ਟੈਕਸਟਾਈਲ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਕੱਪੜਾ ਸੈਕਟਰ ਨੂੰ ਹੁਲਾਰਾ ਦੇਣ ਲਈ ਕੱਪੜਾ ਮੰਤਰਾਲੇ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਡੁੰਘਾਈ ਨਾਲ ਸਮੀਖਿਆ ਕੀਤੀ

Posted On: 15 JUL 2021 10:01PM by PIB Chandigarh

ਕੇਂਦਰੀ ਕੱਪੜਾ, ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ ਅਤੇ ਖੁਰਾਕ ਅਤੇ ਜਨਤਕ ਵੰਡ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਇਥੇ ਕੱਪੜਾ ਸੈਕਟਰ ਨੂੰ ਹੁਲਾਰਾ ਦੇਣ ਲਈ ਕੱਪੜਾ ਮੰਤਰਾਲੇ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਡੂੰਘੀ ਸਮੀਖਿਆ ਕੀਤੀ। ਇਸ ਮੌਕੇ ਕੱਪੜਾ ਰਾਜ ਮੰਤਰੀ ਸੁਸ਼੍ਰੀ ਦਰਸ਼ਨਾ ਜਰਦੋਸ਼ ਵੀ ਮੌਜੂਦ ਸਨ। ਸਕੱਤਰ ਕੱਪੜਾ, ਸ਼੍ਰੀ ਯੂ ਪੀ ਸਿੰਘ, ਵਧੀਕ ਸਕੱਤਰ, ਸ਼੍ਰੀ ਵੀ ਕੇ ਸਿੰਘ, ਜੁਆਇੰਟ ਸੱਕਤਰ, ਡੀ ਸੀ ਹੈਂਡੀਕ੍ਰਾਫਟਸ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਮੀਟਿੰਗ ਵਿੱਚ ਹਿੱਸਾ ਲਿਆ।

 

ਸ਼੍ਰੀ ਵੀ ਕੇ ਸਿੰਘ ਨੇ ਸਮੁੱਚੇ ਕੱਪੜਾ ਸੈਕਟਰ ਬਾਰੇ ਵਿਸਤਾਰਪੂਰਵਕ ਪੇਸ਼ਕਾਰੀ ਦਿੱਤੀ। ਮੰਤਰੀ ਨੂੰ ਭਾਰਤੀ ਕੱਪੜਾ ਸੈਕਟਰ ਦੇ ਵਿਆਪਕ ਰੂਪਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਕੱਪੜਾ, ਭਾਰਤ ਦੇ ਸਭ ਤੋਂ ਪੁਰਾਣੇ ਉਦਯੋਗਾਂ ਵਿਚੋਂ ਇੱਕ ਹੈ ਅਤੇ ਇਸ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਇਹ ਭਾਰਤ ਦੀ ਜੀਡੀਪੀ ਵਿੱਚ 2.3%, ਉਦਯੋਗਿਕ ਆਉਟਪੁੱਟ ਵਿੱਚ 7%, ਭਾਰਤ ਦੀ ਨਿਰਯਾਤ ਆਮਦਨ ਵਿੱਚ 12% ਯੋਗਦਾਨ ਪਾਉਂਦਾ ਹੈ। ਕੱਪੜਾ ਉਦਯੋਗ ਸਾਢੇ 4 ਕਰੋੜ ਤੋਂ ਵਧ ਲੋਕਾਂ ਨੂੰ (ਸਿੱਧਾ) ਰੋਜ਼ਗਾਰ ਪ੍ਰਦਾਨ ਕਰਦਾ ਹੈ ਜੋ ਕੁੱਲ ਰੋਜ਼ਗਾਰ ਦਾ 21% ਹੈ। ਭਾਰਤ 6% ਗਲੋਬਲ ਸ਼ੇਅਰ (12% ਸੀਏਜੀਆਰ) ਨਾਲ ਤਕਨੀਕੀ ਟੈਕਸਟਾਈਲ ਦਾ 6ਵਾਂ ਸਭ ਤੋਂ ਵੱਡਾ ਉਤਪਾਦਕ ਅਤੇ ਵਿਸ਼ਵ ਵਿੱਚ ਕਪਾਹ ਅਤੇ ਜੂਟ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਕਪਾਹ ਉਤਪਾਦਨ 5.8 ਮਿਲੀਅਨ ਕਿਸਾਨਾਂ ਅਤੇ ਸਹਾਇਕ ਖੇਤਰਾਂ ਵਿੱਚ 40-50 ਮਿਲੀਅਨ ਲੋਕਾਂ ਨੂੰ ਸਮਰਥਨ ਦਿੰਦਾ ਹੈ। ਭਾਰਤ ਰੇਸ਼ਮ ਦਾ ਦੂਸਰਾ ਸਭ ਤੋਂ ਵੱਡਾ ਉਤਪਾਦਕ ਦੇਸ਼ ਵੀ ਹੈ ਅਤੇ ਦੁਨੀਆਂ ਵਿੱਚ ਹੱਥ ਨਾਲ ਬੁਣੇ ਹੋਏ 95% ਫੈਬਰਿਕ ਭਾਰਤ ਤੋਂ ਆਉਂਦੇ ਹਨ।

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਸਥਾਨਕ ਕਾਰੀਗਰਾਂ ਅਤੇ ਘਰੇਲੂ ਉਦਯੋਗਾਂ ਦੀ ਉਤਪਾਦਕਤਾ ਨੂੰ ਵਧਾਉਣ ਨਾਲ ਅਸੀਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਇੱਕ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਕੱਪੜਾ ਸੈਕਟਰ ਵਿੱਚ ਵੱਡੀ ਸੰਭਾਵਨਾ ਹੈ ਅਤੇ ਇਸ ਨੂੰ ਨਵੀਨਤਾਵਾਂ, ਨਵੀਨਤਮ ਤਕਨਾਲੋਜੀ ਅਤੇ ਸਹੂਲਤਾਂ ਦੀ ਵਰਤੋਂ ਕਰਕੇ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ। ਮੰਤਰੀ ਨੇ ਭਰੋਸਾ ਵੀ ਪ੍ਰਗਟਾਇਆ ਕਿ ਇਸ ਸੈਕਟਰ ਵਿੱਚ ਜ਼ਬਰਦਸਤ ਵਾਧਾ ਹੋਵੇਗਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕੱਪੜਾ ਸੈਕਟਰ ਵਿੱਚ ਕੰਮ ਕਰ ਰਹੇ ਲੋਕਾਂ ਦੀ ਆਮਦਨੀ ਵਧਾਉਣ, ਹੈਂਡਲੂਮਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਕੱਪੜਾ ਸੈਕਟਰ ਤੋਂ ਬਾਲ ਮਜ਼ਦੂਰੀ ਨੂੰ ਖਤਮ ਕਰਨ ਲਈ ਲੋੜੀਂਦੇ ਉਪਰਾਲੇ ਕਰਨ ਲਈ ਕਿਹਾ।

*******

ਬੀਵਾਇ/ਟੀਐੱਫਕੇ



(Release ID: 1736247) Visitor Counter : 173


Read this release in: English , Urdu , Hindi