ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਮਹਮਾਰੀ ਦੇ ਚਲਦਿਆਂ ਵਿਵਹਾਰਾਤਮਕ ਤਬਦੀਲੀ ਦੀ ਲੋੜ ’ਤੇ ਜ਼ੋਰ ਦਿੱਤਾ
ਉਪ ਰਾਸ਼ਟਰਪਤੀ ਨੇ ਕਿਹਾ, ਟੀਕਾਕਰਣ ਤੋਂ ਬਾਅਦ ਵੀ ਜ਼ਰੂਰ ਹੀ ਕੋਵਿਡ ਉਚਿਤ ਵਿਵਹਾਰ ਦੀ ਪਾਲਣਾ ਜਾਰੀ ਰੱਖਣੀ ਹੋਵੇਗੀ
ਉਪ ਰਾਸ਼ਟਰਪਤੀ ਨੇ ਸਮਾਜ ਦੇ ਕੁਝ ਵਰਗਾਂ ’ਚ ਵੈਕਸੀਨ ਪ੍ਰਤੀ ਝਿਜਕ ਦੂਰ ਕਰਨ ਦਾ ਸੱਦਾ ਦਿੱਤਾ
ਉਪ ਰਾਸ਼ਟਰਪਤੀ ਨੇ ਲੋਕਾਂ ’ਚੋਂ ਝੂਠੀਆਂ ਖ਼ਬਰਾਂ, ਡਰ ਤੇ ਮਿੱਥ ਦੂਰ ਕਰਨ ਲਈ ਇਕਜੁੱਟ ਕੋਸ਼ਿਸ਼ਾਂ ਦੀ ਲੋੜ ’ਤੇ ਜ਼ੋਰ ਦਿੱਤਾ
ਉਪ ਰਾਸ਼ਟਰਪਤੀ ਨੇ ਕੋਵਿਡ–19 ਦਾ ਟਾਕਰਾ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਪੰਜ ਸਿਧਾਂਤਾਂ ਨੂੰ ਅਪਣਾਉਣ ਦੀ ਲੋੜ ਦਾ ਸੁਝਾਅ ਦਿੱਤਾ
ਉਪ ਰਾਸ਼ਟਰਪਤੀ ਨੇ ਅੱਗੇ ਵਧਣ ਲਈ ਚੁਸਤ ਜੀਵਨ–ਸ਼ੈਲੀ, ਪੌਸ਼ਟਿਕ ਖ਼ੁਰਾਕ ਤੇ ਸੰਤੁਲਿਤ ਮਾਨਸਿਕ ਸਿਹਤ ਅਪਣਾਉਣ ਦਾ ਸੱਦਾ ਦਿੱਤਾ
ਉਪ ਰਾਸ਼ਟਰਪਤੀ ਨੇ ਪ੍ਰਸਿੱਧ ਗਾਇਕ, ਸਵਰਗੀ ਸ਼੍ਰੀ ਐੱਸ.ਪੀ. ਬਾਲਾਸੁਬਰਾਮਨੀਅਮ ਨੂੰ ਭਰਪੂਰ ਸ਼ਰਧਾਂਜਲੀ ਦਿੱਤੀ
ਸ਼੍ਰੀ ਨਾਇਡੂ ਨੇ ਉੱਘੇ ਲੇਖਕਾਂ ਦੁਆਰਾ ਤੇਲੁਗੂ ਭਾਸ਼ਾ ’ਚ 80 ਨਿੱਕੀਆਂ ਕਹਾਣੀਆਂ ਦਾ ਸੰਗ੍ਰਹਿ ‘ਕੋਥਾ (ਕੋਰੋਨਾ) ਕਥਾਲੂ ਵਰਚੁਅਲੀ ਰਿਲੀਜ਼’ ਕੀਤੀ
Posted On:
10 JUL 2021 1:43PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਲੋਕਾਂ ਦੇ ਕੁਝ ਵਰਗਾਂ ’ਚੋਂ ਵੈਕਸੀਨ ਪ੍ਰਤੀ ਝਿਜਕ ਹਟਾਉਣ ਦਾ ਸੱਦਾ ਦਿੰਦਿਆਂ ਕੋਵਿਡ–19 ਨਾਲ ਸਬੰਧਿਤ ਮੁੱਦਿਆਂ ਉੱਤੇ ਝੂਠੀਆਂ ਖ਼ਬਰਾਂ ਤੇ ਮਿੱਥਾਂ ਦੂਰ ਕਰਨ ਲਈ ਇਕਜੁੱਟ ਕੋਸ਼ਿਸ਼ਾਂ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ।
ਲੋਕਾਂ ’ਚ ਮਾਨਸਿਕ ਤਣਾਅ ਤੇ ਡਰ ਦੇ ਪ੍ਰਭਾਵ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੋਵਿਡ–19 ਅਤੇ ਟੀਕਾਕਰਣ ਬਾਰੇ ਗੁਮਰਾਹਕੁੰਨ ਜਾਣਕਾਰੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਪ ਰਾਸ਼ਟਰਪਤੀ ਨੇ ਵਿਭਿੰਨ ਖੇਤਰਾਂ ਦੀਆਂ ਉੱਘੀਆਂ ਹਸਤੀਆਂ, ਡਾਕਟਰਾਂ ਤੇ ਹੋਰਨਾਂ ਨੂੰ ਬੇਨਤੀ ਕੀਤੀ ਕਿ ਉਹ ਲੋਕਾਂ ’ਚੋਂ ਡਰ ਦੂਰ ਕਰਨ ਅਤੇ ਟੀਕਾਕਰਣ ਦੀ ਅਹਿਮੀਅਤ ਬਾਰੇ ਉਨ੍ਹਾਂ ਨੂੰ ਜਾਗਰੂਕ ਕਰਨ।
ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਇਸ ਸਮੇਂ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਲਾਗੂ ਕਰ ਰਿਹਾ ਹੈ ਤੇ ਇਸੇ ਲਈ ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਹਰੇਕ ਭਾਰਤੀ ਦੀ ਇਹ ਸਮਾਜਕ ਜ਼ਿੰਮੇਵਾਰੀ ਹੈ ਕਿ ਉਹ ਟੀਕਾਕਰਣ ਕਰਵਾਉਣ ਤੇ ਹੋਰਨਾਂ ਨੂੰ ਟੀਕਾਕਰਣ ਲਈ ਉਤਸ਼ਾਹਿਤ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਟੀਕਾਕਰਣ ਦੀ ਇਹ ਮੁਹਿੰਮ ਇੱਕ ਲੋਕ–ਲਹਿਰ ਬਣਨੀ ਚਾਹੀਦੀ ਹੈ ਤੇ ਤੇ ਇਸ ਦੀ ਅਗਵਾਈ ਨੌਜਵਾਨਾਂ ਨੂੰ ਕਰਨੀ ਚਾਹੀਦੀ ਹੈ।
ਪੂਰੀ ਦੁਨੀਆ ਦੇ ਉੱਘੇ ਲੇਖਕਾਂ ਦੀਆਂ ਕੋਵਿਡ–19 ਬਾਰੇ ਤੇਲੁਗੂ ਭਾਸ਼ਾ ’ਚ ਲਿਖੀਆਂ 80 ਨਿੱਕੀਆਂ ਕਹਾਣੀਆਂ ਦਾ ਸੰਗ੍ਰਹਿ ‘ਕੋਥਾ (ਕੋਰੋਨਾ) ਕਥਾਲੂ’ ਜਾਰੀ ਕਰਦਿਆਂ ਸ਼੍ਰੀ ਨਾਇਡੂ ਨੇ ਲੋਕਾਂ ਨੂੰ ਸੁਝਾਅ ਦਿੱਤਾ ਕਿ ਉਹ ਮਹਾਮਾਰੀ ਦਾ ਟਾਕਰਾ ਕਰਨ ਲਈ ਇਹ ਪੰਜ ਸਿਧਾਂਤ ਅਪਣਾਉਣ – ਇੱਕ ਅਜਿਹੀ ਚੁਸਤ ਜੀਵਨ–ਸ਼ੈਲੀ ਅਪਨਾਉਣਾ; ਜਿਸ ਵਿੱਚ ਨਿਯਮਿਤ ਸਰੀਰਕ ਵਰਜ਼ਿਸ਼ ਜਾਂ ਯੋਗਾ, ਅਧਿਆਤਮਕ ਤਸੱਲੀ ਲੈਣਾ, ਤੰਦਰੁਸਤ ਪੌਸ਼ਟਿਕ ਭੋਜਨ ਖਾਣਾ, ਮਾਸਕ ਪਹਿਨਣ, ਸਮਾਜਕ ਦੂਰੀ ਰੱਖਣ ਤੇ ਵਾਰ–ਵਾਰ ਹੱਥ ਧੋਣ ਜਿਹੇ ਕੋਵਿਡ ਉਚਿਤ ਵਿਵਹਾਰ ਅਪਣਾਉਣ ਅਤੇ ਹਮੇਸ਼ਾ ਸੁਰੱਖਿਅਤ ਰਹਿਣ ਲਈ ਕੁਦਰਤ ਨਾਲ ਇੱਕਸੁਰਤਾ ਕਾਇਮ ਕਰ ਕੇ ਰੱਖਣਾ ਸ਼ਾਮਲ ਹੋਣ। ਉਨ੍ਹਾਂ ਮਹਾਮਾਰੀ ਦੇ ਚਲਦਿਆਂ ਵਿਵਹਾਰਾਤਮਕ ਤਬਦੀਲੀਆਂ ਲਿਆਉਣ ਦੀ ਲੋੜ ਉੱਤੇ ਜ਼ੋਰ ਦਿੱਤਾ।
ਉਨ੍ਹਾਂ ਦ੍ਰਿੜ੍ਹਤਾਪੂਰਬਕ ਕਿਹਾ ਕਿ ਭਾਰਤ ਨੇ ਆਪਣੀ ਵਿਸ਼ਾਲ ਆਬਾਦੀ ਅਤੇ ਉਚਿਤ ਸਿਹਤ ਬੁਨਿਆਦੀ ਢਾਂਚੇ ਦੀ ਘਾਟ ਦੇ ਬਾਵਜੂਦ ਮਹਾਮਾਰੀ ਦਾ ਸਾਹਮਣਾ ਕਰਨ ਵਿੱਚ ਵਧੀਆ ਕਾਰਗੁਜ਼ਾਰੀ ਵਿਖਾਈ ਹੈ ਅਤੇ ਇਸ ਲਈ ਉਨ੍ਹਾਂ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਵਿੱਚ ਵਿਗਿਆਨੀਆਂ, ਡਾਕਟਰਾਂ, ਸਿਹਤ ਕਰਮਚਾਰੀਆਂ ਤੇ ਹੋਰਨਾਂ ਵੱਲੋਂ ਨਿਭਾਈ ਗਈ ਵਡਮੁੱਲੀ ਭੂਮਿਕਾ ਦੀ ਸ਼ਲਾਘਾ ਕੀਤੀ।
ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਮਹਾਮਾਰੀ ਨੇ ਨਿਯਮਿਤ ਸਰੀਰਕ ਗਤੀਵਿਧੀ ਦੇ ਮਹੱਤਵ ਨੂੰ ਉਜਾਗਰ ਕੀਤਾ ਹੈ ਤੇ ਆਧੁਨਿਕ ਜੀਵਨ–ਸ਼ੈਲੀ ਤੇ ਘੱਟ ਗਤੀਸ਼ੀਲ ਰਹਿਣ ਦੀਆਂ ਆਦਤਾਂ ਨੇ ਹੀ ਲੋਕਾਂ ਨੂੰ ਬਹੁਤ ਸਾਰੀਆਂ ਬਿਨਾ–ਲਾਗ ਦੀਆਂ ਬੀਮਾਰੀਆਂ ਤੋਂ ਗ੍ਰਸਤ ਕਰ ਕੇ ਰੱਖ ਦਿੱਤਾ ਹੈ।
ਸ਼੍ਰੀ ਨਾਇਡੂ ਨੇ ਕਿਹਾ ਕਿ ਮਹਾਮਾਰੀ ਕਾਰਣ ਮਾਨਸਿਕ ਸਿਹਤ ਦੀ ਅਹਿਮੀਅਤ ਹੁਣ ਜਨ–ਸਿਹਤ ਮੁੱਦਾ ਬਣ ਗਿਆ ਹੈ ਅਤੇ ਇਸ ਦਾ ਸਮੁੱਚੇ ਤੌਰ ਉੱਤੇ ਹੱਲ ਲੱਭਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਧਿਆਨ ਤੇ ਅਧਿਆਤਮਕਤਾ ਨਾਲ ਜੀਵਨ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਮਿਲੇਗੀ। ਸੰਤੁਲਿਤ ਖ਼ੁਰਾਕ ਲੈਣ ਦਾ ਮਹੱਤਵ ਉਜਾਗਰ ਕਰਦਿਆਂ ਉਨ੍ਹਾਂ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਫ਼ਾਸਟ–ਫ਼ੂਡ ਦੀ ਲਤ ਨਾ ਲਾਉਣ ਦੀ ਚੇਤਾਵਨੀ ਦਿੱਤੀ।
ਉਪ ਰਾਸ਼ਟਰਪਤੀ ਨੇ ਨਿਜੀ ਸਫ਼ਾਈ ਰੱਖਣ ਦੇ ਮਹੱਤਵ ਦੀ ਗੱਲ ਵੀ ਕੀਤੀ; ਜਿਸ ਉੱਤੇ ਮਹਾਮਾਰੀ ਦੇ ਆਉਣ ਤੋਂ ਬਾਅਦ ਹੀ ਜ਼ੋਰ ਦਿੱਤਾ ਗਿਆ ਸੀ। ਉਨ੍ਹਾਂ ਟੀਕਾਕਰਣ ਤੋਂ ਬਾਅਦ ਵੀ ਲੋਕਾਂ ਨੂੰ ਸਾਵਧਾਨੀਆਂ ਰੱਖਣ ਦੀ ਬੇਨਤੀ ਕੀਤੀ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦਾ ਸਦਾਚਾਰ ਹਮੇਸ਼ਾ ਕੁਰਦਤ ਨਾਲ ਪਿਆਰ ਤੇ ਇੱਕਸੁਰਤਾ ਰੱਖਣਾ ਰਿਹਾ ਹੈ ਅਤੇ ਨਾਲ ਹੀ ਉਨ੍ਹਾਂ ਰਹਿਣ ਵਾਲੇ ਸਥਾਨਾਂ ਨੂੰ ਚੋਖੇ ਹਵਾਦਾਰ ਅਤੇ ਵਧੀਆ ਰੌਸ਼ਨੀ ਨਾਲ ਭਰਪੂਰ ਰੱਖਣ ਦੀ ਲੋੜ ਉੱਤੇ ਜ਼ੋਰ ਦਿੱਤਾ।
ਇਸ ਮੌਕੇ ਸ਼੍ਰੀ ਨਾਇਡੂ ਨੇ ਪ੍ਰਸਿੱਧ ਗਾਇਕ ਸਵਰਗੀ ਸ਼੍ਰੀ ਐੱਸ.ਪੀ. ਬਾਲਾਸੁਬਰਾਮਨੀਅਮ, ਇਹ ਪੁਸਤਕ ਜਿਨ੍ਹਾਂ ਨੂੰ ਸਮਰਪਿਤ ਹੈ, ਨੂੰ ਭਰਪੂਰ ਸ਼ਰਧਾਂਜਲੀਆਂ ਵੀ ਭੇਟ ਕੀਤੀਆਂ। ਬਹੁਪੱਖੀ ਪ੍ਰਤਿਭਾ ਦੇ ਧਨੀ ਗਾਇਕ ਦੇ ਜੀਵਨ ਨੂੰ ਚੇਤੇ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਸ਼੍ਰੀ ਐੱਸ.ਪੀ. ਬਾਲਾਸੁਬਰਾਮਨੀਅਮ ਆਪਣੀ ਪੰਜ ਦਹਾਕਿਆਂ ਦੀ ਸੰਗੀਤਕ ਯਾਤਰਾ ਦੌਰਾਨ ਸੰਗੀਤ ਦੇ ਵਿਸ਼ਵ ਉੱਤੇ ਆਪਣੀ ਇੱਕ ਅਮਿਟ ਛਾਪ ਛੱਡ ਕੇ ਗਏ ਹਨ। ਪੁਸਤਕ ਪ੍ਰਕਾਸ਼ਨ ਲਈ ਲੇਖਕਾਂ ਤੇ ਪ੍ਰਕਾਸ਼ਕਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਸ਼੍ਰੀ ਨਾਇਡੂ ਨੇ ਸਾਡੀਆਂ ਖੇਤਰੀ ਤੇ ਜੱਦੀ ਭਾਸ਼ਾਵਾਂ ਅਤੇ ਮਾਤ–ਭਾਸ਼ਾਵਾਂ ਨੂੰ ਸੰਭਾਲਣ ਦੀ ਲੋੜ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਤੱਕ ਦੀ ਪੜ੍ਹਾਈ ਦਾ ਮਾਧਿਅਮ ਮਾਤ–ਭਾਸ਼ਾ ’ਚ ਹੀ ਹੋਣਾ ਚਾਹੀਦਾਹੈ। ਵੁਨ੍ਹਾਂ ਇਹ ਵੀ ਕਿਹਾ ਕਿ ਪ੍ਰਸ਼ਾਸਨ ਤੇ ਨਿਆਂਪਾਲਿਕ ਵਿੱਚ ਸਥਾਨਕ ਭਾਸ਼ਾ ਦੀ ਵਰਤੋਂ ਨੂੰ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਤਕਨੀਕੀ ਸਿੱਖਿਆ ਵਿੱਚ ਹੌਲ਼ੀ–ਹੌਲ਼ੀ ਭਾਰਤੀ ਭਾਸ਼ਾਵਾਂ ਦੀ ਵਰਤੋਂ ਵਧਾਉਣ ਦਾ ਵੀ ਸੱਦਾ ਦਿੱਤਾ। ਸ਼੍ਰੀ ਨਾਇਡੂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਹੋਰਨਾਂ ਭਾਸ਼ਾਵਾਂ ਨੂੰ ਛੁਟਿਆਏ ਬਿਨਾ ਸਦਾ ਆਪਣੀਆਂ ਪੁਸ਼ਤੈਨੀ ਭਾਸ਼ਾਵਾਂ ਵਿੱਚ ਹੀ ਗੱਲਬਾਤ ਕਰਿਆ ਕਰਨ।
ਸ਼੍ਰੀ ਮੰਡਾਲੀ ਬੁੱਧਾ ਪ੍ਰਸਾਦ, ਆਂਧਰ ਪ੍ਰਦੇਸ਼ ਦੀ ਵਿਧਾਨ ਸਭਾ ਦੇ ਸਾਬਕਾ ਸਪੀਕਰ, ਡਾ. ਅੱਲਾ ਸ਼੍ਰੀਨਿਵਾਸ ਰੈੱਡੀ, ਅਮਰੀਕਾ ਸਥਿਤ ਕਾਰਡੀਓਲੌਜਿਸਟ, ਡਾ. ਸੀ ਐੱਮ ਕੇ ਰੈੱਡੀ, ਆਲ ਇੰਡੀਆ ਤੇਲੁਗੂ ਫ਼ੈਡਰੇਸ਼ਨ ਦੇ ਪ੍ਰਧਾਨ, ਡਾ. ਕੇਸਨੀ ਮੋਹਨ ਕਿਸ਼ੋਰ, ਅਮਰੀਕਾ ਸਥਿਤ ਕਾਰਡੀਓਲੌਜਿਸਟ, ਵਾਮਸੀ ਰਾਮਾਰਾਜੂ, ਵਾਮਸੀਆਰਟ ਥੀਏਟਰ ਦੇ ਬਾਨੀ ਪ੍ਰਧਾਨ ਅਤੇ ਭਾਰਤ ਤੇ ਵਿਦੇਸ਼ ਤੋਂ ਅਨੇਕ ਹੋਰਨਾਂ ਨੇ ਇਸ ਵਰਚੁਅਲ ਸਮਾਰੋਹ ਵਿੱਚ ਹਿੱਸਾ ਲਿਆ।
***
ਐੱਮਐੱਸ/ਆਰਕੇ/ਡੀਪੀ
(Release ID: 1734440)
Visitor Counter : 248