ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਭਾਰਤੀ ਵਿਗਿਆਨਕਾਂ ਨੇ ਅਜਿਹੇ ਪਦਾਰਥਾਂ ਦੀ ਖੋਜ ਕੀਤੀ ਹੈ ਜੋ ਮਕੈਨੀਕਲ ਨੁਕਸਾਨ ਦੀ ਸਵੈ-ਮੁਰੰਮਤ ਕਰਦੇ ਹਨ
Posted On:
24 JUL 2021 5:10PM by PIB Chandigarh
ਨਵੇਂ ਪਦਾਰਥਾਂ ਨਾਲ, ਜਲਦੀ ਹੀ ਇਹ ਸੰਭਵ ਹੋ ਸਕਦਾ ਹੈ ਕਿ ਪੁਲਾੜ ਯਾਨਾਂ ਆਦਿ ਵਿੱਚ ਵਰਤੇ ਗਏ ਇਲੈਕਟ੍ਰੋਨਿਕ ਉਪਕਰਣ ਨੁਕਸਾਨੇ ਜਾਣ 'ਤੇ ਖੁਦ ਹੀ ਠੀਕ ਹੋ ਸਕਣ। ਵਿਗਿਆਨਕਾਂ ਦੁਆਰਾ ਹਾਲ ਹੀ ਵਿੱਚ ਵਿਕਸਿਤ ਪਦਾਰਥ ਮਕੈਨੀਕਲ ਟੱਕਰ ਦੁਆਰਾ ਉਤਪੰਨ ਹੋਏ ਇਲੈਕਟ੍ਰੀਕਲ ਚਾਰਜ ਦੀ ਸਹਾਇਤਾ ਨਾਲ ਆਪਣੇ ਮਕੈਨੀਕਲ ਨੁਕਸਾਨ ਦੀ ਮੁਰੰਮਤ ਕਰ ਸਕਦੇ ਹਨ।
ਉਹ ਉਪਕਰਣ ਜਿਨ੍ਹਾਂ ਦੀ ਅਸੀਂ ਰੋਜ਼ਾਨਾ ਵਰਤੋਂ ਕਰਦੇ ਹਾਂ ਅਕਸਰ ਮਕੈਨੀਕਲ ਨੁਕਸਾਨ ਕਾਰਨ ਟੁੱਟ ਜਾਂਦੇ ਹਨ, ਉਨ੍ਹਾਂ ਨੂੰ ਸਾਨੂੰ ਜਾਂ ਤਾਂ ਮੁਰੰਮਤ ਕਰਨ ਜਾਂ ਬਦਲਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਨਾਲ ਉਪਕਰਣਾਂ ਦੀ ਜ਼ਿੰਦਗੀ ਘਟਦੀ ਹੈ ਅਤੇ ਦੇਖਭਾਲ ਦੇ ਖਰਚੇ ਵਧਦੇ ਹਨ। ਬਹੁਤ ਸਾਰੇ ਮਾਮਲਿਆਂ ਵਿੱਚ, ਜਿਵੇਂ ਕਿ ਪੁਲਾੜ ਯਾਨ, ਮੁਰੰਮਤ ਲਈ ਮਨੁੱਖੀ ਦਖਲ ਸੰਭਵ ਨਹੀਂ ਹੈ।
ਅਜਿਹੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ, ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਆਈਐੱਸਈਆਰ) ਕੋਲਕਾਤਾ ਦੇ ਖੋਜਕਰਤਾਵਾਂ ਨੇ ਆਈਆਈਟੀ ਖੜਗਪੁਰ ਨਾਲ ਮਿਲ ਕੇ ਪੀਜੋਇਲੈਕਟ੍ਰਿਕ ਅਣੂ ਕ੍ਰਿਸਟਲ ਤਿਆਰ ਕੀਤੇ ਹਨ ਜੋ ਬਿਨਾਂ ਕਿਸੇ ਬਾਹਰੀ ਦਖਲ ਦੀ ਜ਼ਰੂਰਤ ਦੇ ਮਕੈਨੀਕਲ ਨੁਕਸਾਨ ਤੋਂ ਆਪਣੇ ਆਪ ਨੂੰ ਠੀਕ ਕਰਦੇ ਹਨ। ਪੀਜੋਇਲੈਕਟ੍ਰਿਕ ਕ੍ਰਿਸਟਲ ਪਦਾਰਥਾਂ ਦੀ ਇੱਕ ਸ਼੍ਰੇਣੀ ਹੁੰਦੀ ਹੈ ਜੋ ਇੱਕ ਮਕੈਨੀਕਲ ਪ੍ਰਭਾਵ ਤੋਂ ਲੰਘਦਿਆਂ ਹੋਇਆਂ ਬਿਜਲੀ ਪੈਦਾ ਕਰਦੀ ਹੈ।
ਵਿਗਿਆਨਕਾਂ ਦੁਆਰਾ ਵਿਕਸਤ ਕੀਤੇ ਪੀਜੋਇਲੈਕਟ੍ਰਿਕ ਅਣੂ ਨੂੰ ਬਿਪਾਇਰੋਜ਼ੋਲ ਓਰਗੈਨਿਕ ਕ੍ਰਿਸਟਲ ਕਿਹਾ ਜਾਂਦਾ ਹੈਜੋ ਬਿਨਾਂ ਕਿਸੇ ਬਾਹਰੀ ਦਖਲਅੰਦਾਜ਼ੀ ਦੇ ਮਕੈਨੀਕਲ ਫ੍ਰੈਕਚਰ ਤੋਂ ਬਾਅਦ ਕ੍ਰਿਸਟਲੋਗ੍ਰਾਫਿਕ ਸ਼ੁੱਧਤਾ ਦੇ ਨਾਲ ਮਿਲੀਸਕਿੰਟ ਵਿੱਚ ਬਿਨਾਂ ਕਿਸੇ ਵੀ ਸਹਾਇਤਾ ਦੇ ਸਵੈ-ਇਲਾਜ ਦੁਆਰਾ ਮੁੜ ਤੋਂ ਜੁੜ ਜਾਂਦੇ ਹਨ।
ਇਨ੍ਹਾਂ ਮੋਲਿਊਕੁਲਰ ਸੋਲਿਡਜ਼ ਵਿੱਚ, ਮਕੈਨੀਕਲ ਟਕਰਾਅ 'ਤੇ ਬਿਜਲੀ ਚਾਰਜ ਪੈਦਾ ਕਰਨ ਦੀ ਵਿਲੱਖਣ ਸਮਰੱਥਾ ਦੇ ਕਾਰਨ, ਨੁਕਸਾਨੇ ਗਏ ਹਿੱਸਿਆਂ ਤੋਂ ਟੁੱਟੇ ਟੁਕੜੇ ਕਰੈਕ ਜੰਕਸ਼ਨ ‘ਤੇ ਬਿਜਲੀ ਚਾਰਜ ਪੈਦਾ ਕਰਦੇ ਹਨ, ਜਿਸ ਨਾਲ ਨੁਕਸਾਨੇ ਗਏ ਹਿੱਸਿਆਂ ਦੁਆਰਾ ਉਨ੍ਹਾਂ ਨੂੰ ਵਾਪਸ ਆਪਣੀ ਤਰਫ ਖਿੱਚਿਆ ਜਾਂਦਾ ਹੈ ਅਤੇ ਸ਼ੁੱਧਤਾ ਨਾਲ ਖੁਦ ਹੀ ਮੁਰੰਮਤ ਹੋ ਜਾਂਦੀ ਹੈ। ਸੀਐੱਮ ਰੈਡੀ ਨੂੰ ਸਵਰਣਜਯੰਤੀ ਫੈਲੋਸ਼ਿਪ ਦੇ ਮਾਧਿਅਮ ਰਾਹੀਂ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਭਾਰਤ ਸਰਕਾਰ ਅਤੇ ਵਿਗਿਆਨ ਅਤੇ ਇੰਜੀਨੀਅਰਿੰਗ ਰਿਸਰਚ ਬੋਰਡ (ਐੱਸਈਆਰਬੀ) ਖੋਜ ਗਰਾਂਟਾਂ ਦੁਆਰਾ ਸਮੱਰਥਤ ਇਹ ਰਿਸਰਚ ਹਾਲ ਹੀ ਵਿੱਚ ਜਰਨਲ ‘ਸਾਇੰਸ’ ਵਿੱਚ ਪ੍ਰਕਾਸ਼ਤ ਹੋਈ ਹੈ।
ਸ਼ੁਰੂਆਤ ਵਿੱਚ ਇਹ ਵਿਧੀ ਆਈਆਈਐੱਸਈਆਰ ਕੋਲਕਾਤਾ ਦੀ ਟੀਮ ਦੁਆਰਾ ਪ੍ਰੋ. ਸੀ ਮੱਲਾ ਰੈੱਡੀ ਦੀ ਅਗਵਾਈ ਹੇਠ ਵਿਕਸਤ ਕੀਤੀ ਗਈ ਸੀ, ਜਿਨ੍ਹਾਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਦੁਆਰਾ ਸਵਰਨਜਯੰਤੀ ਫੈਲੋਸ਼ਿਪ (2015) ਪ੍ਰਾਪਤ ਹੋਈ ਸੀ।
ਆਈਆਈਐੱਸਈਆਰ ਕੋਲਕਾਤਾ ਦੇ ਪ੍ਰੋ. ਨਿਰਮਲਯਾ ਘੋਸ਼, ਜੋ ਸੋਸਾਇਟੀ ਆਫ ਫੋਟੋ-ਆਪਟੀਕਲ ਇੰਸਟ੍ਰੂਮੈਂਟੇਸ਼ਨ ਇੰਜੀਨੀਅਰਜ਼ (ਐੱਸਪੀਆਈਈ) ਜੀਜੀ ਸਟੋਕਸ ਅਵਾਰਡ 2021 ਦੇ ਜੇਤੂ ਹਨ, ਨੇ ਪੀਜੋਇਲੈਕਟ੍ਰਿਕ ਜੈਵਿਕ ਕ੍ਰਿਸਟਲ ਦੀ ਸੰਪੂਰਨਤਾ ਨੂੰ ਪਰਖਣ ਅਤੇ ਮਾਪਣ ਲਈ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੀ ਗਈ ਇੱਕ ਅਤਿ-ਆਧੁਨਿਕ ਧਰੁਵੀਕਰਨ ਮਾਈਕਰੋਸਕੋਪਿਕ ਪ੍ਰਣਾਲੀ ਦੀ ਵਰਤੋਂ ਕੀਤੀ। ਅਣੂਆਂ ਜਾਂ ਆਇਨਾਂ ਦੀ ਸੰਪੂਰਨ ਅੰਦਰੂਨੀ ਵਿਵਸਥਾ ਵਾਲੀਆਂ ਇਨ੍ਹਾਂ ਸਮੱਗਰੀਆਂ ਨੂੰ ‘ਕ੍ਰਿਸਟਲ’ ਕਿਹਾ ਜਾਂਦਾ ਹੈ, ਜੋ ਕੁਦਰਤ ਵਿੱਚ ਭਰਪੂਰ ਮਾਤਰਾ ਵਿੱਚ ਉਪਲਭਧ ਹਨ।
ਆਈਆਈਟੀ ਖੜਗਪੁਰ ਦੀ ਟੀਮ, ਪ੍ਰੋ. ਭਾਨੂ ਭੂਸ਼ਣ ਖੱਟੂਆ ਅਤੇ ਡਾ. ਸੁਮੰਤ ਕਰਣ ਨੇ ਮਕੈਨੀਕਲ ਊਰਜਾ ਪੈਦਾ ਕਰਨ ਦੇ ਸਮਰੱਥ ਉਪਕਰਣਾਂ ਦੇ ਨਿਰਮਾਣ ਲਈ ਨਵੀਂ ਸਮੱਗਰੀ ਦੀ ਕਾਰਗੁਜ਼ਾਰੀ ਦਾ ਅਧਿਐਨ ਕੀਤਾ। ਨਵੇਂ ਪਦਾਰਥ ਦੀ ਵਰਤੋਂ ਹਾਈ ਐਂਡ ਮਾਈਕ੍ਰੋਚਿੱਪਸ, ਉੱਚ-ਸ਼ੁੱਧਤਾ ਮਕੈਨੀਕਲ ਸੈਂਸਰਾਂ, ਐਕਟਿਊਏਟਰਾਂ ਅਤੇ ਮਾਈਕਰੋ ਰੋਬੋਟਿਕਸ ਅਤੇ ਕਈ ਹੋਰਨਾਂ ਵਿੱਚ ਕੀਤੀ ਜਾ ਸਕਦੀ ਹੈ। ਅਜਿਹੀਆਂ ਸਮੱਗਰੀਆਂ ਬਾਰੇ ਹੋਰ ਖੋਜ ਨਾਲ ਅਜਿਹੇ ਸਮਾਰਟ ਯੰਤਰ ਵਿਕਸਤ ਹੋ ਸਕਦੇ ਹਨ ਜੋ ਕ੍ਰੈਕ ਜਾਂ ਸਕ੍ਰੈਚਜ ਦੀ ਖੁਦ ਹੀ ਮੁਰੰਮਤ ਕਰ ਸਕਣ।
ਪਬਲੀਕੇਸ਼ਨ ਲਿੰਕ: doi: 10.1126 / science.abg3886
ਵਧੇਰੇ ਜਾਣਕਾਰੀ ਲਈ ਪ੍ਰੋ. ਸੀ ਮੱਲਾ ਰੈੱਡੀ (cmallareddy[at]gmail[dot]com)
ਪ੍ਰੋ. ਨਿਰਮਲਯਾ ਘੋਸ਼ (nghosh@iiserkol.ac.in) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
**********
ਐੱਸਐੱਨਸੀ / ਟੀਐੱਮ / ਆਰਆਰ
(Release ID: 1739306)
Visitor Counter : 256