ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਸਮਾਜ ’ਚੋਂ ਹਰੇਕ ਕਿਸਮ ਦਾ ਲਿੰਗਕ ਵਿਤਕਰਾ ਖ਼ਤਮ ਕਰਨ ਦਾ ਸੱਦਾ ਦਿੱਤਾ
ਅਧਿਆਤਮਕ ਪ੍ਰਾਪਤੀਆਂ ਲਿੰਗ–ਅਧਾਰਿਤ ਵਿਲੱਖਣਤਾ ਤੋਂ ਅਗਾਂਹ ਲੰਘਣ ਦਾ ਪ੍ਰਦਰਸ਼ਨ ਕਰਨ ਲਈ ਬ੍ਰਹਮ ਕੁਮਾਰੀਆਂ ਦੀ ਕੀਤੀ ਸ਼ਲਾਘਾ
ਰਾਜਯੋਗਿਨੀ ਦਾਦੀ ਜਾਨਕੀ ਦੀ ਯਾਦ ’ਚ ਯਾਦਗਾਰੀ ਡਾਕ–ਟਿਕਟ ਜਾਰੀ ਕੀਤਾ
ਉਪ ਰਾਸ਼ਟਰਪਤੀ ਨੇ ਦਾਦੀ ਜਾਨਕੀ ਨੂੰ ਇੱਕ ਅਸਾਧਾਰਣ ਅਧਿਆਤਮਕ ਗੁਰੂ ਕਰਾਰ ਦਿੱਤਾ
ਸ਼੍ਰੀ ਨਾਇਡੂ ਨੇ ਕਿਹਾ ਕਿ ਅਧਿਆਤਮਕਤਾ ਸਾਰੇ ਧਰਮਾਂ ਦਾ ਆਧਾਰ ਹੈ
ਕੋਵਿਡ–19 ਦੀ ਚਲ ਰਹੀ ਮਹਾਮਾਰੀ ਦੌਰਾਨ ਹਰੇਕ ਨੂੰ ਕੀਤੀ ਲੋਡਵੰਦਾਂ ਦੀ ਮਦਦ ਦੀ ਬੇਨਤੀ
Posted On:
12 APR 2021 6:07PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਸਮਾਜ ’ਚੋਂ ਹਰੇਕ ਕਿਸਮ ਦਾ ਲਿੰਗਕ ਵਿਤਕਰਾ ਖ਼ਤਮ ਕਰਨ ਅਤੇ ਗਤੀਵਿਧੀ ਦੇ ਹਰੇਕ ਖੇਤਰ ਵਿੱਚ ਮਹਿਲਾਵਾਂ ਦੇ ਸਮਾਨ ਅਧਿਕਾਰ ਯਕੀਨੀ ਬਣਾਉਣ ਦਾ ਸੱਦਾ ਦਿੱਤਾ।
ਅੱਜ ਨਵੀਂ ਦਿੱਲੀ ’ਚ ਬ੍ਰਹਮ ਕੁਮਾਰੀਆਂ ਦੇ ਸਾਬਕਾ ਮੁਖੀ ਰਾਜਯੋਗਿਨੀ ਦਾਦੀ ਜਾਨਕੀ ਦੀ ਯਾਦ ਵਿੱਚ ਇੱਕ ਯਾਦਗਾਰੀ ਡਾਕ–ਟਿਕ ਜਾਰੀ ਕਰਦਿਆਂ ਉਪ ਰਾਸ਼ਟਰਪਤੀ ਨੇ ਮਹਿਲਾਵਾਂ ਦੀ ਅਗਵਾਈ ਹੇਠ ਜੱਥੇਬੰਦੀ ਬਣਾਉਣ ਲਈ ਬ੍ਰਹਮ ਕੁਮਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਵਿਸ਼ਵ–ਪੱਧਰੀ ਗਤੀਵਿਧੀ ਮਹਿਲਾਵਾਂ ਦੇ ਸਸ਼ੱਕਤੀਕਰਣ ਤੇ ਸੁਤੰਤਰਤਾ ਦੀ ਬੇਮਿਸਾਲ ਚੈਂਪੀਅਨ ਰਹੀ ਹੈ ਤੇ ਇਸ ਤੋਂ ਇਹ ਤੱਥ ਉਜਾਗਰ ਹੁੰਦਾ ਹੈ ਕਿ ਅਧਿਆਤਮਕ ਪ੍ਰਾਪਤੀਆਂ ਲਿੰਗਕ ਅਧਾਰ ਦੀ ਵਿਲੱਖਣਤਾ ਤੋਂ ਅਗਾਂਹ ਲੰਘ ਜਾਂਦੀਆਂ ਹਨ।
ਵੈਦਿਕ ਸਮੇਂ ਦੀਆਂ ਦੋ ਪ੍ਰਸਿੱਧ ਮਹਿਲਾ ਵਿਦਵਾਨਾਂ ਗਾਰਗੀ ਤੇ ਮੈਤ੍ਰੇਯੀ ਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਦਾ ਹਰੇਕ ਖੇਤਰ ਵਿੱਚ ਮਹਿਲਾ ਆਗੂਆਂ ਦਾ ਇੱਕ ਅਮੀਰ ਇਤਿਹਾਸ ਹੈ। ਉਨ੍ਹਾਂ ਪ੍ਰਾਚੀਨ ਭਾਰਤ ’ਚ ‘ਸ਼ਕਤੀ’ ਦੀ ਸ਼ਕਲ ਵਿੱਚ ਪੂਜਾ ਕੀਤੇ ਜਾਣ ਵਾਲੇ ਦਿੱਬ ਨਾਰੀਤਵ ਦਾ ਜ਼ਿਕਰ ਕਰਦਿਆਂ ਕਦਰਾਂ–ਕੀਮਤਾਂ ਵਿੱਚ ਆ ਰਹੇ ਉਸ ਨਿਘਾਰ ਦਾ ਰੁਝਾਨ ਪਲਟਾਉਣ ਦਾ ਸੱਦਾ ਦਿੱਤਾ, ਜਿਹੜਾ ਸਮਾਜ ਵਿੱਚ ਮਹਿਲਾਵਾਂ ਵਿਰੁੱਧ ਵੱਡੇ ਪੱਧਰ ਉੱਤੇ ਪਾਏ ਜਾਂਦੇ ਵਿਤਕਰੇ ਤੋਂ ਉਜਾਗਰ ਹੁੰਦਾ ਹੈ।
ਸਾਲ 2019 ’ਚ ਬ੍ਰਹਮ ਕੁਮਾਰੀਆਂ ਦੇ ਸ਼ਾਂਤੀਵਨ ਪਰਿਸਰ ਵਿੱਚ ਸਤਿਕਾਰਯੋਗ ਦਾਦੀ ਜਾਨਕੀ ਨਾਲ ਆਪਣੀ ਮੁਲਾਕਾਤ ਨੂੰ ਯਾਦ ਕਰਦਿਆਂ ਉਪ ਰਾਸ਼ਟਰਪਤੀ ਨੇ ਉਨ੍ਹਾਂ ਆਪਣੇ ਸਮਕਾਲੀ ਸਮਿਆਂ ਦੇ ਸਭ ਤੋਂ ਪ੍ਰਮੁੱਖ ਅਧਿਆਤਮਕ ਆਗੂਆਂ ’ਚੋਂ ਇੱਕ ਕਰਾਰ ਦਿੱਤਾ। ਉਨ੍ਹਾਂ ਦਾਦਾ ਨੂੰ ਸ਼ਾਂਤੀ ਅਤੇ ਆਤਮ–ਸੰਜਮ ਦੀ ਸਾਕਾਰ ਮੂਰਤ ਕਰਾਰ ਦਿੰਦਿਆਂ ਕਿਹਾ ਕਿ ਅੰਤ ਤੋਂ ਪਹਿਲਾਂ ਤੱਕ ਵੀ ਉਨ੍ਹਾਂ ਸਦਾ ਉਵੇਂ ਹੀ ਜੀਵਨ ਜੀਵਿਆ, ਜਿਵੇਂ ਉਹ ਪ੍ਰਚਾਰ ਕਰਦੇ ਰਹੇ ਸਨ। ਉਨ੍ਹਾਂ ਅੱਗੇ ਕਿਹਾ,‘ਸਮੁੱਚੇ ਵਿਸ਼ਵ ’ਚ ਫੈਲੀਆਂ ਬ੍ਰਹਮ ਕੁਮਾਰੀਆਂ ਦਾਦੀ ਦੇ ਜੀਵਨ ’ਚੋਂ ਸਾਕਾਰ ਹੋਈਆਂ ਕਦਰਾਂ–ਕੀਮਤਾਂ ਤੇ ਸਿਧਾਂਤਾਂ ਦੀ ਜਿਊਂਦੀ–ਜਾਗਦੀ ਮਿਸਾਲ ਹਨ।’
ਲੋਕਾਂ ਨੂੰ ਈਸ਼ਵਰ ਅਤੇ ਮਾਨਵਤਾ ਦੀ ਨਿਸ਼ਕਾਮ ਨੂੰ ਸਮਰਪਿਤ ਦਾਦੀ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਬੇਨਤੀ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਵਿਸ਼ਵ ਨੂੰ ਤਸੱਸਲੀ ਦੇਣ ਵਾਲੀਆਂ ਉਨ੍ਹਾਂ ਜਿਹੀਆਂ ਆਵਾਜ਼ਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ,‘ਉਨ੍ਹਾਂ ਦੀਆਂ ਸਿੱਖਿਆਵਾਂ ਰਾਜ ਯੋਗ ਉੱਤੇ ਕੇਂਦ੍ਰਿਤ ਹਨ, ਉਨ੍ਹਾਂ ਦੀਆਂ ਦਿਆਲਤਾ, ‘ਸੇਵਾ’ ਅਤੇ ਸਾਦਗੀ ਜਿਹੀਆਂ ਚੰਗਿਆਈਆਂ ਦੀ ਰੀਸ ਸੱਚਮੁਚ ਸਭ ਨੂੰ ਕਰਨੀ ਚਾਹੀਦੀ ਹੈ’ ਅਤੇ ਨਾਲ ਹੀ ਇੱਕ ਅਜਿਹੇ ਬਿਹਤਰ ਭਾਰਤ ਦੀ ਉਸਾਰੀ ਲਈ ਲਿੰਗਕ ਵਿਤਕਰੇ, ਜਾਤਪਾਤ ਤੇ ਫ਼ਿਰਕਾਪ੍ਰਸਤੀ ਜਿਹੀਆਂ ਸਮਾਜਕ ਬੁਰਾਈਆਂ ਵਿਰੁੱਧ ਲੜਨ ਦਾ ਸੱਦਾ ਦਿੱਤਾ, ਜਿੱਥੇ ਹਰੇਕ ਲਈ ਸਮਾਨ ਮੌਕੇ ਹੋਣ ਅਤੇ ਸਾਰੇ ਇੱਕ–ਦੂਜੇ ਨਾਲ ਪੂਰੀ ਇੱਕਸੁਰਤਾ ’ਚ ਰਹਿਣ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਸਭਿਅਤਾ ਦੀਆਂ ‘ਵੰਡਣ ਤੇ ਪਰਵਾਹ ਕਰਨ’ ਅਤੇ ‘ਵਸੁਧੈਵ ਕੁਟੁੰਬਕਮ’ ਦੀਆਂ ਕਦਰਾਂ–ਕੀਮਤਾਂ ਵਿਸ਼ਵ ’ਚ ਸਦੀਵੀ ਸ਼ਾਂਤੀ ਕਾਇਮ ਕਰਨ ਦਾ ਰਾਹ ਹਨ।
ਸ਼੍ਰੀ ਨਾਇਡੂ ਨੇ ਸਾਰੇ ਧਰਮਾਂ ਦਾ ਆਧਾਰ ਅਧਿਆਤਮਕਤਾ ਦੇ ਹੋਣ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਸਿਰਫ਼ ਅਧਿਆਤਮਕ ਗਿਆਨ ਹੀ ਵਿਸ਼ਵ ਵਿੱਚ ਸੱਚੀ ਸ਼ਾਂਤੀ, ਏਕਤਾ ਤੇ ਇੱਕਸੁਰਤਾ ਨੂੰ ਯਕੀਨੀ ਬਣਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜੋਕੀ ਵਿਅਕਤੀਗਤ ਜੀਵਨ–ਸ਼ੈਲੀ ਨੇ ਵਿਅਕਤੀ ਦੇ ਸਮਾਜਕ ਤੇ ਕੁਦਰਤੀ ਮਾਹੌਲ ਵਿੱਚ ਵਿਰੋਧ ਪੈਦਾ ਹੋਣ ਦੀ ਸੰਭਾਵਨਾ ਨੂੰ ਵਧਾ ਦਿੱਤਾ ਹੈ ਪਰ ਅਧਿਆਤਮਕਤਾ ਇੱਕ ਵਿਅਕਤੀ ਨੂੰ ਉਸ ਦੇ ਸਮਾਜਕ ਤੇ ਕੁਦਰਤੀ ਮਾਹੌਲ ਨਾਲ ਇਕਜੁੱਟ ਕਰਦੀ ਹੈ। ਜਦੋਂ ਅਜਿਹੀ ਇੱਕਸੁਰਤਾ ਪੈਦਾ ਹੁੰਦੀ ਹੈ, ਤਦ ਹੀ ਕੋਈ ਵਿਅਕਤੀ ਸਮਾਜ ਤੇ ਵਿਸ਼ਵ ਵਿੱਚ ਸਕਾਰਾਤਮਕਤਾ ਨਾਲ ਯੋਗਦਾਨ ਪਾ ਸਕਦਾ ਹੈ।
ਸ਼੍ਰੀ ਨਾਇਡੂ ਨੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਬ੍ਰਹਮ ਕੁਮਾਰੀਆਂ ਜਿਹੀਆਂ ਜੱਥੇਬੰਦੀਆਂ ਸੌਖੀ ਤੇ ਸਾਦੀ ਭਾਸ਼ਾ ਵਿੱਚ ਲੋਕਾਂ ਦੇ ਸ਼ੱਕ ਦੂਰ ਕਰਨ/ਪ੍ਰਸ਼ਨਾਂ ਦੇ ਜਵਾਬ ਦੇ ਕੇ ਲੋਕਾਂ ਦੀ ਮਦਦ ਕਰ ਰਹੀਆਂ ਹਨ ਅਤੇ ਇੰਝ ਆਪਣੇ ਜੀਵਨਾਂ ਵਿੱਚ ਸ਼ਾਂਤੀ ਤੇ ਇੱਕਸੁਰਤਾ ਲਿਆ ਰਹੀਆਂ ਹਨ।
ਲੋਕਾਂ ਨੂੰ ਦਾਦੀ ਜਾਨਕੀ ਦੇ ਹੋਰਨਾਂ ਦੀ ਸੇਵਾ ਕਰਨ ਵਿੱਚ ਖ਼ੁਸ਼ੀ ਹਾਸਲ ਕਰਨ ਦੇ ਫ਼ਲਸਫ਼ੇ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਦਿਆਂ ਹਰੇਕ ਨੂੰ ਚਲ ਰਹੀ ਕੋਵਿਡ–19 ਮਹਾਮਾਰੀ ਦੌਰਾਨ ਲੋੜਵੰਦਾਂ ਦੀ ਮਦਦ ਤੇ ਸਹਾਇਤਾ ਕਰਨ ਦੀ ਬੇਨਤੀ ਕੀਤੀ।
ਉਨ੍ਹਾਂ ਕਿਹਾ ਕਿ ਇਹ ਬਿਲਕੁਲ ਢੁਕਵੀਂ ਸ਼ਰਧਾਂਜਲੀ ਹੈ ਕਿ ਸਰਕਾਰ ਇੱਕ ਅਸਾਧਾਰਣ ਅਧਿਆਤਮਕ ਗੁਰੂ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਇੱਕ ਡਾਕ ਟਿਕਟ ਜਾਰੀ ਕਰ ਰਹੀ ਹੈ।
ਇਸ ਸਮਾਰੋਹ ਵਿੱਚ ਕੇਂਦਰੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ, ਸੀਬੀਆਈ ਦੇ ਸਾਬਕਾ ਡਾਇਰੈਕਟਰ ਸ਼੍ਰੀ ਡੀਆਰ ਕਾਰਤੀਕੇਯਾਨ, ਬ੍ਰਹਮ ਕੁਮਾਰੀ ਭੈਣ ਆਸ਼ਾ, ਬ੍ਰਹਮ ਕੁਮਾਰੀ ਭੈਣ ਸ਼ਿਵਾਨੀ, ਸ਼੍ਰੀ ਮ੍ਰਿਤਯੂੰਜੈ ਤੇ ਹੋਰਨਾਂ ਨੇ ਭਾਗ ਲਿਆ। ਸਮੁੱਚੇ ਵਿਸ਼ਵ ਦੇ ਬ੍ਰਹਮ ਕੁਮਾਰੀ ਮੈਂਬਰਾਂ ਨੇ ਵੀ ਵਰਚੁਅਲੀ ਇਸ ਸਮਾਰੋਹ ’ਚ ਭਾਗ ਲਿਆ।
*****
ਐੱਮਐੱਸ/ਡੀਪੀ
(Release ID: 1711266)
Visitor Counter : 206