ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ ਹਰਸ਼ ਵਰਧਨ ਨੇ ਕੇਂਦਰ ਸਰਕਾਰ ਦੇ ਹਸਪਤਾਲਾਂ ਅਤੇ ਏਮਜ਼, ਨਵੀਂ ਦਿੱਲੀ ਦੇ ਕੋਵਿਡ-19 ਪ੍ਰਬੰਧਨ ਤਿਆਰੀਆਂ ਦਾ ਜਾਇਜ਼ਾ ਲਿਆ


ਆਈਸੀਯੂ ਅਤੇ ਆਕਸੀਜਨ ਦੀ ਸਹੂਲਤ ਵਾਲੇ ਬੈੱਡ ਵਧਾਉਣ ਲਈ ਤੁਰੰਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ

“ਹਸਪਤਾਲ ਬੁਨਿਆਦੀ ਢਾਂਚੇ ਨੂੰ ਤੁਰੰਤ ਮਜਬੂਤ ਕਰਨ ਲਈ ਸਾਰੇ ਉਪਾਅ ਤੇਜ਼ ਕਰਨ”

ਡੀਆਰਡੀਓ-ਟਾਟਾ ਸੰਨਜ਼ ਸਾਰੇ ਕੇਂਦਰ ਸਰਕਾਰ ਦੇ ਹਸਪਤਾਲਾਂ ਲਈ ਆਕਸੀਜਨ ਪੈਦਾ ਕਰਨ ਵਾਲੇ ਪਲਾਂਟ ਸਥਾਪਤ ਕਰਨਗੇ : ਡਾ ਹਰਸ਼ ਵਰਧਨ

Posted On: 23 APR 2021 5:50PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ ਹਰਸ਼ ਵਰਧਨ ਨੇ ਅੱਜ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦੇ ਕਲੀਨਿਕਲ ਪ੍ਰਬੰਧਨ ਲਈ ਨਵੀਂ ਦਿੱਲੀ (ਸਫਦਰਜੰਗ ਹਸਪਤਾਲ, ਡਾ. ਆਰਐਮਐਲ ਹਸਪਤਾਲ, ਲੇਡੀ ਹਾਰਡਿੰਗ ਮੈਡੀਕਲ ਕਾਲਜ) ਅਤੇ ਏਮਜ਼, ਨਵੀਂ ਦਿੱਲੀ ਵਿਖੇ ਕੇਂਦਰ ਸਰਕਾਰ ਦੇ ਹਸਪਤਾਲਾਂ ਦੀ ਤਿਆਰੀ ਦਾ ਜਾਇਜ਼ਾ ਲੈਣ ਲਈ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਵੀ ਵਰਚੁਅਲ ਮਾਧਿਅਮ ਰਾਹੀਂ ਸਮੀਖਿਆ ਮੀਟਿੰਗ ਵਿੱਚ ਸ਼ਾਮਲ ਹੋਏ।

ਕੇਂਦਰੀ ਸਿਹਤ ਮੰਤਰੀ ਨੇ ਦੱਸਿਆ ਕਿ ਦੇਸ਼ ਮਹਾਮਾਰੀ ਦੀ ਦੂਸਰੀ ਲਹਿਰ ਵਿਚੋਂ ਲੰਘ ਰਿਹਾ ਹੈ। ਬਹੁਤੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਰੋਜ਼ਾਨਾ ਬਹੁਤ ਸਾਰੇ ਮਾਮਲਿਆਂ ਦੀ ਰਿਪੋਰਟ ਕਰ ਰਹੇ ਹਨ ਅਤੇ ਰੋਜ਼ਾਨਾ ਦੀ ਮੌਤ ਦਰ ਵੀ ਵਧੀ ਹੈ। ਕੇਂਦਰ ਸਰਕਾਰ ਇੱਕ ‘ਸਮੁੱਚੀ ਸਰਕਾਰ’ ਅਤੇ ‘ਸਮੁੱਚੇ ਸਮਾਜ’ ਦੀ ਪਹੁੰਚ ਰਾਹੀਂ ਕੋਵਿਡ -19 ਵਿਰੁੱਧ ਲੜਾਈ ਦੀ ਅਗਵਾਈ ਕਰ ਰਹੀ ਹੈ। ਕੇਂਦਰ ਸਰਕਾਰ ਦੁਆਰਾ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਲਏ ਗਏ ਵੱਖ-ਵੱਖ ਸਰਗਰਮ ਫੈਸਲਿਆਂ ਰਾਹੀਂ ਹਸਪਤਾਲ ਦੇ ਬੁਨਿਆਦੀ ਢਾਂਚੇ ਨੂੰ ਕਾਫ਼ੀ ਹੱਦ ਤੱਕ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਕੇਸਾਂ ਦੀ ਗਿਣਤੀ ਵਿੱਚ ਹੋਏ ਬੇਮਿਸਾਲ ਵਾਧੇ ਦੇ ਮੱਦੇਨਜ਼ਰ, ਦਵਾਈਆਂ ਅਤੇ ਢੁਕਵੇਂ ਮਨੁੱਖੀ ਸਰੋਤਾਂ ਦੇ ਨਾਲ ਢੁਕਵੀਂ ਆਕਸੀਜਨ ਸਪਲਾਈ ਤੋਂ ਇਲਾਵਾ ਆਕਸੀਜਨ ਦੀ ਸਹਾਇਤਾ ਪ੍ਰਾਪਤ ਅਤੇ ਆਈਸੀਯੂ ਬੈੱਡਾਂ ਦੀ ਜ਼ਰੂਰਤ ਵਿੱਚ ਕਈ ਗੁਣਾ ਵਾਧਾ ਹੋਇਆ ਹੈ।

ਕੇਂਦਰੀ ਸਿਹਤ ਮੰਤਰੀ ਨੇ ਬੈੱਡਾਂ ਦੀ ਉਪਲਬਧਤਾ ਅਤੇ ਆਕਸੀਜਨ ਸਹਿਯੋਗੀ ਅਤੇ ਆਈਸੀਯੂ-ਵੈਂਟੀਲੇਟਰਾਂ ਵਾਲੇ ਬੈੱਡਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ। ਵੱਖ-ਵੱਖ ਹਸਪਤਾਲਾਂ ਨੇ ਕੋਵਿਡ ਮਰੀਜ਼ਾਂ ਦੀਆਂ ਤੁਰੰਤ ਲੋੜਾਂ ਪੂਰੀਆਂ ਕਰਨ ਲਈ ਬੈੱਡਾਂ ਦੀ ਉਪਲਬਧਤਾ ਨੂੰ ਵਧਾਉਣ ਲਈ ਚੁੱਕੇ ਜਾ ਰਹੇ ਤੁਰੰਤ ਕਦਮਾਂ ਦੀ ਜਾਣਕਾਰੀ ਦਿੱਤੀ। ਕੇਂਦਰੀ ਮੰਤਰੀ ਨੇ ਸਾਰੇ ਹਸਪਤਾਲਾਂ ਨੂੰ ਹਦਾਇਤ ਕੀਤੀ ਕਿ ਗ਼ੈਰ -ਕੋਵਿਡ ਬੈੱਡਾਂ ਨੂੰ ਦੁਬਾਰਾ ਵਰਤਣ (ਇਸ ਨਾਲ ਸਿਹਤ ਸੰਭਾਲ ਸੇਵਾਵਾਂ ਪ੍ਰਭਾਵਿਤ ਨਹੀਂ ਹੁੰਦੀਆਂ), ਮੌਜੂਦਾ ਇਮਾਰਤਾਂ / ਬਲਾਕਾਂ ਅਤੇ ਵਾਰਡਾਂ ਨੂੰ ਸਮਰਪਿਤ  ਕੋਵਿਡ ਸਹੂਲਤਾਂ ਵਿੱਚ ਤਬਦੀਲ ਕਰਨ ਲਈ ਸਥਾਪਤ ਹਸਪਤਾਲਾਂ ਰਾਹੀਂ ਵਾਧੇ ਦੀਆਂ ਯੋਜਨਾਵਾਂ 'ਤੇ ਤੁਰੰਤ ਕੰਮ ਸ਼ੁਰੂ ਕੀਤਾ ਜਾਵੇ।

ਉਨ੍ਹਾਂ ਇਹ ਦੱਸਿਆ ਗਿਆ ਕਿ ਸਫਦਰਜੰਗ ਹਸਪਤਾਲ ਨੇ ਬੈੱਡਾਂ ਦੀ ਉਪਲਬਧਤਾ ਨੂੰ ਵਧਾਉਂਦੇ ਹੋਏ 172 ਹੋਰ ਕੋਵਿਡ ਬੈੱਡ (ਕੁੱਲ 391) ਸਥਾਪਤ ਕੀਤੇ ਹਨ। ਇਸਦੇ ਨਾਲ, ਸਫਦਰਜੰਗ ਹਸਪਤਾਲ ਵਿਖੇ ਸੁਪਰ ਸਪੈਸ਼ਲਿਟੀ ਬਲਾਕ ਸਿਰਫ ਕੋਵਿਡ ਦੇ ਮਰੀਜ਼ਾਂ ਲਈ ਪੂਰੀ ਤਰ੍ਹਾਂ ਸਪੈਸ਼ਲਿਟੀ ਬਲਾਕ ਵਿੱਚ ਤਬਦੀਲ ਹੋ ਜਾਵੇਗਾ। ਇਸਦੇ ਨਾਲ ਹੀ, ਸੀਐਸਆਈਆਰ ਦੀ ਸਹਾਇਤਾ ਨਾਲ 46 ਬੈੱਡ (32 ਆਈਸੀਯੂ ਬੈੱਡਾਂ ਸਮੇਤ) ਸ਼ਾਮਲ ਕੀਤੇ ਜਾ ਰਹੇ ਹਨ।

ਡਾ ਆਰਐਮਐਲ ਹਸਪਤਾਲ ਵਲੋਂ ਕੁਝ ਹੋਰ ਗੈਰ- ਕੋਵਿਡ ਇਮਾਰਤਾਂ ਨੂੰ ਸਮਰਪਿਤ ਕੋਵਿਡ ਇਲਾਜ ਸਹੂਲਤਾਂ ਲਈ ਤਬਦੀਲ ਕੀਤਾ ਜਾ ਰਿਹਾ ਹੈ। ਇਹ ਕਦਮ ਕੋਵਿਡ ਮਰੀਜ਼ਾਂ ਲਈ 200 ਵਾਧੂ ਬੈੱਡ ਪ੍ਰਦਾਨ ਕਰੇਗਾ।

ਐਲਐਚਐਮਸੀ ਵਿੱਚ, ਸੀਐਸਆਈਆਰ ਦੁਆਰਾ 240 ਹੋਰ ਬੈੱਡ ਤਿਆਰ ਕੀਤੇ ਜਾ ਰਹੇ ਹਨ, ਜੋ ਜਲਦੀ ਚਾਲੂ ਹੋ ਜਾਣਗੇ। ਡੀਐਸਆਈਆਰ ਦੇ ਸਕੱਤਰ ਅਤੇ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐਸਆਈਆਰ) ਦੇ ਡਾਇਰੈਕਟਰ ਜਨਰਲ ਡਾ: ਸ਼ੇਖਰ ਮੰਡੇ,  ਨੇ ਭਰੋਸਾ ਦਿੱਤਾ ਕਿ ਕੀਤੇ ਜਾ ਰਹੇ ਯਤਨਾਂ ਨੂੰ ਮਜ਼ਬੂਤ ਕਰਨ ਅਤੇ ਤੇਜ਼ੀ ਲਿਆਉਣ ਲਈ ਹਰ ਤਰਾਂ ਦੀ ਸਹਾਇਤਾ ਦਿੱਤੀ ਜਾ ਰਹੀ ਹੈ।

ਏਮਜ਼, ਨਵੀਂ ਦਿੱਲੀ ਦੇ ਡਾਇਰੈਕਟਰ ਨੇ ਹੋਰ ਵਾਰਡਾਂ / ਬਲਾਕਾਂ ਜਿਵੇਂ ਕਿ ਬਰਨਜ਼ ਐਂਡ ਪਲਾਸਟਿਕ ਸਰਜਰੀ ਸੈਂਟਰ, ਐਨਸੀਆਈ ਝੱਜਰ, ਡਾ. ਆਰਪੀ ਓਪਥਲਮਿਕ ਸਾਇੰਸਜ਼ ਅਤੇ ਜੀਰੀਅਟ੍ਰਿਕ ਵਾਰਡਾਂ ਵਿੱਚ ਵਧੇਰੇ ਬੈੱਡ ਸ਼ਾਮਲ ਕਰਨ ਦੀਆਂ ਵਿਸਥਾਰ ਯੋਜਨਾਵਾਂ ਦੀ ਰੂਪ ਰੇਖਾ ਦਿੱਤੀ। ਕੋਵਿਡ ਮਰੀਜ਼ਾਂ ਲਈ ਕੁੱਲ ਸਮਰੱਥਾ ਨੂੰ 1000 ਤੋਂ ਵੱਧ ਬਿਸਤਰੇ ਤੱਕ ਵਧਾ ਦਿੱਤਾ ਜਾਵੇਗਾ।

ਕੇਂਦਰੀ ਸਿਹਤ ਮੰਤਰੀ ਨੇ ਕੇਂਦਰ ਸਰਕਾਰ ਦੇ ਵੱਖ-ਵੱਖ ਹਸਪਤਾਲਾਂ ਅਤੇ ਏਮਜ਼, ਨਵੀਂ ਦਿੱਲੀ ਵਿੱਚ ਆਕਸੀਜਨ ਦੀ ਉਪਲਬਧਤਾ ਦੀ ਸਥਿਤੀ ਅਤੇ ਸਪਲਾਈ ਨੂੰ ਸਮੇਂ ਸਿਰ ਵਧਾਉਣ ਲਈ ਚੁੱਕੇ ਜਾ ਰਹੇ ਕਦਮਾਂ ਦੀ ਵੀ ਸਮੀਖਿਆ ਕੀਤੀ। ਸ਼੍ਰੀ ਰਾਜੇਸ਼ ਭੂਸ਼ਣ, ਕੇਂਦਰੀ ਸਿਹਤ ਸਕੱਤਰ ਨੇ ਹਸਪਤਾਲਾਂ ਵਿੱਚ ਆਕਸੀਜਨ ਸਪਲਾਈ ਦੀ ਢੋਆ-ਢੁਆਈ ਨਾਲ ਜੁੜੇ ਮੁੱਦਿਆਂ ਨੂੰ ਸੁਲਝਾਉਣ ਅਤੇ ਉਨ੍ਹਾਂ ਨੂੰ ਸੁਚਾਰੂ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਚੁੱਕੇ ਵੱਖ-ਵੱਖ ਉਪਾਵਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਡੀਪੀਆਈਆਈਟੀ ਦੇ 24x7 ਕੰਟਰੋਲ ਰੂਮ ਦੀ ਜਾਣਕਾਰੀ ਦਿੱਤੀ, ਜੋ ਆਕਸੀਜਨ ਦੀ ਨਿਰਵਿਘਨ ਸਪਲਾਈ ਲਈ ਦਿੱਲੀ ਦੇ ਸਾਰੇ ਆਵਾਜਾਈ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਲਈ ਕੰਮ ਕਰ ਰਿਹਾ ਹੈ।

ਕੇਂਦਰੀ ਸਿਹਤ ਮੰਤਰੀ ਨੇ ਹਦਾਇਤ ਕੀਤੀ ਕਿ ਦਿੱਲੀ ਦੇ ਹਸਪਤਾਲਾਂ ਦੇ ਸਾਰੇ ਸਥਾਨਾਂ ‘ਤੇ 5 ਪ੍ਰੈਸ਼ਰ ਸਵਿੰਗ ਐਡਰਸੋਪਸ਼ਨ (ਪੀਐਸਏ) ਪਲਾਂਟ ਸਥਾਪਤ ਕਰਨ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕੇਂਦਰ ਸਰਕਾਰ ਦੇ ਸਾਰੇ ਹਸਪਤਾਲਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਕੋਵਿਡ-19 ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣ ਲਈ ਵਿਸਥਾਰ ਯੋਜਨਾਵਾਂ ਨਾਲ ਤਿਆਰ ਰਹਿਣ। ਏਆਈਐੱਮਐੱਸ, ਐਨਆਈਸੀ ਝੱਜਰ, ਸਫਦਰਜੰਗ, ਐਲਐਚਐਮਸੀ ਅਤੇ ਡਾ. ਆਰਐਮਐਲ ਹਸਪਤਾਲ ਵਿਖੇ ਤੁਰੰਤ ਡੀਆਰਡੀਓ-ਟਾਟਾ ਸੰਨਜ਼ ਵਲੋਂ ਆਕਸੀਜਨ ਪੈਦਾ ਕਰਨ ਵਾਲੇ ਪਲਾਂਟ ਲਗਾਉਣ ਦਾ ਫੈਸਲਾ ਲਿਆ ਗਿਆ ਹੈ। ਇਨ੍ਹਾਂ ਪਲਾਂਟਾਂ ਦੀ ਪ੍ਰਤੀ ਮਿੰਟ 1000 ਲੀਟਰ ਆਕਸੀਜਨ ਪੈਦਾ ਕਰਨ ਦੀ ਸਮਰੱਥਾ ਹੋਵੇਗੀ।

ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਕੇਂਦਰੀ ਸਰਕਾਰੀ ਹਸਪਤਾਲਾਂ ਦੇ ਮੁਖੀਆਂ ਨੂੰ ਹਸਪਤਾਲਾਂ ਦੀ ਸੁਰੱਖਿਆ ਲਈ ਚੁੱਕੇ ਜਾਣ ਵਾਲੇ ਉਪਾਵਾਂ ਬਾਰੇ ਯਾਦ ਦਿਵਾਇਆ, ਇਹ ਉਦੇਸ਼ ਅੱਜ ਰਾਜ ਦੇ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਦੀ ਸਮੀਖਿਆ ਬੈਠਕ ਦੌਰਾਨ ਨਿਰਧਾਰਤ ਕੀਤਾ ਗਿਆ। ਉਨ੍ਹਾਂ ਰਿਪੋਰਟਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਬਹੁਤ ਸਾਰੇ ਕੋਵਿਡ ਮਰੀਜ਼ਾਂ ਨੂੰ ਬਿਨਾਂ ਕਿਸੇ ਦਵਾਈ ਦੇ ਹਸਪਤਾਲਾਂ ਤੋਂ ਵਾਪਸ ਕਰ ਦਿੱਤਾ ਜਾਂਦਾ ਹੈ, ਉਨ੍ਹਾਂ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਸਾਰੇ ਕੋਵਿਡ ਮਰੀਜ਼ਾਂ ਨੂੰ ਕੇਂਦਰੀ ਹਸਪਤਾਲਾਂ ਤੋਂ ਦਵਾਈਆਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਲਈ ਬੈੱਡ ਉਪਲਬਧ ਹੋਣ, ਜੋ ਪਿਛਲੇ ਇੱਕ ਸਾਲ ਤੋਂ ਨਿਸੁਆਰਥ ਸੇਵਾਵਾਂ ਦੇ ਰਹੇ ਹਨ।

ਡਾ. (ਪ੍ਰੋਫੈਸਰ), ਸੁਨੀਲ ਕੁਮਾਰ, ਡੀਜੀਐਚਐਸ; ਡਾ: ਰਣਦੀਪ ਗੁਲੇਰੀਆ, ਡਾਇਰੈਕਟਰ ਏਮਜ਼, ਨਵੀਂ ਦਿੱਲੀ; ਡਾ. ਡੀ ਐਨ ਮਾਥੁਰ, ਡਾਇਰੈਕਟਰ ਐਲਐਚਐਮਸੀ; ਡਾ: ਐਨ ਗੋਪਾਲਕ੍ਰਿਸ਼ਨਨ, ਡਾਇਰੈਕਟਰ ਸੀਐਸਆਈਆਰ-ਕੇਂਦਰੀ ਬਿਲਡਿੰਗ ਰਿਸਰਚ ਇੰਸਟੀਚਿਊਟ (ਸੀਬੀਆਰਆਈ); ਡਾ. ਐਸ ਵੀ ਆਰੀਆ, ਐਮਐਸ, ਸਫਦਰਜੰਗ ਹਸਪਤਾਲ; ਅਤੇ ਡਾ. ਰਾਣਾ ਏ ਕੇ ਸਿੰਘ, ਐਮਐਸ ਆਰਐਮਐਲ ਹਸਪਤਾਲ ਮੀਟਿੰਗ ਵਿੱਚ ਮੌਜੂਦ ਸਨ।

*****

ਐਮਵੀ



(Release ID: 1713687) Visitor Counter : 191