ਬਿਜਲੀ ਮੰਤਰਾਲਾ

CESL ਅਤੇ ਲੱਦਾਖ ਨੇ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਕਾਰਬਨ–ਮੁਕਤ ਬਣਾਉਣ ਲਈ ਕੀਤੇ ਸਹਿਮਤੀ–ਪੱਤਰ ਉੱਤੇ ਹਸਤਾਖਰ


CESL ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ’ਚ ਸੋਲਰ ਮਿੰਨੀ, ਮਾਈਕ੍ਰੋ–ਗ੍ਰਿੱਡ ਸਮਾਧਾਨ, ਘੱਟ ਊਰਜਾ ਲੈਣ ਵਾਲੇ ਰਸੋਈ ਦੇ ਸਟੋਵਜ਼ ਤੇ ਬਿਜਲੀ ਦੇ ਮੋਬਿਲਿਟੀ ਸਮਾਧਾਨ ਲਾਗੂ ਕਰੇਗਾ

Posted On: 08 JUN 2021 4:12PM by PIB Chandigarh

ਬਿਜਲੀ ਮੰਤਰਾਲੇ ਦੇ ‘ਐਨਰਜੀ ਐਫ਼ੀਸ਼ੈਂਸੀ ਸਰਵਿਸੇਜ਼ ਲਿਮਿਟੇਡ’ (EESL) ਦੀ ਮੁਕੰਮਲ ਮਾਲਕੀ ਵਾਲੀ ਸਹਾਇਕ ਇਕਾਈ ‘ਕਨਵਰਜੈਂਸ ਐਨਰਜੀ ਸਰਵਿਸੇਜ਼ ਲਿਮਿਟੇਡ’ (CESL) ਨੇ ਕੇਂਦਰ ਸ਼ਾਸਿਤ ਪ੍ਰਦੇਸ਼ (UT) ਲੱਦਾਖ ਪ੍ਰਸ਼ਾਸਨ ਨਾਲ ਉਸ ਨੂੰ ਸਾਫ਼–ਸੁਥਰਾ ਅਤੇ ਪ੍ਰਦੂਸ਼ਣ–ਮੁਕਤ UT ਬਣਾਉਣ ਲਈ ਇੱਕ ‘ਸਹਿਮਤੀ–ਪੱਤਰ’ (MoU) ਉੱਤੇ ਹਸਤਾਖਰ ਕੀਤੇ ਹਨ। ਇਸ ਸਹਿਮਤੀ–ਪੱਤਰ ਅਧੀਨ ਸਵੱਛ ਊਰਜਾ ਤੇ ਊਰਜਾ ਕਾਰਜਕੁਸ਼ਲਤਾ ਨਾਲ ਸਬੰਧਤ ਵਿਭਿੰਨ ਪ੍ਰੋਗਰਾਮ ਲਾਗੂ ਕੀਤੇ ਜਾਣਗੇ।

ਜ਼ੰਸਕਾਰ ਵਾਦੀ ਤੋਂ ਇੱਕ ਪਾਇਲਟ ਪ੍ਰੋਗਰਾਮ ਰਾਹੀਂ ਸ਼ੁਰੂਆਤ ਕਰ ਕੇ CESL ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸੋਲਰ ਮਿੰਨੀ ਤੇ ਮਾਈਕ੍ਰੋ ਗ੍ਰਿੱਡ ਸਮਾਧਾਨ, ਕਾਰਜਕੁਸ਼ਲ (ਘੱਟ ਊਰਜਾ ਲੈਣ ਵਾਲੀ) ਰੌਸ਼ਨੀ, ਊਰਜਾ ਭੰਡਾਰਣ–ਆਧਾਰਤ ਸਮਾਧਾਨ, ਕਾਰਜਕੁਸ਼ਲ ਰਸੋਈ ਸਟੋਵਜ਼ ਤੇ ਬਿਜਲਈ ਗਤੀਸ਼ੀਲਤਾ ਸਮਾਧਾਨ ਲਾਗੂ ਕਰੇਗਾ।

ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੈਫ਼ਟੀਨੈਂਟ ਗਵਰਨਰ (ਉੱਪ–ਰਾਜਪਾਲ) ਸ੍ਰੀ ਆਰ.ਕੇ. ਮਾਥੁਰ ਨੇ ਕਿਹਾ ਕਿ ਲੱਦਾਖ ਲਈ ਊਰਜਾ ਤੱਕ ਪਹੁੰਚ ਸਭ ਤੋਂ ਪਹਿਲਾਂ ਹੈ। ਵਿਕੇਂਦ੍ਰੀਕ੍ਰਿਤ ਊਰਜਾ ਕਾਰਜਕੁਸ਼ਲ ਸਮਾਧਾਨ ਜਿਹੇ ਟਿਕਾਊ ਹੱਲ ਲੱਦਾਖ ਵਰਗੇ ਬਿਖੜੇ ਇਲਾਕਿਆਂ ਵਿੱਚ ਲਾਗੂ ਕੀਤੇ ਜਾਣ ਦੀ ਲੋੜ ਹੈ।

ਸੁਸ਼੍ਰੀ ਮਹੂਆ ਆਚਾਰਿਆ, ਐੱਮਡੀ ਅਤੇ ਸੀਈਓ, ਕਨਰਵਜੈਂਸ ਐਨਰਜੀ ਸਰਵਿਸੇਜ਼ ਲਿਮਿਟੇਡ ਨੇ ਕਿਹਾ ਕਿ ਲੱਦਾਖ ਸਾਡੇ ਦੇਸ਼ ਲਈ ਕੁਦਰਤ ਦਾ ਇੱਕ ਤੋਹਫ਼ਾ ਹੈ ਅਤੇ ਇਸ ਦੇ ਪਰਿਆਵਰਣ ਨੂੰ ਸੰਭਾਲ ਕੇ ਰੱਖਣ ਦਾ ਵੱਡਾ ਮਹੱਤਵ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਬਹੁਤ ਜ਼ਿਆਦਾ ਕਾਰਬਨ ਵਾਲੇ ਈਂਧਨ ਦੀ ਵਰਤੋਂ ਨਾਲ ਇਸ ਇਲਾਕੇ ਨੂੰ ਵੱਡਾ ਖੋਰਾ ਲੱਗ ਰਿਹਾ ਹੈ। ਇਸ ਸਹਿਮਤੀ–ਪੱਤਰ ਨਾਲ CESL ਅਤੇ ਲੱਦਾਖ ਪ੍ਰਸ਼ਾਸਨ ਅਖੁੱਟ ਊਰਜਾ, ਊਰਜਾ ਕਾਰਜਕੁਸ਼ਲਤਾ ਤੇ ਬਿਜਲੀ ਗਤੀਸ਼ੀਲਤਾ ਨਾਲ ਸਬੰਧਤ ਅਜਿਹੇ ਪ੍ਰੋਜੈਕਟ ਲਾਗੂ ਕਰਨ ਦੇ ਚਾਹਵਾਨ ਹਨ, ਜੋ ਲੱਦਾਖ ਦੇ ਵਾਤਾਵਰਣ ਨੂੰ ਲੰਮੇ ਸਮੇਂ ਤੱਕ ਬਚਾਉਂਦੇ ਰਹਿਣਗੇ। ਲੱਦਾਖ ਦੇ ਬਹੁਤ ਜ਼ਿਆਦਾ ਠੰਢੇ ਤਾਪਮਾਨਾਂ ਲਈ CESL ਘਰੇਲੂ ਉਪਕਰਣ, ਬਿਜਲਈ ਨਾਲ ਘਰ ਗਰਮ ਕਰਨ, ਖਾਣਾ ਬਣਾਉਣ, ਪੰਪ ਸੈੱਟਸ ਜਿਹੇ ਸਵੱਛ ਸਮਾਧਾਨ ਲੈ ਕੇ ਆਵੇਗਾ।  ਲੱਦਾਖ ਨੂੰ ਕਾਰਬਨ ਤੋਂ ਮੁਕਤ ਬਣਾਉਣ ਦੇ ਟੀਚੇ ਦੀ ਪੂਰਤੀ ਲਈ CESL ਇੱਥੇ ਪਥਰਾਟ ਵਾਲੇ ਈਂਧਨਾਂ ਦੀ ਵਰਤੋਂ ਖ਼ਤਮ ਕਰਨ ਦੇ ਯੋਗ ਹੋਵੇਗਾ। ਇਹ ਈਂਧਨ ਅਤੇ ਇਸ ਇਲਾਕੇ ਦੀ ਆਵਾਜਾਈ ਉੱਤੇ ਹੋਣ ਵਾਲੇ ਵੱਡੇ ਖ਼ਰਚੇ ਕਾਰਣ ਖ਼ਜ਼ਾਨੇ ਉੱਤੇ ਪੈਣ ਵਾਲੇ ਵੱਡੇ ਬੋਝ ਤੋਂ ਵੀ ਬੱਚਤ ਕਰੇਗਾ।

ਸ੍ਰੀ ਜੈਮਯਾਂਗ ਸੇਰਿੰਗ ਨਮਗਿਆਲ, ਸੰਸਦ ਮੈਂਬਰ, ਲੱਦਾਖ ਨੇ ਕਿਹਾ ਕਿ ਹੋਰਨਾਂ ਤੋਂ ਇਲਾਵਾ ਰੌਸ਼ਨੀ, ਆਵਾਜਾਈ ਤੇ ਖਾਣਾ ਪਕਾਉਣ ਵਿੱਚ ਸਵੱਛ ਊਰਜਾ ਸਮਾਧਾਨਾਂ ਨਾਲ ਦੋ ਉਦੇਸ਼ਾਂ ਦੀ ਪੂਰਤੀ ਹੋਵੇਗੀ ਕਿਉਂਕਿ ਇਨ੍ਹਾਂ ਨਾਲ ਜਿੱਥੇ ਸਾਡੀ ਕਾਰਬਨ ਦੀ ਨਿਕਾਸੀ ਘਟੇਗੀ, ਉੱਥੇ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸਵੱਛ ਊਰਜਾ ਦੇ ਵਿਕਲਪ ਵੀ ਆਉਣਗੇ। ਇਸ ਤੋਂ ਇਲਾਵਾ, ਅਖੁੱਟ ਊਰਜਾ ਦੇ ਸਾਧਨਾਂ ਨਾਲ ਬੱਚਤ ਵਿੱਚ ਵਾਧਾ ਹੋਵੇਗਾ ਅਤੇ ਖ਼ਤਰਨਾਕ ਗੈਸਾਂ ਦੀ ਨਿਕਾਸੀ ਵੱਡੇ ਪੱਧਰ ਉੱਤੇ ਘਟੇਗੀ। CESL ਨਾਲ ਤਾਲਮੇਲ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਵਿਕਾਸ ਲਈ ਇੱਕ ਸੁਆਗਤਯੋਗ ਕਦਮ ਹੈ ਤੇ ਇੱਥੋਂ ਦੇ ਵਿਕਾਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ।

CESL ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਲਈ EV ਈਕੋਸਿਸਟਮ ਤਿਆਰ ਕਰੇਗਾ, EV ਚਾਰਜਿੰਗ ਬੁਨਿਆਦੀ ਢਾਂਚੇ ਉੱਤੇ ਧਿਆਨ ਕੇਂਦ੍ਰਿਤ ਕਰੇਗਾ, ਜਿਸ ਨਾਲ ਬਿਜਲੀ ਅਤੇ ਉੱਚੇ ਪਹਾੜਾਂ ਉੱਤੇ ਟੈਸਟ ਕੀਤੇ ਜਾ ਰਹੇ ਬਿਜਲਈ ਵਾਹਨਾਂ (EVs) ਦੇ ਅਖੁੱਟ ਸਰੋਤਾਂ ਦਾ ਉਪਯੋਗ ਹੋਵੇਗਾ। CESL ਦੇ ਸਾਰੇ ਪ੍ਰੋਜੈਕਟਾਂ ਵਾਂਗ ਇਹ ਪ੍ਰੋਗਰਾਮ ਵੀ ਕਾਰਬਨ ਕ੍ਰੈਡਿਟਸ ਦੀ ਵਰਤੋਂ ਕਰਦਿਆਂ ਨਵੀਨ ਕਿਸਮ ਦੇ ਬਿਜ਼ਨੇਸ ਮਾੱਡਲਜ਼ ਉੱਤੇ ਆਧਾਰਤ ਹੋਵੇਗਾ।

ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦਾ ਪ੍ਰਸ਼ਾਸਨ; ਪਾਇਲਟ ਸਮੇਤ ਬਾਕੀ ਦੇ ਪ੍ਰੋਜੈਕਟਾਂ ਵਿੱਚ ਨਿਵੇਸ਼ ਨਾਲ CESL ਦੀ ਮਦਦ ਕਰੇਗਾ ਅਤੇ ਕਨਵਰਜੈਂਸ ਦੇ ਵਿਭਿੰਨ ਸਵੱਛ ਊਰਜਾ ਤੇ ਟਿਕਾਊਯੋਗਤਾ ਪ੍ਰੋਗਰਾਮਾਂ ਦੇ ਵਪਾਰਕ ਵਿਕਾਸ ਵਿੱਚ ਵੀ ਮਦਦ ਕਰੇਗਾ। ਜ਼ੰਸਕਾਰ ਵਿੱਚ ਪ੍ਰੋਗਰਾਮ ਦੀ ਵਿਵਹਾਰਕਤਾ ਤੇ ਨਤੀਜਿਆਂ ਦੇ ਆਧਾਰ ਉੱਤੇ ਬਾਕੀ ਦੇ ਖੇਤਰ CESL ਨੂੰ ਦਿੱਤੇ ਜਾਣਗੇ। ਲੱਦਾਖ ਦੀ ਖ਼ੁਦਮੁਖਤਿਆਰ ਪਹਾੜੀ ਵਿਕਾਸ ਕੌਂਸਲ (ਲੱਦਾਖ ਆਟੋਨੋਮਸ ਹਿਲ ਡਿਵੈਲਪਮੈਂਟ ਕੌਂਸਲ), ਕਾਰਗਿਲ/ਲੇਹ ਸਵੱਛ ਊਰਜਾ ਪ੍ਰੋਜੈਕਟ ਲਾਗੂ ਕਰਨ ਲਈ ਆਪਣੇ ਪ੍ਰੀਸ਼ਦ ਦੇ ਸਬੰਧਤ ਖੇਤਰਾਂ ਵਿੱਚ ਲੋੜੀਂਦੀ ਜ਼ਮੀਨ ਮੁਹੱਈਆ ਕਰਵਾਏਗੀ।

CESL ਬਾਰੇ:

EESL ਦੀ 100% ਆਪਣੀ ਮਾਲਕੀ ਵਾਲੀ ਸਹਾਇਕ ਇਕਾਈ – ‘ਕਨਵਰਜੈਂਸ ਐਨਰਜੀ ਸਰਵਿਸੇਜ਼ ਲਿਮਿਟੇਡ’ (ਕਨਵਰਜੈਂਸ), ਜੋ ਇੱਕ ਨਵੀਂ ਊਰਜਾ ਕੰਪਨੀ ਹੈ ਦਾ ਧਿਆਨ ਸਵੱਛ, ਕਿਫ਼ਾਇਤੀ ਤੇ ਭਰੋਸੇਯੋਗ ਊਰਜਾ ਮੁਹੱਈਆ ਕਰਵਾਉਣ ’ਤੇ ਕੇਂਦ੍ਰਿਤ ਹੈ। ‘ਕਨਰਵਜੈਂਸ’ ਅਜਿਹੇ ਊਰਜਾ ਸਮਾਧਾਨਾਂ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਦੀ ਹੈ ਜੋ ਅਖੁੱਟ ਊਰਜਾ, ਬਿਜਲਈ ਗਤੀਸ਼ੀਲਤਾ ਤੇ ਜਲਵਾਯੂ ਤਬਦੀਲੀ ਦੇ ਸੁਮੇਲ ਨਾਲ ਸਬੰਧਤ ਹੈ।

***

ਐੱਸਐੱਸ/ਆਈਜੀ


(Release ID: 1725485) Visitor Counter : 189


Read this release in: English , Urdu , Hindi , Tamil