ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਕੋਵਿਡ-19 ਟੀਕੇ ਦੀ ਆਪਣੀ ਪਹਿਲੀ ਡੋਜ਼ ਲਈ


ਸਾਰੇ ਯੋਗ ਵਿਅਕਤੀਆਂ ਨੂੰ ਟੀਕਾ ਲਗਵਾਉਣ ਅਤੇ ਟੀਕੇ ਨਾਲ ਸੰਬੰਧਤ ਕਿਸੇ ਵੀ ਤਰ੍ਹਾਂ ਦੀ ਅਫਵਾਹ ਨੂੰ ਨਕਾਰਨ ਦੀ ਅਪੀਲ ਕੀਤੀ

"ਦੋਵੇਂ ਟੀਕੇ ਸੁਰੱਖਿਅਤ, ਇਮਿਊਨੋਜੇਨਿਕ ਅਤੇ ਲਾਭਦਾਇਕ ਹਨ। ਹੁਣ ਤੱਕ ਤਕਰੀਬਨ 1.5 ਕਰੋੜ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਹੁਣ ਤੱਕ ਸਿਰਫ 0.0003% ਲੋਕਾਂ ਨੇ ਹੀ ਮਾਮੂਲੀ ਏਈਐਫਆਈ ਪ੍ਰਭਾਵ ਦਰਸਾਏ ਹਨ। "

"ਕੋਵਿਡ ਅਨੁਕੂਲ ਵਿਵਹਾਰ ਸਮੇਤ ਟੀਕਾ ਅਨੁਕੂਲ ਵਿਵਹਾਰ ਵਾਇਰਸ ਨਾਲ ਲੜਨ ਦੀ ਕੁੰਜੀ ਹੈ"

"ਭਾਰਤੀ ਟੀਕਿਆਂ ਦੀ ਵਿਸ਼ਵ ਵਿਚ ਸਭ ਤੋਂ ਉੱਚੀ ਮੰਗ ਹੈ। ਟੀਕਾ ਮੈਤਰੀ ਲਈ ਇਹ ਇਕ ਚੰਗੀ ਖਬਰ ਹੈ"

Posted On: 02 MAR 2021 5:56PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਨਵੀਂ ਦਿੱਲੀ ਵਿਖੇ ਦਿੱਲੀ ਹਾਰਟ ਐਂਡ ਲੰਗਜ਼ ਇੰਸਟੀਚਿਊਟ ਵਿਚ ਵੈਕਸੀਨ ਦੀ ਆਪਣੀ ਪਹਿਲੀ ਡੋਜ਼ ਲਈ।

 

ਵੈਕਸੀਨ ਦੀ ਪਹਿਲੀ ਡੋਜ਼ ਲੈਣ ਤੋਂ ਬਾਅਦ ਡਾ. ਹਰਸ਼ ਵਰਧਨ ਨੇ ਕਿਹਾ, "ਮੈਂ ਅਤੇ ਮੇਰੀ ਧਰਮ ਪਤਨੀ ਨੇ ਅੱਜ ਕੋ-ਵੈਕਸੀਨ ਟੀਕੇ ਦੀ ਆਪਣੀ ਪਹਿਲੀ ਡੋਜ਼ ਲਈ ਹੈ। ਮੈਂ 60 ਸਾਲ ਤੋਂ ਉੱਪਰ ਦੀ ਉਮਰ ਵਾਲੇ ਅਤੇ ਸਹਿ-ਬੀਮਾਰੀਆਂ ਵਾਲੇ 45 ਤੋਂ 59 ਸਾਲਾਂ ਦੀ ਉਮਰ ਦੇ ਲੋਕਾਂ ਨੂੰ ਟੀਕੇ ਦੀ ਡੋਜ਼ ਲੈਣ ਦੀ ਅਪੀਲ ਕਰਦਾ ਹਾਂ। ਇਹ ਟੀਕਾ ਕੋਰੋਨਾ ਵਾਇਰਸ ਵਿਰੁੱਧ ਸਾਡੇ ਸਾਰਿਆਂ ਲਈ ਸੰਜੀਵਨੀ ਹੈ। ਹਨੁਮਾਨਜੀ ਨੇ ਸੰਜੀਵਨੀ ਹਾਸਿਲ ਕਰਨ ਲਈ ਅੱਧੇ ਭਾਰਤ ਨੂੰ ਪਾਰ ਕੀਤਾ ਸੀ ਪਰ ਇਹ ਸੰਜੀਵਨੀ ਤੁਹਾਡੇ ਨੇੜਲੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਵਿਚ ਉਪਲਬਧ ਹੈ। ਅਸੀਂ ਇਹ ਵੈਕਸੀਨ ਹਸਪਤਾਲ ਤੋਂ 250 ਰੁਪਏ ਪ੍ਰਤੀ ਟੀਕੇ ਦੀ ਅਦਾਇਗੀ ਨਾਲ ਲਿਆ ਹੈ। ਜੋ ਲੋਕ ਇਸ ਟੀਕੇ ਨੂੰ ਅਫੋਰਡ ਕਰ ਸਕਦੇ ਹਨ ਕ੍ਰਿਪਾ ਕਰਕੇ ਆਪਣੇ ਨੇੜਲੇ ਹਸਪਤਾਲ ਤੋਂ ਇਸ ਨੂੰ ਹਾਸਿਲ ਕਰਨ।"

 

ਵੈਕਸੀਨ ਅਨੁਕੂਲ ਵਿਵਹਾਰ ਤੇ ਅਮਲ ਕਰਨ ਤੇ ਜ਼ੋਰ ਦੇਂਦਿਆਂ ਡਾ. ਹਰਸ਼ ਵਰਧਨ ਨੇ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ, "ਪਿਛਲੇ ਇਕ ਸਾਲ ਤੋਂ ਅਸੀਂ ਲੋਕਾਂ ਨੂੰ ਕੋਵਿਡ ਅਨੁਕੂਲ ਵਿਵਹਾਰ ਤੇ ਅਮਲ ਕਰਨ ਦੀ ਅਪੀਲ ਕਰ ਰਹੇ ਹਾਂ। ਅੱਜ ਮੈਂ ਤੁਹਾਨੂੰ ਦੱਸਣਾ ਅਤੇ ਬੇਨਤੀ ਕਰਨਾ ਪਸੰਦ ਕਰਾਂਗਾ ਕਿ ਤੁਸੀਂ ਵੈਕਸੀਨ ਅਨੁਕੂਲ ਵਿਵਹਾਰ ਤੇ ਅਮਲ ਕਰੋ (ਵੈਕਸੀਨ ਦੀ ਪਹਿਲੀ ਡੋਜ਼ ਲਓ ਅਤੇ 28 ਦਿਨਾਂ ਬਾਅਦ ਦੂਜੀ ਡੋਜ਼ ਕੋਵਿਡ ਅਨੁਕੂਲ ਵਿਵਹਾਰ ਨਾਲ ਲਓ)। ਇਹ ਦੋਵੇਂ ਵੈਕਸੀਨਾਂ ਸੁਰੱਖਿਅਤ, ਇਮਿਊਨੋਜੈਨਿਕ ਅਤੇ ਲਾਭਦਾਇਕ ਹਨ। ਜੇ ਇਸ ਟੀਕਾਕਰਨ ਤੋਂ ਬਾਅਦ ਤੁਹਾਨੂੰ ਕੋਈ ਸਾਈਡ ਇਫੈਕਟ ਹੁੰਦਾ ਹੈ ਤਾਂ ਘਬਰਾਓ ਨਹੀਂ ਅਤੇ ਆਪਣੇ ਡਾਕਟਰ ਨਾਲ ਸਲਾਹ ਕਰੋ। ਹੁਣ ਤੱਕ 1.5 ਕਰੋੜ ਦੇ ਕਰੀਬ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਹੁਣ ਤੱਕ 0.0003% ਲੋਕਾਂ ਵਿੱਚ ਹੀ ਮਾਮੂਲੀ ਏਈਐਫਆਈ ਪ੍ਰਭਾਵ ਨਜ਼ਰ ਆਏ ਹਨ। ਦੇਸ਼ ਵਿਚ ਟੀਕਾਕਰਨ ਨਾਲ ਸੰਬੰਧਤ ਕੋਈ ਵੀ ਮੌਤ ਰਿਕਾਰਡ ਨਹੀਂ ਕੀਤੀ ਗਈ ਹੈ। ਆਓ ਅਸੀਂ ਸਾਰੇ ਇਕਜੁਟ ਹੋ ਕੇ ਭਾਰਤ ਨੂੰ ਕੋਵਿਡ-19 ਮੁਕਤ ਬਣਾਈਏ।"

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਪ੍ਰਗਟਾਉਂਦਿਆਂ ਡਾ. ਹਰਸ਼ ਵਰਧਨ ਨੇ ਕਿਹਾ, "ਮੈਂ ਆਪਣੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਇਸ ਮਹਾਮਾਰੀ ਦੌਰਾਨ ਦੇਸ਼ ਦੀ ਅਗਵਾਈ ਕੀਤੀ, ਵੈਕਸੀਨ ਦੇ ਵਿਕਾਸ ਦਾ ਸਮਰਥਨ ਕੀਤਾ ਅਤੇ 16 ਜਨਵਰੀ ਨੂੰ ਟੀਕਾਕਰਨ ਮੁਹਿੰਮ ਦਾ ਉਦਘਾਟਨ ਕੀਤਾ। ਜਦੋਂ ਉਨ੍ਹਾਂ ਦੀ ਵਾਰੀ ਆਈ ਉਨ੍ਹਾਂ ਨੇ ਖੁਦ ਪਹਿਲਾ ਟੀਕਾ ਲਗਵਾ ਕੇ ਮਿਸਾਲ ਕਾਇਮ ਕੀਤੀ।" "ਭਾਰਤੀ ਟੀਕਿਆਂ ਦੀ ਵਿਸ਼ਵ ਵਿਚ ਵਧੇਰੇ ਮੰਗ ਹੈ। ਤਕਰੀਬਨ 28 ਦੇਸ਼ਾਂ ਨੂੰ ਟੀਕੇ ਭੇਜੇ ਗਏ ਹਨ। ਲਗਭਗ 3 ਤੋਂ 4 ਦਰਜਨ ਦੇਸ਼ਾਂ ਵਲੋਂ ਇਨ੍ਹਾਂ ਟੀਕਿਆਂ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਮੈਤਰੀ ਲਈ ਇਹ ਇਕ ਚੰਗੀ ਖ਼ਬਰ ਹੈ। ਵਿਸ਼ਵ ਇਸ ਲਈ ਸਾਡੀ ਸ਼ਲਾਘਾ ਕਰ ਰਿਹਾ ਹੈ।"

 

ਕੋ-ਵਿਨ ਪਲੇਟਫਾਰਮ ਬਾਰੇ ਬੋਲਦਿਆਂ ਕੇਂਦਰੀ ਮੰਤਰੀ ਨੇ ਕਿਹਾ, " ਰਜਿਸਟ੍ਰੇਸ਼ਨਾਂ ਦੀ ਗਿਣਤੀ ਵਿੱਚ ਆਈ ਅਚਨਚੇਤੀ ਤੇਜੀ ਕਾਰਣ ਕੋ-ਵਿਨ ਪਲੇਟਫਾਰਮ ਵਿਚ ਕੁਝ ਗਲਤੀਆਂ ਹੋਈਆਂ ਹਨ। ਬੀਤੇ ਦਿਨ ਤਕਰੀਬਨ 34 ਲੱਖ ਲੋਕਾਂ ਨੇ ਦੇਰ ਰਾਤ ਤੱਕ ਇਸ ਪਲੇਟਫਾਰਮ ਤੇ ਆਪਣੀ ਰਜਿਸਟ੍ਰੇਸ਼ਨ ਕਰਵਾਈ। ਟੀਕਾਕਰਨ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।"

 

ਉਨ੍ਹਾਂ ਹੋਰ ਕਿਹਾ, "ਮੈਂ ਸਾਰੇ ਹਸਪਤਾਲਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਉਹ 28 ਦਿਨਾਂ ਲਈ ਆਪਣੇ ਸ਼ੈਡਿਊਲ ਨੂੰ ਅੱਪਡੇਟ ਕਰਨ ਤਾਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਭਾਰਤ ਸਰਕਾਰ ਸਮੁੱਚੇ ਦੇਸ਼ ਲਈ ਵੈਕਸੀਨ ਦੀ ਉਪਲਬਧਤਾ ਨੂੰ ਯਕੀਨੀ ਬਣਾ ਰਹੀ ਹੈ ਤਾਂ ਜੋ ਹਰੇਕ ਵਿਅਕਤੀ ਦਾ ਟੀਕਾਕਰਨ ਕੀਤਾ ਜਾ ਸਕੇ।"

 

ਭਾਰਤ ਵਿਚ ਕੋਵਿਡ ਮਾਪਦੰਡਾਂ ਤੇ ਬੋਲਦਿਆਂ ਡਾ. ਹਰਸ਼ ਵਰਧਨ ਨੇ ਕਿਹਾ, "ਵਿਸ਼ਵ ਵਿਚ ਸਾਡੀ ਸਿਹਤਯਾਬੀ ਦੀ ਦਰ ਬਹੁਤ ਉੱਚੀ ਅਤੇ ਮੌਤ ਦਰ ਬਹੁਤ ਘੱਟ ਹੈ। ਇਹ ਟੀਕਾਕਰਨ ਇਸ ਵਾਇਰਸ ਨੂੰ ਕੰਟਰੋਲ ਕਰਨ ਵਿਚ ਸਾਡੀ ਮਦਦ ਕਰੇਗਾ। ਮੈਂ ਸਾਰੇ ਨਾਗਰਿਕਾਂ ਨੂੰ ਬੇਨਤੀ ਕਰਨਾ ਪਸੰਦ ਕਰਾਂਗਾ ਕਿ ਉਹ ਕੋਵਿਡ ਅਨੁਕੂਲ ਵਿਵਹਾਰ ਨਾਲ ਵੈਕਸੀਨ ਅਨੁਕੂਲ ਵਿਵਹਾਰ ਤੇ ਅਮਲ ਕਰਨ। ਸਾਨੂੰ ਸਾਰਿਆਂ ਨੂੰ ਵੈਕਸੀਨ ਨਾਲ ਸੰਬੰਧਤ ਮਿਥਿਹਾਸਕ ਅਤੇ ਗਲਤ ਧਾਰਾਨਾਵਾਂ ਵਿਰੁੱਧ ਲੜਨਾ ਚਾਹੀਦਾ ਹੈ। ਇਸ ਟੀਕਾਕਰਨ ਮੁਹਿੰਮ ਨੂੰ ਆਪਣੇ ਮਿੱਤਰਾਂ, ਪਰਿਵਾਰਕ ਮੈਂਬਰਾਂ ਅਤੇ ਗਵਾਂਢੀਆਂ ਨੂੰ ਪ੍ਰੇਰਿਤ ਕਰਕੇ 'ਜਨ ਅੰਦੋਲਨ' ਬਣਾਓ।" 

ਅੰਤ ਵਿਚ ਡਾ. ਹਰਸ਼ ਵਰਧਨ ਨੇ ਮੀਡੀਆ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਜਿਸ ਨੇ ਮਹਾਮਾਰੀ ਦੌਰਾਨ ਕੋਵਿਡ ਯੋਧਿਆਂ ਵਾਂਗ ਕੰਮ ਕੀਤਾ ਅਤੇ ਗਰਾਊਂਡ ਜ਼ੀਰੋ ਤੇ ਕੰਮ ਕਰਦਿਆਂ ਕੋਵਿਡ ਨਾਲ ਸੰਬੰਧਤ ਸਹੀ ਰੀਅਲ ਟਾਈਮ ਸੂਚਨਾ ਦਾ ਪ੍ਰਸਾਰ ਕੀਤਾ। ਉਨ੍ਹਾਂ ਕੋਵਿਡ ਯੋਧਿਆਂ ਲਈ ਸੰਵੇਦਨਾਵਾਂ ਜਾਹਰ ਕੀਤੀਆਂ ਜਿਨ੍ਹਾਂ ਨੇ ਦੂਜਿਆਂ ਦੀ ਜ਼ਿੰਦਗੀ ਬਚਾਉਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ।

 --------------------------------  

ਐਮਵੀ ਐਸਜੇ



(Release ID: 1702158) Visitor Counter : 128


Read this release in: English , Urdu , Hindi , Bengali