ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਐੱਨਐੱਫਏਆਈ ਨੂੰ ਮਿਲਿਆ 1930ਵਿਆਂ ਦੇ ਅੰਤ ਤੋਂ ਲੈ ਕੇ ਮੱਧ 1950ਵਿਆਂ ਤੱਕ ਦੇ ਮੁਢਲੇ ਤੇਲਗੂ ਸਿਨੇਮਾ ਦਾ ਕੱਚ ਦੀਆਂ 450 ਸਲਾਈਡਾਂ ਦਾ ਦੁਰਲੱਭ ਖ਼ਜ਼ਾਨਾ


ਕੱਚ ਦੀਆਂ ਸਲਾਈਡਾਂ ਭਾਰਤੀ ਸਿਨੇਮਾਈ ਵਿਰਾਸਤ ਦਾ ਸ਼ਾਨਦਾਰ ਰਿਕਾਰਡ: ਡਾਇਰੈਕਟਰ, ਐੱਨਐੱਫਏਆਈ

Posted On: 30 JUL 2021 12:48PM by PIB Chandigarh

‘ਨੈਸ਼ਨਲ ਫ਼ਿਲਮ ਆਰਕਾਈਵ ਆਵ੍ ਇੰਡੀਆ’ (NFAI) ਦੇ ਸੰਗ੍ਰਹਿ ’ਚ ਫ਼ਿਲਮਾਂ ਦੀਆਂ ਕੱਚ ਦੀਆਂ 450 ਸਲਾਈਡਾਂ ਦਾ ਵਾਧਾ ਹੋਇਆ ਹੈ, ਜੋ ਇੱਕ ਵੱਡੀ ਪ੍ਰਾਪਤੀ ਹੈ। ਕੱਚ ਦੀਆਂ ਇਹ ਸਲਾਈਡਾਂ ਮੁਢਲਾ ਸਿਨੇਮਾ ਵੇਖਣ ਦੇ ਅਨੁਭਵ ਦਾ ਇੱਕ ਅਟੁੱਟ ਅੰਗ ਹਨ। ਕੱਚ ਦੇ ਦੋ ਪਤਲੇ ਵਰਗਾਂ ਵਿਚਾਲੇ ਇੱਕ ਫ਼ਿਲਮ ਪਾਜ਼ਿਟਿਵ ਨੂੰ ਦਬਾ ਕੇ ਤਿਆਰ ਕੀਤੀਆਂ ਜਾਣ ਵਾਲੀਆਂ ਇਹ ਸਲਾਈਡਾਂ ਦੀ ਵਰਤੋਂ ਥੀਏਟਰਾਂ ਵਿੱਚ ਇੱਕ ਫ਼ਿਲਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਇੰਟਰਵਲਸ ਦੌਰਾਨ ਨਵੇਂ ਆਕਰਸ਼ਣਾਂ ਦਾ ਐਲਾਨ ਕਰਨ ਲਈ ਕੀਤੀ ਜਾਂਦੀ ਸੀ।

ਐੱਨਐੱਫਏਆਈ ਦੇ ਡਾਇਰੈਕਟਰ ਸ਼੍ਰੀ ਪ੍ਰਕਾਸ਼ ਮਗਦੁਮ ਨੇ ਕਿਹਾ,‘ਕੱਚ ਦੀਆਂ ਇਹ ਸਲਾਈਡਾਂ ਭਾਰਤੀ ਸਿਨੇਮਾਈ ਵਿਰਾਸਤ ਦਾ ਸ਼ਾਨਦਾਰ ਰਿਕਾਰਡ ਹਨ ਅਤੇ ਸਾਡੇ ਪੁਰਾਤੱਤਵ ਸੰਗ੍ਰਹਿ ਵਿੱਚ ਇਨ੍ਹਾਂ ਨੂੰ ਸੰਭਾਲ਼ ਕੇ ਅਸੀਂ ਖ਼ੁਸ਼ ਹਾਂ। ਤੇਜ਼ੀ ਨਾਲ ਬਦਲਦੀਆਂ ਜਾ ਰਹੀਆਂ ਟੈਕਨੋਲੋਜੀਆਂ ਦੇ ਇਸ ਦੌਰ ’ਚ ਇੰਨੀ ਵੱਡੀ ਗਿਣਤੀ ’ਚ ਇੰਨੀ ਵੱਡੀ ਗਿਣਤੀ ’ਚ ਕੱਚ ਦੀਆਂ ਇਨ੍ਹਾਂ ਸਲਾਈਡਾਂ ਦਾ ਮਿਲਣਾ ਇੱਕ ਦੁਰਲੱਭ ਤੇ ਅਹਿਮ ਖੋਜ ਹੈ। ਮੇਰੀ ਸਮੂਹ ਫ਼ਿਲਮ ਪ੍ਰੇਮੀਆਂ ਨੂੰ ਅਪੀਲ ਹੈ ਕਿ ਉਹ ਅੱਗੇ ਆਉਣ ਅਤੇ ਅਜਿਹੀ ਕੋਈ ਵੀ ਫ਼ਿਲਮ ਫ਼ੁਟੇਜਸ, ਤਸਵੀਰਾਂ, ਪੋਸਟਰ, ਲੌਬੀ ਕਾਰਡਸ ਤੇ ਅਜਿਹੀ ਹੋਰ ਸੰਭਾਲ਼ਣਯੋਗ ਸਮੱਗਰੀ ਜਮ੍ਹਾ ਕਰਵਾਉਣ।’

ਕੱਚ ਦੀ ਸਲਾਈਡ ਤਿਆਰ ਕਰਨ ਲਈ ਜਿਹੜੇ ਫ਼ਿਲਮ ਪਾਜ਼ਿਟਿਵਸ ਦੀ ਵਰਤੋਂ ਕੀਤੀ ਜਾਂਦੀ ਸੀ, ਉਹ ਦਰਅਸਲ ਫ਼ਿਲਮਾਂ ਦੇ ਨਿੱਕੇ–ਨਿੱਕੇ ਪੋਸਟਰ ਹਨ ਜਾਂ ਅਖ਼ਬਾਰਾਂ ਤੇ ਰਸਾਲਿਆਂ ਲਈ ਪ੍ਰਚਾਰ ਸਮੱਗਰੀ ਹੈ। ਕੱਚ ਦੀਆਂ ਇਹ ਸਲਾਈਡਾਂ 1930ਵਿਆਂ ਦੇ ਅੰਤ ਤੋਂ ਲੈ ਕੇ 1950ਵਿਆਂ ਦੇ ਮੱਧ ਤੱਕ ਦਾ ਤੇਲੁਗੂ ਸਿਨੇਮਾ ਦਾ ਇਤਿਹਾਸ ਤਸਵੀਰਾਂ ਦੀ ਜ਼ੁਬਾਨੀ ਪੇਸ਼ ਕਰਦੀਆਂ ਹਨ ਅਤੇ ਉਨ੍ਹਾਂ ਦੇ ਪਿਆਰੇ ਫ੍ਰੇਮ ਭਾਰਤੀ ਸਿਨੇਮਾ ਦੇ ਮੁਢਲੇ ਦਹਾਕਿਆਂ ਦੌਰਾਨ ਤੇਲਗੂ ਫ਼ਿਲਮਾਂ ਦੀ ਸੰਜੀਦਗੀ ਨੂੰ ਪ੍ਰਗਟਾਉਂਦੇ ਹਨ।

ਇਸ ਸੰਗ੍ਰਹਿ ਦੇ ਮਹੱਤਵ ’ਤੇ ਟਿੱਪਣੀ ਕਰਦਿਆਂ NFAI ਦੇ ਦਸਤਾਵੇਜ਼ੀਕਰਣ ਦੇ ਇੰਚਾਰਜ ਸ਼੍ਰੀਮਤੀ ਆਰਤੀ ਕਾਰਖਾਨੀਸ ਨੇ ਕਿਹਾ,‘ਕੱਚ ਦੀਆਂ ਇਹ ਸਲਾਈਡਾਂ ਤੇਲਗੂ ਉਦਯੋਗ ਦੇ ਮੁਢਲੇ ਸਾਲਾਂ ਦੌਰਾਨ ਪ੍ਰਚਾਰ ਖੇਤਰ ਉੱਤੇ ਇੱਕ ਝਾਤ ਪਵਾਉਂਦੀਆਂ ਹਨ। ਫ਼ਿਲਮ ਖੋਜੀਆਂ ਲਈ ਇਸ ਦੀ ਬਹੁਤ ਵੱਡੀ ਰੈਫ਼ਰੈਂਸ ਕੀਮਤ ਹੈ ਅਤੇ ਅਸੀਂ ਉਨ੍ਹਾਂ ਨੂੰ ਛੇਤੀ ਹੀ ਡਿਜੀਟਾਈਜ਼ ਕਰਾਂਗੇ।’

 

ਪ੍ਰਾਪਤ ਹੋਈਆਂ ਕੱਚ ਦੀਆਂ ਸਲਾਈਡਾਂ ਵਿੱਚ ਕਈ ਅਹਿਮ ਫ਼ਿਲਮਾਂ ਦੀਆਂ ਸਲਾਈਡਾਂ ਸ਼ਾਮਲ ਹਨ, ਜਿਵੇਂ ਕਿ ਵਿਧਵਾਵਾਂ ਦੇ ਪੁਨਰ–ਵਿਆਹ ਬਾਰੇ ਵੀਵੀ ਰਾਓ ਦਾ ਟ੍ਰੈਂਡ–ਸੈਟਰ ਸਮਾਜਿਕ ਨਾਟਕ ‘ਮੱਲੀ ਪੈੱਲੀ’ (1939); ਅੱਕੀਨੇਨੀ ਨਾਗੇਸ਼ਵਰ ਰਾਓ ਤੇ ਅੰਜਲੀ ਦੇਵੀ ਜਿਹੇ ਸਿਤਾਰਿਆਂ ਨਾਲ ਸਜੀ ਬੀ.ਐੱਨ. ਰੈੱਡੀ ਦੀ ‘ਵੰਦੇ ਮਾਤਰਮ’ (1939) ਅਤੇ ਸਟਾਰ ਐੱਨ.ਟੀ. ਰਾਮਾ ਰਾਓ ਦੀ ਇੱਕ ਹੋਰ ਹਿੱਟ ਫ਼ਿਲਮ ‘ਦਾਸੀ’ (1952), ਸ਼ਰਤ ਚੰਦਰ ਚੱਟੋਪਾਧਿਆਇ ਦੇ ਪ੍ਰਸਿੱਧ ਕਲਾਸਿਕ ਨਾਵਲ ‘ਦੇਵਦਾਸ ਵੇਦਾਂਤਮ ਰਾਘਵੱਈਆ’ ਤੋਂ ਪ੍ਰੇਰਿਤ ਹੋ ਕੇ ਬਣਾਈ ਫ਼ਿਲਮ ‘ਦੇਵਦਾਸੂ’ (1953) – ਜਿਸ ਨੂੰ ਆਲੋਚਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ ਤੇ ਜਿਸ ਵਿੱਚ ਅੱਕੀਨੇਨੀ ਨਾਗੇਸ਼ਵਰਾ ਰਾਓ, ਸਵਿੱਤਰੀ ਤੇ ਲਲਿਤਾ ਜਿਹੇ ਸਿਤਾਰਿਆਂ ਨੇ ਪ੍ਰਮੁੱਖ ਕੇਂਦਰੀ ਭੂਮਿਕਾਵਾਂ ਨਿਭਾਈਆਂ ਸਨ ਤੇ ਅਜਿਹੀਆਂ ਹੋਰ ਬਹੁਤ ਸਾਰੀਆਂ ਫ਼ਿਲਮਾਂ ਦੀਆਂ ਕੱਚ ਦੀਆਂ ਸਲਾਈਡਾਂ ਮਿਲੀਆਂ ਹਨ। ਕੱਚ ਦੀਆਂ ਇਹ ਸਾਰੀਆਂ ਸਲਾਈਡਾਂ ਬਲੈਕ ਐਂਡ ਵ੍ਹਾਈਟ ਹਨ ਤੇ ਇਹ 1939 ਤੋਂ ਲੈ ਕੇ 1955 ਤੱਕ ਦੀਆਂ 70 ਤੇਲਗੂ ਫ਼ਿਲਮਾਂ ਨਾਲ ਸਬੰਧਿਤ ਹਨ।

 

ਪਿਛਲੇ ਵਰ੍ਹੇ ਵੀ NFAI ਨੇ ਕੱਚ ਦੀਆਂ ਲਗਭਗ 400 ਸਲਾਈਡਾਂ ਹਾਸਲ ਕੀਤੀਆਂ ਸਨ। ਇਸ ਵੇਲੇ NFAI ਦੇ ਸੰਗ੍ਰਹਿ ਵਿੱਚ ਹਿੰਦੀ, ਗੁਜਰਾਤ ਤੇ ਤੇਲਗੂ ਫ਼ਿਲਮਾਂ ਦੀਆਂ ਕੱਚ ਦੀਆਂ ਅਜਿਹੀਆਂ 2,000 ਤੋਂ ਵੱਧ ਸਲਾਈਡਾਂ ਮੌਜੂਦ ਹਨ।

***

ਡੀਐੱਲ/ਸੀਵਾਈ


(Release ID: 1740772) Visitor Counter : 268