ਸੂਚਨਾ ਤੇ ਪ੍ਰਸਾਰਣ ਮੰਤਰਾਲਾ

‘ਦ ਡੌਗਜ਼ ਡਿਡ’ਨਟ ਸਲੀਪ ਲਾਸਟ ਨਾਈਟ’, ਚਾਰ ਵੱਖੋ-ਵੱਖਰੀਆਂ ਜਾਨਾਂ ਦੀ ਕਹਾਣੀ ਦੱਸਦੀ ਹੈ ਜੋ ਇੱਕ ਦੂਸਰੇ ਨਾਲ ਰਲ ਜਾਂਦੀਆਂ ਹਨ: ਡਾਇਰੈਕਟਰ ਰਾਮੀਨ ਰਸੌਲੀ

Posted On: 23 JAN 2021 4:25PM by PIB Chandigarh

“ਦ ਡੌਗਜ਼ ਡਿਡ’ਨਟ ਸਲੀਪ ਲਾਸਟ ਨਾਈਟ, ਚਾਰ ਵੱਖੋ-ਵੱਖਰੀਆਂ ਜ਼ਿੰਦਗੀਆਂ ਦੀ ਕਹਾਣੀ ਦੱਸਦੀ ਹੈ, ਭਿੰਨ-ਭਿੰਨ ਭਾਵਨਾਵਾਂ ਦੁਆਰਾ ਪ੍ਰੇਰਿਤ, ਹਰੇਕ ਵਿਅਕਤੀ, ਜੋ ਜਿਨ੍ਹਾਂ ਸੰਘਰਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਉਹ ਭਾਵੇਂ ਵੱਖ-ਵੱਖ ਹਨ, ਪਰ ਇੱਕ ਦੂਸਰੇ ਨਾਲ ਜੁੜੇ ਹੋਏ ਹਨ। ਸਾਡੇ ਆਸ-ਪਾਸ ਬਹੁਤ ਸਾਰੀਆਂ ਕਹਾਣੀਆਂ ਹਨ, ਚੰਗੀਆਂ ਅਤੇ ਮਾੜੀਆਂ ਦੋਵੇਂ। ਮੈਨੂੰ ਚਾਰ ਕਹਾਣੀਆਂ ਮਿਲੀਆਂ, ਅਤੇ ਉਨ੍ਹਾਂ ਨੂੰ ਇਸ ਫਿਲਮ ਲਈ ਇਕੱਠਾ ਕੀਤਾ।”  ਡਾਇਰੈਕਟਰ ਰਾਮੀਨ ਰਸੌਲੀ ਆਪਣੀ ਇੱਫੀ 51 ਫਿਲਮ ਬਾਰੇ ਬੋਲ ਰਹੇ ਸਨ, ਜਿਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਅਫ਼ਗ਼ਾਨਿਸਤਾਨ ਦੀਆਂ ਸੱਚੀਆਂ ਕਹਾਣੀਆਂ 'ਤੇ ਅਧਾਰਿਤ ਹੈ। ਰਸੌਲੀ ਅੱਜ 23 ਜਨਵਰੀ, 2021 ਨੂੰ ਪੱਣਜੀ, ਗੋਆ ਵਿੱਚ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਫਿਲਮ ਦਾ ਕੱਲ੍ਹ ਇੱਫੀ 51 ਵਿੱਚ ਅੰਤਰਰਾਸ਼ਟਰੀ ਪ੍ਰਤੀਯੋਗਤਾ ਸ਼੍ਰੇਣੀ ਵਿੱਚ ਵਿਸ਼ਵ ਪ੍ਰੀਮੀਅਰ ਸੀ।

 

1.jpg

 

91 ਮਿੰਟ ਦੀ ਇਹ ਫੀਚਰ ਫਿਲਮ ਅਫ਼ਗ਼ਾਨਿਸਤਾਨ ਦੇ ਇੱਕ ਦੂਰ-ਦੁਰਾਡੇ ਖੇਤਰ ਵਿੱਚ ਸੈੱਟ ਕੀਤੀ ਗਈ ਹੈ। ਇਹ ਦਰਸਾਇਆ ਗਿਆ ਹੈ ਕਿ ਕਿਵੇਂ ਇੱਕ ਸਕੂਲ ਵਿੱਚ ਇੱਕ ਜਵਾਨ ਚਰਵਾਹਾ ਲੜਕੀ, ਪੰਛੀ ਫੜਨ ਵਾਲੇ ਇੱਕ ਲੜਕੇ ਅਤੇ ਇੱਕ ਸੋਗ ਕਰਨ ਵਾਲੇ ਅਧਿਆਪਕ ਦੀਆਂ ਜ਼ਿੰਦਗੀਆਂ ਇੱਕ ਦੂਸਰੇ ਨਾਲ ਜੁੜੀਆਂ ਹੋਈਆਂ ਹਨ ਜਦੋਂ ਉਨ੍ਹਾਂ ਦੇ ਸਕੂਲ ਨੂੰ ਸਾੜ ਦਿੱਤਾ ਗਿਆ। ਫਿਲਮ ਵਿੱਚ ਇੱਕ ਮੋੜ ਆਉਂਦਾ ਹੈ ਜਦੋਂ ਜਵਾਨ ਚਰਵਾਹਾ ਲੜਕੀ ਇੱਕ ਮਹਿਲਾ ਅਮਰੀਕਨ ਸੈਨਿਕ ਨੂੰ ਬਚਾਉਂਦੀ ਹੈ ਅਤੇ   ਆਪਣੇ ਪਿੰਡ ਲੈ ਜਾਂਦੀ ਹੈ। ਫਿਲਮ ਦੀ ਸ਼ੂਟਿੰਗ ਇਰਾਨ ਅਤੇ ਅਫ਼ਗ਼ਾਨਿਸਤਾਨ ਵਿੱਚ ਕੀਤੀ ਗਈ ਸੀ ਅਤੇ ਦਾਰੀ (ਫਾਰਸੀ) ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਬਣਾਈ ਗਈ ਹੈ।

 

2.jpg

 

“ਇਰਾਨੀ ਅਤੇ ਅਫ਼ਗ਼ਾਨ ਅਦਾਕਾਰਾਂ ਦੀ ਇੱਕ ਕਾਸਟ ਨੇ ਇਸ ਪ੍ਰੋਜੈਕਟ ਵਿੱਚ ਸਹਿਯੋਗ ਕੀਤਾ ਹੈ। ਇਹ ਇਰਾਨ ਅਤੇ ਅਫ਼ਗ਼ਾਨਿਸਤਾਨ ਦਰਮਿਆਨ ਇੱਕ ਸੰਯੁਕਤ ਪ੍ਰੋਡਕਸ਼ਨ ਹੈ, ਪਰ ਬਹੁਤੇ ਅਭਿਨੇਤਾ ਅਫ਼ਗ਼ਾਨ ਹਨ।” ਉਸਨੇ ਅੱਗੇ ਕਿਹਾ: "ਫਿਲਮ ਦੇ ਇੱਕ ਹਿੱਸੇ ਦੀ ਸ਼ੂਟਿੰਗ ਇਰਾਨ ਵਿੱਚ ਕੀਤੀ ਗਈ ਹੈ ਕਿਉਂਕਿ ਅਫ਼ਗ਼ਾਨਿਸਤਾਨ ਵਿੱਚ ਕੁਝ ਸਥਿਤੀਆਂ ਸ਼ੂਟਿੰਗ ਲਈ ਅਨੁਕੂਲ ਨਹੀਂ ਸਨ।"

 

ਜਦੋਂ ਉਨ੍ਹਾਂ ਨੂੰ ਭਾਰਤੀ ਅਤੇ ਵਿਸ਼ਵ ਸਿਨੇਮਾ ਪ੍ਰਤੀ ਆਪਣੇ ਪਿਆਰ ਬਾਰੇ ਪੁੱਛਿਆ ਗਿਆ ਤਾਂ ਰਾਮਿਨ ਨੇ ਯਾਦ ਕੀਤਾ ਕਿ ਅਫ਼ਗਾਨ ਦੇ ਹਰ ਦੂਸਰੇ ਵਿਅਕਤੀ ਦੀ ਤਰ੍ਹਾਂ ਉਹ ਵੀ ਭਾਰਤੀ ਫਿਲਮਾਂ ਦੇਖਦਿਆਂ ਅਤੇ ਬਾਲੀਵੁੱਡ ਦੇ ਗਾਣੇ ਸੁਣਦਿਆਂ ਵੱਡਾ ਹੋਇਆ ਹੈ। “ਅਸਲ ਵਿੱਚ, ਤੁਸੀਂ ਮੇਰੀ ਫਿਲਮ ਵਿੱਚ ਇਰਾਨੀ ਸੱਭਿਆਚਾਰ ਅਤੇ ਭਾਰਤੀ ਪ੍ਰਸੰਗ ਦੀ ਝਲਕ ਦੇਖ ਸਕਦੇ ਹੋ। ਇੱਕ ਉਦਾਹਰਣ ਦਾ ਹਵਾਲਾ ਦਿੰਦੇ ਹੋਏ, ਉਸ ਨੇ ਅੱਗੇ ਕਿਹਾ: "ਫਿਲਮ ਵਿੱਚ, ਜਦੋਂ ਪੰਛੀ ਫੜਨ ਵਾਲਾ ਲੜਕਾ ਪੰਛੀਆਂ ਦੇ ਨਾਲ ਇੱਕ ਟੈਂਕੀ ਵਿੱਚ ਪਨਾਹ ਲੈਂਦਾ ਹੈ, ਤਾਂ ਉਸਦੇ ਸੰਗੀਤ ਦੇ ਸੰਗ੍ਰਹਿ ਵਿੱਚ, ਜਿਸ ਨੂੰ ਉਹ ਸੁਣਦਾ ਹੈ, ਬਾਲੀਵੁੱਡ ਦੇ ਗਾਣੇ ਵੀ ਸ਼ਾਮਲ ਹਨ।"

 

 ਉਨ੍ਹਾਂ ਅੱਗੇ ਕਿਹਾ, “ਭਾਰਤ ਅਤੇ ਅਫ਼ਗ਼ਾਨਿਸਤਾਨ ਵਿਚਕਾਰ ਆਪਸ ਵਿੱਚ ਨੇੜਲਾ ਰਿਸ਼ਤਾ ਹੈ ਅਤੇ ਅਫ਼ਗ਼ਾਨਿਸਤਾਨ ਵਿੱਚ ਭਾਰਤੀ ਸੱਭਿਆਚਾਰ ਦਾ ਪ੍ਰਭਾਵ ਵੱਧ ਰਿਹਾ ਹੈ।”

 

3.jpg

 

ਮਹਾਮਾਰੀ ਦੇ ਦਰਮਿਆਨ ਫੈਸਟੀਵਲ ਦੇ ਆਯੋਜਨ ਲਈ ਇੱਫੀ ਨੂੰ ਵਧਾਈ ਦਿੰਦਿਆਂ ਡਾਇਰੈਕਟਰ, ਜਿਸ ਨੇ ਇੱਫੀ ਵਿਖੇ ਪਹਿਲੀ ਵਾਰ ਆਪਣੀ ਫਿਲਮ ਵੱਡੇ ਪਰਦੇ ਤੇ ਦੇਖੀ, ਦਿਲੋਂ ਕਿਹਾ: “ਇੱਥੇ ਆ ਕੇ ਖੁਸ਼ ਹਾਂ; ਇਹ ਮੇਰੀ ਫਿਲਮ ਲਈ ਇੱਕ ਵਧੀਆ ਮੌਕਾ ਹੈ ਕਿ ਇਹ ਦੁਨੀਆ ਦੇ ਸਭ ਤੋਂ ਵੱਡੇ ਫੈਸਟੀਵਲਾਂ ਵਿੱਚੋਂ ਇੱਕ ਵਿੱਚ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ। ਮੈਂ ਭਾਰਤ ਨੂੰ ਪਿਆਰ ਕਰਦਾ ਹਾਂ ਅਤੇ ਮੈਂ ਪਹਿਲੀ ਵਾਰ ਇੱਥੇ ਆਇਆ ਹਾਂ। ਮੈਨੂੰ ਸੱਚਮੁੱਚ ਇੱਥੇ ਰਹਿਣ ਦਾ ਅਨੰਦ ਆਇਆ।”

 

ਡਾਇਰੈਕਟਰ ਰਾਮਿਨ ਰਸੌਲੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਇਰਾਨ ਵਿੱਚ ਕੀਤੀ ਸੀ ਅਤੇ ਹੁਣ ਉਹ ਨੀਦਰਲੈਂਡਜ਼ ਵਿੱਚ ਰਹਿੰਦਾ ਹੈ।  ਸਿਨੇਮਾ ਵਿੱਚ ਉਨ੍ਹਾਂ ਦੀ ਦਿਲਚਸਪੀ ਨੇ ਉਨ੍ਹਾਂ ਨੂੰ ਚੌਦ੍ਹਾਂ ਸਾਲ ਦੀ ਉਮਰ ਵਿੱਚ ਲਿਖਣ ਲਿਗਾ ਦਿੱਤਾ, ਅਤੇ ਸੋਲ੍ਹਾਂ ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਆਪਣੀ ਪਹਿਲੀ 8 ਮਿਲੀਮੀਟਰ ਫਿਲਮ ਬਣਾਈ। ਉਨ੍ਹਾਂ ਨੇ 10 ਛੋਟੀਆਂ ਫਿਲਮਾਂ ਅਤੇ ਦੋ ਫੀਚਰ ਫਿਲਮਾਂ ਬਣਾਈਆਂ ਹਨ। ਉਨ੍ਹਾਂ ਦੀ ਪਹਿਲੀ ਫੀਚਰ ਫਿਲਮ, ਲੀਨਾ, 2017 ਵਿੱਚ ਫੈਸਟੀਵਲ ਸਰਕਟ ਵਿੱਚ ਦਾਖਲ ਹੋਈ। ‘ਦ ਡੌਗਜ਼ ਡਿਡ’ਨਟ ਸਲੀਪ ਲਾਸਟ ਨਾਈਟ’, ਉਨ੍ਹਾਂ ਦੀ ਦੂਸਰੀ ਫੀਚਰ ਫਿਲਮ ਹੈ। 

 

https://youtu.be/j71hJY-fmzs 

 

                *********

 

 

 

ਡੀਜੇਐੱਮ / ਐੱਸਕੇਵਾਈ / ਇੱਫੀ -61



(Release ID: 1691693) Visitor Counter : 196