ਸੈਰ ਸਪਾਟਾ ਮੰਤਰਾਲਾ
ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਰਾਜ ਮੰਤਰੀ ਸ੍ਰੀ ਪ੍ਰਹਿਲਾਦ ਸਿੰਘ ਪਟੇਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੇ ਰਾਜ ਵਿੱਚ ਟੂਰਿਜ਼ਮ ਨਾਲ ਸੰਬੰਧਿਤ ਪ੍ਰੋਜੈਕਟਾਂ ਦੇ ਵਿਕਾਸ ਲਈ ਇੱਕ ਮੀਟਿੰਗ ਕੀਤੀ
Posted On:
29 JUN 2021 5:04PM by PIB Chandigarh
ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਰਾਜ ਮੰਤਰੀ ਸ੍ਰੀ ਪ੍ਰਹਿਲਾਦ ਸਿੰਘ ਪਟੇਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਨੇ ਅੱਜ ਨਵੀਂ ਦਿੱਲੀ ਵਿਖੇ ਹਰਿਆਣਾ ਵਿੱਚ ਟੂਰਿਜ਼ਮ ਨਾਲ ਜੁੜੇ ਨਵੇਂ ਪ੍ਰੋਜੈਕਟਾਂ ਦੇ ਵਿਕਾਸ ਅਤੇ ਰਾਜ ਵਿੱਚ ਚਲ ਰਹੇ ਪ੍ਰੋਜੈਕਟਾਂ ਦੇ ਕੰਮ ਨੂੰ ਤੇਜ਼ ਕਰਨ ਬਾਰੇ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਸਕੱਤਰ, ਟੂਰਿਜ਼ਮ, ਭਾਰਤ ਸਰਕਾਰ, ਸ਼੍ਰੀ ਅਰਵਿੰਦ ਸਿੰਘ, ਕੇਂਦਰੀ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰਾਲਿਆਂ ਦੇ ਸੰਯੁਕਤ ਸਕੱਤਰ ਅਤੇ ਕੇਂਦਰ ਅਤੇ ਰਾਜ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਰਾਜ ਸਰਕਾਰ ਨੇ ਪ੍ਰਸਤਾਵਿਤ ਕ੍ਰਿਸ਼ਨਾ ਸਰਕਟ ਪ੍ਰੋਜੈਕਟ-II ਦੇ ਵੇਰਵੇ ਦਿੱਤੇ। ਸਵਦੇਸ਼ ਦਰਸ਼ਨ ਸਕੀਮ ਦੇ ਕ੍ਰਿਸ਼ਨਾ ਸਰਕਟ ਫੇਜ਼ -2 ਦੇ ਇਸ ਪ੍ਰੋਜੈਕਟ ਤਹਿਤ ਕੁਰੂਕਸ਼ੇਤਰ, ਕੈਥਲ, ਜੀਂਦ, ਕਰਨਾਲ, ਪਾਣੀਪਤ ਅਤੇ ਮੇਵਾਤ ਵਿਖੇ ਸ੍ਰੀਮਦ ਭਾਗਵਦ ਗੀਤਾ ਅਤੇ ਮਹਾਭਾਰਤ ਨਾਲ ਸੰਬੰਧਤ ਮਹੱਤਵਪੂਰਨ ਯਾਤਰੀ/ਤੀਰਥ ਸਥਾਨਾਂ 'ਤੇ ਟੂਰਿਸਟ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਯੋਜਨਾ ਹੈ। ਇਸ ਤੋਂ ਇਲਾਵਾ, ਦੋਵਾਂ ਧਿਰਾਂ ਨੇ ਹੈਰੀਟੇਜ ਸਰਕਟ ਰੇਵਾੜੀ, ਕੁਰੂਕਸ਼ੇਤਰ ਨੇੜੇ ਜਯੋਤੀਸਰ ਵਿਖੇ ਵਰਚੁਅਲ ਅਜਾਇਬ ਘਰ ਅਤੇ ਪਿੰਜੌਰ ਗਾਰਡਨ, ਮੋਰਨੀ ਹਿਲਸ, ਸਾਇੰਸ ਸਿੱਟੀ ਸਮੇਤ ਕਈ ਹੋਰ ਪ੍ਰੋਜੈਕਟਾਂ ਦੇ ਵਿਕਾਸ ਬਾਰੇ ਵਿਚਾਰ-ਵਟਾਂਦਰਾ ਕੀਤਾ। ਨਾਡਾ ਸਾਹਿਬ ਗੁਰਦੁਆਰਾ ਅਤੇ ਮਾਤਾ ਮਾਨਸਾ ਦੇਵੀ ਵਿਖੇ ਚਲ ਰਹੇ ਪ੍ਰਸ਼ਾਦ (PRASHAD) ਪ੍ਰੋਜੈਕਟਾਂ ਦੀ ਪ੍ਰਗਤੀ ਦੀ ਵੀ ਸ਼੍ਰੀ ਪ੍ਰਹਿਲਾਦ ਸਿੰਘ ਪਟੇਲ ਦੁਆਰਾ ਸਮੀਖਿਆ ਕੀਤੀ ਗਈ ਅਤੇ ਰਾਜ ਸਰਕਾਰ ਨੂੰ ਇਨ੍ਹਾਂ ਨੂੰ ਜਲਦੀ ਪੂਰਾ ਕਰਨ ਲਈ ਕਿਹਾ ਗਿਆ।
ਕੇਂਦਰੀ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਿਲਾਦ ਸਿੰਘ ਪਟੇਲ ਨੇ ਕਿਹਾ ਕਿ ਕ੍ਰਿਸ਼ਨਾ ਸਰਕਟ ਪ੍ਰੋਜੈਕਟ I ਦੇ ਮੁਕੰਮਲ ਹੋਣ ਤੋਂ ਬਾਅਦ, ਹਰਿਆਣਾ ਰਾਜ ਸਰਕਾਰ ਹੁਣ ਕ੍ਰਿਸ਼ਨਾ ਸਰਕਟ ਪ੍ਰੋਜੈਕਟ II 'ਤੇ ਕੰਮ ਕਰ ਰਹੀ ਹੈ ਅਤੇ ਕੇਂਦਰ ਸਰਕਾਰ ਸਵਦੇਸ਼ ਦਰਸ਼ਨ ਸਮੇਤ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰਾਲਿਆਂ ਦੀਆਂ ਆਪਣੀਆਂ ਮੌਜੂਦਾ ਯੋਜਨਾਵਾਂ ਦੇ ਅਧੀਨ ਇਸ ਲਈ ਸਹਾਇਤਾ ਕਰੇਗੀ। ਸ਼੍ਰੀ ਪਟੇਲ ਨੇ ਜਯੋਤੀਸਰ ਵਿਖੇ ਗੀਤਾ ਅਤੇ ਮਹਾਂਭਾਰਤ ’ਤੇ ਅਧਾਰਿਤ ਪ੍ਰਭਾਵਸ਼ਾਲੀ ਵਰਚੁਅਲ ਅਜਾਇਬ ਘਰ ਸਥਾਪਿਤ ਕਰਨ ਲਈ ਰਾਜ ਸਰਕਾਰ ਦੇ ਪ੍ਰਸਤਾਵ ਦੀ ਸ਼ਲਾਘਾ ਕੀਤੀ, ਅੱਜ ਦੀ ਮੀਟਿੰਗ ਵਿੱਚ ਇਸ ਦੀ ਇੱਕ ਪੇਸ਼ਕਾਰੀ ਵੀ ਕੀਤੀ ਗਈ।
ਸ਼੍ਰੀ ਪ੍ਰਹਿਲਾਦ ਸਿੰਘ ਪਟੇਲ ਨੇ ਰਾਖੀਗੜ੍ਹੀ ਪ੍ਰੋਜੈਕਟ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜੋ ਦੇਸ਼ ਦੇ ਪੰਜ ਪੁਰਾਤੱਤਵ ਸਥਾਨਾਂ ਵਿੱਚੋਂ ਇੱਕ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਕਿਹਾ ਕਿ ਇੱਕ ਵਾਰ ਵਿਕਸਤ ਹੋਣ ‘ਤੇ ਇਸ ਵਿੱਚ ਸੈਲਾਨੀਆਂ ਨੂੰ ਆਕਰਸ਼ਤ ਕਰਨ ਦੀ ਵੱਡੀ ਸੰਭਾਵਨਾ ਹੈ।
ਬਾਅਦ ਵਿੱਚ, ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਮਨੋਹਰ ਲਾਲ ਖੱਟਰ ਨੇ ਹਰਿਆਣਾ ਰਾਜ ਵਿੱਚ ਸੈਰ ਸਪਾਟਾ ਅਤੇ ਸੱਭਿਆਚਾਰ ਨਾਲ ਜੁੜੇ ਵੱਖ-ਵੱਖ ਪ੍ਰੋਜੈਕਟਾਂ ਲਈ ਕੇਂਦਰ ਵੱਲੋਂ ਉਤਸ਼ਾਹਜਨਕ ਹੁੰਗਾਰੇ ‘ਤੇ ਖੁਸ਼ੀ ਜ਼ਾਹਰ ਕੀਤੀ।
ਸ਼੍ਰੀ ਖੱਟਰ ਨੇ ਅੱਗੇ ਕਿਹਾ ਕਿ ਅਸੀਂ ਜਯੋਤੀਸਰ ਲਈ ਇੱਕ ਯੋਜਨਾ ਦੀ ਤਜਵੀਜ਼ ਰੱਖੀ ਹੈ ਜੋ ਕੁਰੂਕਸ਼ੇਤਰ, ਹਰਿਆਣਾ ਦੇ ਨੇੜੇ ਇੱਕ ਵੱਡਾ ਤੀਰਥ ਸਥਾਨ ਹੈ, ਜਿੱਥੇ ਭਗਵਾਨ ਕ੍ਰਿਸ਼ਨ ਨੇ ਗੀਤਾ ਦਾ ਪ੍ਰਗਟਾਵਾ ਕੀਤਾ ਸੀ। ਸ਼੍ਰੀ ਖੱਟਰ ਨੇ ਦੱਸਿਆ ਕਿ ਅਸੀਂ ਗੀਤਾ ਅਤੇ ਮਹਾਭਾਰਤ ਦੇ ਤੱਤ ਦੀ ਬਿਹਤਰ ਸਮਝ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਉਥੇ ਇੱਕ ਪ੍ਰਯੋਗਾਤਮਕ ਅਜਾਇਬ ਘਰ ਵਿਕਸਤ ਕਰਨ ਦੀ ਯੋਜਨਾ ਬਣਾਈ ਹੈ।
*******
ਐੱਨਬੀ/ਓਏ
(Release ID: 1731558)
Visitor Counter : 158