ਰਾਸ਼ਟਰਪਤੀ ਸਕੱਤਰੇਤ
ਅੰਨਾ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦਾ ਸੰਬੋਧਨ
Posted On:
11 MAR 2021 2:15PM by PIB Chandigarh
ਵਣਕਮ!
இந்த மதிப்புமிக்க பல்கலைக்கழகத்தின் பட்டமளிப்பு விழாவில் உங்களைப்போன்ற உற்சாகமான மாணவர்களிடையே இருப்பதில் நான் பெருமகிழ்ச்சி அடைகிறேன். இன்று பட்டம் பெற்ற எனது இளம் நண்பர்களுக்கு குறிப்பாக அவர்களின் சிறப்பான செயல்திறன் மற்றும் கல்வி திறனுக்காக பதக்கங்களை வென்றவர்களுக்கு எனது மனமார்ந்த வாழ்த்துக்கள்.
[ਇਸ ਵੱਕਾਰੀ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਦੇ ਮੌਕੇ ਉੱਤੇ ਉਤਸ਼ਾਹੀ ਵਿੱਦਿਆਰਥੀਆਂ ਦੇ ਵਿੱਚ ਖੜ੍ਹੇ ਹੋਣਾ ਮੇਰੇ ਲਈ ਸੱਚਮੁੱਚ ਬਹੁਤ ਖੁਸ਼ੀ ਦੀ ਗੱਲ ਹੈ। ਅੱਜ ਆਪਣੀਆਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਮੇਰੇ ਨੌਜਵਾਨ ਮਿੱਤਰਾਂ ਨੂੰ ਤਹਿ ਦਿਲੋਂ ਵਧਾਈਆਂ, ਖ਼ਾਸ ਕਰਕੇ ਉਨ੍ਹਾਂ ਨੂੰ ਜਿਨ੍ਹਾਂ ਨੇ ਆਪਣੇ ਹੋਣਹਾਰ ਪ੍ਰਦਰਸ਼ਨ ਅਤੇ ਅਕਾਦਮਿਕ ਉੱਤਮਤਾ ਲਈ ਤਗਮੇ ਜਿੱਤੇ ਹਨ।]
ਅੰਨਾ ਯੂਨੀਵਰਸਿਟੀ ਨੂੰ ਤਮਿਲ ਨਾਡੂ ਦੀ ਇਸ ਧਰਤੀ ਵਿਖੇ ਸਥਿਤ ਹੋਣ ਦਾ ਅਸ਼ੀਰਵਾਦ ਹੈ ਜੋ ਰਾਜ ਪ੍ਰਾਚੀਨ ਸਮੇਂ ਤੋਂ ਗਿਆਨ ਅਤੇ ਸਿੱਖਣ ਦਾ ਗੜ੍ਹ ਰਿਹਾ ਹੈ। ਸੰਗਮ ਸਾਹਿਤ ਦੇ ਰੂਪ ਵਿੱਚ ਸਦੀਆਂ ਤੋਂ ਫੈਲੀ ਲੰਮੀ ਸਾਹਿਤਕ ਪਰੰਪਰਾ ਸਾਰੇ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ, ਕਿਉਂਕਿ ਇਹ ਸਾਡੇ ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ। ਇਸ ਸਾਹਿਤ ਦੀਆਂ ਕਵਿਤਾਵਾਂ ਦੇ ਸੰਗਰਿਹਾਂ ਦੀ ਪਾਠਕਾਂ ਅਤੇ ਵਿਦਵਾਨਾਂ ਦੁਆਰਾ ਵਿਸ਼ਵਵਿਆਪੀ ਤੌਰ ’ਤੇ ਪ੍ਰਸ਼ੰਸਾ ਕੀਤੀ ਗਈ ਹੈ। ਇਸ ਦੇ ਪ੍ਰਾਚੀਨ ਸਾਹਿਤ ਵਿੱਚ ਰਚੇ ਹੋਏ ਮੂਲਪਾਠ ਦੀ ਪੁਰਾਤਨਤਾ ਦੇ ਨਾਲ, ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਤਮਿਲ ਭਾਸ਼ਾ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ।
ਸੱਜਣੋ,
ਗਿਆਨ ਧਨ ਹੈ, ਅਤੇ ਇਹ ਧਨ ਦੇ ਸਾਰੇ ਰੂਪਾਂ ਵਿੱਚੋਂ ਸਭ ਤੋਂ ਉੱਤਮ ਹੈ। ਜਿਵੇਂ ਕਿ ਮਸ਼ਹੂਰ ਕਹਾਵਤ ਵਿਆਖਿਆ ਕਰਦੀ ਹੈ ਕਿ ਇਸ ਨੂੰ ਚੋਰਾਂ ਦੁਆਰਾ ਚੋਰੀ ਨਹੀਂ ਕੀਤਾ ਜਾ ਸਕਦਾ, ਇਸ ਨੂੰ ਰਾਜਿਆਂ ਦੁਆਰਾ ਕਬਜ਼ਾਇਆ ਨਹੀਂ ਜਾ ਸਕਦਾ, ਇਸ ਨੂੰ ਭਰਾਵਾਂ ਵਿੱਚ ਵੰਡਿਆ ਨਹੀਂ ਜਾ ਸਕਦਾ, ਅਤੇ ਇਸ ਨੂੰ ਚੁੱਕਣ ਦਾ ਵੀ ਕੋਈ ਭਾਰ ਨਹੀਂ ਹੈ। ਇਸ ਨੂੰ ਜਿੰਨਾ ਖਰਚਿਆ ਜਾਂਦਾ ਹੈ, ਇਹ ਉੱਨਾ ਵੱਧ ਪ੍ਰਫੁੱਲਤ ਹੁੰਦਾ ਹੈ। ਇਸ ਲਈ ਗਿਆਨ ਦੀ ਦੌਲਤ ਹਰ ਕਿਸਮ ਦੀ ਦੌਲਤ ਵਿੱਚੋਂ ਸਭ ਤੋਂ ਅਹਿਮ ਹੈ।
ਗਿਆਨ ਉਹ ਬੁਨਿਆਦ ਹੈ ਜਿਸ ਉੱਤੇ ਹਰੇਕ ਵਿਅਕਤੀ ਦੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਮੈਂ ਪਹਿਲਾਂ ਵੀ ਕਿਹਾ ਹੈ ਅਤੇ ਦੁਹਰਾਉਣਾ ਚਾਹਾਂਗਾ ਕਿ ਸਿੱਖਿਆ ਤਬਦੀਲੀ ਲਈ ਉਤਪ੍ਰੇਰਕ ਹੈ ਅਤੇ ਨੌਜਵਾਨ ਸਮਾਜਿਕ ਪਰਿਵਰਤਨ ਦਾ ਸਭ ਤੋਂ ਪ੍ਰਭਾਵਸ਼ਾਲੀ ਏਜੰਟ ਹੁੰਦੇ ਹਨ। ਪੜ੍ਹੇ ਲਿਖੇ ਨੌਜਵਾਨ, ਸਹੀ ਦਿਸ਼ਾ ਪ੍ਰਦਾਨ ਕਰਕੇ ਇਤਿਹਾਸ ਦੀ ਪ੍ਰਕਿਰਿਆ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆ ਸਕਦੇ ਹਨ।
ਰਾਸ਼ਟਰੀ ਸਿੱਖਿਆ ਨੀਤੀ 2020 ਦਾ ਉਦੇਸ਼ ਇਸ ਨੂੰ ਪ੍ਰਾਪਤ ਕਰਨਾ ਹੈ। ਪਿਛਲੇ ਸਾਲ, ਮੈਨੂੰ ਕੇਂਦਰੀ ਯੂਨੀਵਰਸਿਟੀਆਂ ਅਤੇ ਉੱਚ ਸਿੱਖਿਆ ਸੰਸਥਾਵਾਂ ਦੇ ਵਿਜ਼ਿਟਰਾਂ ਅਤੇ ਵਾਈਸ ਚਾਂਸਲਰਾਂ ਨਾਲ ਸਾਡੇ ਦੇਸ਼ ਦੇ ਵਿਦਿਅਕ ਦ੍ਰਿਸ਼ ਅਤੇ ਨਵੀਂ ਨੀਤੀ ਨੂੰ ਲਾਗੂ ਕਰਨ ਦੇ ਲਈ ਵਿਚਾਰ ਵਟਾਂਦਰੇ ਕਰਨ ਦਾ ਮੌਕਾ ਮਿਲਿਆ। ਨਵੀਂ ਨੀਤੀ ਅਜੋਕੇ ਵਿਕਾਸ ਦੀਆਂ ਜਰੂਰਤਾਂ ਲਈ ਢੁੱਕਵੀਂ ਖੋਜ, ਹੁਨਰ ਅਤੇ ਸਿਆਣਪ ਦੇ ਅਧਾਰ ’ਤੇ ਇੱਕ ਆਧੁਨਿਕ ਸਿੱਖਿਆ ਪ੍ਰਣਾਲੀ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਦੇ ਨਾਲ ਹੀ, ਇਹ ਇਸ ਦੇ ਕਾਰਜ ਖੇਤਰ ਦੇ ਅੰਦਰ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਭਵਿੱਖ ਦੇ ਨਜ਼ਰੀਏ ਦੇ ਅਨੁਸਾਰ ਸ਼ਾਮਲ ਕਰੇਗੀ। ਇਹ ਨੀਤੀ ਨੈਤਿਕ ਕਦਰਾਂ ਕੀਮਤਾਂ ਨੂੰ ਵਧਾਉਣ ਅਤੇ ਭਾਰਤੀ ਸੱਭਿਆਚਾਰ ਦੀ ਸਮਝ ਨੂੰ ਹੁਲਾਰਾ ਦੇਣ ’ਤੇ ਕੇਂਦ੍ਰਿਤ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਨੀਤੀ ਦੇ ਲਾਗੂ ਹੋਣ ਨਾਲ ਆਧੁਨਿਕ ਸਿੱਖਿਆ ਦੇ ਯੁੱਗ ਦੀ ਸ਼ੁਰੂਆਤ ਹੋਵੇਗੀ। ਇਹ ਖੋਜਕਰਤਾਵਾਂ ਅਤੇ ਪੇਸ਼ੇਵਰਾਂ ਦੀ ਇੱਕ ਬ੍ਰਿਗੇਡ ਤਿਆਰ ਕਰੇਗੀ ਜੋ ਸਾਡੇ ਦੇਸ਼ ਨੂੰ ਵਿਕਾਸ ਦੀਆਂ ਮਹਾਨ ਸਿਖਰਾਂ ’ਤੇ ਲੈ ਜਾਏਗੀ, ਜੋ ਕਿ ਸਾਡੀਆਂ ਰਾਸ਼ਟਰੀ ਇੱਛਾਵਾਂ ਨੂੰ ਪੂਰਾ ਕਰੇਗੀ।
ਇਹ ਜਾਣ ਕੇ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਅੱਜ ਮੈਂ ਇੱਕ ਅਜਿਹੀ ਯੂਨੀਵਰਸਿਟੀ ਵਿੱਚ ਖੜ੍ਹਾ ਹਾਂ ਜੋ ਤਕਨੀਕੀ ਸਿੱਖਿਆ ਦਾ ਕੇਂਦਰ ਹੈ। ਇਹ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਤਕਨੀਕੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ, ਜੋ ਸਮਾਜ ਦੀਆਂ ਮੌਜੂਦਾ ਅਤੇ ਅਨੁਮਾਨਤ ਜ਼ਰੂਰਤਾਂ ਦੇ ਅਨੁਕੂਲ, ਇੰਜੀਨੀਅਰਿੰਗ, ਟੈਕਨੋਲੋਜੀ, ਆਰਕੀਟੈਕਚਰ ਅਤੇ ਅਪਲਾਈਡ ਸਾਇੰਸਿਜ਼ ਵਿੱਚ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਦੀ ਪੇਸ਼ਕਸ਼ ਕਰਦੀ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇਸ ਯੂਨੀਵਰਸਿਟੀ ਦੇ ਸਭ ਤੋਂ ਪੁਰਾਣੇ ਕਾਲਜ ਨੇ ਮਈ 1794 ਦੀਆਂ ਗਰਮੀਆਂ ਵਿੱਚ ਸਕੂਲ ਆਫ਼ ਸਰਵੇ ਦੇ ਰੂਪ ਵਿੱਚ ਨਿਮਾਣੀ ਸ਼ੁਰੂਆਤ ਕੀਤੀ। ਸਾਲਾਂ ਤੋਂ ਇਹ ਗੁੰਦੀ ਕਾਲੇਜ ਆਵ੍ ਇੰਜੀਨੀਅਰਿੰਗ ਨਾਂ ਦਾ ਪ੍ਰਸਿੱਧ ਕਾਲਜ ਬਣ ਗਿਆ ਜਿਸਨੇ ਪਿਛਲੇ ਸਾਲ ਆਪਣੀ 225 ਵੀਂ ਵਰ੍ਹੇਗੰਢ ਮਨਾਈ। ਉਸ ਸ਼ੁਰੂਆਤ ਤੋਂ ਹੀ ਇਹ ਸ਼ਾਨਦਾਰ ਅਕਾਦਮਿਕ ਸੰਸਥਾਵਾਂ ਦਾ ਵੱਡਾ ਸਮੂਹ ਬਣ ਗਿਆ ਹੈ ਜਿਸ ਵਿੱਚ ਚਾਰ ਯੂਨੀਵਰਸਿਟੀ ਵਿਭਾਗਾਂ ਦੇ ਕੈਂਪਸ ਹਨ, 13 ਸੰਵਿਧਾਨਕ ਕਾਲਜ ਹਨ, ਜਿਸ ਦੇ ਤਿਰੂਨੇਲਵੇਲੀ, ਮਦੁਰਾਈ ਅਤੇ ਕੋਇੰਬਟੂਰ ਵਿਖੇ ਤਿੰਨ ਖੇਤਰੀ ਕੈਂਪਸ ਹਨ ਅਤੇ 550 ਤੋਂ ਵੱਧ ਐਫੀਲੀਏਟਡ ਕਾਲਜ ਹਨ। ਸਿਰਫ ਗਿਣਤੀ ਵਿੱਚ ਹੀ ਨਹੀਂ, ਗੁਣਵਤਾ ਵਿੱਚ ਵੀ, ਅੰਨਾ ਯੂਨੀਵਰਸਿਟੀ ਸਿੱਖਿਆ ਦੇ ਖੇਤਰ ਵਿੱਚ ਪ੍ਰਭਾਵਸ਼ਾਲੀ ਯੋਗਦਾਨ ਪਾ ਰਹੀ ਹੈ। ਇਸੇ ਲਈ ਇਹ ਕਿਊਐੱਸ ਵਰਲਡ ਅਤੇ ਐੱਨਆਈਆਰਐੱਫ਼ ਰੈਂਕਿੰਗ ਵਿੱਚ ਚੋਟੀ ਦੇ ਅਦਾਰਿਆਂ ਵਿੱਚ ਸ਼ਾਮਲ ਹੈ।
ਇੱਥੋਂ ਤੱਕ ਕਿ ਪਿਛਲੇ ਸਾਲਾਂ ਦੌਰਾਨ ਵਿੱਦਿਆਰਥੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਸਭ ਤੋਂ ਵੱਧ ਹੌਸਲਾ ਦੇਣ ਵਾਲੀ ਗੱਲ ਇਹ ਹੈ ਕਿ ਇਹ ਯੂਨੀਵਰਸਿਟੀ ਸਿੱਖਿਆ ਦੁਆਰਾ ਲਿੰਗਕ ਸਸ਼ਕਤੀਕਰਨ ਦੀ ਗਵਾਹੀ ਭਰਦੀ ਆ ਰਹੀ ਹੈ ਅਤੇ ਇਹ ਇਸ ਯੂਨੀਵਰਸਿਟੀ ਵਿੱਚ ਔਰਤ ਵਿੱਦਿਆਰਥੀਆਂ ਦੀ ਸੰਖਿਆ ਵਿੱਚ ਦਰਸਾਉਂਦਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਅੱਜ ਅੰਡਰ-ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਪੀਐੱਚਡੀ ਪੱਧਰ ’ਤੇ ਇੱਕ ਲੱਖ ਤੋਂ ਵੱਧ ਉਮੀਦਵਾਰ ਡਿਗਰੀਆਂ ਪ੍ਰਾਪਤ ਕਰ ਰਹੇ ਹਨ, ਜਿਨ੍ਹਾਂ ਵਿੱਚੋਂ ਲਗਭਗ 45 ਫੀਸਦੀ ਮਹਿਲਾਵਾਂ ਹਨ। ਇਹ ਜਾਣਨਾ ਮੇਰੇ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਕੁੱਲ ਵਿੱਦਿਆਰਥੀ ਜਿਨ੍ਹਾਂ ਨੂੰ ਸੋਨੇ ਦੇ ਤਮਗੇ ਅਤੇ ਪਹਿਲੀ ਸ਼੍ਰੇਣੀ ਦੀਆਂ ਡਿਗਰੀਆਂ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿੱਚੋਂ 60 ਫੀਸਦੀ ਤੋਂ ਵਧੇਰੇ ਮਹਿਲਾਵਾਂ ਹਨ। ਮੈਨੂੰ ਦੱਸਿਆ ਗਿਆ ਹੈ ਕਿ ਜਿਨ੍ਹਾਂ 66 ਵਿੱਦਿਆਰਥੀਆਂ ਨੇ ਸੋਨੇ ਦੇ ਤਮਗੇ ਜਿੱਤੇ ਹਨ, ਉਨ੍ਹਾਂ ਵਿੱਚੋਂ 42 ਸਾਡੀ ਧੀਆਂ ਹਨ ਅਤੇ ਅੱਗੇ 13 ਵਿੱਦਿਆਰਥੀਆਂ ਵਿੱਚੋਂ, ਮੈਂ ਜਿਨ੍ਹਾਂ ਨੂੰ ਹੁਣੇ ਸੋਨੇ ਦੇ ਤਮਗੇ ਦਿੱਤੇ ਹਨ, ਮੈਂ ਦੇਖਿਆ ਕਿ ਉਨ੍ਹਾਂ ਵਿੱਚ ਨੌਂ ਲੜਕੀਆਂ ਹਨ। ਇਹ ਦਰਸਾਉਂਦਾ ਹੈ ਕਿ ਸਾਡੇ ਸਮਾਜ ਵਿੱਚ ਸਾਡੀਆਂ ਧੀਆਂ ਦੁਆਰਾ ਅਗਵਾਈ ਕੀਤੀ ਜਾ ਰਹੀ ਹੈ। ਮਹਿਲਾਵਾਂ ਦੁਆਰਾ ਪ੍ਰਦਰਸ਼ਿਤ ਇਹ ਉੱਤਮਤਾ ਵਿਕਸਿਤ ਦੇਸ਼ ਦੇ ਰੂਪ ਵਿੱਚ ਭਾਰਤ ਦੇ ਭਵਿੱਖ ਦਾ ਪ੍ਰਤੀਬਿੰਬ ਹੈ। ਮੈਂ ਇਸ ਪ੍ਰਾਪਤੀ ਲਈ ਇਨ੍ਹਾਂ ਵਿੱਚੋਂ ਹਰੇਕ ਧੀ ਨੂੰ ਮੁਬਾਰਕਬਾਦ ਦਿੰਦਾ ਹਾਂ, ਜੋ ਕਿ ਅਕਾਦਮਿਕ ਅਤੇ ਵਿਅਕਤੀਗਤ ਦੋਵਾਂ ਹੀ ਖੇਤਰਾਂ ਵਿੱਚ ਹੋਰ ਤਰੱਕੀ ਦੇ ਰਾਹ ਲਈ ਇੱਕ ਪੱਥਰ ਹੈ।
ਅੰਨਾ ਯੂਨੀਵਰਸਿਟੀ ਨੇ ਟੈਕਨੋਲੋਜੀਕਲ ਕਾਰਜਾਂ ਨੂੰ ਉਤਸ਼ਾਹਤ ਕਰਨ ਲਈ ਇੱਕ ਅਨੁਕੂਲ ਵਾਤਾਵਰਣ ਬਣਾਇਆ ਹੈ ਜੋ ਕਿ ਨੌਜਵਾਨ ਵਿੱਦਿਆਰਥੀਆਂ ਲਈ ਸਿੱਖਣ ਦਾ ਸਹੀ ਰਵੱਈਆ ਪੈਦਾ ਕਰਦਾ ਹੈ। ਇਸ ਯੂਨੀਵਰਸਿਟੀ ਦੇ ਪ੍ਰੋਜੈਕਟਾਂ ਅਤੇ ਪ੍ਰਾਪਤੀਆਂ ਦੁਆਰਾ ਵਿੱਦਿਆਰਥੀਆਂ ਵਿੱਚ ਜੋ ਵਿਗਿਆਨਕ ਸੂਝ ਪੈਦਾ ਹੁੰਦੀ ਹੈ, ਉਹ ਚੰਗੀ ਤਰ੍ਹਾਂ ਪ੍ਰਗਟ ਹੁੰਦੀ ਹੈ। ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਇਸਰੋ ਦੇ ਸਹਿਯੋਗ ਨਾਲ ਸੈਟੇਲਾਈਟ ਦਾ ਡਿਜ਼ਾਈਨ, ਵਿਕਾਸ ਅਤੇ ਸੰਚਾਲਨ ਕਰਨ ਵਾਲੀ ਇਹ ਪਹਿਲੀ ਭਾਰਤੀ ਯੂਨੀਵਰਸਿਟੀ ਹੈ। ਅਨੂਸੈਟ ਨਾਮ ਦਾ ਉਪਗ੍ਰਹਿ ਸਿਰਫ ਇੱਕ ਪ੍ਰਾਪਤੀ ਨਹੀਂ ਹੈ ਬਲਕਿ ਵਿਸ਼ਵ ਭਰ ਦੇ ਨੌਜਵਾਨ ਦਿਮਾਗਾਂ ਲਈ ਤਾਰਿਆਂ ਨੂੰ ਲੱਭਣ ਅਤੇ ਉਨ੍ਹਾਂ ਤੱਕ ਪਹੁੰਚਣ ਲਈ ਪ੍ਰੇਰਣਾ ਦਿੰਦਾ ਹੈ।
ਸੱਜਣੋ,
ਅੰਨਾ ਯੂਨੀਵਰਸਿਟੀ ਵਿੱਚ ਆਉਣਾ ਮੇਰੇ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਮੇਰੇ ਸਤਿਕਾਰਯੋਗ ਪੂਰਵ ਭਾਰਤ ਰਤਨ ਡਾ. ਏ ਪੀ ਜੇ ਅਬਦੁੱਲ ਕਲਾਮ ਵੀ ਇਸ ਯੂਨੀਵਰਸਿਟੀ ਦੇ ਸਾਬਕਾ ਵਿੱਦਿਆਰਥੀ ਸਨ। ਤਮਿਲ ਨਾਡੂ ਦੀ ਸਰਕਾਰ ਨੇ ਉਨ੍ਹਾਂ ਦੇ ਨਾਮ ਨਾਲ ਇੱਕ ਪੁਰਸਕਾਰ ਸਥਾਪਿਤ ਕਰਨ ਲਈ ਵਧੀਆ ਪਹਿਲਕਦਮੀ ਕੀਤੀ ਹੈ। ਇਸ ਯੂਨੀਵਰਸਿਟੀ ਨੇ ਡਾ. ਵਰਗੀਜ਼ ਕੁਰੀਅਨ ਵਰਗੇ ਆਈਕਨ ਤਿਆਰ ਕੀਤੇ ਹਨ ਜਿਨ੍ਹਾਂ ਨੇ ਦੁੱਧ ਦੀਆਂ ਸਹਿਕਾਰੀ ਸੰਗਠਨਾਂ ਦੁਆਰਾ ਇੱਕ ਮਹਾਨ ਸਮਾਜਿਕ ਪਰਿਵਰਤਨ ਦੀ ਸ਼ੁਰੂਆਤ ਕੀਤੀ। ਵ੍ਹਾਈਟ ਇਨਕਲਾਬ ਨੂੰ ਹੁਲਾਰਾ ਦੇਣ ਦੀ ਤਾਕਤ ਵਜੋਂ, ਡਾ. ਕੁਰੀਅਨ ਨੂੰ ਹਮੇਸ਼ਾ ਆਧੁਨਿਕ ਭਾਰਤ ਦੇ ਉੱਘੇ ਸਮਾਜਕ ਉੱਦਮੀ ਵਜੋਂ ਯਾਦ ਕੀਤਾ ਜਾਵੇਗਾ। ਇਸ ਯੂਨੀਵਰਸਿਟੀ ਦੇ ਇਸ ਸਾਬਕਾ ਵਿੱਦਿਆਰਥੀ ਪ੍ਰੇਰਣਾ ਸਰੋਤ ਬਣੇ ਹੋਏ ਹਨ, ਇਹ ਨਾ ਸਿਰਫ ਤੁਹਾਡੇ ਸਾਰਿਆਂ ਲਈ, ਬਲਕਿ ਹਰ ਜਗ੍ਹਾ ਦੇ ਵਿੱਦਿਆਰਥੀਆਂ ਲਈ ਪ੍ਰੇਰਣਾ ਸਰੋਤ ਬਣੇ ਹੋਏ ਹਨ।
ਅਸੀਂ ਭਾਰਤ ਵਿੱਚ ਸਾਰਿਆਂ ਦੇ ਲਾਭ ਲਈ ਗਿਆਨ ਨੂੰ ਵਧਾਵਾ ਦੇਣ ਵਿੱਚ ਵਿਸ਼ਵਾਸ਼ ਰੱਖਦੇ ਹਾਂ। ਮੈਨੂੰ ਮਹਾਨ ਕਵੀ ਸੁਬਰਮਣੀਆ ਭਾਰਤੀ ਦੀ ਯਾਦ ਆਉਂਦੀ ਹੈ, ਜਿਨ੍ਹਾਂ ਨੇ ਲਿਖਿਆ:
பூரண ஞானம் பொலிந்த நன்னாடு
புத்தர்பிரா னருள் பொங்கிய நாடு
“ਸਾਡੇ ਭਾਰਤ ਦੇਸ਼ ਨੂੰ ਪੂਰਣ ਗਿਆਨ ਦੀ ਬਖਸ਼ਿਸ਼ ਹੈ,
ਇਹ ਉਹ ਸਥਾਨ ਹੈ ਜਿਥੇ ਗੌਤਮ ਬੁੱਧ ਦੀ ਦਇਆ ਹੈ।”
ਇਹ ਉਹ ਦਿਆਲਤਾ ਹੈ ਜੋ ਗਿਆਨ ਨਾਲ ਜੋੜਦੀ ਹੈ ਜੋ ਕਿਸੇ ਦੇਸ਼ ਨੂੰ ਦੇਖਭਾਲ ਦੇ ਸੱਭਿਆਚਾਰ ਨੂੰ ਅੱਗੇ ਵਧਾਉਂਦੇ ਹੋਏ ਤਰੱਕੀ ਦੇ ਰਾਹ ’ਤੇ ਅੱਗੇ ਵਧਣ ਵਿੱਚ ਸਹਾਇਤਾ ਕਰਦੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅੱਜ ਡਿਗਰੀਆਂ ਪ੍ਰਾਪਤ ਕਰਨ ਵਾਲੇ ਸਾਰੇ ਵਿੱਦਿਆਰਥੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਗੇ ਅਤੇ ਆਪਣੀ ਮਾਤ੍ਰੀ ਸੰਸਥਾ ਅਤੇ ਸਾਡੇ ਦੇਸ਼ ਨੂੰ ਮਾਣ ਮਹਿਸੂਸ ਕਰਾਉਣਗੇ।
ਮੇਰੇ ਨੌਜਵਾਨ ਦੋਸਤ ਅੱਜ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਦੀ ਦਹਿਲੀਜ਼ ’ਤੇ ਹਨ। ਤੁਹਾਡੇ ਵਿੱਚੋਂ ਕੁਝ ਉੱਚ ਵਿੱਦਿਆ ਪ੍ਰਾਪਤ ਕਰਨਗੇ ਜਦੋਂ ਕਿ ਦੂਸਰੇ ਪੇਸ਼ੇਵਰ ਜ਼ਿੰਮੇਵਾਰੀਆਂ ਸੰਭਾਲਣਗੇ। ਪਰ ਹਮੇਸ਼ਾ ਯਾਦ ਰੱਖੋ ਕਿ ਇਹ ਤੁਹਾਡੇ ਕੰਮ ਹਨ ਜੋ ਤੁਹਾਡੀ ਸ਼ਖਸੀਅਤ ਨੂੰ ਦਰਸ਼ਾਉਣਗੇ। ਹਮੇਸ਼ਾ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਨੂੰ ਵਾਪਸ ਦੇਣ ਦੀ ਕੋਸ਼ਿਸ਼ ਕਰੋ ਜਿਸ ਨੇ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਅਹਿਮ ਪੜਾਅ ਵਿੱਚ ਤੁਹਾਡਾ ਪਾਲਣ ਪੋਸ਼ਣ ਕੀਤਾ ਹੈ। ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਕਦੇ ਵੀ ਆਪਣਾ ਬਿਹਤਰੀਨ ਕੰਮ ਕਰਨ ਤੋਂ ਪਿੱਛੇ ਨਹੀਂ ਹਟੋਗੇ।
ਮੈਂ ਵਿੱਦਿਆਰਥੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਹਰ ਇੱਕ ਨੂੰ ਆਪਣੀ ਜ਼ਿੰਦਗੀ ਦੇ ਸਫ਼ਰ ਵਿੱਚ ਅੱਗੇ ਲਿਆਉਣ ਲਈ ਇੰਨੀ ਸਖਤ ਮਿਹਨਤ ਕੀਤੀ ਹੈ। ਮੈਂ ਇਸ ਮੌਕੇ ਉਨ੍ਹਾਂ ਦੇ ਯੋਗਦਾਨ ਲਈ ਫੈਕਲਿਟੀ ਅਤੇ ਪ੍ਰਸ਼ਾਸਨ ਦੀ ਵੀ ਪ੍ਰਸ਼ੰਸਾ ਕਰਦਾ ਹਾਂ।
ਤੁਹਾਡਾ ਧੰਨਵਾਦ,
ਜੈ ਹਿੰਦ!
****
ਡੀਐੱਸ/ ਏਕੇਪੀ/ ਏਕੇ
(Release ID: 1704232)
Visitor Counter : 205