ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗਣਤੰਤਰ ਦਿਵਸ ਪਰੇਡ ਵਿੱਚ ਭਾਰਤ ਨੂੰ ਪ੍ਰਦਰਸ਼ਿਤ ਕਰ ਰਹੇ ਕਬਾਇਲੀ ਮਹਿਮਾਨਾਂ, ਐੱਨਸੀਸੀ ਕੈਡਿਟਾਂ, ਐੱਨਐੱਸਐੱਸ ਵਲੰਟੀਅਰਾਂ ਅਤੇ ਝਾਂਕੀ ਕਲਾਕਾਰਾਂ ਨਾਲ ਗੱਲਬਾਤ ਕੀਤੀ


‘ਵੋਕਲ ਫ਼ਾਰ ਲੋਕਲ’ ਅਤੇ ‘ਆਤਮਨਿਰਭਰ ਅਭਿਯਾਨ’ ਦੀ ਸਫ਼ਲਤਾ ਸਾਡੇ ਨੌਜਵਾਨਾਂ ‘ਤੇ ਨਿਰਭਰ: ਪ੍ਰਧਾਨ ਮੰਤਰੀ

ਐੱਨਸੀਸੀ, ਐੱਨਐੱਸਐੱਸ ਤੇ ਹੋਰ ਸੰਗਠਨਾਂ ਨੂੰ ਵੈਕਸੀਨ ਬਾਰੇ ਜਾਗਰੂਕਤਾ ਫੈਲਾਉਣ ਦਾ ਸੱਦਾ ਦਿੱਤਾ

Posted On: 24 JAN 2021 5:27PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਐਟ-ਹੋਮ (ਪ੍ਰੀਤੀ ਭੋਜਨ) ਆਯੋਜਨ ਵਿੱਚ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਣ ਵਾਲੇ ਕਬਾਇਲੀ ਮਹਿਮਾਨਾਂ, ਐੱਨਸੀਸੀ ਕੈਡਿਟਾਂ, ਐੱਨਐੱਸਐੱਸ ਵਲੰਟੀਅਰਾਂ ਤੇ ਝਾਂਕੀ ਕਲਾਕਾਰਾਂ ਨਾਲ ਗੱਲਬਾਤ ਕੀਤੀ। ਕੇਂਦਰੀ ਮੰਤਰੀ ਸ਼੍ਰੀ ਰਾਜਨਾਥ ਸਿੰਘ, ਸ਼੍ਰੀ ਅਰਜੁਨ ਮੁੰਡਾ, ਸ਼੍ਰੀ ਕਿਰੇਨ ਰਿਜਿਜੂ ਅਤੇ ਸ਼੍ਰੀਮਤੀ ਰੇਣੁਕਾ ਸਿੰਘ ਸਰੁਤਾ ਇਸ ਮੌਕੇ ਮੌਜੂਦ ਸਨ।  

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਬਾਇਲੀ ਮਹਿਮਾਨਾਂ, ਕਲਾਕਾਰਾਂ, ਐੱਨਐੱਸਐੱਸ ਅਤੇ ਐੱਨਸੀਸੀ ਕੈਡਿਟਾਂ ਦੀ ਗਣਤੰਤਰ ਦਿਵਸ ਪਰੇਡ ਵਿੱਚ ਸ਼ਮੂਲੀਅਤ ਹਰੇਕ ਨਾਗਰਿਕ ਨੂੰ ਊਰਜਾ ਨਾਲ ਭਰ ਦਿੰਦੀ ਹੈ। ਦੇਸ਼ ਦੀ ਅਮੀਰ ਵਿਭਿੰਨਤਾ ਦਾ ਪ੍ਰਦਰਸ਼ਨ ਉਸ ਵੇਲੇ ਹਰੇਕ ਨੂੰ ਮਾਣ ਨਾਲ ਭਰ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗਣਤੰਤਰ ਦਿਵਸ ਪਰੇਡ ਭਾਰਤ ਦੀ ਮਹਾਨ ਸਮਾਜਿਕ–ਸੱਭਿਆਚਾਰਕ ਵਿਰਾਸਤ ਅਤੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਜੀਵਨ ਦੇਣ ਵਾਲੇ ਸੰਵਿਧਾਨ ਪ੍ਰਤੀ ਇੱਕ ਸ਼ਰਧਾਂਜਲੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਰ੍ਹੇ ਭਾਰਤ ਆਜ਼ਾਦੀ ਦੇ 75ਵੇਂ ਵਰ੍ਹੇ ‘ਚ ਪ੍ਰਵੇਸ਼ ਕਰ ਰਿਹਾ ਹੈ ਅਤੇ ਇਸ ਸਾਲ ਅਸੀਂ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਵੀ ਮਨਾਵਾਂਗੇ। ਇਸ ਵਰ੍ਹੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮਨਾਈ ਜਾ ਰਹੀ ਹੈ, ਜਿਸ ਨੂੰ ‘ਪਰਾਕ੍ਰਮ ਦਿਵਸ’ ਐਲਾਨਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਾਰੋਹ ਸਾਨੂੰ ਖ਼ੁਦ ਨੂੰ ਆਪਣੇ ਦੇਸ਼ ਪ੍ਰਤੀ ਮੁੜ–ਸਮਰਪਿਤ ਕਰਨ ਲਈ ਪੇਰਿਤ ਕਰਦੇ ਹਨ।

 

ਪ੍ਰਧਾਨ ਮੰਤਰੀ ਨੇ ਆਪਣੇ ਨੌਜਵਾਨ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਾਡੇ ਦੇਸ਼ ਵਾਸੀਆਂ ਦੀ ਖ਼ਾਹਿਸ਼ ਦੀ ਸਮੂਹਿਕ ਸ਼ਕਤੀ ਦਾ ਮੂਰਤ ਰੂਪ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਅਰਥ ਹੈ – ਬਹੁਤ ਸਾਰੇ ਰਾਜ – ਇੱਕ ਰਾਸ਼ਟਰ, ਬਹੁਤ ਸਾਰੇ ਭਾਈਚਾਰੇ – ਇੱਕ ਭਾਵਨਾ, ਬਹੁਤ ਸਾਰੇ ਰਾਹ – ਇੱਕ ਨਿਸ਼ਾਨਾ, ਬਹੁਤ ਸਾਰੇ ਰੀਤੀ ਰਿਵਾਜ – ਇੱਕ ਕਦਰ–ਕੀਮਤ, ਬਹੁਤ ਸਾਰੀਆਂ ਭਾਸ਼ਾਵਾਂ – ਇੱਕ ਪ੍ਰਗਟਾਵਾ ਅਤੇ ਬਹੁਤ ਸਾਰੇ ਰੰਗ – ਇੱਕ ਤਿਰੰਗਾ। ਅਤੇ ਇਹ ਸਾਂਝਾ ਟਿਕਾਣਾ ਹੈ ‘ਏਕ ਭਾਰਤ–ਸ਼੍ਰੇਸ਼ਠ ਭਾਰਤ।’ ਉਨ੍ਹਾਂ ਦੇਸ਼ ਦੇ ਸਾਰੇ ਭਾਗਾਂ ਤੋਂ ਨੌਜਵਾਨ ਮਹਿਮਾਨਾਂ ਨੂੰ ਅਪੀਲ ਕੀਤੀ ਕਿ ਉਹ ਇੱਕ–ਦੂਸਰੇ ਦੇ ਰੀਤੀ–ਰਿਵਾਜਾਂ, ਪਕਵਾਨਾਂ, ਭਾਸ਼ਾਵਾਂ ਤੇ ਕਲਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕੰਮ ਕਰਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਏਕ ਭਾਰਤ–ਸ਼੍ਰੇਸ਼ਠ ਭਾਰਤ’; ‘ਲੋਕਲ ਫ਼ਾਰ ਵੋਕਲ’ ਲਹਿਰ ਨੂੰ ਸ਼ਕਤੀ ਪ੍ਰਦਾਨ ਕਰੇਗੀ। ਜਦੋਂ ਇੱਕ ਖੇਤਰ ਹੋਰ ਖੇਤਰਾਂ ਦੇ ਉਤਪਾਦ ਲਈ ਮਹਿਸੂਸ ਕਰੇਗਾ ਤੇ ਉਸ ਨੂੰ ਉਤਸ਼ਾਹਿਤ ਵੀ ਕਰੇਗਾ, ਕੇਵਲ ਤਦ ਹੀ ਸਥਾਨਕ ਉਤਪਾਦਾਂ ਦੀ ਰਾਸ਼ਟਰੀ ਤੇ ਵਿਸ਼ਵ–ਪੱਧਰੀ ਪਹੁੰਚ ਬਣੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਵੋਕਲ ਫ਼ਾਰ ਲੋਕਲ’ ਅਤੇ ‘ਆਤਮਨਿਰਭਰ ਅਭਿਯਾਨ’ ਦੀ ਸਫ਼ਲਤਾ ਸਾਡੇ ਨੌਜਵਾਨਾਂ ਉੱਤੇ ਨਿਰਭਰ ਹੈ।

 

ਪ੍ਰਧਾਨ ਮੰਤਰੀ ਨੇ ਦੇਸ਼ ਦੇ ਨੌਜਵਾਨਾਂ ਵਿੱਚ ਸਹੀ ਹੁਨਰ ਕਾਇਮ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਹੁਨਰ ਦੇ ਇਸ ਮਹੱਤਵ ਨੂੰ ਉਜਾਗਰ ਕਰਨ ਲਈ ਉਨ੍ਹਾਂ ਸੂਚਿਤ ਕੀਤਾ ਕਿ ਕੌਸ਼ਲ ਮੰਤਰਾਲਾ ਸਾਲ 2014 ‘ਚ ਹੋਂਦ ਵਿੱਚ ਆਇਆ ਸੀ ਤੇ 5.5 ਕਰੋੜ ਨੌਜਵਾਨਾਂ ਨੂੰ ਵੱਖੋ–ਵੱਖਰੇ ਹੁਨਰਾਂ ਨਾਲ ਲੈਸ ਕੀਤਾ ਗਿਆ ਹੈ ਅਤੇ ਇਸ ਨਾਲ ਸਵੈ–ਰੋਜ਼ਗਾਰ ਤੇ ਰੋਜ਼ਗਾਰ ਵਿੱਚ ਮਦਦ ਮਿਲੀ ਹੈ।

 

ਨਵੀਂ ‘ਰਾਸ਼ਟਰੀ ਸਿੱਖਿਆ ਨੀਤੀ’ ਵਿੱਚ ਸਪਸ਼ਟ ਤਰੀਕੇ ਹੁਨਰ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਜਿੱਥੇ ਗਿਆਨ ਨੂੰ ਲਾਗੂ ਕਰਨ ਉੱਤੇ ਜ਼ੋਰ ਦਿੱਤਾ ਜਾਦਾ ਹੈ। ਕਿਸੇ ਦੀ ਮਰਜ਼ੀ ਅਨੁਸਾਰ ਵਿਸ਼ੇ ਦੀ ਚੋਣ ਵਿੱਚ ਲਚਕਤਾ ਇਸ ਨੀਤੀ ਦਾ ਪ੍ਰਮੁੱਖ ਪੱਖ ਹੈ। ਇਹ ਨੀਤੀ ਸਿੱਖਿਆ ਦੀ ਮੁੱਖ–ਧਾਰਾ ਵਿੱਚ ਕਿੱਤਾ–ਮੁਖੀ ਸਿੱਖਿਆ ਲਿਆਉਣ ਦੀ ਪਹਿਲੀ ਗੰਭੀਰ ਕੋਸ਼ਿਸ਼ ਹੈ। ਛੇਵੀਂ ਜਮਾਤ ਤੋਂ ਵਿਦਿਆਰਥੀਆਂ ਨੂੰ ਆਪਣੀਆਂ ਦਿਲਚਸਪੀਆਂ, ਸਥਾਨਕ ਜ਼ਰੂਰਤਾਂ ਤੇ ਕਾਰੋਬਾਰ ਮੁਤਾਬਕ ਕੋਈ ਕੋਰਸ ਚੁਣਨ ਦਾ ਵਿਕਲਪ ਮਿਲੇਗਾ। ਬਾਅਦ ‘ਚ ਮਿਡਲ ਪੱਧਰ ਉੱਤੇ ਅਕਾਦਮਿਕ ਤੇ ਕਿੱਤਾਮੁਖੀ ਵਿਸ਼ਿਆਂ ਦਾ ਸੰਗਠਨ ਪ੍ਰਸਤਾਵਿਤ ਹੈ।

 

ਪ੍ਰਧਾਨ ਮੰਤਰੀ ਨੇ ਐੱਨਸੀਸੀ ਤੇ ਐੱਨਐੱਸਐੱਸ ਵੱਲੋਂ ਲੋੜ ਪੈਣ ਉੱਤੇ, ਖ਼ਾਸ ਤੌਰ ‘ਤੇ ਕੋਰੋਨਾ ਸਮੇਂ ਦੌਰਾਨ ਦੇਸ਼ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਉਨ੍ਹਾਂ ਨੂੰ ਮਹਾਮਾਰੀ ਦੀ ਇਸ ਜੰਗ ਨੂੰ ਅਗਲੇ ਗੇੜ ਵਿੱਚ ਲਿਜਾਣ ਲਈ ਕਿਹਾ। ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਟੀਕਾਕਰਣ ਦੀ ਮੁਹਿੰਮ ਵਿੱਚ ਮਦਦ ਲਈ ਅੱਗੇ ਆਉਣ ਅਤੇ ਦੇਸ਼ ਦੇ ਸਾਰੇ ਕੋਣਿਆਂ ਵਿੱਚ ਆਪਣੀ ਪਹੁੰਚ ਦੀ ਵਰਤਣ ਅਤੇ ਇਸ ਵੈਕਸੀਨ ਬਾਰੇ ਜਾਗਰੂਕਤਾ ਫੈਲਾਉਣ ਲਈ ਸਮਾਜ ਦੇ ਹਰੇਕ ਭਾਗ ਦੀ ਵਰਤੋਂ ਕਰਨ। ਪ੍ਰਧਾਨ ਮੰਤਰੀ ਨੇ ਕਿਹਾ,‘ਵੈਕਸੀਨ ਤਿਆਰ ਕਰਕੇ ਸਾਡੇ ਵਿਗਿਆਨੀਆਂ ਨੇ ਆਪਣਾ ਫ਼ਰਜ਼ ਪੂਰਾ ਕਰ ਦਿੱਤਾ ਹੈ, ਹੁਣ ਸਾਡੀ ਵਾਰੀ ਹੈ। ਸਾਨੂੰ ਝੂਠ ਤੇ ਅਫ਼ਵਾਹਾਂ ਫੈਲਾਉਣ ਦੀ ਹਰੇਕ ਕੋਸ਼ਿਸ਼ ਨੂੰ ਹਰਾਉਣਾ ਹੋਵੇਗਾ।’

 

https://youtu.be/X1fCHU7em8U 

 

*****

 

ਡੀਐੱਸ



(Release ID: 1691948) Visitor Counter : 165