ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਮੰਤਰੀ ਸ੍ਰੀ ਕਿਰੇਨ ਰਿਜਿਜੂ ਵੱਲੋਂ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਜੇਤੂਆਂ ਨੂੰ ਤਮਗ਼ੇ ਭੇਟ, ਕਿਹਾ ਤਮਗ਼ਾ ਜੇਤੂਆਂ ਦੀ ਟੁਕੜੀ ਵਿੱਚੋਂ ਬਹੁਤੇ ਉਲੰਪਿਕਸ ਲਈ ਜਾ ਰਹੇ ਹਨ

Posted On: 24 MAR 2021 4:55PM by PIB Chandigarh

ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ’ਚ ਮਹਿਲਾਵਾਂ ਦੀ 25–ਮੀਟਰ ਪਿਸਤੌਲ ਫ਼ਾਈਨਲ ਲਈ ISSF ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਅੱਜ ਕੇਂਦਰੀ ਖੇਡ ਮੰਤਰੀ ਸ੍ਰੀ ਕਿਰੇਨ ਰਿਜਿਜੂ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਉਨ੍ਹਾਂ ਜੇਤੂਆਂ ਨੂੰ ਤਮਗ਼ੇ ਭੇਟ ਕੀਤੇ, ਜਿੱਥੇ ਭਾਰਤ ਨੇ ਹੀ ਹੂੰਝਾ ਫੇਰਿਆ ਅਤੇ ਚਿੰਕੀ ਯਾਦਵ ਨੇ ਸੋਨੇ ਦਾ ਤਮਗ਼ਾ ਜਿੱਤਿਆ, ਰਾਹੀ ਸਰਨੋਬਤ ਨੇ ਚਾਂਦੀ ਦਾ ਅਤੇ ਮਨੂ ਭਾਕਰ ਨੇ ਕਾਂਸੇ ਦਾ ਤਮਗ਼ਾ ਜਿੱਤਿਆ।

ਇਸ ਤੋਂ ਪਹਿਲਾਂ ਦਿਨ ’ਚ, ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਪੁਰਸ਼ਾਂ ਦੇ 50–ਮੀਟਰ ਰਾਈਫ਼ਲ 3 ਪੁਜ਼ੀਸ਼ਨ ਈਵੈਂਟ ’ਚ ਸੋਨ–ਤਮਗ਼ਾ ਜਿੱਤਿਆ। ਉਨ੍ਹਾਂ ਦੀਆਂ ਕਾਰਗੁਜ਼ਾਰੀਆਂ ਨਾਲ, ਭਾਰਤ ਨੇ ਅੱਜ ਸੋਨੇ ਦੇ 9, ਚਾਂਦੀ ਦੇ 5 ਅਤੇ ਕਾਂਸੇ ਦੇ 5 ਤਮਗ਼ੇ ਲੈ ਕੇ ਤਮਗ਼ਾ–ਸੂਚੀ ਵਿੱਚ ਆਪਦਾ ਸਿਖ਼ਰਲਾ ਸਥਾਨ ਕਾਇਮ ਕਰ ਕੇ ਰੱਖਿਆ।

ਕੋਰੋਨਾ–ਵਾਇਰਸ ਲੌਕਡਾਊਨ ਤੋਂ ਬਾਅਦ ਹੋਣ ਵਾਲੇ ਪਹਿਲੇ ਪ੍ਰਮੁੱਖ ਵਿਸ਼ਵ–ਪੱਧਰੀ ਮੁਕਾਬਲਿਆਂ ਵਿੱਚੋਂ ਇੱਕ ਇਸ ਵਿਸ਼ਵ ਕੱਪ ਵਿੱਚ ਨਿਸ਼ਾਨੇਬਾਜ਼ਾਂ ਦੀਆਂ ਕਾਰਗੁਜ਼ਾਰੀਆਂ ਲਈ ਸ੍ਰੀ ਰਿਜਿਜੂ ਨੇ ਉਨ੍ਹਾਂ ਨੂੰ ਇਹ ਆਖਦਿਆਂ ਸ਼ੁਭਕਾਮਨਾਵਾਂ ਦਿੱਤੀਆਂ,‘ਇਸ ਵਿਸ਼ਵ ਕੱਪ ਵਿੱਚ ਭਾਰਤ ਦੀ ਕਾਰਗੁਜ਼ਾਰੀ ਅਦਭੁਤ ਰਹੀ ਹੈ। ਸਾਨੂੰ ਆਪਣੇ ਨਿਸ਼ਾਨੇਬਾਜ਼ਾਂ ਤੋਂ ਬਹੁਤ ਆਸਾਂ ਸਨ ਕਿਉਂਕਿ ਮਹਾਮਾਰੀ ਦੇ ਇਸ ਸਮੁੱਚੇ ਕਾਰਜਕਾਲ ਦੌਰਾਨ ਹਰ ਸੰਭਵ ਮਦਦ ਦਿੱਤੀ ਹੈ। ਅਸੀਂ ਮਹਾਮਾਰੀ ਦੌਰਾਨ ਵੀ ਨਿਸ਼ਾਨੇਬਾਜ਼ਾਂ ਤੇ ਭਾਰਤ ’ਚ ਹੋਰ ਸਾਰੇ ਖਿਡਾਰੀਆਂ ਨੂੰ ਨਿਰੰਤਰ ਸਾਰੀਆਂ ਸਹੂਲਤਾਂ ਤੇ ਉਪਕਰਣ ਮੁਹੱਈਆ ਕਰਵਾਏ ਹਨ।’

ਖੇਡ ਮੰਤਰੀ ਨੇ ਨਿਸ਼ਾਨੇਬਾਜ਼ੀ ਦੇ ਵਿਕਾਸ ਦਾ ਵੀ ਜ਼ਿਕਰ ਕਰਦਿਆਂ ਦੱਸਿਆ ਕਿ ਭਾਰਤ ਪਿਛਲੇ ਕੁਝ ਸਾਲਾਂ ਦੌਰਾਨ ਅਨੇਕ ਸਮਾਰੋਹਾਂ ਵਿੱਚ ਕਿਵੇਂ ਨਿਰੰਤਰਤਾ ਨਾਲ ਵਧੀਆ ਕਾਰਗੁਜ਼ਾਰੀ ਵਿਖਾਉਂਦਾ ਰਿਹਾ ਹੈ। ‘ਭਾਰਤ ਦੀ ਨਿਸ਼ਾਨੇਬਾਜ਼ੀ ਦੀ ਟੀਮ ਲਈ ਬਹੁਤ ਲੰਮਾ ਸਫ਼ਰ ਰਿਹਾ ਹੈ, ਹਾਲੇ ਸਿਰਫ਼ ਕੁਝ ਸਾਲ ਪਹਿਲਾਂ ਅਸੀਂ ਸਿਰਫ਼ ਕੁਝ ਕੁ ਸਮਾਰੋਹਾਂ ਦੇ ਮੁਕਾਬਲੇ ’ਚ ਹੀ ਖੜ੍ਹਦੇ ਸਾਂ, ਅਚਾਨਕ ਭਾਰਤ ਇੱਕ ਪ੍ਰਭਾਵਸ਼ਾਲੀ ਸ਼ਕਤੀ ਬਣ ਗਿਆ। ਇਹ ਇੱਕ ਅਸਾਧਾਰਣ ਯਾਤਰਾ ਰਹੀ ਹੈ। ਸਮੁੱਚੇ ਦੇਸ਼ ਵਿੱਚ ਜਿਹੋ ਜਿਹੀਆਂ ਵਧੀਆ ਸਹੂਲਤਾਂ ਆ ਰਹੀਆਂ ਹਨ, ਖਿਡਾਰੀਆਂ ਵਿੱਚ ਜਿਹੋ ਜਿਹਾ ਉਤਸ਼ਾਹ ਤੇ ਦਿਲਚਸਪੀ ਵੇਖੀ ਜਾ ਰਹੀ ਹੈ ਅਤੇ ਸਰਕਾਰ ਹਰ ਸੰਭਵ ਮਦਦ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਇਹ ਹਰ ਚੀਜ਼ ਦਾ ਸੁਮੇਲ ਹੈ।’

ਸ੍ਰੀ ਰਿਜਿਜੂ ਦੀਆਂ ਉਲੰਪਿਕਸ ’ਚ ਨਿਸ਼ਾਨੇਬਾਜ਼ੀ ਤੋਂ ਬਹੁਤ ਉਚੇਰੀਆਂ ਆਸਾਂ ਹਨ ਤੇ ਉਹ ਮੰਨਦੇ ਹਨ ਕਿ ਟੀਮ ਵਿੱਚ ਬਹੁਤ ਸਾਰੇ ਤਮਗ਼ਾ–ਜੇਤੂ ਮੌਜੂਦ ਹਨ। ‘ਮੈਨੂੰ ਨਿਸ਼ਾਨੇਬਾਜ਼ੀ ਦੀ ਟੀਮ ਤੋਂ ਬਹੁਤ ਆਸਾਂ ਹਨ, ਅਸੀਂ ਉਲੰਪਿਕਸ ਵਿੱਚ ਬਹੁਤ ਵੱਡਾ ਦਲ ਭੇਜ ਰਹੇ ਹਾਂ। ਕੁਝ ਦਿਨ ਪਹਿਲਾਂ ਸਾਡੇ ਕੁਝ ਲੋਕ ਐਥਲੈਟਿਕਸ ਵਿੱਚ ਕੁਆਲੀਫ਼ਾਈ ਹੋਏ ਸਨ ਤੇ ਆਉਣ ਵਾਲੇ ਈਵੈਂਟਸ ਵਿੱਚ ਸਾਡੇ ਹੋਰ ਲੋਕ ਕੁਆਲੀਫ਼ਾਈ ਹੋਣਗੇ, ਇੰਝ ਅਸੀਂ ਪਹਿਲਾਂ ਹੀ ਉਲੰਪਿਕਸ ’ਚ ਭੇਜੇ ਜਾਣ ਵਾਲੇ ਮੁਕਾਬਲੇਕਾਰਾਂ ਦੇ ਪਿਛਲੇ ਰਿਕਾਰਡ ਪਾਰ ਕਰ ਚੁੱਕੇ ਹਾਂ। ਨਿਸ਼ਾਨੇਬਾਜ਼ੀ ਵਿੱਚ, ਤਮਗ਼ੇ ਦੇ ਦਾਅਵੇਦਾਰਾਂ ਵਿੱਚ ਸਾਡੇ ਐਥਲੀਟਸ ਦੀ ਗਿਣਤੀ ਸਭ ਤੋਂ ਵੱਧ ਹੋਵੇਗੀ ਤੇ ਇੱਕ ਬਹੁਤ ਵੱਡੀ ਟੀਮ ਹੋਵੇਗੀ।’

*******

ਐੱਨਬੀ/ਓਏ



(Release ID: 1707402) Visitor Counter : 92


Read this release in: English , Urdu , Hindi , Marathi