ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ, ਅਸੀਂ ਹਾਈਡ੍ਰੋਜਨ ਨੂੰ ਭਵਿੱਖ ਦੀ ਊਰਜਾ ਵਜੋਂ ਵੇਖਦੇ ਹਾਂ


‘ਹਾਈਡ੍ਰੋਜਨ ਲਈ ਸੈਂਟਰ ਫ਼ਾਰ ਐਕਸੇਲੈਂਸ’ ਦੀ ਸਥਾਪਨਾ ਲਈ ‘ਇੰਡੀਅਨ ਆੱਇਲ’ ਤੇ 'ਗ੍ਰੀਨਸਟੈਟ ਹਾਈਡ੍ਰੋਜਨ ਇੰਡੀਆ ਪ੍ਰਾਈਵੇਟ ਲਿਮਿਟੇਡ' ਵਿਚਾਲੇ ‘‘ਸਟੇਟਮੈਂਟ ਆੱਵ੍ ਇੰਟੈਂਟ’’ ਉੱਤੇ ਹਸਤਾਖਰ ਕੀਤੇ ਗਏ

Posted On: 18 FEB 2021 4:24PM by PIB Chandigarh

ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਦੀ ਮੌਜੂਦਗੀ ਵਿੱਚ ਅੱਜ ‘ਹਾਈਡ੍ਰੋਜਨ ਬਾਰੇ ਸੈਂਟਰ ਆੱਵ੍ ਐਕਸੇਲੈਂਸ’ ਦੀ ਸਥਾਪਨਾ ਲਈ ‘ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ’ ਅਤੇ ‘ਗ੍ਰੀਨਸਟੈਟ ਨੌਰਵੇ’ ਦੀ ਸਹਾਇਕ ਇਕਾਈ ‘ਮੈਸ. ਗ੍ਰੀਨਸਟੈਟ ਹਾਈਡ੍ਰੋਜਨ ਇੰਡੀਆ ਪ੍ਰਾਈਵੇਟ ਲਿਮਿਟੇਡ’ ਵਿਚਾਲੇ ‘ਸਟੇਟਮੈਂਟ ਆੱਵ੍ ਇੰਟੈਂਟ’ (ਇੱਛਾ–ਪੱਤਰ) ਉੱਤੇ ਹਸਤਾਖਰ ਕੀਤੇ ਗਏ। ਇਸ ਐਸੋਸੀਏਸ਼ਨ ਦਾ ਉਦੇਸ਼ ਭਾਰਤ ਅਤੇ ਨੌਰਵੇ ਦੀਆਂ ਹਾਈਡ੍ਰੋਜਨ ਕਲੱਸਟਰ ਕੰਪਨੀਆਂ/ਜੱਥੇਬੰਦੀਆਂ ਦੇ ਸਹਿਯੋਗ ਨਾਲ ਸਵੱਛ ਊਰਜਾ ਲਈ ‘ਇੰਡੀਅਨ ਆਇਲ’ ਅਤੇ ‘ਮੈਸ. ਗ੍ਰੀਨ ਸਟੈਟ’ ਦੁਆਰਾ CCUS ਅਤੇ ਈਂਧਨ–ਸੈੱਲਾਂ ਸਮੇਤ ‘ਹਾਈਡ੍ਰੋਜਨ ਬਾਰੇ ਸੈਂਟਰ ਆੱਵ੍ ਐਕਸੇਲੈਂਸ’ (CoE-H) ਵਿਕਸਤ ਕਰਨਾ ਹੈ। 

 ਇਹ CoE-H; ਹਾਈਡ੍ਰੋਜਨ ਭੰਡਾਰਣ ਤੇ ਈਂਧਨ ਸੈੱਲਾਂ ਸਮੇਤ ਗ੍ਰੀਨ ਹਾਈਡ੍ਰੋਜਨ ਵੈਲਿਯੂ ਚੇਨ ਤੇ ਹੋਰ ਵਾਜਬ ਤਕਨਾਲੋਜੀਆਂ ਰਾਹੀਂ ਤਕਨਾਲੋਜੀ, ਮੁਢਲੀ ਜਾਣਕਾਰੀ ਤੇ ਅਨੁਭਵ ਟ੍ਰਾਂਸਫ਼ਰ ਤੇ ਸਾਂਝਾ ਕਰਨ ਦੀ ਸੁਵਿਧਾ ਦੇਵੇਗਾ। ਇਹ CoE-H ਨੌਰਵੇ ਤੇ ਭਾਰਤੀ ਖੋਜ ਤੇ ਵਿਕਾਸ ਸੰਸਥਾਨਾਂ/ਯੂਨੀਵਰਸਿਟੀਜ਼ ਵਿਚਾਲੇ ਹਰੀ ਤੇ ਨੀਲੀ ਹਾਈਡ੍ਰੋਜਨ ਨਾਲ ਸਬੰਧਤ ਖੋਜ ਤੇ ਵਿਕਾਸ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਇੱਕ ਵਾਹਨ ਹੋਵੇਗਾ। ਦੋਵੇਂ ਧਿਰਾਂ ਦੇ ਉਦਯੋਗਾਂ ਤੇ ਸਰਕਾਰਾਂ ਨਾਲ ਨੇੜਿਓਂ ਰਹਿ ਕੇ ਕੰਮ ਕਰਦਿਆਂ ਇਹ CoE-H ਘੱਟ–ਲਾਗਤ ਵਾਲੇ ਤੇ ਵਧਾਏ ਜਾ ਸਕਣ ਵਾਲੇ ਤੇ ਟਿਕਾਊ ਤਕਨਾਲੋਜੀਕਲ ਸਮਾਧਾਨ ਵਿਕਸਤ ਕਰਨ ਹਿਤ ਆਪਣੀਆਂ ਬੌਧਿਕ ਸ਼ਕਤੀਆਂ ਵਿੱਚ ਵਾਧਾ ਕਰੇਗਾ। ਇਹ CoE ਈਂਧਨ ਸੈੱਲ ਖੋਜ ਵੀ ਸ਼ੁਰੂ ਕਰੇਗਾ। ਇਹ ਸੰਸਥਾਨ; ਸਰਬੋਤਮ ਅਭਿਆਸ, ਸੁਰੱਖਿਆ, ਉਤਪਾਦ ਪ੍ਰੋਟੋਕੋਲਜ਼ ਤੇ ਹਾਈਡ੍ਰੋਜਨ ਤੇ ਈਂਧਨ ਸੈੱਲਾਂ ਦੇ ਖੇਤਰ ਵਿੱਚ ਵਿਨਿਯਮਾਂ ਲਈ ਕੋਡਜ਼ ਤੇ ਮਾਪਦੰਡ ਵਿਕਸਤ ਕਰਨ ਲਈ ਇੱਕ ਥਿੰਕ–ਟੈਂਕ (ਵਿਚਾਰ–ਕੇਂਦਰ) ਵਜੋਂ ਵੀ ਕੰਮ ਕਰੇਗਾ। ‘ਇੰਡੀਅਨ ਆਇਲ’ ਅਤੇ ‘ਗ੍ਰੀਨਸਟੈਟ’ ਵਿਚਾਲੇ ਇਹ ਭਾਈਵਾਲੀ; ਹਾਈਡ੍ਰੋਜਨ ਭੰਡਾਰਣ, ਹਾਈਡ੍ਰੋਜਨ ਉਤਪਾਦਨ, ਈਂਧਨ ਭਰਨ ਦੇ ਸਟੇਸ਼ਨਾਂ, ਈਂਧਨ ਸੈੱਲਾਂ ਤੇ CCUS ਤਕਨਾਲੋਜੀਆਂ ਬਾਰੇ ਉਦਯੋਗਾਂ, ਉਪਯੋਗਤਾਵਾਂ ਤੇ ਰੈਗੂਲੇਟਰਜ਼ ਨੂੰ ਸਲਾਹ–ਮਸ਼ਵਰੇ ਦੀ ਸੁਵਿਧਾ ਦੇ ਨਾਲ–ਨਾਲ ਵਿਵਹਾਰਕਤਾ ਅਧਿਐਨਾਂ ਉੱਤੇ ਆਧਾਰਤ ਵਪਾਰ ਮਾੱਡਲ ਵਿਕਸਤ ਕਰਨ ਵਾਸਤੇ ਭਾਈਵਾਲਾਂ/ਸਬੰਧਤ ਧਿਰਾਂ ਦੀ ਸਰਗਰਮੀ ਨਾਲ ਸਹਾਇਤਾ ਕਰੇਗੀ। 

 ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਪ੍ਰਧਾਨ ਨੇ ਉਸ ਮਹੱਤਵ ਦਾ ਜ਼ਿਕਰ ਕੀਤਾ, ਜੋ ਊਰਜਾ ਦੀਆਂ ਨਵੀਂਆਂ ਤੇ ਉੱਭਰ ਰਹੀਆਂ ਕਿਸਮਾਂ ਦੀ ਖੋਜ ਲਈ ਭਾਰਤ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ। ਭਾਰਤ ਦੀ ਊਰਜਾ ਖਪਤ ਬਾਰੇ ਉਨ੍ਹਾਂ ਕਿਹਾ ਕਿ ਭਾਰਤ ਊਰਜਾ ਦਾ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਖਪਤਕਾਰ ਹੈ ਤੇ ਇਹ ਊਰਜਾ ਮੰਗ ਲਗਾਤਾਰ ਵਧਦੀ ਜਾ ਰਹੀ ਹੈ ਤੇ ਇਸ ਨੂੰ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਊਰਜਾ ਉੱਦਮੀ ਲਈ ਆਦਰਸ਼ ਸਥਾਨ ਬਣਾਇਆ ਜਾ ਰਿਹਾ ਹੈ। ਉਨ੍ਹਾਂ ਸਭਨਾਂ ਦੇ ਲਾਭ ਲਈ ਵਿਗਿਆਨ, ਟੈਕਨੋਲੋਜੀ ਤੇ ਉੱਦਮਤਾ ਵਿਚਾਲੇ ਵਧੇਰੇ ਉਤਪ੍ਰੇਰਣ ਦਾ ਸੱਦਾ ਦਿੱਤਾ।

ਮੰਤਰੀ ਸ੍ਰੀ ਪ੍ਰਧਾਨ ਨੇ ਹਾਈਡ੍ਰੋਜਨ ਊਰਜਾ ਬਾਰੇ ਬੋਲਦਿਆਂ ਕਿਹਾ,‘ਅਸੀਂ ਹਾਈਡ੍ਰੋਜਨ ਨੂੰ ਭਵਿੱਖ ਦੀ ਊਰਜਾ ਵਜੋਂ ਵੇਖਦੇ ਹਾਂ।’ ਉਨ੍ਹਾਂ ਉਸ ਪਾਇਲਟ ਪ੍ਰੋਜੈਕਟ ਦੁਆਰਾ ਸਾਹਮਣੇ ਆਏ ਉਤਸ਼ਾਹਵਰਧਕ ਨਤੀਜਿਆਂ ਉੱਤੇ ਖ਼ੁਸ਼ੀ ਵੀ ਪ੍ਰਗਟਾਈ, ਜਿਸ ਅਧੀਨ ਦਿੱਲੀ ਵਿੱਚ ਹਾਈਡ੍ਰੋਜਨ–ਸੀਐੱਨਜੀ ਈਂਧਨ ਉੱਤੇ 50 ਬੱਸਾਂ ਚਲਾਈਆਂ ਜਾ ਰਹੀਆਂ ਹਨ।

ਊਰਜਾ–ਨਿਆਂ ਬਾਰੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਦੂਰ–ਦ੍ਰਿਸ਼ਟੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਊਰਜਾ ਦੀ ਕਿਫ਼ਾਇਤਯੋਗਤਾ, ਊਰਜਾ ਕਾਰਜਕੁਸ਼ਲਤਾ ਤੇ ਊਰਜਾ ਟਿਕਾਊਯੋਗਤਾ ਨੂੰ ਆਪਣੇ ਘੇਰੇ ’ਚ ਲੈਂਦੀ ਹੈ। ਉਨ੍ਹਾਂ ਇਹ ਵੀ ਕਿਹਾ,‘ਭਾਰਤ ਭਾਵੇਂ ਪ੍ਰਦੂਸ਼ਣ ਫੈਲਾਉਣ ਵਾਲਾ ਦੇਸ਼ ਨਹੀਂ ਹੈ, ਫਿਰ ਵੀ ਭਾਰਤ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ COP21 ’ਚ ਪ੍ਰਗਟਾਈ ਪ੍ਰਤੀਬੱਧਤਾ ਮੁਤਾਬਕ ਆਪਣੀਆਂ ਕਾਰਬਨ–ਨਿਕਾਸੀਆਂ ਘਟਾਉਣ ਤੇ ਵਾਤਾਵਰਣਕ ਤਬਦੀਲੀ ਵਿਰੁੱਧ ਵਿਸ਼ਵ–ਜੰਗ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰਤੀਬੱਧ ਹੈ।’

ਭਾਰਤ ’ਚ ਨੌਰਵੇ ਦੇ ਸਫ਼ੀਰ ਮਹਾਮਹਿਮ ਸ੍ਰੀ ਹਾਂਸ ਜੇਕਬ ਫ਼੍ਰਾਈਡਨਲੁੰਦ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਵਾਤਾਵਰਣਕ ਤਬਦੀਲੀ ਦਾ ਟਾਕਰਾ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਪ੍ਰਦੂਸ਼ਣ–ਮੁਕਤ ਤੇ ਅਖੁੱਟ ਊਰਜਾ ਦੀ ਵਰਤੋਂ ਬਹੁਤ ਜ਼ਰੂਰੀ ਹੈ। ਉਨ੍ਹਾਂ ਪ੍ਰਦੂਸ਼ਣ–ਮੁਕਤ ਊਰਜਾ ਦੇ ਖੇਤਰ ਵਿੱਚ ਨੌਰਵੇ ਦੀ ਤਾਕਤ ਤੇ ਅਨੁਭਵ ਦਾ ਜ਼ਿਕਰ ਕਰਦਿਆਂ ਹਾਈਡ੍ਰੋਜਨ ਊਰਜਾ ਦੇ ਖੇਤਰ ਵਿੱਚ ਭਾਰਤ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਪ੍ਰਗਟਾਈ। ਉਨ੍ਹਾਂ ‘ਇੱਛਾ–ਪੱਤਰ’ ਉੱਤੇ ਹਸਤਾਖਰ ਕੀਤੇ ਜਾਣ ਉੱਤੇ ਵੀ ਖ਼ੁਸ਼ੀ ਪ੍ਰਗਟਾਈ।

ਨਵੰਬਰ 2020 ’ਚ ਤੀਜੇ ‘ਵਿਸ਼ਵ ਅਖੁੱਟ ਊਰਜਾ ਨਿਵੇਸ਼ ਬੈਠਕ ਅਤੇ ਐਕਸਪੋ’ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਖੁੱਟ ਊਰਜਾ ਮਿਸ਼ਰਣ ਵਿੱਚ ਹਾਈਡ੍ਰੋਜਨ ਵਰਗੀਆਂ ਢੁਕਵੀਆਂ ਅਖੁੱਟ ਤਕਨਾਲੋਜੀਆਂ ਦੇ ਮਹੱਤਵ ਨੂੰ ਉਜਾਗਰ ਕੀਤਾ ਸੀ। ਉਸ ਅਨੁਸਾਰ, 2021–22 ਦੇ ਬਜਟ ਵਿੱਚ ‘ਨੈਸ਼ਨਲ ਹਾਈਡ੍ਰੋਜਨ ਐਨਰਜੀ ਮਿਸ਼ਨ’ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਗਿਆ ਸੀ। ‘ਨੈਸ਼ਨਲ ਹਾਈਡ੍ਰੋਜਨ ਐਨਰਜੀ ਮਿਸ਼ਨ’ ਦਾ ਉਦੇਸ਼ ਹਾਈਡ੍ਰੋਜਨ ਊਰਜਾ ਬਾਰੇ ਭਾਰਤ ਸਰਕਾਰ ਦੀ ਦੂਰ–ਦ੍ਰਿਸ਼ਟੀ, ਇੱਛਾ ਤੇ ਸੇਧ ਰੱਖਣਾ ਅਤੇ ਇਸ ਦੂਰ–ਦ੍ਰਿਸ਼ਟੀ ਨੂੰ ਅਮਲੀ ਰੂਪ ਦੇਣ ਲਈ ਰਣਨੀਤੀ ਤੇ ਪਹੁੰਚਾਂ ਉਲੀਕਣਾ ਹੈ।

ਟ੍ਰਾਂਸਪੋਰਟੇਸ਼ਨ ਈਂਧਨ ਵਜੋਂ ਰਤੋਂ ਲਈ ਕੰਪ੍ਰੈੱਸਡ ਕੁਦਰਤੀ ਗੈਸ ਨਾਲ ਹਾਈਡ੍ਰੋਜਨ ਦੇ ਮਿਸ਼ਰਣ ਲਈ ਇੱਕ ਪਾਇਲਟ ਪ੍ਰੋਜੈਕਟ ਦਿੱਲੀ ’ਚ ਰਾਜਘਾਟ ਬੱਸ ਡੀਪੂ ਉੱਤੇ ਚੱਲ ਰਿਹਾ ਹੈ। ਇਸ ਪਾਇਲਟ ਅਧੀਨ ਦਿੱਲੀ ਵਿੱਚ ਕੰਪ੍ਰੈੱਸਡ ਕੁਦਰਤੀ ਗੈਸ (CNG) ਵਿੱਚ ਹਾਈਡ੍ਰੋਜਨ ਦੇ ਮਿਸ਼ਰਣ ਨਾਲ 50 ਬੱਸਾਂ ਚੱਲ ਰਹੀਆਂ ਹਨ ਤੇ ਉਸ ਦੇ ਨਤੀਜੇ ਬਹੁਤ ਜ਼ਿਆਦਾ ਉਤਸ਼ਾਹਵਰਧਕ ਹਨ।

 

****

ਵਾਇਬੀ/ਐੱਸਕੇ



(Release ID: 1699242) Visitor Counter : 200