ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਮਰੀਜ਼ ਠੀਕ ਹੋਣ ਦੇ 3-6 ਮਹੀਨਿਆਂ ਬਾਅਦ ਪੋਸਟ ਕੋਵਿਡ ਲੱਛਣ ਉੱਭਰ ਸਕਦੇ ਹਨ, ਜਿਸ 'ਤੇ ਘਬਰਾਉਣ ਦੀ ਲੋੜ ਨਹੀਂ ਅਤੇ ਕਿਸੇ ਡਾਕਟਰ ਕੋਲੋਂ ਸਿਹਤ ਦੀ ਜਾਂਚ ਕਰਵਾਓ: ਸਾਹ ਰੋਗ ਮਾਹਰ ਡਾ. ਨਿਖਿਲ ਬਾਂਤੇ


ਕੋਵਿਡ ਤੋਂ ਬਾਅਦ ਦੇ ਸਮੇਂ ਵਿੱਚ ਸਰੀਰਕ ਮਜ਼ਬੂਤੀ ਲਈ ਪ੍ਰੋਟੀਨ, ਸਬਜ਼ੀਆਂ, ਫਾਈਟੋ ਪੋਸ਼ਕ ਤੱਤ, ਲੋੜੀਂਦੀ ਮਾਤਰਾ ਵਿੱਚ ਪਾਣੀ ਪੀਓ : ਪੋਸ਼ਣ ਮਾਹਿਰ ਈਸ਼ੀ ਖੋਸਲਾ

"ਜੇ ਸਾਡਾ ਭੋਜਨ ਸਰੀਰ ਲਈ ਚੰਗਾ ਨਹੀਂ, ਤਾਂ ਇਹ ਸਾਡੇ ਸੁਭਾਅ ਨੂੰ ਵੀ ਪਰੇਸ਼ਾਨ ਕਰਦਾ ਹੈ, ਜੋ ਕਿ ਕੋਵਿਡ ਤੋਂ ਬਾਅਦ ਦੇ ਸਮੇਂ ਵਿੱਚ ਮਨੋਵਿਗਿਆਨਕ ਲੱਛਣਾਂ ਦਾ ਇੱਕ ਕਾਰਣ ਬਣਦਾ ਹੈ"

Posted On: 15 JUN 2021 3:57PM by PIB Chandigarh

ਕੀ ਕੋਵਿਡ -19 ਵਿਰੁੱਧ ਲੜਾਈ ਅਸਲ ਵਿੱਚ ਇੱਕ ਵਾਰ ਨੈਗੇਟਿਵ ਰਿਪੋਰਟ ਆਉਣ 'ਤੇ ਖ਼ਤਮ ਹੋ ਜਾਂਦੀ ਹੈ? ਕਿਹੜੀਆਂ ਮੁੱਢਲੀਆਂ ਚੇਤਾਵਨੀਆਂ 'ਤੇ ਧਿਆਨ ਦੇਣਾ ਚਾਹੀਦਾ ਹੈ ? ਕਿਸ ਤਰ੍ਹਾਂ ਦਾ ਭੋਜਨ ਜਾਂ ਪੋਸ਼ਣ ਲੈਣਾ ਚਾਹੀਦਾ ਹੈ ? ਪੀਆਈਬੀ ਦੇ ਵੈਬਿਨਾਰ ਨੇ ਅੱਜ (15 ਜੂਨ, 2021) ਨੂੰ ਇਨ੍ਹਾਂ ਸਾਰੇ ਪ੍ਰਸ਼ਨਾਂ ਦੇ ਜਵਾਬ ਦਿੱਤੇ। ਪੋਸ਼ਣ ਮਾਹਰ ਈਸ਼ੀ ਖੋਸਲਾ ਅਤੇ ਸਾਹ ਰੋਗ ਮਾਹਰ ਡਾ. ਨਿਖਿਲ ਨਰਾਇਣ ਬਾਂਤੇ ਨੇ ਪੋਸਟ-ਕੋਵਿਡ ਲੱਛਣਾਂ, ਇਸ ਨਾਲ ਨਜਿੱਠਣ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਪੌਸ਼ਟਿਕ ਭੋਜਨ ਕਿਸ ਤਰ੍ਹਾਂ ਕੋਵਿਡ ਨਾਲ ਲੜਨ ਅਤੇ ਕੋਵਿਡ ਤੋਂ ਰਿਕਵਰੀ ਵਿੱਚ ਸਾਡੀ ਸਹਾਇਤਾ ਕਰ ਸਕਦਾ ਹੈ।

ਫ਼ੇਫ਼ੜਿਆਂ ਦੀਆਂ ਬਿਮਾਰੀਆਂ ਅਤੇ ਟੀਬੀ ਦੇ ਮਾਹਰ ਡਾ: ਨਿਖਿਲ ਨਾਰਾਇਣ ਬਾਂਤੇ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਕੋਵਿਡ ਤੋਂ ਸਿਹਤਯਾਬ ਹੋਏ ਮਰੀਜ ਮਹਾਮਾਰੀ ਦੀ ਦੂਜੀ ਲਹਿਰ ਵਿੱਚ ਪੋਸਟ-ਕੋਵਿਡ -19 ਸਿੰਡਰੋਮ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ, “ਲਗਭਗ 50% -70% ਮਰੀਜ਼ ਕੋਵਿਡ -19 ਤੋਂ ਠੀਕ ਹੋਣ ਤੋਂ 3-6 ਮਹੀਨਿਆਂ ਤੱਕ ਦੇ ਮਾਮੂਲੀ ਜਾਂ ਇੱਥੋਂ ਤੱਕ ਕਿ ਵੱਡੇ ਲੱਛਣਾਂ ਦਾ ਅਨੁਭਵ ਕਰ ਸਕਦੇ ਹਨ ਅਤੇ ਉਨ੍ਹਾਂ ਮਰੀਜ਼ਾਂ ਵਿੱਚ ਵਧੇਰੇ ਦੇਖਿਆ ਜਾਂਦਾ ਹੈ ਜਿਨ੍ਹਾਂ ਨੂੰ ਸੰਕਰਣ ਦਾ ਦਰਮਿਆਨੀ ਜਾਂ ਗੰਭੀਰ ਰੂਪ ਸੀ।”

ਡਾ: ਨਿਖਿਲ ਨਰਾਇਣ ਬਾਂਤੇ ਵਲੋਂ ਦੱਸੇ ਅਨੁਸਾਰ ਪੋਸਟ-ਕੋਵਿਡ ਵਿਸ਼ੇ 'ਤੇ ਵੈਬਿਨਾਰ ਦੇ ਕੁਝ ਅੰਸ਼:

ਪੋਸਟ ਕੋਵਿਡ -19 ਸਿੰਡਰੋਮ ਕੀ ਹੈ ?

ਕੋਵਿਡ ਦੇ ਜ਼ਿਆਦਾਤਰ ਮਰੀਜ਼ 2-4 ਹਫ਼ਤਿਆਂ ਵਿੱਚ ਠੀਕ ਹੋ ਜਾਂਦੇ ਹਨ। ਹਾਲਾਂਕਿ, ਕੁਝ ਮਰੀਜ਼ਾਂ ਵਿੱਚ, ਕੋਵਿਡ ਦੇ ਲੱਛਣ ਚਾਰ ਹਫ਼ਤਿਆਂ ਤੋਂ ਵੀ ਵੱਧ ਰਹਿੰਦੇ ਹਨ - ਅਜਿਹੀ ਸਥਿਤੀ ਐਕਿਊਟ ਪੋਸਟ ਕੋਵਿਡ ਸਿੰਡਰੋਮ ਵਜੋਂ ਜਾਣੀ ਜਾਂਦੀ ਹੈ। ਜੇ ਲੱਛਣ 12 ਮਹੀਨਿਆਂ ਬਾਅਦ ਵੀ ਰਹਿੰਦੇ ਹਨ, ਤਾਂ ਇਸ ਨੂੰ ਪੋਸਟ ਕੋਵਿਡ ਸਿੰਡਰੋਮ ਵਜੋਂ ਜਾਣਿਆ ਜਾਂਦਾ ਹੈ।

ਕੋਵਿਡ -19 ਦੇ ਬਾਅਦ ਦੇ ਆਮ ਲੱਛਣ:

1.       ਕਮਜ਼ੋਰੀ / ਥਕਾਵਟ

2.       ਸਾਹ ਲੈਣ ਵਿੱਚ ਮੁਸ਼ਕਲ

3.       ਤੇਜ਼ ਜਾਂ ਗ਼ੈਰ-ਤਰਤੀਬਵਾਰ ਦਿਲ ਦੀ ਧੜਕਣ

4.       ਜ਼ਿਆਦਾ ਪਸੀਨਾ

5.       ਜੋੜਾਂ ਅਤੇ ਮਾਸਪੇਸ਼ੀਆਂ ਦਾ ਦਰਦ

6.       ਸੁਆਦ ਅਤੇ ਗੰਧ ਸਮਰੱਥਾ ਨੂੰ ਨੁਕਸਾਨ

7.       ਸੌਣ ਵਿੱਚ ਪਰੇਸ਼ਾਨੀ

 ਕੋਵਿਡ ਤੋਂ ਬਾਅਦ ਮਨੋਵਿਗਿਆਨਕ ਲੱਛਣ:

1.       ਡਿਪ੍ਰੈਸ਼ਨ

2.       ਚਿੰਤਾ

ਕੋਵਿਡ -19 ਦੇ ਬਾਅਦ ਦੇ ਲੱਛਣਾਂ ਦੇ ਪਿੱਛੇ ਕਾਰਨ?

ਕੋਵਿਡ -19 ਦੇ ਬਾਅਦ ਦੇ ਲੱਛਣਾਂ ਦੇ ਦੋ ਵੱਡੇ ਕਾਰਨ ਹਨ:

1) ਵਿਸ਼ਾਣੂ ਸਬੰਧੀ: - ਕੋਰੋਨਾ ਵਾਇਰਸ ਨਾ ਸਿਰਫ ਸਾਡੇ ਫੇਫੜਿਆਂ ਨੂੰ ਪ੍ਰਭਾਵਤ ਕਰਦਾ ਹੈ, ਬਲਕਿ ਜਿਗਰ, ਦਿਮਾਗ ਅਤੇ ਗੁਰਦੇ ਸਮੇਤ ਸਾਰੇ ਅੰਗਾਂ ਨੂੰ ਪ੍ਰਭਾਵਤ ਕਰ ਸਕਦਾ ਹੈ। ਇਸ ਲਈ, ਸਾਡੇ ਸਰੀਰ ਨੂੰ ਲਾਗ ਤੋਂ ਠੀਕ ਹੋਣ ਲਈ ਸਮਾਂ ਲੱਗਦਾ ਹੈ।

2) ਰੋਗ-ਪ੍ਰਤੀਰੋਧਕਤਾ ਸੰਬੰਧੀ: - ਵਾਇਰਸ ਦੇ ਕਾਰਨ ਸਾਡੀ ਰੋਗ-ਪ੍ਰਤੀਰੋਧਕਤਾ ਪ੍ਰਣਾਲੀ ਹਾਈਪਰ ਐਕਟਿਵ ਹੋ ਜਾਂਦੀ ਹੈ। ਸਰੀਰ ਅਤੇ ਵਾਇਰਸ ਦਰਮਿਆਨ ਲੜਾਈ ਵਿੱਚ, ਕਈ ਰਸਾਇਣ ਨਿਕਲਦੇ ਹਨ ਜੋ ਸਾਡੇ ਅੰਗਾਂ ਵਿੱਚ ਇੰਫਲਾਮੇਸ਼ਨ ਦਾ ਕਾਰਨ ਬਣਦੇ ਹਨ। ਕੁਝ ਮਰੀਜ਼ਾਂ ਵਿੱਚ, ਇੰਫਲਾਮੇਸ਼ਨ ਲੰਬੇ ਸਮੇਂ ਲਈ ਜਾਰੀ ਰਹਿੰਦੀ ਹੈ।

ਕੁਝ ਆਮ ਪੋਸਟ-ਕੋਵਿਡ ਸਿੰਡਰੋਮ

ਥ੍ਰੋਮੋਬੋਐਮਬੋਲਿਜ਼ਮ-ਕੋਵਿਡ -19 ਤੋਂ ਬਾਅਦ ਦੀ ਸਭ ਤੋਂ ਜ਼ਿਆਦਾ ਡਰ ਵਾਲੀ ਸਥਿਤੀ ਹੈ। ਇਸ ਵਿੱਚ ਖੂਨ ਦੇ ਥੱਕਿਆਂ ਨਾਲ ਖ਼ੂਨ ਦੀਆਂ ਨਾੜੀਆਂ ਦੀ ਰੁਕਾਵਟ ਪੈਦਾ ਹੁੰਦੀ ਹੈ। ਇਸ ਦੇ ਨਤੀਜੇ ਵਜੋਂ ਦਿਲ ਦਾ ਦੌਰਾ ਪੈ ਸਕਦਾ ਹੈ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕਿੱਥੇ ਰੁਕਾਵਟ ਕਿੱਥੇ ਪੈਦਾ ਹੁੰਦੀ ਹੈ। ਹਾਲਾਂਕਿ, ਕੋਵਿਡ -19 ਤੋਂ ਠੀਕ ਹੋਣ ਵਾਲੇ 5% ਤੋਂ ਵੀ ਘੱਟ ਮਰੀਜ਼ਾਂ ਵਿੱਚ ਥ੍ਰੋਮੋਬੋਐਮਬੋਲਿਜ਼ਮ ਦੇਖਿਆ ਜਾ ਰਿਹਾ ਹੈ।

ਪਲਮਨਰੀ ਐਬੋਲਿਜ਼ਮ- ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਫੇਫੜਿਆਂ ਵਿੱਚ ਖੂਨ ਦੇ ਜੰਮ ਜਾਣ ਦੇ ਲੱਛਣ ਦਿਖਾਈ ਦਿੰਦੇ ਹਨ। ਲੱਛਣਾਂ ਵਿੱਚ ਸਾਹ ਲੈਣ ਵਿੱਚ ਮੁਸ਼ਕਲ ਅਤੇ ਬਲੱਡ ਪ੍ਰੈਸ਼ਰ ਵਿੱਚ ਗਿਰਾਵਟ ਸ਼ਾਮਲ ਹਨ। ਅਜਿਹੇ ਮਰੀਜ਼ਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਉਣ ਅਤੇ ਜਾਂਚ ਕਰਨ ਦੀ ਜ਼ਰੂਰਤ ਹੁੰਦੀ ਹੈ।

ਉੱਚ ਡੀ-ਡਾਈਮਰ ਪੱਧਰ:

ਬਹੁਤ ਗੰਭੀਰ ਤੋਂ ਗੰਭੀਰ ਮਰੀਜ਼ਾਂ ਅਤੇ ਉੱਚ ਡੀ-ਡਾਈਮਰ ਪੱਧਰ ਵਾਲਿਆਂ ਨੂੰ ਹਸਪਤਾਲ ਵਿੱਚ ਭਰਤੀ ਹੋਣ ਦੇ ਨਾਲ-ਨਾਲ ਕੋਵਿਡ -19 ਦੇ ਬਾਅਦ ਦੀ ਮਿਆਦ ਵਿੱਚ 2-4 ਹਫ਼ਤਿਆਂ ਲਈ ਇਲਾਜ ਵਿੱਚ ਐਂਟੀ-ਕੋਗੂਲੈਂਟਾਂ ਦੀ ਜ਼ਰੂਰਤ ਹੋ ਸਕਦੀ ਹੈ। ਪਰ ਐਂਟੀ-ਕੋਗੂਲੈਂਟਸ ਨੂੰ ਡਾਕਟਰ ਦੇ ਹਵਾਲੇ 'ਤੇ ਅਤੇ ਧਿਆਨ ਨਾਲ ਲਿਆ ਜਾਣਾ ਚਾਹੀਦਾ ਹੈ।

ਗੰਭੀਰ ਖੰਘ:

ਕੋਵਿਡ -19 ਤੋਂ ਬਾਅਦ ਦੀ ਇੱਕ ਹੋਰ ਵੱਡੀ ਲਾਗ ਗੰਭੀਰ ਖੰਘ ਜਾਂ ਪੋਸਟ ਇਨਫੈਕਸ਼ਨ ਖੰਘ ਹੈ। ਖੁਸ਼ਕ ਖੰਘ ਸਾਡੇ ਸਾਹ ਮਾਰਗ ਵਿੱਚ ਲਾਗ ਅਤੇ ਨਤੀਜੇ ਵਜੋਂ ਇੰਫਲਾਮੇਸ਼ਨ ਕਾਰਨ ਰਿਕਵਰੀ ਤੋਂ ਬਾਅਦ ਵੀ ਬਰਕਰਾਰ ਰਹਿ ਸਕਦੀ ਹੈ। ਜਦੋਂ ਠੀਕ ਹੋਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਤਾਂ ਫੇਫੜਿਆਂ ਦੀ ਤੰਗੀ ਕਾਰਨ ਖੰਘ ਵੀ ਕਾਇਮ ਰਹਿੰਦੀ ਹੈ। ਖੁਸ਼ਕ ਖੰਘ ਦਾ ਅਨੁਭਵ ਕਰ ਰਹੇ ਮਰੀਜ਼ਾਂ ਲਈ ਡੂੰਘੇ ਸਾਹ ਲੈਣ ਦੀਆਂ ਕਸਰਤਾਂ ਦੀ ਸਿਫਾਰਸ਼ ਕੀਤੀ ਜਾਂਦੀ ਹੈ।

ਖੰਘ ਸਬੰਧੀ ਥਕਾਵਟ:

ਕੋਵਿਡ ਤੋਂ ਬਾਅਦ ਮਰੀਜ਼ ਅਕਸਰ ਖੰਘ ਬਾਰੇ ਸ਼ਿਕਾਇਤ ਕਰਦੇ ਹਨ। ਉਹ ਗੰਭੀਰ ਖੰਘ ਦੇ ਕਾਰਨ ਛਾਤੀ ਦੇ ਹੇਠਲੇ ਪਾਸੇ ਵੱਲ ਪੱਸਲੀਆਂ ਵਿੱਚ ਦਰਦ ਮਹਿਸੂਸ ਕਰ ਸਕਦੇ ਹਨ। ਇਸ ਸਥਿਤੀ ਦਾ ਮੁਲਾਂਕਣ ਕਰਨਾ ਵੀ ਮਹੱਤਵਪੂਰਨ ਹੈ। ਕੋਸਟੋਕੋਨਡਰਾਈਟਸ ਜਾਂ ਪੱਸਲੀਆਂ ਵਿੱਚ ਦਰਦ ਕੋਵਿਡ ਦੇ ਦੌਰਾਨ ਇੰਫਲਾਮੇਸ਼ਨ ਕਾਰਨ ਰਿਕਵਰੀ ਤੋਂ ਬਾਅਦ ਹੋ ਸਕਦਾ ਹੈ।

ਪਲਮਨਰੀ ਫਾਈਬਰੋਸਿਸ:

ਕੋਵਿਡ ਤੋਂ ਬਾਅਦ ਫੇਫੜੇ ਠੀਕ ਹੋਣ ਉਪਰੰਤ ਦਾਗ ਰੋਗ (ਸਕਾਰਿੰਗ) ਕਰਕੇ ਇੱਕ ਹੋਰ ਸਥਿਤੀ ਪੈਦਾ ਹੁੰਦੀ ਹੈ। 90% ਮਰੀਜ਼ਾਂ ਵਿੱਚ ਦਾਗ-ਰੋਗ ਕਲੀਨਿਕਲ ਰੂਪ ਵਿੱਚ ਮਹੱਤਵਪੂਰਨ ਨਹੀਂ ਹੁੰਦਾ। ਹਾਲਾਂਕਿ, 10% ਮਰੀਜ਼ਾਂ ਨੂੰ ਲੰਬੇ ਸਮੇਂ ਲਈ ਪੂਰਕ ਆਕਸੀਜਨ ਦੀ ਜ਼ਰੂਰਤ ਹੋ ਸਕਦੀ ਹੈ।  “ਇਹ ਬਹੁਤ ਜ਼ਿਆਦਾ ਸੰਭਾਵਤ ਤੌਰ 'ਤੇ ਕੋਵਿਡ -19 ਦੇ ਉਨ੍ਹਾਂ ਮਰੀਜ਼ਾਂ ਵਿੱਚ ਹੁੰਦਾ ਹੈ, ਜਿਨ੍ਹਾਂ ਦੇ ਫੇਫੜੇ 70% ਤੋਂ ਵੱਧ ਖਰਾਬ ਹੋ ਗਏ ਹਨ। ਇੱਥੋਂ ਤੱਕ ਕਿ ਅਜਿਹੇ ਮਰੀਜ਼ਾਂ ਵਿੱਚ, ਫੇਫੜਿਆਂ ਦੀ ਫਾਈਬਰੋਸਿਸ ਸਿਰਫ ਉਨ੍ਹਾਂ ਵਿੱਚੋਂ 1% ਵਿੱਚ ਪਾਈ ਜਾਂਦੀ ਹੈ।

ਸਾਹ ਰੋਗ ਮਾਹਰ ਨੇ ਸੁਝਾਅ ਦਿੱਤਾ ਕਿ ਉਹ ਲੋਕ ਦਰਮਿਆਨੇ ਤੌਰ 'ਤੇ ਕੋਵਿਡ -19 ਤੋਂ ਪੀੜਤ ਸੀ ਅਤੇ ਆਕਸੀਜਨ ਥੈਰੇਪੀ 'ਤੇ ਸਨ, ਠੀਕ ਹੋਣ ਦੇ ਇੱਕ ਮਹੀਨੇ ਬਾਅਦ ਫੇਫੜੇ ਦੀ ਕਾਰਜਸ਼ੈਲੀ ਦੀ ਜਾਂਚ ਕਰਵਾ ਸਕਦੇ ਹਨ। ਇਹ ਸਮਝਣ ਲਈ ਕਿ ਕੀ ਫੇਫੜਿਆਂ ਦੀ ਸਮਰੱਥਾ ਪੂਰੀ ਤਰ੍ਹਾਂ ਬਹਾਲ ਹੋ ਗਈ ਹੈ ਅਤੇ ਆਕਸੀਜਨ ਕੱਢਣ ਦੀ ਸਮਰੱਥਾ ਪੂਰੀ ਤਰ੍ਹਾਂ ਪਿਛਲੇ ਪੱਧਰਾਂ 'ਤੇ ਬਹਾਲ ਹੋ ਗਈ ਹੈ, ਉਨ੍ਹਾਂ ਅੱਗੇ ਦੱਸਿਆ ਕਿ ਕੋਵਿਡ -19 ਤੋਂ ਠੀਕ ਹੋ ਰਹੇ ਬਹੁਤ ਸਾਰੇ ਮਰੀਜ਼ਾਂ ਨੂੰ ਛਾਤੀ ਵਿੱਚ ਦਰਦ ਹੁੰਦਾ ਹੈ ਅਤੇ ਡਰ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ। ਪਰ, ਦਿਲ ਦੇ ਦੌਰੇ ਸਿਰਫ 3% ਮਰੀਜ਼ਾਂ ਵਿੱਚ ਦੇਖੇ ਗਏ ਹਨ।

ਪੋਸਟ-ਕੋਵਿਡ ਪੋਸ਼ਣ ਪ੍ਰਬੰਧਨ:

ਕਲੀਨਿਕਲ ਪੋਸ਼ਣ ਮਾਹਰ ਈਸ਼ਾ ਖੋਸਲਾ ਨੇ ਦੱਸਿਆ ਕਿ ਕੋਵਿਡ -19 ਕਾਰਨ ਮਰਨ ਵਾਲੇ 94% ਲੋਕ ਸਹਿ-ਰੋਗ ਕਾਰਨ ਦਮ ਤੋੜ ਗਏ ਸਨ, ਜੋ ਕਿ ਇੰਫਲਾਮੇਸ਼ਨ ਹੁੰਦਾ ਹੈ। ਉਨ੍ਹਾਂ  ਸੁਝਾਅ ਦਿੱਤਾ ਕਿ ਇਸ ਲਈ, ਸਾਡੀ ਖੁਰਾਕ ਇੰਫਲਾਮੇਸ਼ਨ ਵਿਰੋਧੀ ਹੋਣੀ ਚਾਹੀਦੀ ਹੈ ਅਤੇ ਸਾਨੂੰ ਸਹੀ ਖਾਣਾ ਚਾਹੀਦਾ ਹੈ, ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ ਅਤੇ ਸਾਡੀ ਪ੍ਰਤੀਰੋਧਕਤਾ ਪ੍ਰਣਾਲੀ ਨੂੰ ਕਾਇਮ ਰੱਖਣਾ ਚਾਹੀਦਾ ਹੈ।

ਖੁਰਾਕ ਵਿੱਚ ਪ੍ਰੋਟੀਨ ਦੀ ਭਰਪੂਰ ਮਾਤਰਾ:

ਈਸ਼ੀ ਖੋਸਲਾ ਨੇ ਕਿਹਾ ਕਿ ਪ੍ਰੋਟੀਨ ਸਾਡੀ ਖੁਰਾਕ ਵਿੱਚ ਕੇਂਦ੍ਰਿਤ ਢੰਗ ਨਾਲ ਅਤੇ ਘੱਟੋ ਘੱਟ ਦੋ ਖਾਣਿਆਂ ਵਿੱਚ ਮੌਜੂਦ ਹੋਣਾ ਚਾਹੀਦਾ ਹੈ। ਅੱਗੇ,  ਸਾਨੂੰ ਸਬਜ਼ੀਆਂ ਨੂੰ ਪ੍ਰੋਟੀਨ ਨਾਲ ਜੋੜਨਾ ਚਾਹੀਦਾ ਹੈ, ਜਿਸ ਨਾਲ ਭੋਜਨ ਸੰਤੁਲਿਤ ਢੰਗ ਨਾਲ ਹਜ਼ਮ ਹੋ ਜਾਵੇਗਾ।

ਪੋਸ਼ਣ ਪੂਰਕ:

ਕਲੀਨਿਕਲ ਪੋਸ਼ਣ ਮਾਹਰ ਨੇ ਪੌਸ਼ਟਿਕ ਪੂਰਕਾਂ ਦੀ ਵਰਤੋਂ ਬਾਰੇ ਸਾਵਧਾਨ ਕੀਤਾ ਅਤੇ ਇਸ ਨੂੰ ਧਿਆਨ ਨਾਲ ਵਰਤਣ ਦੀ ਸਲਾਹ ਦਿੱਤੀ। ਉਨ੍ਹਾਂ ਸਲਾਹ ਦਿੱਤੀ, “ਜ਼ਿੰਕ, ਵਿਟਾਮਿਨ ਸੀ ਅਤੇ ਵਿਟਾਮਿਨ ਡੀ, ਵਿਟਾਮਿਨ ਬੀ ਕੰਪਲੈਕਸ ਨੇ ਇਨ੍ਹਾਂ ਸਮਿਆਂ ਵਿੱਚ ਬਹੁਤ ਜ਼ਿਆਦਾ ਮਹੱਤਵ ਪ੍ਰਾਪਤ ਕੀਤਾ ਹੈ। ਇਨ੍ਹਾਂ ਨੂੰ ਸਹੀ ਤਰੀਕੇ ਨਾਲ ਲਿਆ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਜ਼ਿਆਦਾ ਨਹੀਂ ਲਿਆ ਜਾਣਾ ਚਾਹੀਦਾ।” ਇਹ ਪੂਰਕ ਤੱਤ ਸਰੀਰ ਦੇ ਪੁਨਰ ਨਿਰਮਾਣ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ।”

ਸੁਰੱਖਿਅਤ ਭੋਜਨ:

ਇਹ ਭੋਜਨ ਸਰੀਰ ਦੀ ਰੱਖਿਆ ਵਿਧੀ ਵਿੱਚ ਸਹਾਇਤਾ ਕਰਦੇ ਹਨ ਅਤੇ ਫਾਈਟੋ ਪੋਸ਼ਕ ਤੱਤ ਅਤੇ ਤੰਤੂ ਰੱਖਦੇ ਹਨ, ਜੋ ਸਰੀਰ ਦੀ ਮੁੜ-ਬਹਾਲੀ ਲਈ ਮਹੱਤਵਪੂਰਣ ਹਨ। ਇਸ ਲਈ, ਸੁਰੱਖਿਆ ਵਾਲੇ ਭੋਜਨ ਨੂੰ ਵੀ ਕਈ ਢੰਗਾਂ ਨਾਲ ਲੈਣਾ ਚਾਹੀਦਾ ਹੈ। ਸਾਡੀਆਂ ਅੰਤੜੀਆਂ ਵਿੱਚ ਜੀਵਿਤ ਜੀਵ ਪਾਏ ਜਾਂਦੇ ਹਨ, ਜੋ ਸਾਡੀ ਸਿਹਤ ਅਤੇ ਸਿਹਤਯਾਬੀ ਨੂੰ ਨਿਰਧਾਰਤ ਕਰਦੇ ਹਨ। ਜੇ ਉਨ੍ਹਾਂ ਰੋਗਾਣੂਆਂ ਨੂੰ ਕੋਈ ਨੁਕਸਾਨ ਹੋਇਆ ਹੈ, ਤਾਂ ਉਨ੍ਹਾਂ ਦਾ ਭੋਜਨ ਜੋ ਰੇਸ਼ੇਦਾਰ ਹੁੰਦਾ ਹੈ, ਸਰੀਰ ਨੂੰ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਰੋਗਾਣੂ ਵਧ ਸਕਣ।

ਫਾਈਟੋ ਪੋਸ਼ਕ ਤੱਤ, ਜੋ ਕਿ ਵੱਖ-ਵੱਖ ਰੰਗਾਂ ਵਿੱਚ ਆਉਂਦੇ ਹਨ ਅਤੇ ਸਤਰੰਗੀ ਖੁਰਾਕ ਦੇ ਤੌਰ 'ਤੇ ਵੀ ਜਾਣੇ ਜਾਂਦੇ ਹਨ, ਵਿੱਚ ਇਸ ਬਾਰੇ ਜਾਣਕਾਰੀ ਹੁੰਦੀ ਹੈ ਕਿ ਕਿਹੜਾ ਜੀਨ ਕੰਮ ਕਰਨਾ ਹੈ, ਕਿਹੜੇ ਸੈੱਲਾਂ ਨੂੰ ਸਰਗਰਮ ਕਰਨਾ ਹੈ ਅਤੇ ਕਿਹੜੇ ਨੂੰ ਦਬਾਉਣਾ ਹੈ। ਇਹ ਵਿਟਾਮਿਨ ਅਤੇ ਖਣਿਜਾਂ ਨਾਲੋਂ ਵਧੇਰੇ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਈਸ਼ੀ ਖੋਸਲਾ ਨੇ ਸਲਾਹ ਦਿੱਤੀ, "ਇਸ ਲਈ, ਰੰਗੀਨ ਭੋਜਨ ਦਾ ਸੇਵਨ ਕਰੋ ਅਤੇ ਇਨ੍ਹਾਂ ਸੁਰੱਖਿਆ ਭੋਜਨਾਂ ਲਈ ਇੱਕ ਭੋਜਨ ਸਮਰਪਿਤ ਕਰੋ।"

ਸੁਰੱਖਿਅਤ ਭੋਜਨ ਵਿੱਚ ਐਂਟੀ-ਆਕਸੀਡੈਂਟਸ, ਐਂਟੀ-ਇਨਫਲੇਮੇਟਰੀ ਭੋਜਨ, ਕੋਲਡ ਪ੍ਰੈੱਸਡ ਤੇਲ, ਹਲਦੀ, ਅਦਰਕ, ਚਾਹ ਆਦਿ ਸ਼ਾਮਲ ਹਨ।

ਹਾਈਡਰੇਸ਼ਨ: ਪੋਸ਼ਣ ਮਾਹਰ ਨੇ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣ ਦੀ ਮਹੱਤਤਾ ਬਾਰੇ ਵੀ ਵਿਸ਼ੇਸ਼ ਤੌਰ 'ਤੇ ਦੱਸਿਆ। ਬਿਮਾਰੀ ਦੇ ਦੌਰਾਨ ਅਤੇ ਬਿਮਾਰੀ ਤੋਂ ਬਾਅਦ ਵੀ ਹਾਈਡਰੇਸ਼ਨ ਦੇ ਪੱਧਰ ਨੂੰ ਚੰਗੀ ਤਰ੍ਹਾਂ ਰੱਖਣਾ ਚਾਹੀਦਾ ਹੈ।

ਮਾਨਸਿਕ ਸਿਹਤ ਦਾ ਸੰਬੰਧ ਸਾਡੀਆਂ ਅੰਤੜੀਆਂ ਨਾਲ ਵੀ ਹੈ, ਜਿਸਦਾ ਸਾਡੇ ਸਰੀਰ 'ਤੇ ਇੰਨਾ ਡੂੰਘਾ ਅਸਰ ਪੈਂਦਾ ਹੈ ਕਿ ਵਿਗਿਆਨੀ ਹੁਣ ਇਸ ਨੂੰ "ਦੂਜਾ ਦਿਮਾਗ" ਕਹਿ ਰਹੇ ਹਨ।  ਇਸ ਲਈ, ਜੇ ਸਾਡਾ ਭੋਜਨ ਸਰੀਰ ਲਈ ਚੰਗਾ ਨਹੀਂ ਹੈ, ਤਾਂ ਇਹ ਪ੍ਰਤੀਰੋਧਕਤਾ ਤੋਂ ਇਲਾਵਾ ਸਾਡੇ ਸੁਭਾਅ ਨੂੰ ਵੀ ਪਰੇਸ਼ਾਨ ਕਰਦਾ ਹੈ।

ਉਨ੍ਹਾਂ ਕਿਹਾ, "ਸੰਖੇਪ ਵਿੱਚ, ਇੱਕ ਸਿਹਤਮੰਦ ਖੁਰਾਕ ਬਣਾਈ ਰੱਖੋ, ਮੌਸਮੀ ਭੋਜਨ ਅਤੇ ਜੈਵਿਕ ਭੋਜਨ ਖਾਓ। "

****

ਡੀਜੇਐਮ / ਐਸਸੀ / ਡੀਐਲ / ਪੀਐੱਮ



(Release ID: 1727389) Visitor Counter : 1802