ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਵੱਲੋਂ ਜੰਮੂ ਯੂਨੀਵਰਸਿਟੀ ’ਚ ‘ਰਾਸ਼ਟਰੀ ਵਿਗਿਆਨ ਦਿਵਸ’ ਮੌਕੇ ਕੁੰਜੀਵਤ ਭਾਸ਼ਣ
ਭਾਰਤ ਵਿਗਿਆਨਕ ਖੋਜਾਂ ਦੇ ਮਾਮਲੇ ’ਚ ਤੇਜ਼ੀ ਨਾਲ ਇੱਕ ਮੋਹਰੀ ਰਾਸ਼ਟਰ ਵਜੋਂ ਉੱਭਰ ਰਿਹਾ ਹੈ: ਡਾ. ਜਿਤੇਂਦਰ ਸਿੰਘ
Posted On:
28 FEB 2021 5:16PM by PIB Chandigarh
ਉੱਤਰ–ਪੂਰਬੀ ਖੇਤਰ ਦੇ ਵਿਕਾਸ ਬਾਰੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਤੇ ਪੁਲਾੜ ਮਾਮਲਿਆਂ ਬਾਰੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਹੈ ਕਿ ਭਾਰਤ ਵਿਗਿਆਨਕ ਖੋਜਾਂ ਦੇ ਮਾਮਲੇ ’ਚ ਤੇਜ਼ੀ ਨਾਲ ਇੱਕ ਮੋਹਰੀ ਰਾਸ਼ਟਰ ਵਜੋਂ ਉੱਭਰ ਰਿਹਾ ਹੈ।
ਜੰਮੂ ਯੂਨੀਵਰਸਿਟੀ ’ਚ ‘ਰਾਸ਼ਟਰੀ ਵਿਗਿਆਨ ਦਿਵਸ’ ਮੌਕੇ ਕੁੰਜੀਵਤ ਭਾਸ਼ਣ ਦਿੰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪਿਛਲੇ ਕੁਝ ਸਾਲਾਂ ਦੌਰਾਨ ਸਰਕਾਰ ਨੇ ਦੇਸ਼ ਵਿੱਚ ਹੀ ਵਿਗਿਆਨਕ ਖੋਜਾਂ ਨੂੰ ਉਤਸ਼ਾਹਿਤ ਕਰਨ ਲਈ ਕੁਝ ਇਨਕਲਾਬੀ ਤੇ ਵਿਵਹਾਰਕ ਫ਼ੈਸਲੇ ਲਏ ਹਨ; ਜੋ ‘ਆਤਮ–ਨਿਰਭਰ ਭਾਰਤ’ ਲਈ ਇੱਕ ਬੁਨਿਆਦੀ ਤਾਕਤ ਬਣਨਗੇ। ਇਸ ਸੰਦਰਭ ’ਚ ਉਨ੍ਹਾਂ ਭਾਰਤ ਦੀ ਪੁਲਾੜ ਤਕਨਾਲੋਜੀ ਨੂੰ ਦੇਸ਼ ਨੂੰ ਆਜ਼ਾਦੀ–ਪ੍ਰਾਪਤੀ ਤੋਂ ਬਾਅਦ ਪਹਿਲੀ ਵਾਰ ਨਿਜੀ ਕੰਪਨੀਆਂ ਲਈ ‘ਖੋਲ੍ਹਣ’ ਦੇ ਫ਼ੈਸਲੇ ਅਤੇ ਫਿਰ ਨਵੇਂ ਪ੍ਰਮਾਣੂ ਕੇਂਦਰ ਸਥਾਪਤ ਕਰਨ ਨੂੰ ਉਤਸ਼ਾਹਿਤ ਕਰਨ ਹਿਤ ਐਟਮੀ ਊਰਜਾ ਤੇ ਪ੍ਰਮਾਣੂ ਊਰਜਾ ਦੇ ਖੇਤਰ ਵਿੱਚ ਸਾਂਝੇ ਉੱਦਮ ਕਾਇਮ ਕਰਨ ਲਈ ਕੇਂਦਰੀ ਕੈਬਨਿਟ ਵੱਲੋਂ ਦਿੱਤੀ ਗਈ ਪ੍ਰਵਾਨਗੀ ਦਾ ਖ਼ਾਸ ਜ਼ਿਕਰ ਕੀਤਾ
ਡਾ. ਜਿਤੇਂਦਰ ਸਿੰਘ ਨੇ ਕਿਹਾ ਇਸ ਵਰ੍ਹੇ ਦੇ ‘ਰਾਸ਼ਟਰੀ ਵਿਗਿਆਨ ਦਿਵਸ’ ਲਈ ਵਿਸ਼ਾ ‘ਵਿਗਿਆਨ ਤਕਨਾਲੋਜੀ ਖੋਜਾਂ ਦਾ ਭਵਿੱਖ…’ ਚੁਣਿਆ ਗਿਆ ਹੈ, ਜੋ ਕਿ ਸਮਕਾਲੀ ਭਾਰਤ ਵਿੱਚ ਪੁੱਟੀਆਂ ਗਈਆਂ ਤੇਜ਼–ਰਫ਼ਤਾਰ ਪੁਲਾਂਘਾਂ ਦੇ ਮੱਦੇਨਜ਼ਰ ਬੇਹੱਦ ਢੁਕਵਾਂ ਹੈ ਤੇ ਦੁਨੀਆ ਦੇ ਹੋਰ ਦੇਸ਼ ਵੀ ਇਨ੍ਹਾਂ ਹੀ ਪੈੜ–ਚਾਲਾਂ ’ਤੇ ਚੱਲ ਰਹੇ ਹਨ। ਉਨ੍ਹਾਂ ਕੋਵਿਡ ਵੈਕਸੀਨ ਦੀ ਮਿਸਾਲ ਦਿੱਤੀ, ਜਿਸ ਨੂੰ ਆਪਣੇ ਹੀ ਦੇਸ਼ ਵਿੱਚ ਤਿਆਰ ਕਰਨ ਵਾਲੇ ਪਹਿਲੇ ਦੇਸ਼ਾਂ ’ਚ ਭਾਰਤ ਸ਼ਾਮਲ ਹੈ, ਸਗੋਂ ਇਹ ਹੋਰਨਾਂ ਦੇਸ਼ਾਂ ਨੂੰ ਬਰਾਮਦ ਕਰਨ ਲਈ ਵੀ ਤਿਆਰ ਕੀਤੀ ਗਈ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਇੱਕ ਵਰਨਣਯੋਗ ਸੰਜੋਗ ਹੈ ਕਿ ਅੱਜ ‘ਰਾਸ਼ਟਰੀ ਵਿਗਿਆਨ ਦਿਵਸ’ ਦੀ ਸਵੇਰ ਨੂੰ ਹੀ ‘ਭਾਰਤੀ ਪੁਲਾੜ ਖੋਜ ਸੰਗਠਨ’ (ਇਸਰੋ – ISRO) ਨੇ PSLVC51/ਐਮਾਜ਼ੋਨੀਆ–1 ਨੂੰ ਪੁਲਾੜ ’ਚ ਸਫ਼ਲਤਾਪੂਰਬਕ ਦਾਗ ਕੇ ਇੱਕ ਹੋਰ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨੇ ਭਾਵੇਂ ਆਪਣੀ ਪੁਲਾੜ ਯਾਤਰਾ ਕਈ ਹੋਰਨਾਂ ਦੇਸ਼ ਤੋਂ ਬਹੁਤ ਬਾਅਦ ਸ਼ੁਰੂ ਕੀਤੀ ਹੈ ਪਰ ਅੱਜ ਅਸੀਂ ਇਸ ਸਥਿਤੀ ’ਚ ਹਾਂ ਕਿ ਅਸੀਂ ਅਮਰੀਕਾ ਦੇ ‘ਨਾਸਾ’ (NASA) ਜਿਹੇ ਵਿਸ਼ਵ ਦੇ ਪ੍ਰਮੁੱਖ ਸੰਸਥਾਨਾਂ ਨੂੰ ‘ਮੰਗਲਯਾਨ’ ਅਤੇ ‘ਚੰਦਰਯਾਨ’ ਤੋਂ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾ ਸਕਦੇ ਹਾਂ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਗੱਲ ਦਾ ਸਿਹਰਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਸਿਰ ਬੱਝਦਾ ਹੈ ਕਿ ਉਨ੍ਹਾਂ ‘ਜਿਊਣਾ ਆਸਾਨ ਬਣਾਉਣ’ ਦੇ ਉਦੇਸ਼ ਨਾਲ ਪੁਲਾੜ ਤਕਨਾਲੋਜੀ ਦੀਆਂ ਐਪਲੀਕੇਸ਼ਨਜ਼ ਦੇ ਵਿਸਥਾਰ ਨੂੰ ਵਿਭਿੰਨ ਸੈਕਟਰਾਂ ਅਤੇ ਖੇਤਰਾਂ ਤੱਕ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਰੇਲਵੇਜ਼ ਹੋਵੇ ਜਾਂ ਸਮਾਰਟ ਸਿਟੀਜ਼, ਖੇਤੀਬਾੜੀ ਜਾਂ ਆਫ਼ਤ ਪ੍ਰਬੰਧਨ, ਰਾਜਮਾਰਗ ਜਾਂ ਰੱਖਿਆ – ਪੁਲਾੜ ਤਕਨਾਲੋਜੀ ਵੱਡੇ ਪੱਧਰ ਉੱਤੇ ਆਪਣਾ ਯੋਗਦਾਨ ਪਾ ਰਹੀ ਹੈ।
ਆਪਣੇ ਸਮਾਪਤੀ ਭਾਸ਼ਣ ’ਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਵਰ੍ਹੇ ‘ਰਾਸ਼ਟਰੀ ਵਿਗਿਆਨ ਦਿਵਸ’ ਅਜਿਹੇ ਵੇਲੇ ਮਨਾਇਆ ਜਾ ਰਿਹਾ ਹੈ, ਜਦੋਂ ਭਾਰਤ ਆਪਣੀ ਆਜ਼ਾਦੀ–ਪ੍ਰਾਪਤੀ ਦੇ 75ਵੇਂ ਸਾਲ ਵਿੱਚ ਦਾਖ਼ਲ ਹੋਣ ਜਾ ਰਿਹਾ ਹੈ ਅਤੇ ਹੁਣ ਅਸੀਂ ਅਗਲੇ 25 ਸਾਲਾਂ ਦੀ ਯੋਜਨਾਬੰਦੀ ਕਰਾਂਗੇ, ਜਦੋਂ ਭਾਰਤ ਆਜ਼ਾਦੀ ਦੇ 100 ਸਾਲਾ ਜਸ਼ਨ ਮਨਾਵੇਗਾ। ਉਨ੍ਹਾਂ ਕਿਹਾ ਕਿ ਇਹ ਉਹ ਕਾਲ ਹੈ, ਜਦੋਂ ਭਾਰਤ ਵਿਸ਼ਵ ਦੀ ਸੁਪਰ–ਪਾਵਰ ਬਣੇਗਾ ਅਤੇ ਸਿਖ਼ਰ ’ਤੇ ਪੁੱਜਣ ਦਾ ਸਫ਼ਰ ਪਹਿਲਾਂ ਹੀ ਸਾਡੀਆਂ ਵਿਗਿਆਨਕ ਸਮਰੱਥਾਵਾਂ ਤੇ ਵਿਗਿਆਨਕ ਸੰਭਾਵਨਾਵਾਂ ਰਾਹੀਂ ਸ਼ੁਰੂ ਹੋ ਚੁੱਕਾ ਹੈ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਮਨੋਜ ਕੁਮਾਰ ਧਰ ਨੇ ਯੂਨੀਵਰਸਿਟੀ ਦੇ ਵਿਭਿੰਨ ਵਿਭਾਗਾਂ ਦੀਆਂ ਹਾਲੀਆ ਖੋਜ ਗਤੀਵਿਧੀਆਂ ਬਾਰੇ ਇੱਕ ਰਿਪੋਰਟ ਪੇਸ਼ ਕੀਤੀ; ਜਦ ਕਿ ਪ੍ਰੋ. ਨਰੇਸ਼ ਪਾਧਾ ਨੇ ‘ਰਾਸ਼ਟਰੀ ਵਿਗਿਆਨ ਦਿਵਸ’ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਪ੍ਰੋ. ਰਜਨੀਕਾਂਤ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਯੂਨੀਵਰਸਿਟੀ ਦੇ ਵਿਭਿੰਨ ਵਿਭਾਗਾਂ ਵੱਲੋਂ ਹੋਣਹਾਰ ਖੋਜਕਾਰਾਂ ਤੇ ਵਿਦਿਆਰਥੀਆਂ ਨੂੰ ਪੁਰਸਕਾਰ ਤੇ ਪ੍ਰਮਾਣ–ਪੱਤਰ ਵੀ ਭੇਟ ਕੀਤੇ ਗਏ।
<><><><><>
ਐੱਸਐੱਨਸੀ
(Release ID: 1701822)
Visitor Counter : 153