ਉਪ ਰਾਸ਼ਟਰਪਤੀ ਸਕੱਤਰੇਤ

ਬੱਚਿਆਂ ਲਈ ਕੋਵਿਡ ਵੈਕਸੀਨ ਦੇ ਵਿਕਾਸ ’ਚ ਤੇਜ਼ੀ ਲਿਆਓ: ਉਪ ਰਾਸ਼ਟਰਪਤੀ ਨੇ ਵਿਗਿਆਨਕ ਭਾਈਚਾਰੇ ਨੂੰ ਤਾਕੀਦ ਕੀਤੀ


ਕੋਵਿਡ–19 ਦੇ ਖ਼ਿਲਾਫ਼ ਟੀਕਾਕਰਣ ਪੂਰੇ ਭਾਰਤ ’ਚ ਜਨ–ਅੰਦੋਲਨ ਬਣਨਾ ਚਾਹੀਦਾ ਹੈ: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਟੀਕਾ ਲਗਵਾਉਣ ਦੀ ਅਪੀਲ ਕੀਤੀ; ਕਿਹਾ ਵੈਕਸੀਨ ਤੋਂ ਝਿਜਕ ਦਾ ਕੋਈ ਕਾਰਨ ਨਹੀਂ

ਉਪ ਰਾਸ਼ਟਰਪਤੀ ਨੇ ਮੀਡੀਆ ਨੂੰ ਟੀਕਾਕਰਣ ਦੇ ਫ਼ਾਇਦਿਆਂ ਪ੍ਰਤੀ ਸਿੱਖਿਅਤ ਕਰਨ ਦੀ ਤਾਕੀਦ ਕੀਤੀ

ਉਪ ਰਾਸ਼ਟਰਪਤੀ ਨੇ ਵੈਕਸੀਨ ਦੀਆਂ ਸਪਲਾਈਜ਼ ’ਚ ਤੇਜ਼ੀ ਲਿਆਉਣ ਤੇ ਸਾਰੇ ਲੋਕਾਂ ਦੇ ਟੀਕਾਕਰਣ ਦੀ ਲੋੜ ’ਤੇ ਜ਼ੋਰ ਦਿੱਤਾ

ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ– ਕੋਵਿਡ–19 ਮਾਮਲਿਆਂ ’ਚ ਆਰਜ਼ੀ ਕਮੀ ਵੇਖ ਕੇ ਲਾਪਰਵਾਹ ਨਾ ਬਣੋ

ਉਪ ਰਾਸ਼ਟਰਪਤੀ ਨੇ ਵਿਭਿੰਨ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਕੋਵਿਡ ਉਚਿਤ ਵਿਵਹਾਰ ਅਪਣਾਉਣ ਦੀ ਸਲਾਹ ਦਿੱਤੀ

ਉਪ ਰਾਸ਼ਟਰਪਤੀ ਨੇ ਭਾਰਤ ਬਾਇਓਟੈੱਕ ਦਾ ਕੀਤਾ ਦੌਰਾ ਅਤੇ ਬਹੁਤ ਘੱਟ ਸਮੇਂ ’ਚ ਇੱਕ ਪ੍ਰਭਾਵਸ਼ਾਲੀ ਵੈਕਸੀਨ ਵਿਕਸਿਤ ਕਰਨ ਲਈ ਵਿਗਿਆਨੀਆਂ ਦੀ ਸ਼ਲਾਘਾ ਕੀਤੀ

Posted On: 30 JUL 2021 6:14PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਵਿਗਿਆਨਕ ਭਾਈਚਾਰੇ ਨੂੰ ਬੇਨਤੀ ਕੀਤੀ ਕਿ ਉਹ ਬੱਚਿਆਂ ਲਈ ਕੋਵਿਡ ਵੈਕਸੀਨ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ’ਤੇ ਧਿਆਨ ਕੇਂਦ੍ਰਿਤ ਕਰਨ। ਉਨ੍ਹਾਂ ਨੇ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਵਾਇਰਸ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਣ ਨੂੰ ਤਰਜੀਹ ਦੇਣੀ ਚਾਹੀਦੀ ਹੈ।

 

ਸ਼੍ਰੀ ਨਾਇਡੂ ਨੇ ਕੋਵਿਡ–19 ਦੇ ਖ਼ਿਲਾਫ਼ ਟੀਕਾਕਰਣ ਮੁਹਿੰਮ ਨੂੰ ਸਮੁੱਚੇ ਭਾਰਤ ’ਚ ‘ਜਨ–ਅੰਦੋਲਨ’ ਬਣਾਉਣ ਉੱਤੇ ਜ਼ੋਰ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੈਕਸੀਨ ਦੀਆਂ ਲੋੜੀਂਦੀਆਂ ਡੋਜ਼ ਲੈ ਕੇ ਖ਼ੁਦ ਨੂੰ ਰੋਗਾਂ ਤੋਂ ਬਚਾਉਣ।

 

ਹੈਦਰਾਬਾਦ ਦੀ ਜੀਨੋਮ ਵੈਲੀ ’ਚ ਭਾਰਤ ਬਾਇਓਟੈੱਕ ਇੰਟਰਨੈਸ਼ਨਲ ਲਿਮਿਟਿਡ ਦੇ ਪਲਾਂਟ ਦਾ ਦੌਰਾਨ ਕਰਨ ਤੋਂ ਬਾਅਦ ਉਸ ਦੇ ਵਿਗਿਆਨੀਆਂ ਤੇ ਸਟਾਫ਼ ਮੈਂਬਰਾਂ ਨੂੰ ਸੰਬੋਧਨ ਕਰਦਿਆਂਉਨ੍ਹਾਂ ਕਿਹਾ, ‘ਵੈਕਸੀਨ ਪ੍ਰਤੀ ਝਿਜਕ ਦਾ ਕੋਈ ਕਾਰਨ ਨਹੀਂ ਹੈ।’ ਹਰੇਕ ਨੂੰ ਟੀਕਾਕਰਣ ਕਰਵਾ ਲੈਣ ਦੀ ਬੇਨਤੀ ਕਰਦਿਆਂ ਉਨ੍ਹਾਂ ਕਿਹਾ ‘ਸਾਨੂੰ ਖ਼ੁਦ ਨੂੰ ਅਤੇ ਆਪਣੇ ਆਲ਼ੇ–ਦੁਆਲ਼ੇ ਦੇ ਲੋਕਾਂ ਨੂੰ ਸੁਰੱਖਿਆ ਰੱਖਣ ਦਾ ਹੋਰ ਕੋਈ ਵੀ ਤਾਕਤਵਰ ਤਰੀਕਾ ਨਹੀਂ ਹੈ।’

 

ਸ਼੍ਰੀ ਨਾਇਡੂ ਨੇ ਨੇਜ਼ਲ (ਨੱਕ ’ਚ ਪਾ ਕੇ ਵਰਤਣ ਵਾਲੀ) ਕੋਵਿਡ ਵੈਕਸੀਨ ਵਿਕਸਿਤ ਕੀਤੇ ਜਾਣ ਨੂੰ ਵੀ ਅਹਿਮ ਪਹਿਲਕਦਮੀ ਦੱਸਦਿਆਂ ਉਸ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਵੈਕਸੀਨ ਪ੍ਰਤੀ ਝਿਜਕ ਘਟ ਜਾਵੇਗੀ ਤੇ ਇਸ ਨੂੰ ਲੈਣ–ਦੇਣ ਦੀ ਅਸਾਨੀ ਵਿੱਚ ਸੁਧਾਰ ਹੋਵੇਗਾ।

 

ਸ਼੍ਰੀ ਨਾਇਡੂ ਨੇ ਦ੍ਰਿੜ੍ਹਤਾਪੂਰਬਕ ਕਿਹਾ ਕਿ ਜਿੰਨੇ ਟੀਕਾਕਰਣ ਦੇ ਨੁਕਸਾਨ ਸਮਝੇ ਜਾ ਰਹੇ ਹਨ, ਓਸ ਤੋਂ ਕਿਤੇ ਜ਼ਿਆਦਾ ਇਸ ਦੇ ਫ਼ਾਇਦੇ ਹਨ। ਉਨ੍ਹਾਂ ਕਿਹਾ ਕ ਇਹ ਸੁਨੇਹਾ ਦੇਸ਼ ਦੇ ਹਰੇਕ ਕੋਣੇ ’ਚ ਕਾਇਮ ਹਰ ਘਰ ਤੱਕ ਉੱਚੀ ਆਵਾਜ਼ ’ਚ ਪੁੱਜਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ, ‘ਹੁਣ ਇਹ ਸਪੱਸ਼ਟ ਹੈ ਕਿ ਲਾਗ ਲੱਗਣ ’ਤੇ ਟੀਕਾਕਰਣ ਨਾਲ ਹਸਪਤਾਲ ’ਚ ਦਾਖ਼ਲ ਹੋਣ ਤੇ ਰੋਗ ਦੀ ਲਾਗ ਲੱਗਣ ਤੋਂ ਰੋਕਥਾਮ ਹੋ ਜਾਂਦੀ ਹੈ।’

 

ਉਪ ਰਾਸ਼ਟਰਪਤੀ ਮੀਡੀਆ ਨੂੰ ਵੀ ਸਲਾਹ ਦਿੱਤੀ ਕਿ ਉਹ ਟੀਕਾਕਰਣ ਦੇ ਫ਼ਾਇਦਿਆਂ ਬਾਰੇ ਆਮ ਜਨਤਾ ਲੂੰ ਸਿੱਖਿਅਤ ਕਰਨ। ਉਨ੍ਹਾਂ ਮੈਡੀਕਲ ਭਾਈਚਾਰੇ ਦੇ ਆਗੂਆਂ ਨੂੰ ਵੀ ਬੇਨਤੀ ਕੀਤੀ ਕਿ ਉਹ ਵੈਕਸੀਨ ਪ੍ਰਤੀ ਝਿਜਕ ਨੂੰ ਤਿਆਗਣ ਦੇ ਨਾਲ–ਨਾਲ ਤੰਦਰੁਸਤ ਜੀਵਨ–ਸ਼ੈਲੀ ਅਪਣਾਉਣ ਲਈ ਲੋਕਾਂ ਨੂੰ ਸਿੱਖਿਅਤ ਕਰਨ।

 

ਲੋਕਾਂ ਨੂੰ ਕੋਵਿਡ–19 ਦੇ ਮਾਮਲਿਆਂ ਵਿੱਚ ਆਰਜ਼ੀ ਕਮੀ ਆਉਣ ’ਤੇ ਲਾਪਰਵਾਹ ਨਾ ਹੋਣ ਦੀ ਚੇਤਾਵਨੀ ਦਿੰਦਿਆਂ ਉਨ੍ਹਾਂ ਕਿਹਾ, ‘ਆਓ ਆਪਾਂ ਸਾਰੇ ਜ਼ਿੰਮੇਵਾਰ ਨਾਗਰਿਕ ਬਣੀਏ ਅਤੇ ਕੋਵਿਡ ਪ੍ਰੋਟੋਕੋਲਸ ਦੀ ਉਲੰਘਣਾ ਕਰ ਕੇ ਲਾਪਰਵਾਹੀ ਵਾਲੇ ਤਰੀਕੇ ਨਾਲਤ ਵਿਵਹਾਰ ਨਾ ਕਰੀਏ।’ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਸਕ ਪਹਿਨਣਾ, ਸਰੀਰਕ ਦੂਰੀ ਬਣਾ ਕੇ ਰੱਖਣਾ ਤੇ ਨਿਜੀ ਸਫ਼ਾਈ ਰੱਖਣਾ ਜਾਰੀ ਰੱਖਣ।

 

ਉਪ ਰਾਸ਼ਟਰਪਤੀ ਨੇ ਵਿਭਿੰਨ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਕੋਵਿਡ ਉਚਿਤ ਵਿਵਹਾਰ ਅਪਣਾਉਣ। ਉਨ੍ਹਾਂ ਚੇਤਾਵਨੀ ਦਿੱਤੀ,‘ਜ਼ਿੰਮੇਵਾਰੀ ਨਾਲ ਕੰਮ ਕਰਨਾ ਸਾਡਾ ਹਰੇਕ ਦਾ ਫ਼ਰਜ਼ ਹੈ। ਅਸੀਂ ਤੀਜੀ ਲਹਿਰ ਨੂੰ ਸੱਦਣਾ ਝੱਲ ਨਹੀਂ ਸਕਦੇ।’

 

ਨਿਰੰਤਰ ਆਪਣਾ ਰੂਪ ਬਦਲਦੇ ਜਾ ਰਹੇ ਵਾਇਰਸ ਕਾਰਨ ਪੈਦਾ ਹੋਣ ਵਾਲੀਆਂ ਅਣਕਿਆਸੀਆਂ ਚੁਣੋਤੀਆਂ ਦਾ ਜ਼ਿਕਰ ਕਰਦਿਆਂ, ਸ਼੍ਰੀ ਨਾਇਡੂ ਨੇ ਕਿਹਾ ਕਿ ਅਜਿਹੀ ਸਥਿਤੀ ਸਾਨੂੰ ਅਜਿਹਾ ਹੱਲ ਲੱਭਣ ਲਈ ਮਜਬੂਰ ਕਰਦੀ ਹੈ, ਜਿਸ ਨਾਲ ਜਾਨਾਂ ਬਚ ਸਕਣ ਤੇ ਉਪਜੀਵਕਾਵਾਂ ਸੁਰੱਖਿਅਤ ਰਹਿ ਸਕਣ ਅਤੇ ‘ਸਾਨੂੰ ਇਸ ਰਾਸ਼ਟਰੀ ਤੇ ਅੰਤਰਰਾਸ਼ਟਰੀ ਕੋਸ਼ਿਸ਼ ਵਿੱਚ ਵਿਅਕਤੀਗਤ ਤੇ ਸਮੂਹਕ ਤੌਰ ’ਤੇ ਯੋਗਦਾਨ ਪਾਉਣਾ ਹੋਵੇਗਾ।’ ਉਨ੍ਹਾਂ ਕਿਹਾ ਕਿ ਵੈਕਸੀਨ ਦੀਆਂ ਸਪਲਾਈਜ਼ ਜ਼ਰੂਰ ਹੀ ਤੇਜ਼ੀ ਨਾਲ ਵਧਾਈਆਂ ਜਾਣੀਆਂ ਚਾਹੀਦੀਆਂ ਹਨ ਤੇ ਜਿੰਨੀ ਵੀ ਛੇਤੀ ਸੰਭਵ ਹੋਵੇ – ਸਭ ਨੂੰ ਵੈਕਸੀਨਾਂ ਜ਼ਰੂਰ ਲੱਗ ਜਾਣੀਆਂ ਚਾਹੀਦੀਆਂ ਹਨ।

 

ਉਨ੍ਹਾਂ ਆਤਮਵਿਸ਼ਵਾਸ ਪ੍ਰਗਟਾਉਂਦਿਆਂ ਕਿਹਾ ਕਿ ਅਗਲੇ ਮਹੀਨਿਆਂ ਦੌਰਾਨ ਟੀਕਾਕਰਣ ਮੁਹਿੰਮ ਨੂੰ ਰਫ਼ਤਾਰ ਪਕੜ ਲੈਣੀ ਚਾਹੀਦੀ ਹੈ ਅਤੇ ਭਾਰਤ ਸਰਕਾਰ ਇਸ ਸਾਲ ਦੇ ਅੰਤ ਤੱਕ ਸਾਰੇ ਯੋਗ ਬਾਲਗ਼ਾਂ ਦਾ ਟੀਕਾਕਰਣ ਕਰਨ ਦੀ ਇੱਛੁਕ ਹੈ।

 

ਬਹੁਤ ਘੱਟ ਸਮੇਂ ਅੰਦਰ ਇੱਕ ਪ੍ਰਭਾਵੀ ਵੈਕਸੀਨ ਵਿਕਸਿਤ ਕਰਨ ਲਈ ਭਾਰਤ ਬਾਇਓਟੈੱਕ ਦੇ ਵਿਗਿਆਨੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ,‘ਮੈਂ ਇਸ ਵਿਲੱਖਣ ਕਾਰਜ ਲਈ ਤੁਹਾਨੂੰ ਹਰੇਕ ਨੂੰ ਸ਼ੁਭਕਾਮਨਾ ਦਿੰਦਾ ਹਾਂ।’ ਉਨ੍ਹਾਂ ਅੱਗੇ ਕਿਹਾ,‘ਮੈਂ ਉਸ ਆਸ਼ਾਵਾਦ ਤੇ ਗਤੀਸ਼ੀਲਤਾ ਦੀ ਸ਼ਲਾਘਾ ਕਰਦਾ ਹਾਂ, ਜੋ ਡਾ. ਕ੍ਰਿਸ਼ਨਾ ਏਲਾ ਤੇ ਡਾ. ਸੁਚਿੱਤਰਾ ਏਲਾ ਨੇ ਇਸ ਸੰਗਠਨ ਨੂੰ ਦਿੱਤੇ ਹਨ।’

 

ਸ਼੍ਰੀ ਨਾਇਡੂ ਨੇ ਕਿਹਾ ਕਿ ਕੁਝ ਹੋਰ ਭਾਰਬਤੀ ਕੰਪਨੀਆਂ ਵੀ ਘੱਟ ਸਮੇਂ ਅੰਦਰ ਕੋਵਿਡ–19 ਵੈਕਸੀਨਾਂ ਤਿਆਰ ਕਰਨ ’ਚ ਲੱਗੀਆਂ ਹੋਈਆਂ ਹਨ ਤੇ ਕੁਝ ਹੋਰ ਪਾਈਪਲਾਈਨ ’ਚ ਹਨ।

 

ਉਨ੍ਹਾਂ ਕਿਹਾ ਕਿ ਭਾਰਤ ਨੇ ‘ਵਿਸ਼ਵ ਦੀ ਫ਼ਾਰਮੇਸੀ’ ਵਜੋਂ ਪੂਰੀ ਦੁਨੀਆ ’ਚ ਸ਼ਲਾਘਾ ਖੱਟੀ ਹੈ ਅਤੇ ਭਾਰਤ 50 ਫ਼ੀ ਸਦੀ ਤੋਂ ਵੱਧ ਵੈਕਸੀਨਾਂ ਸਪਲਾਈ ਕਰ ਰਿਹਾ ਹੈ ਅਤੇ ਜੈਨਰਿਕ ਦਵਾਈਆਂ ਦਾ ਸਭ ਤੋਂ ਵੱਡਾ ਉਤਪਾਦਕ ਹੈ। ਭਾਰਤੀ ਫ਼ਾਰਮਾ ਫ਼ਰਮਾਂ ਏਡਜ਼ ਦੇ ਖ਼ਾਤਮੇ ਲਈ ਵੀ ਪੂਰੀ ਦੁਨੀਆ ਨੂੰ 80% ਐਂਟੀ–ਰੈਅਰੋਵਾਇਰਲ ਦਵਾਈਆਂ ਸਪਲਾਈ ਕਰ ਰਹੀਆਂ ਹਨ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਦਾ ਘਰੇਲੂ ਫ਼ਾਰਮਾਸਿਊਟੀਕਲ ਬਜ਼ਾਰ ਦੇ 2021 ’ਚ 42 ਅਰਬ ਅਮਰੀਕੀ ਡਾਲਰ ਤੱਕ ਪੁੱਜਣ ਦਾ ਅਨੁਮਾਨ ਹੈ ਅਤੇ ਸਾਲ 2030 ਤੱਕ ਇਸ ਦੇ 120 ਤੋਂ 130 ਅਰਬ ਅਮਰੀਕੀ ਡਾਲਰ ਦਾ ਹੋ ਜਾਣ ਦੀ ਸੰਭਾਵਨਾ ਹੈ।

 

ਹੈਦਰਾਬਾਦ ਦੇ ਵੈਕਸੀਨਾਂ ਅਤੇ ਥੋਕ ਦਵਾਈਆਂ ਦੇ ਧੁਰੇ ਵਜੋਂ ਉੱਭਰਨ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਹੈ ਕਿ ਇਹ ਇੱਕ ਬਾਇਓਟੈਕਨੋਲੋਜੀ ਧੁਰੇ ਵਿੱਚ ਵੀ ਤਬਦੀਲ ਹੋ ਗਿਆ ਹੈ ਕਿਉਂਕਿ ਇਸ ਖੇਤਰ ਵਿੱਚ ਜੀਨੋਮ ਵੈਲੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ।

 

ਉਨ੍ਹਾਂ ਕਿਹਾ ਕਿ ਇਹ ਖ਼ੁਸ਼ੀ ਵਾਲੀ ਗੱਲ ਹੈ ਕਿ ਪਿਛੇ ਜਿਹੇ ਪ੍ਰਵਾਨ ਕੀਤੀਆਂ ਗਈਆਂ ਕੇਂਦਰੀ ਦਵਾ ਲੈਬੋਰੇਟਰੀਜ਼ ਵਿੱਚੋਂ ਇੱਕ ਹੈਦਰਾਬਾਦ ’ਚ ਸਥਿਤ ਹੈ। ਰਾਜ ਸਰਕਾਰ, ਜਿਸ ਨੇ ਇਸ ਪ੍ਰੋਜੈਕਟ ਦਾ ਪ੍ਰਸਤਾਵ ਰੱਖਿਆ ਸੀ, ਵੱਲੋਂ ਮੁਹੱਈਆ ਕਰਵਾਏ ਗਏ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ,‘ਮੈਂ ਇਸ ਨੂੰ ਖੁੱਲ੍ਹੇ ਦਿਲ ਨਾਲ ਆਪਣਾ ਸਮਰਥਨ ਦਿੱਤਾ ਸੀ।’

 

ਸਾਡੇ ਈਕੋਸਿਸਟਮ ਸਮਰਥਨ ਵਿੱਚ ਤੇਜ਼ੀ ਨਾਲ ਵਾਧਾ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਖ਼ੁਸ਼ੀ ਪ੍ਰਗਟਾਈ ਕਿ ਭਾਰਤ ਸਰਕਾਰ, ਰਾਜ ਸਰਕਾਰਾਂ ਅਤੇ ਨਿਜੀ ਖੇਤਰ ਨੇ ਇਸ ਅਹਿਮ ਜ਼ਰੂਰਤ ਨੂੰ ਤਰਜੀਹ ਦਿੱਤੀ ਹੈ ਅਤੇ ਪੂਰੇ ਤਾਲਮੇਲ ਨਾਲ ਕਾਰਜ ਅਰੰਭਿਆ ਹੈ।

 

ਉਪ ਰਾਸ਼ਟਰਪਤੀ, ਜਿਨ੍ਹਾਂ ਭਾਰਤ ਬਾਇਓਟੈੱਕ ਲਿਮਿਟਿਡ ਦੀਆਂ ਸੁਵਿਧਾਵਾਂ ਨੂੰ ਘੁੰਮ–ਫਿਰ ਕੇ ਦੇਖਿਆ, ਨੇ ਭਾਰਤ ਤੇ ਸਮੁੱਚੇ ਭਾਰਤ ਵਿੱਚ ਟੀਕਾਕਰਣ ਪ੍ਰੋਗਰਾਮਾਂ ਪ੍ਰਤੀ ਵਰਨਣਯੋਗ ਯੋਗਦਾਨ ਪਾਉਣ ਲਈ ਕੰਪਨੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

 

ਤੇਲੰਗਾਨਾ ਦੇ ਗ੍ਰਹਿ ਮੰਤਰੀ ਸ਼੍ਰੀ ਮੁਹੰਮਦ ਮਹਿਮੂਦ ਅਲੀ, ਭਾਰਤ ਬਾਇਓਟੈੱਕ ਇੰਟਰਨੈਸ਼ਨਲ ਲਿਮਿਟਿਡ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ, ਡਾ. ਕ੍ਰਿਸ਼ਨਾ ਏਲਾ, ਭਾਰਤ ਬਾਇਓਟੈੱਕ ਦੇ ਜੁਆਇੰਟ ਮੈਨੇਜਿੰਗ ਡਾਇਰੇਕਟਰ, ਸ਼੍ਰੀਮਤੀ ਸੁਚਿੱਤਰਾ ਏਲਾ, ਕੁੱਲ–ਵਕਤੀ ਡਾਇਰੈਕਟਰ ਡਾ. ਵੀ. ਕ੍ਰਿਸ਼ਨਾ ਮੋਹਨ ਤੇ ਭਾਰਤ ਬਾਇਓਟੈੱਕ ਦੀਆਂ ਵਿਭਿੰਨ ਡਿਵੀਜ਼ਨਾਂ ਦੇ ਮੁਖੀਆਂ ਨੇ ਇਸ ਸਮਾਰੋਹ ’ਚ ਹਿੱਸਾ ਲਿਆ।

 

*****

 

ਐੱਮਐੱਸ/ਆਰਕੇ/ਡੀਪੀ



(Release ID: 1740927) Visitor Counter : 124