ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਭਾਰਤ ਨੂੰ ਇੱਕ ਪ੍ਰਮੁੱਖ ਸਮੁੰਦਰੀ ਰਾਸ਼ਟਰ ਬਣਾਉਣ ਦਾ ਸੱਦਾ ਦਿੱਤਾ


“ਪ੍ਰਾਚੀਨ ਭਾਰਤ ਇੱਕ ਮਹਾਨ ਸਮੁੰਦਰੀ ਤਾਕਤ ਸੀ। ਸਾਨੂੰ ਉਸ ਪੁਰਾਣੀ ਸ਼ਾਨ ਨੂੰ ਦੁਬਾਰਾ ਹਾਸਲ ਕਰਨਾ ਹੋਵੇਗਾ: ਉਪ-ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਭਾਰਤ ਦੀ ਅਰਥਵਿਵਸਥਾ ਵਿੱਚ ਬੰਦਰਗਾਹਾਂ ਦੀ ਮਹੱਤਵਪੂਰਨ ਭੂਮਿਕਾ ਉੱਤੇ ਜ਼ੋਰ ਦਿੱਤਾ

ਵਿਸ਼ਾਖਾਪਟਨਮ ਪੋਰਟ ਟਰੱਸਟ (ਵੀਪੀਟੀ) ਦੇ ਚੇਅਰਮੈਨ ਨੇ ਉਪ ਰਾਸ਼ਟਰਪਤੀ ਨੂੰ ਇੱਕ ਪੇਸ਼ਕਾਰੀ ਦਿੱਤੀ

ਉਪ ਰਾਸ਼ਟਰਪਤੀ ਨੂੰ ਵੀਪੀਟੀ ਦੀਆਂ ਵਿਸਤਾਰ ਯੋਜਨਾਵਾਂ ਬਾਰੇ ਜਾਣੂ ਕਰਵਾਇਆ ਗਿਆ

Posted On: 26 JUN 2021 5:47PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਭਾਰਤ ਨੂੰ ਇੱਕ ਪ੍ਰਮੁੱਖ ਸਮੁੰਦਰੀ ਰਾਸ਼ਟਰ ਬਣਾਉਣ ਦਾ ਸੱਦਾ ਦਿੱਤਾ ਅਤੇ ਉਤਸ਼ਾਹੀ ਸੋਚ ਨੂੰ ਪ੍ਰਾਪਤ ਕਰਨ ਵਿੱਚ ਬੰਦਰਗਾਹਾਂ ਦੀ ਅਹਿਮ ਭੂਮਿਕਾ ਉੱਤੇ ਜ਼ੋਰ ਦਿੱਤਾ।

 

ਵਿਸ਼ਾਖਾਪਟਨਮ ਪੋਰਟ ਟਰੱਸਟ (ਵੀਪੀਟੀ) ਦੇ ਚੇਅਰਮੈਨ ਸ਼੍ਰੀ ਕੇ ਰਾਮ ਮੋਹਨ ਰਾਓ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਵਿਸ਼ਾਖਾਪਟਨਮ ਵਿਖੇ ਉਪ-ਰਾਸ਼ਟਰਪਤੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਇੱਕ ਪੇਸ਼ਕਾਰੀ ਦਿੱਤੀ। ਉਨ੍ਹਾਂ ਉਪ-ਰਾਸ਼ਟਰਪਤੀ ਨੂੰ ਬੰਦਰਗਾਹ ਦੀਆਂ ਵਿਸਤਾਰ ਯੋਜਨਾਵਾਂ ਸਮੇਤ ਇਸ ਦੀਆਂ ਵਿਭਿੰਨ ਗਤੀਵਿਧੀਆਂ ਤੋਂ ਜਾਣੂ ਕਰਵਾਇਆ। 

 

ਇਹ ਦੇਖਦਿਆਂ ਕਿ ਭਾਰਤ ਰਣਨੀਤਕ ਤੌਰ 'ਤੇ ਦੁਨੀਆ ਦੇ ਸ਼ਿਪਿੰਗ ਰੂਟ ‘ਤੇ, ਤਕਰੀਬਨ 7,517 ਕਿਲੋਮੀਟਰ ਲੰਬੇ ਸਮੁੰਦਰੀ ਤਟ ਅਤੇ 200 ਤੋਂ ਵੱਧ ਵੱਡੀਆਂ ਅਤੇ ਛੋਟੀਆਂ ਬੰਦਰਗਾਹਾਂ ਦੇ ਨਾਲ ਸਥਿਤ ਹੈ, ਉਨ੍ਹਾਂ ਕਿਹਾ, "ਇਹ ਬੰਦਰਗਾਹਾਂ ਭਾਰਤ ਦੀ ਅਰਥਵਿਵਸਥਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।"

 

ਇਹ ਗੱਲ ਯਾਦ ਕਰਦਿਆਂ ਕਿ ਪ੍ਰਾਚੀਨ ਭਾਰਤ ਇੱਕ ਮਹਾਨ ਸਮੁੰਦਰੀ ਤਾਕਤ ਸੀ ਅਤੇ ਚੋਲ ਰਾਜਿਆਂ ਅਤੇ ਕਲਿੰਗਾ ਰਾਜਿਆਂ ਦੀਆਂ ਜਲ-ਸੈਨਾਵਾਂ ਸਮੁੰਦਰੀ ਮਹਾਸਾਗਰਾਂ 'ਤੇ ਰਾਜ ਕਰਦੀਆਂ ਸਨ, ਉਪ ਰਾਸ਼ਟਰਪਤੀ ਨੇ ਕਿਹਾ ਕਿ “ਸਾਨੂੰ ਇਸ ਪੁਰਾਣੀ ਸ਼ਾਨ ਨੂੰ ਮੁੜ ਪ੍ਰਾਪਤ ਕਰਨਾ ਹੋਵੇਗਾ।”

 

ਦੇਸ਼ ਵਿੱਚ ਬੰਦਰਗਾਹਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਮਹੱਤਵਪੂਰਨ ਸਾਗਰਮਾਲਾ ਪ੍ਰੋਜੈਕਟ ਦੇ ਹਿੱਸੇ ਵਜੋਂ ਬੰਦਰਗਾਹਾਂ ਦੀ ਅਗਵਾਈ ਵਾਲੇ ਵਿਕਾਸ ਦੇ ਅਵਸਰਾਂ ਨੂੰ ਅਨਲੌਕ ਕਰਨ ਲਈ 504 ਤੋਂ ਵੱਧ ਪ੍ਰੋਜੈਕਟਾਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਇਨ੍ਹਾਂ ਪਹਿਲਾਂ ਤੋਂ 3.57 ਲੱਖ ਕਰੋੜ ਤੋਂ ਵੱਧ ਦਾ ਢਾਂਚਾਗਤ ਨਿਵੇਸ਼ ਜੁਟਾਉਣ ਦੀ ਉਮੀਦ ਹੈ।

 

ਸਾਲ 2015-16 ਅਤੇ 2019-20 ਦੇ ਦਰਮਿਆਨ ਉਛਾਲ ਦੀ ਲਹਿਰ ਤੋਂ ਬਾਅਦ ਮਹਾਮਾਰੀ ਕਾਰਨ 2020-21 ਦੌਰਾਨ ਵਿਸ਼ਾਖਾਪਟਨਮ ਪੋਰਟ ‘ਤੇ ਕਾਰਗੋ ਦੇ ਰੁਝਾਨ ਵਿੱਚ ਆਈ ਗਿਰਾਵਟ ਦੇ ਮੱਦੇਨਜ਼ਰ, ਉਪ ਰਾਸ਼ਟਰਪਤੀ ਨੇ ਉਮੀਦ ਜਤਾਈ ਕਿ ਸਥਿਤੀ ਆਮ ਵਾਂਗ ਹੋਣ 'ਤੇ ਬੰਦਰਗਾਹ ਆਪਣੇ ਵਿਕਾਸ ਦੇ ਰਾਹ ਨੂੰ ਮੁੜ ਪ੍ਰਾਪਤ ਕਰੇਗੀ। ਉਨ੍ਹਾਂ ਅੱਗੇ ਕਿਹਾ “ਇਸ ਗੱਲ ਵੱਲ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਬੰਦਰਗਾਹਾਂ ਕੋਵਿਡ ਤੋਂ ਬਾਅਦ ਦੇ ਆਰਥਿਕ ਪੁਨਰਗਠਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।” 

 

ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਅਤੇ ਚੱਕਰਵਾਤ ਤੌਕਤੇ ਅਤੇ ਯਾਸ ਦੌਰਾਨ ਆਕਸੀਜਨ ਸਪਲਾਈ ਅਤੇ ਮਾਨਵਤਾਵਾਦੀ ਰਾਹਤ ਕਾਰਜਾਂ ਨੂੰ ਸੰਭਾਲਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਬੰਦਰਗਾਹਾਂ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਕਿਹਾ, "ਮੈਂ ਤੁਹਾਡੇ ਸਾਰਿਆਂ ਨੂੰ ਇਸ ਲਈ ਵਧਾਈ ਦਿੰਦਾ ਹਾਂ।”

 

ਮੈਰੀਟਾਈਮ ਇੰਡੀਆ ਵਿਜ਼ਨ 2030 ਦਾ ਜ਼ਿਕਰ ਕਰਦਿਆਂ, ਉਪ ਰਾਸ਼ਟਰਪਤੀ ਨੇ ਇੱਛਾ ਪ੍ਰਗਟਾਈ ਕਿ ਬੰਦਰਗਾਹ ਦੇ ਸੰਚਾਲਨ ਅਤੇ ਵਿਕਾਸ ਵਿੱਚ ਪੋਰਟ, ਆਲਮੀ ਬਿਹਤਰੀਨ ਪਿਰਤਾਂ ਨੂੰ ਅਪਣਾਏ। ਉਨ੍ਹਾਂ ਕਿਹਾ ਕਿ ਵਿਜ਼ਨ -2030 ਪ੍ਰਾਪਤ ਕਰਨਾ ਅਸੰਭਵ ਨਹੀਂ ਹੈ ਕਿਉਂਕਿ ਭਾਰਤ ਕੋਲ ਗਿਆਨ ਦੀ ਅੰਦਰੂਨੀ ਤਾਕਤ ਹੈ ਅਤੇ ਉਹ ਚਾਹੁੰਦੇ ਹਨ ਕਿ ਹਰ ਕੋਈ ਟੀਮ ਇੰਡੀਆ ਦੀ ਭਾਵਨਾ ਨਾਲ ਮਿਲ ਕੇ ਕੰਮ ਕਰੇ।

 

ਗੱਲਬਾਤ ਦੌਰਾਨ ਉਪ-ਰਾਸ਼ਟਰਪਤੀ ਵੀਪੀਟੀ ਦੁਆਰਾ ਪ੍ਰਦੂਸ਼ਣ ਨੂੰ ਰੋਕਣ ਅਤੇ ਵਾਤਾਵਰਣ ਦੀ ਰੱਖਿਆ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਨ ਦੇ ਚਾਹਵਾਨ ਸਨ। ਪੋਰਟ ਦੀਆਂ ਗ੍ਰੀਨ ਪਹਿਲਾਂ ਦੀ ਸ਼ਲਾਘਾ ਕਰਦਿਆਂ, ਉਹ ਇਹ ਵੀ ਚਾਹੁੰਦੇ ਸਨ ਕਿ ਪੋਰਟ ਅਧਿਕਾਰੀ ਅਖੁੱਟ ਊਰਜਾ ਅਤੇ ਊਰਜਾ ਦੀ ਸੰਭਾਲ 'ਤੇ ਵਧੇਰੇ ਧਿਆਨ ਕੇਂਦ੍ਰਿਤ ਕਰਨ। 

 

ਉਨ੍ਹਾਂ ਵਿਸ਼ਾਖਾਪਟਨਮ ਪੋਰਟ ਟਰੱਸਟ ਦੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ, ਪੋਰਟ-ਅਗਵਾਈ ਵਾਲੇ ਉਦਯੋਗੀਕਰਣ, ਪ੍ਰਕਿਰਿਆਵਾਂ ਦੀ ਡਿਜੀਟਾਈਜ਼ੇਸ਼ਨ ਅਤੇ ਸਥਿਰਤਾ ਲਈ ਵਿਭਿੰਨ ਗ੍ਰੀਨ ਪਹਿਲਾਂ ਦੀ ਸਿਰਜਣਾ ਦੇ ਉਪਰਾਲਿਆਂ ਦੀ ਵੀ ਪ੍ਰਸ਼ੰਸਾ ਕੀਤੀ। ਸ਼੍ਰੀ ਨਾਇਡੂ ਨੇ ਅੱਗੇ ਕਿਹਾ ਕਿ “ਆਉਣ ਵਾਲੇ ਸਾਲਾਂ ਵਿੱਚ ਵੀਪੀਟੀ ਦੀਆਂ ਵਿਸਤਾਰ ਯੋਜਨਾਵਾਂ ਬਾਰੇ ਜਾਣ ਕੇ ਮੈਨੂੰ ਖੁਸ਼ੀ ਹੋ ਰਹੀ ਹੈ।”

 

ਇਸ ਤੋਂ ਪਹਿਲਾਂ ਉਪ ਰਾਸ਼ਟਰਪਤੀ ਨੂੰ ਵਿਸ਼ਾਖਾਪਟਨਮ ਪੋਰਟ ਦੀ ਵਿਸਤਾਰ ਯੋਜਨਾ ਤੋਂ ਜਾਣੂ ਕਰਵਾਇਆ ਗਿਆ, ਜਿਸ ਵਿੱਚ 103 ਏਕੜ ਰਕਬੇ ਵਿੱਚ 406 ਕਰੋੜ ਰੁਪਏ ਦੇ ਇੱਕ ਫ੍ਰੀ ਟ੍ਰੇਡ ਐਂਡ ਵੇਅਰਹਾਊਸਿੰਗ ਜ਼ੋਨ (FTWZ) ਦੀ ਸਥਾਪਨਾ ਦਾ ਪ੍ਰਸਤਾਵ ਸ਼ਾਮਲ ਹੈ। 

 

ਪ੍ਰਸਤਾਵਿਤ ਫ੍ਰੀ ਟ੍ਰੇਡ ਐਂਡ ਵੇਅਰਹਾਊਸਿੰਗ ਜ਼ੋਨ (FTWZ) ਦੀ  ਫੰਡਿੰਗ ਸਾਗਰਮਾਲਾ ਦੇ ਅਧੀਨ ਕੀਤੀ ਜਾਣੀ ਹੈ ਅਤੇ ਸੜਕਾਂ, ਬਿਜਲੀ, ਰੇਲ ਅਤੇ ਸੜਕ ਸੰਪਰਕ ਵਰਗੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਇੱਕ ਵਿਸ਼ੇਸ਼ ਉਦੇਸ਼ ਵਾਹਨ (ਐੱਸਪੀਵੀ) ਸਥਾਪਿਤ ਕੀਤਾ ਜਾਵੇਗਾ।  

 

ਸ਼੍ਰੀ ਐੱਮ. ਸ਼੍ਰੀਨਿਵਾਸ ਰਾਓ, ਆਂਧਰ ਪ੍ਰਦੇਸ਼ ਸਰਕਾਰ ਦੇ ਟੂਰਿਜ਼ਮ ਅਤੇ ਯੁਵਕ ਵਿਕਾਸ ਮੰਤਰੀ, ਸ਼੍ਰੀ ਕੇ ਰਾਮ ਮੋਹਨ ਰਾਓ, ਵਿਸ਼ਾਖਾਪਟਨਮ ਪੋਰਟ ਟਰੱਸਟ (ਵੀਪੀਟੀ) ਦੇ ਚੇਅਰਮੈਨ, ਸ਼੍ਰੀ ਦੁਰਗੇਸ਼ ਕੁਮਾਰ ਦੂਬੇ, ਡਿਪਟੀ ਚੇਅਰਮੈਨ, ਵੀਪੀਟੀ ਅਤੇ ਬੰਦਰਗਾਹ ਦੇ ਹੋਰ ਸੀਨੀਅਰ ਅਧਿਕਾਰੀ  ਗੱਲਬਾਤ ਦੌਰਾਨ ਮੌਜੂਦ ਸਨ।


 

 *********


 

ਐੱਮਐੱਸ/ਆਰਕੇ/ਡੀਪੀ



(Release ID: 1730611) Visitor Counter : 158