ਉਪ ਰਾਸ਼ਟਰਪਤੀ ਸਕੱਤਰੇਤ

ਰਾਜ ਸਭਾ ਦੇ ਚੇਅਰਮੈਨ ਨੇ ਮੈਂਬਰਾਂ ਨੂੰ ਸੰਗਠਿਤ ਅਤੇ ਸਮਾਵੇਸ਼ੀ ਭਾਰਤ ਵਾਸਤੇ ਆਵਾਜ਼ ਉਠਾਉਣ ਅਤੇ ਕੰਮ ਕਰਨ ਲਈ ਕਿਹਾ



ਸ਼੍ਰੀ ਵੈਂਕਈਆ ਨਾਇਡੂ ਨੇ ਸਿਰਫ ਰਿਕਾਰਡ ਦੇ ਲਈ ਨਹੀਂ ਬਲਕਿ ਸਰਕਾਰ ਦੀ ਸਜੱਗ ਅਤੇ ਪ੍ਰਮਾਣਿਕ ਆਲੋਚਨਾ ਦੀ ਵਕਾਲਤ ਕੀਤੀ



ਨਵੇਂ ਮੈਂਬਰਾਂ ਨੂੰ ਸਲਾਹ ਦਿੱਤੀ ਕਿ ਕੁਝ ਵਿਸ਼ੇਸ਼ ਕਰਕੇ ਦਿਖਾਉਣ ਲਈ ਉਹ ਰਾਸ਼ਟਰ ਦੀ ਸਥਿਤੀ ਨੂੰ ਜਾਣਨ



ਸ਼੍ਰੀ ਨਾਇਡੂ ਨੇ ਕਿਹਾ ਕਿ ਮਹੱਤਵਪੂਰਨ ਇਹ ਹੈ ਕਿ ਮੈਂਬਰ ਕੀ ਬੋਲਦੇ ਹਨ, ਨਾ ਕਿ ਇਹ ਕਿ ਉਹ ਕਿੰਨੀ ਦੇਰ ਤੱਕ ਬੋਲਦੇ ਹਨ



ਅਸਪਸ਼ਟ, ਦੋਹਰਾਅ ਵਾਲੇ ਵਿਚਾਰਾਂ ਦਾ ਕੋਈ ਲਾਭ ਨਹੀਂ; ਵਿਸ਼ੇਸ਼ ਅਤੇ ਨਵੇਂ ਪਰਿਪੇਖ ਸਮੇਂ ਦੇ ਪ੍ਰਬੰਧਨ ਵਿੱਚ ਸਹਾਇਤਾ ਕਰਦੇ ਹਨ



ਚੇਅਰਮੈਨ ਨੇ ਜ਼ੋਰ ਦੇ ਕੇ ਕਿਹਾ ਕਿ ਚੇਅਰ ਦੀ ਅਵੱਗਿਆ, ਸਦਨ ਦਾ ਨਿਰਾਦਰ ਹੈ



ਸ਼੍ਰੀ ਨਾਇਡੂ ਨੇ ਨਵੇਂ ਮੈਂਬਰਾਂ ਨੂੰ ਪ੍ਰਭਾਵਸ਼ਾਲੀ ਸੰਸਦ ਮੈਂਬਰ ਬਣਨ ਲਈ 12 ਸੁਝਾਅ ਦਿੱਤੇ

Posted On: 13 MAR 2021 2:09PM by PIB Chandigarh

ਰਾਜ ਸਭਾ ਦੇ ਚੇਅਰਮੈਨ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਸਦਨ ਦੇ ਨਵੇਂ ਚੁਣੇ ਮੈਂਬਰਾਂ ਨੂੰ, ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਵਜੋਂ ਸਦਨ ਦੇ ਕੰਮਕਾਜ ਅਤੇ ਰਾਸ਼ਟਰ ਨਿਰਮਾਣ ਵਿੱਚ ਵਿਲੱਖਣਤਾ ਲਿਆਉਣ ਲਈ 12 ਸੁਝਾਅ ਪੇਸ਼ ਕੀਤੇਰਾਜ ਸਭਾ ਦੇ ਨਵੇਂ ਚੁਣੇ ਮੈਂਬਰਾਂ ਲਈ ਦੋ ਦਿਨਾ ਓਰੀਐਂਟੇਸ਼ਨ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਉਨ੍ਹਾਂ ਨੇ ਸਦਨ ਦੇ ਅੰਦਰ ਅਤੇ ਬਾਹਰ, ਦੋਹਾਂ ਜਗ੍ਹਾ ਤੇ ਹੀ ਮੈਂਬਰਾਂ ਦੇ ਆਚਰਣ ਨੂੰ ਲੈ ਕੇ ਉਨ੍ਹਾਂ ਨੂੰ ਨਸੀਹਤ ਦਿੱਤੀ।

 

ਸ਼੍ਰੀ ਨਾਇਡੂ ਨੇ ਜ਼ੋਰ ਦੇ ਕੇ ਕਿਹਾ ਕਿ ਸਮੇਂ ਦੀ ਸਰਕਾਰ ਦੀ ਆਲੋਚਨਾ ਸਿਰਫ ਰਿਕਾਰਡ ਦੇ ਲਈ ਹੀ ਹੋਣ ਦੀ ਬਜਾਏ ਸਜੱਗ ਅਤੇ ਭਰੋਸੇਮੰਦ ਹੋਣੀ ਚਾਹੀਦਾ ਹੈ। ਉਨਾਂ ਕਿਹਾ; “ਵਿਰੋਧੀ ਧਿਰ ਨੂੰ ਸਰਕਾਰ ਦੀ ਆਲੋਚਨਾ ਕਰਨ ਦਾ ਅਧਿਕਾਰ ਹੈ। ਅਸਲ ਵਿੱਚ, ਇਹ ਉਨ੍ਹਾਂ ਦਾ ਫਰਜ਼ ਹੈ ਪਰ ਆਲੋਚਨਾ ਸਜੱਗ ਹੋਣੀ ਚਾਹੀਦੀ ਹੈ ਤਾਂ ਕਿ ਇਹ ਭਰੋਸੇਯੋਗ ਲੱਗੇ। ਕੇਵਲ ਰਿਕਾਰਡ ਵਾਸਤੇ ਹੀ ਸਰਕਾਰ ਦੇ ਹਰ ਕਦਮ ਦਾ ਵਿਰੋਧ ਕਰਨ ਨਾਲ ਆਲੋਚਨਾ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਦਾ ਹੈ। ਆਲੋਚਨਾ ਦੀ ਗੁਣਵੱਤਾ ਵਾਸਤਵ ਵਿੱਚ ਸਮੇਂ ਦੀ ਸਰਕਾਰ ਨੂੰ ਪ੍ਰੇਰਿਤ ਕਰਨ ਵਾਲੀ ਹੋਣੀ ਚਾਹੀਦੀ ਹੈ ਅਤੇ ਉਸ ਉੱਤੇ ਮੀਡੀਆ ਤੇ ਲੋਕਾਂ ਦਾ ਧਿਆਨ ਜਾਣਾ ਚਾਹੀਦਾ ਹੈ

 

ਰਾਸ਼ਟਰ ਦੇ ਕਾਇਆ-ਕਲਪ ਲਈ ਪ੍ਰਭਾਵਸ਼ਾਲੀ ਯੋਗਦਾਨ ਪਾਉਣ ਵਾਸਤੇ ਇਸ ਦੀ ਸਥਿਤੀ ਬਾਰੇ ਡੂੰਘਾ ਗਿਆਨ ਪ੍ਰਾਪਤ ਕਰਨ ਦੀ ਤਾਕੀਦ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ; “ਜਾਤੀ, ਰੰਗ, ਖੇਤਰ ਅਤੇ ਧਰਮ ਦੇ ਅਧਾਰ 'ਤੇ ਵੰਡ ਪਾਉਣ ਦੀਆਂ ਕੋਸ਼ਿਸ਼ਾਂ 'ਤੇ ਰੋਕ ਲਗਾਉਂਦਿਆਂ ਸਾਡੇ ਬਹੁ-ਸੱਭਿਆਚਾਰਕ ਸਮਾਜ ਦੀ ਏਕਤਾ ਅਤੇ ਸਮਾਵੇਸ਼ਤਾ ਨੂੰ ਸੁਨਿਸ਼ਚਿਤ ਕਰਨਾ ਅਤੇ ਹੋਰ ਮਜ਼ਬੂਤ ਕਰਨਾ ਤੁਹਾਡਾ ਫਰਜ਼ ਹੈ। ਤੁਹਾਡੇ ਵਿੱਚੋਂ ਹਰੇਕ ਨੂੰ ਆਕਾਂਖੀ, ਉਦਭਵ, ਸਮਰੱਥ, ਨਿਮਰ ਅਤੇ ਸੰਯੁਕਤ ਭਾਰਤ ਦੇ ਬੁਲਾਰੇ ਵਜੋਂ ਉੱਭਰ ਕੇ ਆਉਣਾ ਚਾਹੀਦਾ ਹੈ।” ਉਨ੍ਹਾਂ ਨੇ ਮੈਂਬਰਾਂ ਨੂੰ ਦੇਸ਼ ਦੀ ਪ੍ਰਗਤੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਬਾਰੇ ਵੀ ਸਾਵਧਾਨ ਕੀਤਾ ਜਿਨ੍ਹਾਂ ਦੀ ਆਵਾਜ਼ ਸਰਹੱਦ ਕੋਲ ਹੋ ਰਹੀਆਂ ਹੁੱਲੜਬਾਜ਼ੀਆਂ, ਛੋਟੀਆਂ-ਮੋਟੀਆਂ ਘਟਨਾਵਾਂ ਦੇ ਅਧਾਰ ਤੇ ਦੇਸ਼ ਦੀ ਗ਼ਲਤ ਆਲੋਚਨਾ ਦੇ ਰੂਪ ਵਿੱਚ ਗਲੋਬਲ ਵਿਵਸਥਾ ਵਿੱਚ ਜਗ੍ਹਾ ਤਲਾਸ਼ ਰਹੀ ਹੈ, ਜਿਸ ਕਾਰਨ ਸਾਡੇ ਲੋਕਤੰਤਰ ਦੀ ਸਾਖ ਖਰਾਬ ਹੋ ਰਹੀ ਹੈ, ਆਰਥਿਕ ਪ੍ਰਤਿਬੰਧਾਂ ਅਤੇ ਸਰਹੱਦ ਪਾਰ ਆਤੰਕਵਾਦ ਨੂੰ ਉਤਸ਼ਾਹ ਮਿਲ ਰਿਹਾ ਹੈ। ਉਨ੍ਹਾਂ ਨੇ ਮੈਂਬਰਾਂ ਨੂੰ ਹਰ ਫੋਰਮ ਤੇ ਅਜਿਹੀਆਂ ਕੋਸ਼ਿਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਦੀ ਤਾਕੀਦ ਕੀਤੀ। ਸ਼੍ਰੀ ਨਾਇਡੂ ਨੇ ਮੈਂਬਰਾਂ ਨੂੰ ਇਸ ਪ੍ਰਕਾਰ ਦੇ ਖਤਰੇ ਪ੍ਰਤੀ ਹਰ ਸਮੇਂ ਸੁਚੇਤ ਰਹਿ ਕੇ ਦੇਸ਼ ਦੀ ਅਖੰਡਤਾ ਅਤੇ ਪ੍ਰਭੂਸੱਤਾ ਦੀ ਰੱਖਿਆ ਕਰਨ ਪ੍ਰਤੀ ਉਨ੍ਹਾਂ ਦਾ ਫਰਜ਼ ਵੀ ਯਾਦ ਦਿਵਾਇਆ।

 

ਸਦਨ ਵਿੱਚ ਸਮਾਂ ਪ੍ਰਬੰਧਨ ਦੀਆਂ ਚੁਣੌਤੀਆਂ ਬਾਰੇ ਵਿਸਤਾਰ ਨਾਲ ਚਰਚਾ ਕਰਦਿਆਂ ਸ਼੍ਰੀ ਨਾਇਡੂ ਨੇ ਜ਼ੋਰ ਦੇ ਕੇ ਕਿਹਾ ਕਿ ਵਿਚਾਰ ਪ੍ਰਗਟ ਕਰਨ ਦੇ ਸਮੇਂ ਦੀ ਲੰਬਾਈ ਨਹੀਂ ਬਲਕਿ ਪੇਸ਼ ਕੀਤੇ ਗਏ ਕੰਟੈਂਟ ਅਤੇ ਪਰਿਪੇਖ ਮਹੱਤਵਪੂਰਨ ਹਨ। ਉਨ੍ਹਾਂ ਨੇ ਮੈਂਬਰਾਂ ਨੂੰ ਤਾਕੀਦ ਕੀਤੀ ਕਿ ਉਹ ਦੋਹਰਾਅ ਤੋਂ ਪਰਹੇਜ਼ ਕਰਨ ਜੋ ਕਿ ਮੀਡੀਆ ਦੀ ਦਿਲਚਸਪੀ ਨੂੰ ਵੀ ਖਤਮ ਕਰਦੇ ਹਨ ਅਤੇ ਇਸ ਦੀ ਬਜਾਏ ਗੱਲ ਦੀ ਵਿਸ਼ਿਸ਼ਟਤਾ ਉੱਤੇ ਧਿਆਨ ਦੇਣਉਨ੍ਹਾਂ ਨੇ ਦਿਨ ਦੀ ਕਾਰਵਾਈ ਮੁਲਤਵੀ ਕਰਨ ਲਈ ਨਿਯਮ 267 ਦੇ ਤਹਿਤ ਨੋਟਿਸ ਦੇਣ ਅਤੇ ਉਠਾਇਆ ਜਾਣ ਵਾਲਾ ਕੋਈ ਵੀ ਨੁਕਤਾ ਨਾ ਹੋਣ ਤੇ ਵੀ ਪੁਆਇੰਟ ਆਵ੍ ਆਰਡਰ, ਜੋ ਕਿ ਸਾਰੇ ਵਿਘਨਾਂ ਦਾ ਪ੍ਰਮੁੱਖ ਕਾਰਣ ਬਣਦਾ ਹੈ, ਨੂੰ ਉਠਾਉਣ ਤੋਂ ਬਚਣ ਦਾ ਸੁਝਾਅ ਦਿੱਤਾ।

 

ਚੇਅਰਮੈਨ ਨੇ ਮੈਂਬਰਾਂ ਨੂੰ ਸਦਨ ਵਿੱਚ ਮੁੱਦੇ ਉਠਾਉਣ ਤੋਂ ਪਹਿਲਾਂ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਜੁਟਾਉਣ ਦੀ ਤਾਕੀਦ ਕੀਤੀ ਤਾਂ ਕਿ ਜਟਿਲ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕਰਦੇ ਸਮੇਂ ਉਨ੍ਹਾਂ ਦੀਆਂ ਗੱਲਾਂ ਅਸਪਸ਼ਟ ਨਾ ਹੋਣ

 

ਚੇਅਰਮੈਨ ਸ਼੍ਰੀ ਨਾਇਡੂ ਨੇ ਦੇਸ਼ ਵਿੱਚ ਵਿਧਾਨ ਸਭਾਵਾਂ ਦੇ ਕੰਮਕਾਜ ਬਾਰੇ ਲੋਕਾਂ ਵਿੱਚ ਵਧਦੇ 'ਨਕਾਰਾਤਮਕ ਧਾਰਨਾ ਅਨੁਪਾਤ' ਬਾਰੇ ਸਰੋਕਾਰ ਪ੍ਰਗਟ ਕਰਦਿਆਂ ਮੈਂਬਰਾਂ ਨੂੰ ਤਾਕੀਦ ਕੀਤੀ ਕਿ ਉਹ ਸਦਨ ਦੇ ਵਿਸਤ੍ਰਿਤ ਨਿਯਮਾਂ ਅਤੇ ਪਰੰਪਰਾਵਾਂ, ਜੋ ਕਿ ਸਦਨ ਦੇ ਕੰਮ-ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਲਾਂ ਦੌਰਾਨ ਵਿਕਸਿਤ ਹੋਏ ਹਨ, ਦੀ ਪਾਲਣਾ ਕਰਨ। ਉਨ੍ਹਾਂ ਅੱਗੇ ਕਿਹਾ; “ਇਨ੍ਹਾਂ ਨਿਯਮਾਂ ਵਿੱਚ ਹਰ ਅਚਨਚੇਤਤਾ ਦੇ ਲਈ ਵਿਵਸਥਾ ਹੈ। ਰਾਜ ਸਭਾ ਵਿੱਚ ਮੇਰੇ 20 ਸਾਲ ਅਤੇ ਇਸ ਦੇ ਚੇਅਰਮੈਨ ਵਜੋਂ ਸਾਢੇ ਤਿੰਨ ਸਾਲ ਦੌਰਾਨ ਮੈਂ ਕਦੇ ਵੀ ਅਜਿਹੀ ਸਥਿਤੀ ਨਹੀਂ ਵੇਖੀ ਜਦੋਂ ਸਦਨ ਵਿੱਚ ਪ੍ਰੋਸੀਜਰਲ ਮਾਮਲਿਆਂ ਦੇ ਸਮਾਧਾਨ ਲਈ ਨਿਯਮਾਂ ਦੀ ਘਾਟ ਮਹਿਸੂਸ ਕੀਤੀ ਗਈ ਹੋਵੇ

 

ਇਹ ਦੱਸਦੇ ਹੋਏ ਕਿ ਮੈਂਬਰਾਂ ਨੂੰ ਨਿਯਮਾਂ ਅਤੇ ਰਵਾਇਤਾਂ ਅਨੁਸਾਰ ਸਦਨ ਵਿੱਚ ਉਨ੍ਹਾਂ ਦਾ ਹੱਕ ਮੰਗਣਾ ਚਾਹੀਦਾ ਹੈ ਅਤੇ ਪਰਿਜ਼ਾਈਡਿੰਗ ਅਫਸਰ ਉਨ੍ਹਾਂ ਦੇ ਕਸਟੋਡੀਅਨ ਹਨ, ਸ਼੍ਰੀ ਨਾਇਡੂ ਨੇ ਕਿਹਾ ਕਿ ਆਖ਼ਰਕਾਰ ਚੇਅਰ ਦੇ ਫੈਸਲੇ ਦੀ ਪਾਲਣਾ ਕਰਨਾ ਮੈਂਬਰਾਂ ਅਤੇ ਸਦਨ ਦੇ ਹਿੱਤ ਵਿੱਚ ਹੀ ਹੁੰਦਾ ਹੈ। ਉਨ੍ਹਾਂ ਕਿਹਾ; “ਤੁਹਾਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਕੁਰਸੀ ਦੀ ਅਣਦੇਖੀ ਕਰਨਾ ਸਦਨ ​​ਦਾ ਨਿਰਾਦਰ ਕਰਨ ਦੇ ਬਰਾਬਰ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਅਜਿਹਾ ਨਹੀਂ ਕਰਨਾ ਚਾਹੋਗੇ।”

 

ਚੇਅਰਮੈਨ ਨੇ ਮੈਂਬਰਾਂ ਨੂੰ ਸੰਵਿਧਾਨ ਦੇ ਪ੍ਰਾਵਧਾਨਾਂ ਅਤੇ ਫਿਲਾਸਫੀ ਨੂੰ ਪੂਰੀ ਤਰ੍ਹਾਂ ਸਮਝਣ ਦੀ ਤਾਕੀਦ ਕੀਤੀ ਜਿਸ ਨਾਲ ਮੈਂਬਰਾਂ ਨੂੰ ਅਪ੍ਰੇਸ਼ਨਲ ਮੈਟਰਿਕਸ ਉਪਲੱਬਧ ਹੋਣ ਤੋਂ ਇਲਾਵਾ, ਦੇਸ਼ ਦੇ ਸਮਾਜਿਕ-ਆਰਥਿਕ ਬਦਲਾਅ ਲਈ ਰਾਹ ਵੀ ਪੱਧਰਾ ਹੁੰਦਾ ਹੈ। ਉਨ੍ਹਾਂ ਰਾਜ ਸਭਾ ਦੀ ਭੂਮਿਕਾ ਅਤੇ ਵਿਕਾਸ ਬਾਰੇ ਉਚਿਤ ਗਿਆਨ ਦੀ ਜ਼ਰੂਰਤ ਅਤੇ ਬਿਨਾ ਕਿਸੇ ਵਿਘਨ ਦੇ, ਆਜ਼ਾਦੀ ਦੇ ਬਾਅਦ ਤੋਂ ਦੇਸ਼ ਦੇ ਵਿਕਾਸ ਲਈ ਸਾਂਝੇ ਵਿਜ਼ਨ ਦੇ ਅਧਾਰ ਤੇ ਲੋਕ ਸਭਾ ਦੇ ਨਾਲ ਇਸਦੇ ਤਾਲਮੇਲ ਸਹਿਤ ਕੰਮਕਾਜ ਦਾ ਵੀ ਉੱਲੇਖ ਕੀਤਾ। ਉਨ੍ਹਾਂ ਨੇ ਮੈਂਬਰਾਂ ਨੂੰ ਉਨ੍ਹਾਂ ਦੇ ਕੰਮਕਾਜ ਵਿੱਚ ਸਹਾਇਤਾ ਲਈ ਸੂਚਨਾ ਟੈਕਨੋਲੋਜੀ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਟੈਕਨੋਲੋਜੀ ਦੀ ਸੂਝ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।

 

ਇਹ ਦੇਖਦੇ ਹੋਏ ਕਿ ਦੇਸ਼ ਦੇ ਜਨਤਕ ਖੇਤਰ ਵਿੱਚ ਵਿਧਾਨ-ਮੰਡਲ ਦਾ ਮੈਂਬਰ ਬਣਨਾ ਸਭ ਤੋਂ ਲੋਕ-ਪ੍ਰਿਯ ਕਾਰਜ ਹੈ ਜੋ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਪ੍ਰਵੇਸ਼ ਕਰਨ ਤੋਂ ਵੀ ਅਧਿਕ ਕਠਿਨ ਹੈ, ਚੇਅਰਮੈਨ ਸ਼੍ਰੀ ਨਾਇਡੂ ਨੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਤਾਕੀਦ ਕੀਤੀ ਕਿ ਉਹ ਖੁਦ ਨੂੰ ਪ੍ਰਭਾਵਸ਼ਾਲੀ ਸੰਸਦ ਮੈਂਬਰ ਵਜੋਂ ਢਾਲ ਕੇ ਰਾਸ਼ਟਰ ਦੀ ਪ੍ਰਗਤੀ ਵਿੱਚ ਯੋਗਦਾਨ ਦੇਣ ਦੇ ਮੌਕੇ ਦਾ ਲਾਭ ਉਠਾਉਣ।

 

ਇਸ ਮੌਕੇ ਤੇ ਰਾਜ ਸਭਾ ਦੇ ਉਪ ਚੇਅਰਮੈਨ ਸ਼੍ਰੀ ਹਰਿਵੰਸ਼, ਰਾਜ ਸਭਾ ਦੇ ਨਵੇਂ ਚੁਣੇ / ਨਾਮਜ਼ਦ ਮੈਂਬਰ, ਸਕੱਤਰ ਜਨਰਲ, ਸ਼੍ਰੀ ਦੇਸ਼ ਦੀਪਕ ਵਰਮਾ, ਸਕੱਤਰ, ਡਾ ਪੀਪੀਕੇ ਰਾਮਚਾਰਯੁਲੁ ਅਤੇ ਰਾਜ ਸਭਾ ਸਕੱਤਰੇਤ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

 

ਉਪ ਰਾਸ਼ਟਰਪਤੀ ਦਾ ਭਾਸ਼ਣ ਪੜ੍ਹਨ ਦੇ ਲਈ ਇੱਥੇ ਕਲਿੱਕ ਕਰੋ

 

 

*****

 

ਐੱਮਐੱਸ / ਆਰਕੇ / ਡੀਪੀ



(Release ID: 1704647) Visitor Counter : 271