕਵੀ

Posted On: 01 AUG 2021 3:15PM by PIB Chandigarh

ਅੱਜ ਦੇਸ਼ ਭਰ ਵਿੱਚ ਵੱਖ-ਵੱਖ ਸੰਗਠਨਾਂ ਵਲੋਂ "ਮੁਸਲਿਮ ਮਹਿਲਾ ਅਧਿਕਾਰ ਦਿਵਸ" ਮਨਾਇਆ ਗਿਆ, ਜਿਸ ਦੌਰਾਨ ਮੁਸਲਿਮ ਔਰਤਾਂ ਨੇ ਤਿੰਨ ਤਲਾਕ ਵਿਰੁੱਧ ਕਾਨੂੰਨ ਲਿਆਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ, ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਅਤੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਨੇ ਅੱਜ ਨਵੀਂ ਦਿੱਲੀ ਵਿੱਚ "ਮੁਸਲਿਮ ਮਹਿਲਾ ਅਧਿਕਾਰ ਦਿਵਸ" ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਮੰਤਰੀਆਂ ਨੇ ਤਿੰਨ ਤਲਾਕ ਪੀੜਤ ਮੁਸਲਿਮ ਔਰਤਾਂ ਨਾਲ ਗੱਲਬਾਤ ਵੀ ਕੀਤੀ। 

ਮੁਸਲਿਮ ਔਰਤਾਂ ਨੇ 1 ਅਗਸਤ, 2019 ਨੂੰ ਤਿੰਨ ਤਲਾਕ ਦੀ ਪ੍ਰਥਾ ਦੇ ਵਿਰੁੱਧ ਕਾਨੂੰਨ ਲਿਆਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ,  ਜਿਸ ਨੇ ਤਿੰਨ ਤਲਾਕ ਦੀ ਸਮਾਜਿਕ ਦੁਰਵਰਤੋਂ ਨੂੰ ਇੱਕ ਅਪਰਾਧ ਬਣਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਦੇਸ਼ ਦੀਆਂ ਮੁਸਲਿਮ ਔਰਤਾਂ ਦੀ "ਆਤਮ-ਨਿਰਭਰਤਾ, ਸਵੈ-ਮਾਣ ਅਤੇ ਆਤਮ-ਵਿਸ਼ਵਾਸ" ਨੂੰ ਮਜ਼ਬੂਤ ਕੀਤਾ ਹੈ ਅਤੇ ਤਿੰਨ ਤਲਾਕ ਵਿਰੁੱਧ ਕਾਨੂੰਨ ਲਿਆ ਕੇ ਉਨ੍ਹਾਂ ਦੇ ਸੰਵਿਧਾਨਕ, ਬੁਨਿਆਦੀ ਅਤੇ ਲੋਕਤੰਤਰੀ ਅਧਿਕਾਰਾਂ ਦੀ ਰਾਖੀ ਕੀਤੀ ਹੈ।

ਇਸ ਮੌਕੇ ਮੁਸਲਿਮ ਔਰਤਾਂ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ 1 ਅਗਸਤ ਤਿੰਨ ਤਲਾਕ ਵਿਰੁੱਧ ਮੁਸਲਿਮ ਔਰਤਾਂ ਦੇ ਸੰਘਰਸ਼ ਨੂੰ ਸਲਾਮ ਕਰਨ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲਾ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਅਤੇ ਕਿਰਤ ਮੰਤਰਾਲਾ ਮੁਸਲਿਮ ਔਰਤਾਂ ਵਿੱਚ ਉੱਦਮਤਾ ਨੂੰ ਉਤਸ਼ਾਹਤ ਕਰਨ ਲਈ ਇੱਕਜੁਟ ਹੋ ਕੇ ਕੰਮ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਮੁਦਰਾ ਯੋਜਨਾ, "ਜਨ ਧਨ ਯੋਜਨਾ", "ਸਟੈਂਡ ਅੱਪ ਇੰਡੀਆ", "ਪੋਸ਼ਣ ਅਭਿਆਨ" ਵਰਗੀਆਂ ਯੋਜਨਾਵਾਂ ਦੇ ਰਾਹੀਂ ਮੁਸਲਿਮ ਔਰਤਾਂ ਨੂੰ ਬਹੁਤ ਲਾਭ ਹੋਇਆ ਹੈ।

ਇਸ ਮੌਕੇ ਸ਼੍ਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਸਰਕਾਰ ਸਮਾਜ ਦੇ ਹਰ ਵਰਗ ਦੀਆਂ ਔਰਤਾਂ ਦੇ ਸਨਮਾਨ ਅਤੇ ਸਸ਼ਕਤੀਕਰਨ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ। ਸਰਕਾਰ ਨੇ ਤਿੰਨ ਤਲਾਕ ਵਿਰੁੱਧ ਕਾਨੂੰਨ ਲਿਆ ਕੇ ਮੁਸਲਿਮ ਔਰਤਾਂ ਦੀ ਇੱਜ਼ਤ ਯਕੀਨੀ ਬਣਾਈ ਹੈ। ਬਹੁਤੇ ਪ੍ਰਮੁੱਖ ਮੁਸਲਿਮ ਦੇਸ਼ਾਂ ਨੇ ਵੀ ਤਿੰਨ ਤਲਾਕ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਭੇਦਭਾਵ ਦੇ ਵਿਕਾਸ ਦੀ ਸਰਕਾਰ ਦੀ ਨੀਤੀ ਨੇ ਦੇਸ਼ ਭਰ ਵਿੱਚ ਵਿਸ਼ਵਾਸ ਦਾ ਮਾਹੌਲ ਸਿਰਜਿਆ ਹੈ। ਮੈਡੀਕਲ/ਡੈਂਟਲ ਪੜ੍ਹਾਈ ਵਿੱਚ ਓਬੀਸੀ ਅਤੇ ਆਰਥਿਕ ਤੌਰ 'ਤੇ ਪਛੜੇ ਵਰਗ ਲਈ ਕੋਟਾ ਮੁਹੱਈਆ ਕਰਵਾਉਣ ਦੇ ਸਰਕਾਰ ਦੇ ਫੈਸਲੇ ਦਾ ਮੁਸਲਿਮ ਭਾਈਚਾਰੇ ਦੇ ਗਰੀਬ ਵਰਗਾਂ ਨੂੰ ਵੀ ਲਾਭ ਹੋਵੇਗਾ। ਸ਼੍ਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਸਰਕਾਰ ਨੇ ਹਮੇਸ਼ਾ ਲੋੜਵੰਦਾਂ ਦੀ ਭਲਾਈ ਲਈ ਕੰਮ ਕੀਤਾ ਹੈ।

ਇਸ ਮੌਕੇ ਬੋਲਦਿਆਂ, ਸ਼੍ਰੀ ਨਕਵੀ ਨੇ ਕਿਹਾ ਕਿ ਮੁਸਲਿਮ ਔਰਤਾਂ ਦੇ ਸੰਵਿਧਾਨਕ ਅਧਿਕਾਰਾਂ ਨੂੰ ਯਕੀਨੀ ਬਣਾਉਣ ਲਈ ਤਿੰਨ ਤਲਾਕ ਵਿਰੁੱਧ ਕਾਨੂੰਨ ਇੱਕ "ਵੱਡਾ ਸੁਧਾਰ" ਸਾਬਤ ਹੋਇਆ ਹੈ, ਜਿਸਨੇ "ਬਿਹਤਰ ਨਤੀਜੇ" ਦਿਖਾਏ ਹਨ। ਮੰਤਰੀ ਨੇ ਕਿਹਾ ਕਿ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਦੇਸ਼ ਭਰ ਵਿੱਚ ਤਿੰਨ ਤਲਾਕ ਦੇ ਮਾਮਲਿਆਂ ਵਿੱਚ ਮਹੱਤਵਪੂਰਨ ਗਿਰਾਵਟ ਆਈ ਹੈ।

*****

ਐੱਨਏਓ/(ਐੱਮਓਐੱਮਏ ਰੀਲੀਜ਼)



(Release ID: 1741366) Visitor Counter : 161