ਸੱਭਿਆਚਾਰ ਮੰਤਰਾਲਾ
ਰਾਸ਼ਟਰ ਨੇ ਅੱਜ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ
Posted On:
23 MAR 2021 7:31PM by PIB Chandigarh
ਸੱਭਿਆਚਾਰ ਮੰਤਰਾਲੇ ਨੇ ਅੱਜ 'ਸ਼ਹੀਦੀ ਦਿਵਸ' ਮੌਕੇ ਕਈ ਥਾਵਾਂ 'ਤੇ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ। ਇਸ ਮੌਕੇ ਸ਼ੁਕਰਗੁਜ਼ਾਰ ਰਾਸ਼ਟਰ ਨੇ ਬੜੇ ਮਾਣ ਨਾਲ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਬੇਮਿਸਾਲ ਹਿੰਮਤ ਅਤੇ ਸ਼ਹਾਦਤ ਨੂੰ ਯਾਦ ਕੀਤਾ।
ਇਸ ਮੌਕੇ, ਸੰਗੀਤ ਨਾਟਕ ਅਕਾਦਮੀ ਵਲੋਂ ਪੰਜਾਬ ਵਿਚਲੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਅਜਾਇਬ ਘਰ ਖਟਕੜ ਕਲਾਂ, (ਸ਼ਹੀਦ ਭਗਤ ਸਿੰਘ ਦੇ ਪਿੰਡ) ਵਿਖੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸਨਮਾਨ ਵਿੱਚ ਇੱਕ ਸਾਂਝੀ ਸ਼ਰਧਾਂਜਲੀ ਸਭਾ ਕਰਵਾਈ ਗਈ। ਸ਼੍ਰੀ ਦਮਨਜੀਤ ਸਿੰਘ ਵਲੋਂ ਸ਼ਹੀਦਾਂ ਸਬੰਧੀ ਢਾਡੀ ਵਾਰਾਂ ਦਾ ਗਾਇਨ ਕੀਤਾ ਗਿਆ ਜਦ ਕਿ ਸ਼੍ਰੀਮਤੀ ਗੁਰਮੀਤ ਬਾਵਾ (ਐਸਐਨਏ ਐਵਾਰਡੀ) ਅਤੇ ਗਲੋਰੀ ਬਾਵਾ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ। ਨਾਰਥ ਜ਼ੋਨ ਕਲਚਰਲ ਸੈਂਟਰ ਅਤੇ ਜ਼ਿਲ੍ਹਾ ਪ੍ਰਸ਼ਾਸਨ, ਲੁਧਿਆਣਾ ਵੱਲੋਂ ਉਨ੍ਹਾਂ ਦੇ ਜੱਦੀ ਘਰ ਮੁਹੱਲਾ ਨੌਘਰਾ ਵਿਖੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਜਦ ਕਿ ਇਸੇ ਤਰ੍ਹਾਂ ਦੱਖਣੀ ਕੇਂਦਰੀ ਜ਼ੋਨ ਕਲਚਰਲ ਵੱਲੋਂ ਰਾਜਗੁਰੂ ਨਗਰ ਕੌਂਸਲ ਦੇ ਸਹਿਯੋਗ ਨਾਲ ਰਾਜਗੁਰੂ ਵਾਦਾ, ਰਾਜਗੁਰੂ ਨਗਰ, ਪੁਣੇ ਵਿਖੇ ਸ਼ਹੀਦ ਰਾਜਗੁਰੂ ਦੇ ਜੱਦੀ ਘਰ ਵਿਖੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਇਸ ਮੌਕੇ ਹੋਰ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਗਏ ਜਿਨ੍ਹਾਂ ਵਿੱਚ ਸਾਹਿਤ ਅਕਾਦਮੀ ਦੁਆਰਾ ਨਵੀਂ ਦਿੱਲੀ ਵਿੱਚ ਹਿੰਦੀ ਕਵੀਆਂ ਦੀ ਇੱਕ ਮਿਲਣੀ ਕਾਰਵਾਈ ਗਈ ਜਿਸ ਵਿੱਚ ਪ੍ਰਸਿੱਧ ਕਵੀਆਂ ਸ਼੍ਰੀ ਕੁੰਵਰ ਬੇਚੈਨ ਅਤੇ ਸ਼੍ਰੀ ਲਕਸ਼ਮੀਸ਼ੰਕਰ ਵਾਜਪਾਈ ਨੇ ਭਾਗ ਲਿਆ, ਲਖਨਊ ਯੂਨੀਵਰਸਿਟੀ ਵਿਖੇ ਲਲਿਤ ਕਲਾ ਅਕਾਦਮੀ ਦੁਆਰਾ ਕਲਾਕਾਰ ਕੈਂਪ ਲਗਾਇਆ ਗਿਆ, ਪੰਡਿਤ ਦੀਨਦਿਆਲ ਉਪਾਧਿਆਏ ਸਨਾਤਨ ਧਰਮ ਵਿਦਿਆਲਿਆ ਕਾਨਪੁਰ ਵਿਖੇ ਸੁਤੰਤਰਤਾ ਸੰਗਰਾਮੀਆਂ ਦਾ ਪੋਰਟਰੇਟ ਕੈਂਪ ਅਤੇ ਨਵੀਂ ਦਿੱਲੀ ਵਿੱਚ ਸੰਗੀਤ ਨਾਟਕ ਅਕਾਦਮੀ ਦੁਆਰਾ ਵਰਚੁਅਲ ਭਗਤੀ ਮਹੋਤਸਵ ਦਾ ਆਯੋਜਨ ਕੀਤਾ ਗਿਆ।
ਭਾਰਤ ਸਰਕਾਰ ਨੇ ਭਾਰਤ ਦੀ ਆਜ਼ਾਦੀ ਦੀ 75 ਵੀਂ ਵਰੇਗੰਢ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ "ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ" ਦੇ ਤੌਰ 'ਤੇ ਢੁਕਵੇਂ ਢੰਗ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਮਹਾਉਤਸਵ ਤਹਿਤ ਵੱਖ-ਵੱਖ ਸਮਾਗਮਾਂ ਦੀਆਂ ਨੀਤੀਆਂ ਬਣਾਉਣ ਅਤੇ ਯੋਜਨਾਬੰਦੀ ਕਰਨ ਲਈ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਇੱਕ ਰਾਸ਼ਟਰੀ ਕਮੇਟੀ ਅਤੇ ਗ੍ਰਿਹ ਮੰਤਰੀ ਦੀ ਅਗਵਾਈ ਹੇਠ ਇੱਕ ਰਾਸ਼ਟਰੀ ਅਮਲ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਉਦਘਾਟਨੀ ਪ੍ਰੋਗਰਾਮ 12 ਮਾਰਚ 2021 ਨੂੰ ਸਾਬਰਮਤੀ ਆਸ਼ਰਮ ਵਿਖੇ ਆਯੋਜਿਤ ਕੀਤਾ ਗਿਆ ਸੀ, ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨੇ ਕੀਤੀ, ਜਿਥੇ ਉਨ੍ਹਾਂ ਨੇ ਗੁਜਰਾਤ ਦੇ ਸਾਬਰਮਤੀ ਆਸ਼ਰਮ, ਅਹਿਮਦਾਬਾਦ ਤੋਂ ਨਵਸਰੀ ਦੇ ਦਾਂਡੀ ਤੱਕ ਆਜ਼ਾਦੀ ਮਾਰਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਪੂਰੇ ਦੇਸ਼ ਵਿੱਚ 75 ਥਾਵਾਂ 'ਤੇ ਪ੍ਰੋਗਰਾਮ ਆਯੋਜਿਤ ਕੀਤੇ ਗਏ।
ਸਾਰੇ ਪ੍ਰੋਗਰਾਮਾਂ ਦਾ ਸੱਭਿਆਚਾਰਕ ਮੰਤਰਾਲੇ ਅਧੀਨ ਸਬੰਧਤ ਸੰਗਠਨਾਂ ਦੇ ਯੂ-ਟਿਊਬ ਚੈਨਲਾਂ 'ਤੇ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ।
***
ਐਨਬੀ / ਐਸਕੇ
(Release ID: 1707103)
Visitor Counter : 180