ਉਪ ਰਾਸ਼ਟਰਪਤੀ ਸਕੱਤਰੇਤ

ਕੋਵਿਡ ਨਾਲ ਹੋਏ ਮਾਨਸਿਕ ਤਣਾਅ ’ਚ ਅਧਿਆਤਮਕਤਾ ਰਾਹਤ ਦੇ ਸਕਦੀ ਹੈ: ਉਪ ਰਾਸ਼ਟਰਪਤੀ

ਮਾਨਸਿਕ ਤੰਦਰੁਸਤੀ ਨੂੰ ਇੱਕ ਜਨਤਕ ਸਿਹਤ ਮੁੱਦੇ ਵਜੋਂ ਤਰਜੀਹ ਦੇਵੋ: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਭਾਰਤ ਦੇ ਮਹਾਨ ਅਤੀਤ ਬਾਰੇ ਜਾਣਨ ਲਈ ਪ੍ਰਾਚੀਨ ਸਮਾਰਕ ਦੇਖਣ ਦੀ ਬੇਨਤੀ ਕੀਤੀ

‘ਕੰਬੋਡੀਆ ਤੇ ਵੀਅਤਨਾਮ ਦੇ ਮੰਦਿਰ ਭਾਰਤੀ ਸੱਭਿਅਤਾ ਦੀ ਅਮੀਰ ਵਿਰਾਸਤ ਤੇ ਉਸ ਦੇ ਪਸਾਰ ਨੂੰ ਦਰਸਾਉਂਦੇ ਹਨ’

ਮੰਦਿਰ ਭਾਰਤ ਦੇ ਸਮਾਜਿਕ ਜੀਵਨ ਦਾ ਇੱਕ ਅਟੁੱਟ ਅੰਗ ਹੁੰਦੇ ਸਨ; ਕਲਾ ਤੇ ਸਿਖਲਾਈ ਦੇ ਮਹੱਤਵਪੂਰਨ ਕੇਂਦਰ ਸਨ: ਸ਼੍ਰੀ ਨਾਇਡੂ

ਉਪ ਰਾਸ਼ਟਰਪਤੀ ਨੇ ਕੰਬੋਡੀਆ ਤੇ ਵੀਅਤਨਾਮ ਬਾਰੇ ਦੋ ਪੁਸਤਕਾਂ ਰਿਲੀਜ਼ ਕੀਤੀਆਂ

Posted On: 26 JUL 2021 7:15PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਮਾਨਸਿਕ ਤੰਦਰੁਸਤੀ ਨੂੰ ਇੱਕ ਜਨਤਕ ਸਿਹਤ ਮੁੱਦੇ ਵਜੋਂ ਤਰਜੀਹ ਦੇਣ ਦੀ ਲੋੜ ਉੱਤੇ ਜ਼ੋਰ ਦਿੱਤਾ।

 

ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਅੱਗੇ ਵਧਦੇ ਜਾ ਰਹੀਆਂ ਗਤੀਹੀਣ ਜੀਵਨ–ਸ਼ੈਲੀਆਂ ਨਾਲ ਲੋਕਾਂ ਵਿੱਚ ਤਣਾਅ ਤੇ ਚਿੰਤਾ ਵਧ ਸਕਦੇ ਹਨ ਤੇ ਇਸੇ ਲਈ ਉਨ੍ਹਾਂ ਸੁਝਾਅ ਦਿੱਤਾ ਕਿ ਜੀਵਨ ਲਈ ਅਧਿਆਤਮਕ ਦ੍ਰਿਸ਼ਟੀਕੋਣ ਤਣਾਵਾਂ ਨੂੰ ਘਟਾ ਸਕਦਾ ਹੈ। ਉਨ੍ਹਾਂ ਧਾਰਮਿਕ ਰਹਿਨੁਮਾਵਾਂ ਨੂੰ ਬੇਨਤੀ ਕੀਤੀ ਕਿ ਉਹ ਨੌਜਵਾਨਾਂ ਤੇ ਆਮ ਲੋਕਾਂ ਨੂੰ ਰੂਹਾਨੀਅਤ ਤੇ ਸੇਵਾ ਦਾ ਸੰਦੇਸ਼ ਦੇਣ।

 

ਸਮੁੱਚੇ ਵਿਸ਼ਵ ਨੂੰ ‘ਇੱਕ ਪਰਿਵਾਰ’ ਸਮਝਣ ਦੀ ਦੂਰ–ਦ੍ਰਿਸ਼ਟੀ ਨਾਲ ਭਰਪੂਰ ਭਾਰਤੀ ਜੀਵਨ–ਮਾਰਗ ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਚਾਹਿਆ ਕਿ ਦੇਸ਼ ਦੇ ਨੌਜਵਾਨ ਭਾਰਤ ਦੇ ਪ੍ਰਾਚੀਨ ਆਚਾਰ–ਵਿਚਾਰ ਤੇ ਪ੍ਰੰਪਰਾਵਾਂ ਨੂੰ ਅਪਣਾਉਣ। ਉਨ੍ਹਾਂ ਨੌਜਵਾਨਾਂ ਨੂੰ ਕਲਾ, ਵਾਸਤੂ–ਕਲਾ ਤੇ ਸੱਭਿਆਚਾਰ ਦੇ ਸਾਡੇ ਸਮਾਰਕਾਂ ਨੂੰ ਦੇਖਣ ਤੇ ਸਾਡੇ ਅਤੀਤ ਦੇ ਸ਼ਾਨਦਾਰ ਪ੍ਰਤੀਕਾਂ ਤੋਂ ਪ੍ਰੇਰਣਾ ਲੈਣ ਦੀ ਵੀ ਬੇਨਤੀ ਕੀਤੀ।

 

ਆਂਧਰ ਪ੍ਰਦੇਸ਼ ਦੇ ਸਾਬਕਾ ਵਿਧਾਇਕ ਸ਼੍ਰੀ ਐੱਨ.ਪੀ. ਵੈਂਕਟੇਸਵਰਾ ਚੌਧਰੀ ਦੁਆਰਾ ਕੰਬੋਡੀਆ ਤੇ ਵੀਅਤਨਾਮ ਦੇ ਪ੍ਰਾਚੀਨ ਹਿੰਦੂ ਮੰਦਿਰਾਂ ਬਾਰੇ ਲਿਖੀਆਂ ਦੋ ਤੇਲੁਗੂ ਪੁਸਤਕਾਂ ਵਰਚੁਅਲੀ ਰਿਲੀਜ਼ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਮੰਦਿਰਾਂ ਦੀ ਕਲਾ ਤੇ ਵਾਸਤੂ–ਕਲਾ ਪ੍ਰਾਚੀਨ ਭਾਰਤੀ ਸੱਭਿਆਚਾਰ ਤੇ ਰਵਾਇਤਾਂ ਨੂੰ ਦਰਸਾਉਂਦੀ ਹੈ। ‘ਕੰਬੋਡੀਆ – ਹਿੰਦੂ ਦੇਵਾਲਯਲਾ ਪੁੰਨਯ ਭੂਮੀ’ ਅਤੇ ‘ਨੇਤੀ ਵੀਅਤਨਾਮ – ਨਾਤੀ ਹੈਂਡਾਵਾ ਸੰਸਕ੍ਰਿਤੀ’ ਦੇ ਸਿਰਲੇਖ ਵਾਲੀਆਂ ਪੁਸਤਕਾਂ ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਕੰਬੋਡੀਆ ’ਚ ਸਥਿਤ ‘ਅੰਗਕੋਰ ਵਾਟ’ ਦੀ ਆਪਣੀ ਫੇਰੀ ਨੂੰ ਚੇਤੇ ਕਰਦਿਆਂ ਸੁਝਾਇਆ ਕਿ ਹਰੇਕ ਨੂੰ, ਖ਼ਾਸ ਕਰ ਕੇ ਨੌਜਵਾਨਾਂ ਨੂੰ ਜ਼ਰੂਰ ਅਜਿਹੇ ਮੰਦਿਰ ਦੇਖਣੇ ਚਾਹੀਦੇ ਹਨ ਤੇ ਭਾਰਤ ਦੇ ਮਹਾਨ ਅਤੀਤ ਬਾਰੇ ਸਿੱਖਣਾ ਚਾਹੀਦਾ ਹੈ।


 

ਉਪ ਰਾਸ਼ਟਰਪਤੀ ਨੇ ਇਹ ਵੀ ਦੱਸਿਆ ਕਿ ਸਾਡੇ ਭਾਰਤ ਦੇ ਪੂਰੇ ਇਤਿਹਾਸ ਵਿੱਚ ਮੰਦਿਰ ਕਿਵੇਂ ਸਿੱਖਣ, ਕਲਾ, ਸੱਭਿਆਚਾਰ ਤੇ ਧਰਮ ਦੇ ਮਹੱਤਵਪੂਰਨ ਕੇਂਦਰਾਂ ਵਜੋਂ ਮੁੱਖ ਭੂਮਿਕਾ ਨਿਭਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੰਦਿਰ ਕਿਉਂਕਿ ਲੋਕਾਂ ਦੇ ਸਮਾਜਿਕ ਜੀਵਨ ਦਾ ਅਟੁੱਟ ਅੰਗ ਰਹੇ ਹਨ, ਇਸੇ ਲਈ ਉਹ ਸਮਾਜਿਕ ਇੱਕਸੁਰਤਾ ਨੂੰ ਕਾਇਮ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਮੰਦਿਰ ਕਿਵੇਂ ਸੰਗੀਤ, ਨਾਚ, ਨਾਟਕ ਤੇ ਬੁੱਤ–ਤਰਾਸ਼ੀ ਦੇ ਫੋਕਲ ਪੁਆਇੰਟਸ ਵਜੋਂ ਪ੍ਰਫ਼ੁੱਲਤ ਹੋਏ। ਸ਼੍ਰੀ ਨਾਇਡੂ ਨੇ ਕਿਹਾ ਕਿ ਸਵਰਾਜ ਲਹਿਰ ਦੌਰਾਨ ਮੰਦਿਰਾਂ ਨੇ ਵੀ ਪ੍ਰਮੁੱਖ ਭੂਮਿਕਾ ਨਿਭਾਈ ਸੀ।

 

ਇਸ ਮੌਕੇ ’ਤੇ, ਸ਼੍ਰੀ ਨਾਇਡੂ ਨੇ ਕਾਂਚੀ ਕਾਮਕੋਟੀ ਪੀਠਮ ਦੇ ਸਾਬਕਾ ਪੁਜਾਰੀ ਸਵਰਗੀ ਸਵਾਮੀ ਜੈਇੰਦਰ ਸਰਸਵਤੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਮੌਕੇ ਭਰਪੂਰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀਆਂ ਸਹਿਤ ਤੇ ਸਿੱਖਿਆ ਦੇ ਖੇਤਰ ਵਿੱਚ ਸਮਾਜ–ਭਲਾਈ ਦੀਆਂ ਗਤੀਵਿਧੀਆਂ ਨੂੰ ਚੇਤੇ ਕੀਤਾ। ਉਪ ਰਾਸ਼ਟਰਪਤੀ ਨੇ ਇਹ ਕਿਤਾਬਾਂ ਪ੍ਰਕਾਸ਼ਿਤ ਕਰਵਾਉਣ ਲਈ ਲੇਖਕ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਕੰਬੋਡੀਆ ਤੇ ਵੀਅਤਨਾਮ ’ਚ ਮੰਦਿਰਾਂ ਦੀ ਅਨੇਕ ਖ਼ਾਸੀਅਤਾਂ ਦਾ ਜ਼ਿਕਰ ਕੀਤਾ।

 

ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਬਨਵਾਰੀਲਾਲ ਪੁਰੋਹਿਤ, ਕਾਂਚੀ ਕਾਮਕੋਟੀ ਪੀਠਾਧਪਤਿ ਸ਼੍ਰੀ ਵਿਜਯੇਂਦਰ, ਸ਼੍ਰੀ ਐੱਨ.ਪੀ. ਵੈਂਕਟੇਸਵਰ ਚੌਧਰੀ ਤੇ ਹੋਰ ਸ਼ਖ਼ਸੀਅਤਾਂ ਵੀ ਇਸ ਵਰਚੁਅਲ ਸਮਾਰੋਹ ਦੌਰਾਨ ਮੌਜੂਦ ਸਨ।

 

*****

 

ਐੱਮਐੱਸ/ਆਰਕੇ/ਡੀਪੀ(Release ID: 1739290) Visitor Counter : 41