ਜਲ ਸ਼ਕਤੀ ਮੰਤਰਾਲਾ
ਨਮਾਮੀ ਗੰਗਾ ਟੀਮ ਨੇ ਦਿੱਲੀ ਵਿੱਚ ਚੱਲ ਰਹੇ ਲਗਭਗ ਸਾਰੇ ਪ੍ਰਾਜੈਕਟਾਂ ਵਿੱਚ ਮਹੱਤਵਪੂਰਨ ਪ੍ਰਗਤੀ ਦਾ ਜਾਇਜ਼ਾ ਲਿਆ
Posted On:
03 MAR 2021 6:49PM by PIB Chandigarh
ਨਮਾਮੀ ਗੰਗੇ ਦੀ ਟੀਮ ਨੇ ਦਿੱਲੀ ਵਿੱਚ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਦਿੱਲੀ ਜਲ ਬੋਰਡ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਸਮੀਖਿਆ ਵਿੱਚ, ਇਹ ਪਾਇਆ ਗਿਆ ਕਿ ਲਗਭਗ ਸਾਰੇ ਪ੍ਰੋਜੈਕਟਾਂ ਨੇ ਪਿਛਲੀਆਂ ਮੀਟਿੰਗਾਂ ਦੇ ਮੁਕਾਬਲੇ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਸੀਵਰੇਜ ਪ੍ਰਬੰਧਨ ਦੇ ਦੋ ਵੱਡੇ ਪ੍ਰਾਜੈਕਟ ਮੁਕੰਮਲ ਹੋ ਗਏ ਹਨ। ਜਿਸ ਵਿੱਚ ਭਾਰਤ ਨਗਰ ਤੋਂ ਪੀਤਮਪੁਰਾ ਤੱਕ ਦੇ ਇਲਾਕੇ ਸ਼ਾਮਲ ਹਨ। ਇਸ ਦੇ ਜ਼ਰੀਏ ਕਰੋਲ ਬਾਗ, ਸ਼ਾਸਤਰੀ ਨਗਰ, ਗੁਲਾਬੀ ਬਾਗ, ਰਾਮਪੁਰਾ, ਅਸ਼ੋਕ ਵਿਹਾਰ ਅਤੇ ਕੇਸ਼ਵਪੁਰਮ ਆਦਿ ਇਲਾਕਿਆਂ ਵਿਚੋਂ ਨਿਕਲ ਰਹੇ ਗੰਦੇ ਪਾਣੀ ਨੂੰ ਯਮੁਨਾ ਵਿੱਚ ਪੈਣ ਤੋਂ ਰੋਕਿਆ ਜਾਵੇਗਾ। ਇਸੇ ਤਰ੍ਹਾਂ ਇੱਕ ਹੋਰ ਵੱਡੇ ਪ੍ਰਾਜੈਕਟ ਦੇ ਤਹਿਤ ਝਿਲਮਿਲ ਕਲੋਨੀ ਦਾ ਟਰੰਕ ਸੀਵਰੇਜ ਬਹਾਲ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਰਿਠਾਲਾ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਕੌਂਡਲੀ ਸੀਵਰੇਜ ਟਰੀਟਮੈਂਟ ਪਲਾਂਟ ਦਾ ਅੱਧਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਦਸੰਬਰ 2022 ਤੱਕ ਪੂਰਾ ਹੋਣ ਦੀ ਉਮੀਦ ਹੈ। ਕੌਂਡਲੀ ਐਸਟੀਪੀ ਦੇ ਮੁਕੰਮਲ ਹੋਣ ਤੋਂ ਬਾਅਦ ਸ਼ਾਹਦਰਾ ਡਰੇਨ ਤੱਕ ਪਹੁੰਚਣ ਵਾਲੇ ਪਾਣੀ ਦੀ ਗੁਣਵੱਤਾ ਕਾਫ਼ੀ ਹੱਦ ਤੱਕ ਸੁਧਰੇਗੀ। ਰਿਠਾਲਾ ਵਿਖੇ ਨਿਰਮਾਣ ਅਧੀਨ ਪੈਰੀਫਿਰਲ ਸੀਵਰੇਜ ਦਾ ਕੰਮ ਅਪ੍ਰੈਲ 2021 ਵਿੱਚ ਪੂਰਾ ਹੋਣ ਦੀ ਉਮੀਦ ਹੈ। ਇਸ ਸੀਵਰੇਜ ਦੀ ਮੁਰੰਮਤ ਤੋਂ ਬਾਅਦ ਅਸ਼ੋਕ ਵਿਹਾਰ ਅਤੇ ਜਹਾਂਗੀਰਪੁਰੀ ਇਲਾਕਿਆਂ ਵਿਚੋਂ ਨਿਕਲ ਰਹੇ ਸੀਵਰੇਜ 'ਤੇ ਸਿੱਧਾ ਅਸਰ ਪਏਗਾ। ਇਸੇ ਤਰ੍ਹਾਂ ਰਿਠਾਲਾ ਸਮੂਹ ਦੇ ਐਸਟੀਪੀ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਕੰਮ ਵੀ ਵਧੀਆ ਢੰਗ ਨਾਲ ਚੱਲ ਰਿਹਾ ਹੈ। ਐਸਟੀਪੀ ਕੈਂਪਸ ਵਿੱਚ ਦਰੱਖਤਾਂ ਦੀ ਤਬਦੀਲੀ / ਟ੍ਰਾਂਸਪਲਾਂਟ ਵਿਚਲੀ ਰੁਕਾਵਟ ਨੂੰ ਵੀ ਦੂਰ ਕਰ ਦਿੱਤਾ ਗਿਆ ਹੈ ਅਤੇ ਇਸਦੇ ਲਈ ਲੋੜੀਂਦੀਆਂ ਆਗਿਆ ਵੀ ਦੇ ਦਿੱਤੀ ਗਈ ਹੈ। ਓਖਲਾ ਲਈ ਬਣਾਏ ਜਾ ਰਹੇ ਸੀਵਰੇਜ ਟਰੀਟਮੈਂਟ ਪਲਾਂਟ ਦੀ ਪ੍ਰਗਤੀ ਵੀ ਚੰਗੀ ਹੈ। ਇਹ ਭਾਰਤ ਦੀ ਸਭ ਤੋਂ ਵੱਡੀ ਐਸਟੀਪੀ ਹੋਵੇਗੀ, ਜਿਸ ਦੀ ਸਮਰੱਥਾ 565 ਐਮਐਲਡੀ ਹੈ। ਯਮੁਨਾ ਦੀ ਸਫਾਈ ਲਈ ਦਿੱਲੀ ਵਿੱਚ 1384.50 ਐਮਐਲਡੀ ਦੇ ਕੁੱਲ 13 ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ।
ਇਹ ਮੀਟਿੰਗ ਰਾਸ਼ਟਰੀ ਸਵੱਛ ਗੰਗਾ ਮਿਸ਼ਨ (ਐਨਐਮਸੀਜੀ) ਦੇ ਡਾਇਰੈਕਟਰ ਜਨਰਲ ਸ਼੍ਰੀ ਰਾਜੀਵ ਰੰਜਨ ਮਿਸ਼ਰਾ ਦੀ ਪ੍ਰਧਾਨਗੀ ਵਿੱਚ ਹੋਈ। ਇਸ ਤੋਂ ਇਲਾਵਾ ਐਨਐਮਸੀਜੀ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਅਸ਼ੋਕ ਕੁਮਾਰ ਸਿੰਘ, ਐਨਐਮਸੀਜੀ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਡੀ ਪੀ ਮਥੂਰੀਆ, ਦਿੱਲੀ ਜਲ ਬੋਰਡ (ਡੀਜੇਬੀ) ਦੇ ਮੈਂਬਰ (ਡਰੇਨੇਜ) ਆਰ ਐੱਸ ਨੇਗੀ ਅਤੇ ਡੀਜੇਬੀ ਦੇ ਚੀਫ ਇੰਜੀਨੀਅਰ ਵੀ ਮੀਟਿੰਗ ਵਿੱਚ ਮੌਜੂਦ ਸਨ।
*****
ਬੀਵਾਈ / ਏਐਸ
(Release ID: 1702440)
Visitor Counter : 143