ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਹਿਮਾਚਲ ਦੇ ਕਿਸਾਨ ਦੁਆਰਾ ਵਿਕਸਤ ਕੀਤੀ ਗਈ ਘੱਟ ਠੰਢਕ (ਲੋ-ਚਿਲਿੰਗ) ਵਾਲੀ ਸੇਬ ਦੀ ਕਿਸਮ ਦਾ ਦੂਰ-ਦੂਰ ਤੱਕ ਪ੍ਰਸਾਰ

Posted On: 29 MAY 2021 1:03PM by PIB Chandigarh

ਹਿਮਾਚਲ ਪ੍ਰਦੇਸ਼ ਦੇ ਇੱਕ ਕਿਸਾਨ ਨੇ ਇੱਕ ਨਵੀਨਤਾਕਾਰੀ ਸਵੈ-ਪਰਾਗਿਤ ਕਰਨ ਵਾਲੀ (self-pollinating) ਸੇਬ ਦੀ ਕਿਸਮ ਵਿਕਸਤ ਕੀਤੀ ਹੈ ਜਿਸ ਨੂੰ ਫੁੱਲ ਆਉਣ ਅਤੇ ਫਲ ਲਗਣ ਲਈ ਲੰਬੇ ਸਮੇਂ ਤਕ ਠੰਢਕ ਦੀ ਜ਼ਰੂਰਤ ਨਹੀਂ ਹੁੰਦੀ। ਸੇਬ ਦੀ ਇਸ ਕਿਸਮ ਦਾ ਪ੍ਰਸਾਰ ਭਾਰਤ ਦੇ ਵੱਖ-ਵੱਖ ਮੈਦਾਨੀ ਇਲਾਕਿਆਂ, ਖੰਡੀ ਅਤੇ ਸਬ-ਖੰਡੀ ਖੇਤਰਾਂ ਵਿੱਚ ਫੈਲ ਗਿਆ ਹੈ, ਜਿੱਥੇ ਗਰਮੀਆਂ ਵਿੱਚ ਤਾਪਮਾਨ 40-45 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ।

ਇਸ ਸੇਬ ਦੀਆਂ ਕਿਸਮਾਂ ਦੀ ਵਪਾਰਕ ਕਾਸ਼ਤ ਮਨੀਪੁਰ, ਜੰਮੂ, ਹਿਮਾਚਲ ਪ੍ਰਦੇਸ਼ ਦੇ ਨੀਵੇਂ ਇਲਾਕਿਆਂ, ਕਰਨਾਟਕ,   

ਛੱਤੀਸਗੜ ਅਤੇ ਤੇਲੰਗਾਨਾ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹੁਣ ਤੱਕ 23 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇਸ ਵਿੱਚ ਫਲ ਲਗਣ ਲਈ ਇਸ ਦਾ ਵਿਸਤਾਰ ਹੋ ਚੁੱਕਾ ਹੈ।

 

 ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਪਨਿਆਲਾ ਪਿੰਡ ਦੇ ਇੱਕ ਅਗਾਂਹਵਧੂ ਕਿਸਾਨ ਸ਼੍ਰੀ ਹਰੀਮਨ ਸ਼ਰਮਾ, ਜਿਨ੍ਹਾਂ ਨੇ ਸੇਬ ਦੀ ਇਸ ਨਵੀਂ ਕਿਸਮ - ਐੱਚਆਰਐੱਮਐੱਨ 99 ਨੂੰ ਵਿਕਸਤ ਕੀਤਾ ਹੈ, ਨਾ ਸਿਰਫ ਇਲਾਕੇ ਦੇ ਹਜ਼ਾਰਾਂ ਕਿਸਾਨਾਂ ਲਈ, ਬਲਕਿ ਬਿਲਾਸਪੁਰ ਅਤੇ ਰਾਜ ਦੇ ਹੋਰ ਨੀਵੇਂ ਪਹਾੜੀ ਜ਼ਿਲ੍ਹੇ - ਅਜਿਹੇ ਖੇਤਰ ਜਿੱਥੋਂ ਦੇ ਲੋਕ ਪਹਿਲਾਂ ਕਦੇ ਸੇਬ ਉਗਾਉਣ ਦਾ ਸੁਪਨਾ ਵੀ ਨਹੀਂ ਦੇਖ ਸਕਦੇ ਸਨ, ਦੇ ਬਾਗਵਾਨਾਂ ਲਈ ਪ੍ਰੇਰਣਾ ਸਰੋਤ ਬਣ ਗਏ ਹਨ। ਬਚਪਨ ਵਿੱਚ ਹੀ ਅਨਾਥ ਹੋ ਗਏ ਹਰੀਮਨ ਨੂੰ ਉਸ ਦੇ ਚਾਚੇ ਨੇ ਗੋਦ ਲਿਆ ਅਤੇ ਉਸ ਦਾ ਪਾਲਣ-ਪੋਸ਼ਣ ਕੀਤਾ। ਉਸ ਨੇ ਦਸਵੀਂ ਜਮਾਤ ਤੱਕ ਪੜ੍ਹਾਈ ਕੀਤੀ ਅਤੇ ਇਸ ਤੋਂ ਬਾਅਦ ਆਪਣੇ ਆਪ ਨੂੰ ਖੇਤੀਬਾੜੀ ਪ੍ਰਤੀ ਸਮਰਪਿਤ ਕਰ ਦਿੱਤਾ ਜੋ ਉਸ ਦੀ ਆਮਦਨੀ ਦਾ ਮੁੱਖ ਸਰੋਤ ਹੈ। ਬਾਗਬਾਨੀ ਵਿੱਚ ਉਸ ਦੀ ਦਿਲਚਸਪੀ ਨੇ ਉਸ ਨੂੰ ਸੇਬ, ਅੰਬ, ਅਨਾਰ, ਕੀਵੀ, ਬੇਰ (Plum), ਖੁਰਮਾਨੀ, ਆੜੂ ਅਤੇ ਇਥੋਂ ਤਕ ਕਿ ਕਾਫੀ ਦੇ ਵੱਖੋ-ਵੱਖਰੇ ਫਲ ਉਗਾਉਣ ਲਈ ਉਤਸ਼ਾਹਤ ਕੀਤਾ। ਉਸ ਦੇ ਖੇਤੀਬਾੜੀ ਦੇ ਅਭਿਆਸ ਦਾ ਸਭ ਤੋਂ ਦਿਲਚਸਪ ਹਿੱਸਾ ਇਹ ਹੈ ਕਿ ਉਹ ਇੱਕੋ ਖੇਤ ਵਿੱਚ ਅੰਬ ਦੇ ਨਾਲ-ਨਾਲ ਸੇਬ ਵੀ ਉਗਾ ਸਕਦਾ ਹੈ। ਉਨ੍ਹਾਂ ਦਾ ਪੱਕਾ ਵਿਸ਼ਵਾਸ ਹੈ ਕਿ ਕਿਸਾਨ ਹਿਮਾਚਲ ਪ੍ਰਦੇਸ਼ ਦੇ ਹੇਠਲੇ ਇਲਾਕਿਆਂ ਅਤੇ ਹੋਰ ਕਿਸੇ ਵੀ ਜਗ੍ਹਾ ਵਿੱਚ ਸੇਬ ਦੇ ਬਾਗ ਲਗਾਉਣਾ ਸ਼ੁਰੂ ਕਰ ਸਕਦੇ ਹਨ।

 

1998 ਵਿੱਚ, ਹਰੀਮਨ ਸ਼ਰਮਾ ਨੇ ਘੁਮਾਰਵੀਂ ਪਿੰਡ, ਬਿਲਾਸਪੁਰ ਤੋਂ ਖਪਤ ਲਈ ਕੁਝ ਸੇਬ ਖਰੀਦੇ ਸਨ ਅਤੇ ਆਪਣੇ ਘਰ ਦੇ ਵਿਹੜੇ ਵਿੱਚ ਬੀਜ ਸੁੱਟ ਦਿੱਤੇ ਸਨ। 1999 ਵਿੱਚ, ਉਸਨੇ ਪਿਛਲੇ ਵਿਹੜੇ ਵਿੱਚ ਸੇਬ ਦਾ ਇੱਕ ਅੰਕੁਰ ਉਗਿਆ ਦੇਖਿਆ, ਜੋ ਪਿਛਲੇ ਸਾਲ ਉਸ ਦੁਆਰਾ ਸੁਟੇ ਗਏ ਬੀਜਾਂ ਵਿੱਚੋਂ ਪੁੰਗਰਿਆ ਸੀ। ਬਾਗਬਾਨੀ ਵਿੱਚ ਡੂੰਘੀ ਰੁਚੀ ਰੱਖਣ ਵਾਲਾ ਇੱਕ ਨਵੀਨਤਾਕਾਰੀ ਕਿਸਾਨ ਹੋਣ ਦੇ ਨਾਤੇ, ਉਹ ਸਮਝ ਗਿਆ ਕਿ ਸਮੁੰਦਰ ਦੇ ਪੱਧਰ ਤੋਂ 1,800 ਫੁੱਟ ਦੀ ਉਚਾਈ 'ਤੇ ਸਥਿਤ ਪਨਿਆਲਾ ਵਰਗੀ ਨਿੱਘੀ ਜਗ੍ਹਾ ‘ਤੇ ਉਗ ਰਿਹਾ ਇੱਕ ਸੇਬ ਦਾ ਪੌਦਾ ਅਸਧਾਰਨ ਸੀ। ਇੱਕ ਸਾਲ ਬਾਅਦ, ਪੌਦਾ ਖਿੜਣਾ ਸ਼ੁਰੂ ਹੋ ਗਿਆ, ਅਤੇ ਉਸਨੇ 2001 ਵਿੱਚ ਫਲ ਲੱਗਿਆ ਦੇਖਿਆ। ਉਸਨੇ ਪੌਦੇ ਨੂੰ "ਮਦਰ ਪਲਾਂਟ" ਵਜੋਂ ਸੰਭਾਲਿਆ ਅਤੇ ਕਲਮ (ਜਵਾਨ ਕਲੀ) ਨੂੰ ਗ੍ਰਾਫਟ ਕਰ ਕੇ ਪ੍ਰਯੋਗ ਕਰਨਾ ਸ਼ੁਰੂ ਕੀਤਾ ਅਤੇ 2005 ਤੱਕ ਸੇਬ ਦੇ ਦਰੱਖਤਾਂ ਦਾ ਇੱਕ ਛੋਟਾ ਬਗੀਚਾ ਬਣਾਇਆ ਜਿਸ ਵਿੱਚ ਫਲ ਲਗਣਾ ਅੱਜ ਤੱਕ ਜਾਰੀ ਹੈ।

2007 ਤੋਂ 2012 ਤੱਕ, ਹਰੀਮਨ ਦੂਜਿਆਂ ਨੂੰ ਇਹ ਯਕੀਨ ਦਿਵਾਉਣ ਲਈ ਕਈ ਥਾਂ ਘੁੰਮਿਆ ਕਿ ਘੱਟ ਠੰਢਕ (ਲੋ-ਚਿਲਿੰਗ) ਵਾਲੇ ਹਾਲਤਾਂ ਵਿੱਚ ਸੇਬ ਉਗਾਉਣਾ ਹੁਣ ਅਸੰਭਵ ਨਹੀਂ ਹੈ। ਹਾਲਾਂਕਿ, ਉਸ ਵੇਲੇ, ਸੇਬ ਦੀ ਇਸ ਕਿਸਮ ਬਾਰੇ ਖੋਜ ਅਤੇ ਪ੍ਰਸਾਰ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਗਈ। ਆਖਰਕਾਰ, ਇਸ ਨਵੀਨਤਾਕਾਰੀ ਕਿਸਮ ‘ਤੇ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ (ਐੱਨਆਈਐੱਫ) - ਭਾਰਤ, ਜੋ ਕਿ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਇੱਕ ਖੁਦਮੁਖਤਿਆਰੀ ਸੰਸਥਾ ਹੈ, ਦੁਆਰਾ ਅਧਿਐਨ ਕੀਤਾ ਗਿਆ। ਐੱਨਆਈਐੱਫ ਨੇ ਨਵੀਨਤਾਕਾਰੀ ਦੇ ਦਾਅਵਿਆਂ ਦੀ ਤਸਦੀਕ ਕੀਤੀ ਅਤੇ ਅਣੂ ਅਤੇ ਵਿਭਿੰਨਤਾ ਵਿਸ਼ਲੇਸ਼ਣ ਅਧਿਐਨ ਦੀ ਸੁਵਿਧਾ ਅਤੇ ਫਲਾਂ ਦੀ ਗੁਣਵੱਤਾ ਦੀ ਜਾਂਚ ਦੁਆਰਾ ਇਸ ਕਿਸਮ ਦੇ ਸੇਬਾਂ ਦੀ ਵਿਲੱਖਣਤਾ ਅਤੇ ਸੰਭਾਵਨਾ ਦਾ ਮੁਲਾਂਕਣ ਕੀਤਾ।

 

ਐੱਨਆਈਐੱਫ ਨੇ ਇਸ ਕਿਸਮ ਦੇ ਸੇਬਾਂ ਦੀ ਪ੍ਰੋਟੈਕਸ਼ਨ ਆਵ੍ ਪਲਾਂਟ ਵਰਾਇਟੀ ਐਂਡ ਫਾਰਮਰਜ਼ ਰਾਈਟਸ ਐਕਟ, 2001 ਦੇ ਤਹਿਤ ਰਜਿਸਟ੍ਰੇਸ਼ਨ ਵਿੱਚ ਸਹਾਇਤਾ ਕਰਨ ਤੋਂ ਇਲਾਵਾ, ਆਪਣੀ ਨਰਸਰੀ ਦੀ ਸਥਾਪਨਾ ਅਤੇ ਪ੍ਰਸਾਰ ਲਈ ਵਿੱਤੀ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ। 2014-2019 ਦੇ ਦੌਰਾਨ, ਐੱਨਆਈਐੱਫ ਨੇ ਰਾਸ਼ਟਰਪਤੀ ਭਵਨ ਸਮੇਤ, 30 ਰਾਜਾਂ ਵਿੱਚ 2 ਹਜ਼ਾਰ ਤੋਂ ਵੱਧ ਕਿਸਾਨਾਂ ਦੇ ਖੇਤਾਂ ਅਤੇ 25 ਸੰਸਥਾਵਾਂ ਵਿੱਚ 20,000 ਤੋਂ ਵੱਧ ਬੂਟੇ ਲਗਾ ਕੇ ਦੇਸ਼ ਭਰ ਦੇ ਘੱਟ ਠੰਡੇ ਇਲਾਕਿਆਂ ਵਿੱਚ ਸੇਬ ਦੀ ਮਲਟੀ-ਲੋਕੇਸ਼ਨ ਟ੍ਰਾਇਲ ਕੀਤੀ।

 

ਹੁਣ ਤੱਕ, 23 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਇਨ੍ਹਾਂ ਪੌਦਿਆਂ ਵਿੱਚ ਫਲ ਲਗਣ ਬਾਰੇ ਜਾਣਕਾਰੀ ਮਿਲੀ ਹੈ। ਇਹ ਰਾਜ ਹਨ ਬਿਹਾਰ, ਝਾਰਖੰਡ, ਮਨੀਪੁਰ, ਮੱਧ ਪ੍ਰਦੇਸ਼, ਛੱਤੀਸਗੜ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਦਾਦਰਾ ਅਤੇ ਨਾਗਰ ਹਵੇਲੀ, ਕਰਨਾਟਕ, ਹਰਿਆਣਾ, ਰਾਜਸਥਾਨ, ਜੰਮੂ ਅਤੇ ਕਸ਼ਮੀਰ, ਪੰਜਾਬ, ਕੇਰਲ, ਉੱਤਰਾਖੰਡ, ਤੇਲੰਗਾਨਾ, ਆਂਧਰ ਪ੍ਰਦੇਸ਼, ਪੱਛਮੀ ਬੰਗਾਲ,  ਉਡੀਸ਼ਾ, ਪੁਡੂਚੇਰੀ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ।

 

ਹੋਰ ਵਿਸ਼ਲੇਸ਼ਣ ਅਤੇ ਖੋਜ ਦੇ ਦੌਰਾਨ, ਇਹ ਪਾਇਆ ਗਿਆ ਕਿ ਐੱਚਆਰਐੱਮਐੱਨ-99 (HRMN-99) ਦੇ 3-8 ਸਾਲ ਪੁਰਾਣੇ ਪੌਦੇ ਹਿਮਾਚਲ ਪ੍ਰਦੇਸ਼, ਸਿਰਸਾ (ਹਰਿਆਣਾ) ਅਤੇ ਮਣੀਪੁਰ ਦੇ ਚਾਰ ਜ਼ਿਲ੍ਹਿਆਂ ਵਿੱਚ ਪ੍ਰਤੀ ਪੌਦੇ ਪ੍ਰਤੀ ਸਾਲ 5 ਤੋਂ 75 ਕਿੱਲੋ ਫਲ ਪੈਦਾ ਕਰਦੇ ਹਨ। ਸੇਬ ਦੀਆਂ ਹੋਰ ਕਿਸਮਾਂ ਦੇ ਮੁਕਾਬਲੇ, ਇਹ ਅਕਾਰ ਵਿੱਚ ਵੱਡਾ ਹੁੰਦਾ ਹੈ 

ਅਤੇ ਪੱਕਣ ਦੇ ਸਮੇਂ ਇਹ ਇੱਕ ਬਹੁਤ ਹੀ ਨਰਮ, ਮਿੱਠੇ ਅਤੇ ਰਸਦਾਰ ਗੁੱਦੇ ਵਾਲਾ ਫਲ ਹੁੰਦਾ ਹੈ, ਜਿਸਦੀ ਪੀਲੀ ਚਮੜੀ 'ਤੇ ਲਾਲ ਰੰਗ ਦੀ ਧਾਰ ਹੁੰਦੀ ਹੈ।

 

ਐੱਨਆਈਐੱਫ ਅਤੇ ਹੋਰ ਸੰਸਥਾਵਾਂ ਦੁਆਰਾ ਮਿਲ ਕੇ ਸਾਲ 2015 ਵਿੱਚ ਇਸ ਕਿਸਮ ਦੀ ਕਮਰਸ਼ੀਅਲ ਕਾਸ਼ਤ ਦੀ ਸ਼ੁਰੂਆਤ ਮਨੀਪੁਰ ਦੇ ਬਿਸ਼ਨੂਪੁਰ, ਸੇਨਾਪਤੀ, ਕਾਕਚਿੰਗ ਜ਼ਿਲ੍ਹਿਆਂ ਦੀਆਂ ਅੱਠ ਵੱਖ-ਵੱਖ ਥਾਵਾਂ 'ਤੇ ਛੱਬੀ ਕਿਸਾਨਾਂ ਦੇ ਖੇਤਾਂ ‘ਤੇ ਕੀਤੀ ਗਈ ਸੀ, ਜਿਸ ਵਿੱਚ ਕਿਸਾਨਾਂ ਨੂੰ ਸੇਬਾਂ ਦੀ ਸਫਲ ਕਾਸ਼ਤ ਦੇ ਉੱਤਮ ਅਭਿਆਸਾਂ ਲਈ ਲੋੜੀਂਦੀ ਟ੍ਰੇਨਿੰਗ ਦਿੱਤੀ ਗਈ ਸੀ। ਮਨੀਪੁਰ ਦੇ ਇੱਕ ਕਿਸਾਨ ਨੂੰ ਐੱਚਆਰਐੱਮਐੱਨ -99 ਐਪਲ ਦੀ ਕਾਸ਼ਤ ਨੂੰ ਅਪਨਾਉਣ'ਤੇ ਸ਼ਾਨਦਾਰ ਕੰਮ ਕਰਨ ਲਈ ਕਈ ਪਲੈਟਫਾਰਮਾਂ ‘ਤੇ ਮਾਨਤਾ ਪ੍ਰਾਪਤ ਹੋਈ ਹੈ। ਮਣੀਪੁਰ ਵਿੱਚ ਚੱਲ ਰਹੀ ਸਫਲਤਾ ਦਾ ਲਾਭ ਲੈਂਦੇ ਹੋਏ, 200 ਹੋਰ ਕਿਸਾਨਾਂ ਨੇ ਇਸ ਕਿਸਮ ਨੂੰ ਵਪਾਰਕ ਰੂਪ ਵਿੱਚ ਅਪਣਾਇਆ, ਅਤੇ ਰਾਜ ਵਿੱਚ ਐੱਚਆਰਐੱਮਐੱਨ -99 ਐਪਲ ਕਿਸਮ ਦੇ 20,000 ਤੋਂ ਵੱਧ ਪੌਦੇ ਉਗਾਏ ਜਾ ਰਹੇ ਹਨ। ਜੰਮੂ, ਹਿਮਾਚਲ ਪ੍ਰਦੇਸ਼ ਦੇ ਨੀਵੇਂ ਇਲਾਕਿਆਂ, ਕਰਨਾਟਕ, ਛੱਤੀਸਗੜ ਅਤੇ ਤੇਲੰਗਾਨਾ ਵਿੱਚ ਵੀ ਇਸ ਵਰਾਇਟੀ ਨੂੰ ਵਪਾਰਕ ਤੌਰ ‘ਤੇ ਅਪਣਾਉਣ ਦੀ ਸ਼ੁਰੂਆਤ ਕੀਤੀ ਗਈ ਹੈ।  

 

ਉੱਤਰ ਪੂਰਬੀ ਕੌਂਸਲ (ਐੱਨਈਸੀ), ਭਾਰਤ ਸਰਕਾਰ ਦੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ (DoNER) ਤਹਿਤ, ਉੱਤਰ ਪੂਰਬੀ ਖੇਤਰ ਕਮਿਊਨਿਟੀ ਰਿਸੋਰਸ ਮੈਨੇਜਮੈਂਟ ਪ੍ਰੋਜੈਕਟ (ਐੱਨਈਆਰਸੀਓਆਰਐੱਮਪੀ) ਅਤੇ ਐੱਨਆਈਐੱਫ ਨੇ ਨਵੰਬਰ 2020 ਵਿੱਚ ਇੱਕ ਸਮਝੌਤਾ ਪੱਤਰ ‘ਤੇ ਦਸਤਖਤ ਕੀਤੇ। ਇਸਦੇ ਪਹਿਲੇ ਪੜਾਅ ਵਿੱਚ, ਜਨਵਰੀ 2021 ਦੇ ਦੌਰਾਨ, ਇਸ ਕਿਸਮ ਦੇ ਸੇਬ ਦੀਆਂ 15000 ਕਲਮਾਂ ਅਰੁਣਾਚਲ ਪ੍ਰਦੇਸ਼, ਅਸਾਮ, ਮਣੀਪੁਰ ਅਤੇ ਮੇਘਾਲਿਆ ਵਿੱਚ ਲਗਾਈਆਂ ਗਈਆਂ ਹਨ।

 

 ਸਾਲ 2017 ਵਿੱਚ 9ਵੇਂ ਰਾਸ਼ਟਰੀ ਦੋ-ਸਾਲਾ ਗ੍ਰਾਸਰੂਟਸ ਇਨੋਵੇਸ਼ਨ ਅਤੇ ਸ਼ਾਨਦਾਰ ਰਵਾਇਤੀ ਗਿਆਨ ਪੁਰਸਕਾਰਾਂ ਦੌਰਾਨ, ਸ਼੍ਰੀ ਹਰਿਮਨ ਸ਼ਰਮਾ ਨੂੰ ਰਾਸ਼ਟਰਪਤੀ ਭਵਨ ਵਿਖੇ ਉਸ ਸਮੇਂ ਦੇ ਰਾਸ਼ਟਰਪਤੀ, ਮਹਾਂਮਹਿਮ ਸ਼੍ਰੀ ਪ੍ਰਣਬ ਮੁਖਰਜੀ ਦੁਆਰਾ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ ਵੀ ਕੀਤਾ ਗਿਆ ਸੀ।

 



 

***********

 

ਐੱਸਐੱਸ



(Release ID: 1723108) Visitor Counter : 292


Read this release in: English , Urdu , Hindi , Tamil