ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਮੈਂ ਆਪਣੀ ਪੀੜ੍ਹੀ ਨੂੰ ਆਈਟਮ ਨਾਚਾਂ ਤੋਂ ਬਚਾਉਣਾ ਚਾਹੁੰਦੀ ਹਾਂ: ਫਿਲਮ ‘ਆਵਰਤਨ’ ਦੀ ਨਿਰਦੇਸ਼ਿਕਾ ਦੁਰਬਾ ਸਹਾਏ


ਨਾਚ ਮੇਰੀ ਆਤਮਾ, ਮੇਰੀ ਰੂਹ, ਮੇਰਾ ਜੀਵਨ ਹੈ: ਪਦਮ ਸ਼੍ਰੀ ਸ਼ੋਵਨਾ ਨਾਰਾਇਣ

‘ਆਵਰਤਨ’ ’ਚ ਗੁਰੂ–ਸ਼ਿਸ਼ ਪਰੰਪਰਾ ਦਰਸਾਈ ਗਈ

Posted On: 22 JAN 2021 9:06PM by PIB Chandigarh

 

ਕੱਥਕ ਕਲਾਕਾਰ ਭਾਵਨਾ ਸਰਸਵਤੀ ਦੀ ਸ਼ਿਸ਼ਯਾ ਰੇਣੂਕਾ ਹੁਣ ਨਾਚ ਦੀ ਉਸ ਕਿਸਮ ਵਿੱਚ ਇੱਕ ਨਵਾਂ ਪਾਸਾਰ ਜੋੜ ਰਹੀ ਹੈ, ਜੋ ਉਸ ਨੇ ਉਨ੍ਹਾਂ ਤੋਂ ਵਿਰਾਸਤ ਵਿੱਚ ਲਿਆ ਸੀ। ਇਸ ਨਾਲ ਭਾਵਨਾ ਅਸੁਰੱਖਿਆ ਤੇ ਪਛਾਣ ਦੇ ਸੰਕਟ ਦੀ ਸਥਿਤੀ ਵਿੱਚ ਚਲੀ ਜਾਂਦੀ ਹੈ। ਆਪਣੇ ਭਾਵਨਾਤਮਕ ਆਪੇ ਨਾਲ ਨਿਪਟਣ ਦਾ ਕੋਈ ਰਾਹ ਪਤਾ ਨਾ ਹੋਣ ਕਾਰਣ ਉਹ ਰੇਣੂਕਾ ਨੂੰ ਨਿਰਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੰਦੀ ਹੈ, ਜਿਸ ਨਾਲ ਰੇਣੂਕਾ ਨੂੰ ਦੁੱਖ ਹੁੰਦਾ ਹੈ।

 

 

ਉੱਥੇ ਕੱਥਕ ਡਾਂਸਰ ਪਦਮ ਸ੍ਰੀ ਸ਼ੋਵਨਾ ਨਾਰਾਇਣ ਨੇ ਫਿਲਮ ‘ਆਵਰਤਨ’ ਵਿੱਚ ਭਾਵਨਾ ਸਰਸਵਤੀ ਦੀ ਭੂਮਿਕਾ ਨਿਭਾਈ ਹੈ, ਇਸ ਫਿਲਮ ਦੀ ਦੀ ਚੋਣ ‘ਇੰਡੀਅਨ ਪੈਨੋਰਮਾ ਫ਼ੀਚਰ ਫਿਲਮ’ ਸੈਕਸ਼ਨ ਅਧੀਨ 51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ ਲਈ ਚੁਣੀ ਗਈ ਹੈ। ਉਨ੍ਹਾਂ ਅੱਜ 22 ਜਨਵਰੀ, 2021 ਨੂੰ ਪਣਜੀ, ਗੋਆ ਵਿਖੇ ਫਿਲਮ ਨਿਰਦੇਸ਼ਿਕਾ ਦੁਰਬਾ ਸਹਾਏ ਨਾਲ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ,‘ਨਾਚ ਮੇਰੇ ਲਈ ਮੇਰੀ ਆਤਮਾ, ਮੇਰੀ ਰੂਹ ਅਤੇ ਮੇਰਾ ਜੀਵਨ ਹੈ: ਮੈਨੂੰ ‘ਆਵਰਤਨ’ ਦਾ ਹਿੱਸਾ ਬਣ ਕੇ ਬਹੁਤ ਖ਼ੁਸ਼ੀ ਹੋਈ ਹੈ। ਇਹ ਫਿਲਮ ਇੱਕ ਗੁਰੂ ਅਤੇ ਇੱਕ ਸ਼ਿਸ਼ ਵਿਚਾਲੇ ਦੋਚਿੱਤੀਆਂ ਦੇ ਸਦੀਵੀ ਚੱਕਰ ਉੱਤੇ ਚਾਨਣਾ ਪਾਉਂਦੀ ਹੈ। ਇਹ ਇਸ ਤੱਥ ਉੱਤੇ ਚਾਨਣਾ ਪਾਉਂਦੀ ਹੈ ਕਿ ਇਸ ਦੇਸ਼ ਦੀ ਪਰੰਪਰਾ 2,500 ਸਾਲ ਪੁਰਾਣੀ ਹੈ।’

 

 

ਫਿਲਮ ‘ਆਵਰਤਨ’ ਗੁਰੂ–ਸ਼ਿਸ਼ਯਾ ਪਰੰਪਰਾ – ਇੱਕ ਅਧਿਆਪਕ ਤੇ ਉਸ ਦੇ ਸ਼ਿਸ਼ ਦੇ ਚੱਕਰ ਨੂੰ ਦਰਸਾਉਂਦੀ ਹੈ, ਭਾਰਤੀ ਕਲਾ ਦੀਆਂ ਸਾਰੀਆਂ ਸਨਾਤਨੀ ਕਿਸਮਾਂ ਦਾ ਇੱਕ ਸਭ ਤੋਂ ਪ੍ਰਸਿੱਧ ਪੱਖ ਹੈ। ਇਹ ਫਿਲਮ ਚਾਰ ਪੀੜ੍ਹੀਆਂ ਕਵਰ ਕਰਦਿਆਂ ਦਰਸਾਉਂਦੀ ਹੈ ਕਿ ਅਧਿਆਪਕ–ਸ਼ਿਸ਼ ਦੀ ਯਾਤਰਾ ਕਿਵੇਂ ਸ਼ੁਰੂ, ਵਿਕਸਤ, ਖ਼ਤਮ ਹੁੰਦੀ ਹੈ ਅਤੇ ਕਿਵੇਂ ਇੱਕ ਨਵਾਂ ਚੱਕਰ ਦੋਬਾਰਾ ਸ਼ੁਰੂ ਹੁੰਦੀ ਹੈ।

 

 

ਨਿਰਦੇਸ਼ਿਕਾ ਦੁਰਬਾ ਸਹਾਏ ਨੇ ਕਿਹਾ ਕਿ ਇਸ ਫਿਲਮ ਦਾ ਵਿਚਾਰ ਕਈ ਸਾਲ ਪਹਿਲਾਂ ਵਿਕਸਤ ਹੋਣਾ ਸ਼ੁਰੂ ਹੋ ਗਿਆ ਸੀ। ‘ਗੁਰੂ ਕੋਈ ਵੀ ਹੋ ਸਕਦਾ ਹੈ – ਇੱਕ ਗਾਇਕ, ਇੱਕ ਚਿੱਤਰਕਾਰ, ਇੱਕ ਡਾਂਸਰ। ਪਰ ਮੈਂ ਨਾਚ ਨੂੰ ਚੁਣਿਆ ਕਿਉਂਕਿ ਮੈਂ ਸਦਾ ਕੱਥਕ ਦੇ ਰੂਪ ਵਿੱਚ ਕਲਾ ਦੇ ਨੇੜੇ ਰਹੀ ਹਾਂ। ਅਤੇ ਇਸੇ ਲਈ ਮੈਂ ਨਾਚ, ਜਿਸ ਨੂੰ ਮੈਂ ਪਿਆਰ ਕਰਦੀ ਹਾਂ, ਰਾਹੀਂ ਗੁਰੂ–ਸ਼ਿਸ਼ਯਾ ਪਰੰਪਰਾ ਦੇ ਇਸ ਪੱਖ ਦਾ ਵਰਣਨ ਕਰਨ ਦਾ ਰਾਹ ਚੁਣਿਆ।’

 

117 ਮਿੰਟਾਂ ਦੀ ਫਿਲਮ ਲਈ ਕਲਾਕਾਰਾਂ ਦੀ ਚੋਣ ਕਿਵੇਂ ਕੀਤੀ ਗਈ? ‘ਮੈਂ ਜਦੋਂ ਇਸ ਦਾ ਕਥਾਨਕ ਲਿਖਣਾ ਸ਼ੁਰੂ ਕੀਤਾ, ਸ਼ੋਵਨਾ ਜੀ, ਜਿਨ੍ਹਾਂ ਨੂੰ ਮੈਂ ਕਈ ਸਾਲਾਂ ਤੋਂ ਜਾਣਦੀ ਹਾਂ, ਦਾ ਵਿਚਾਰ ਮੇਰੇ ਮਨ ’ਚ ਆਇਆ। ਮੈਂ ਉਨ੍ਹਾਂ ਨੂੰ ਕਹਾਣੀ ਸੁਣਾਈ ਤੇ ਉਹ ਤੁਰੰਤ ਇਹ ਕਰਨ ਲਈ ਤਿਆਰ ਹੋ ਗਏ।’

 

ਸਹਾਏ ਨੇ ਅੱਗੇ ਕਿਹਾ ਕਿ ਉਂਝ ਮੈਨੂੰ ਇਸ ਮਾਮਲੇ ’ਚ ਸ਼ੱਕ ਸੀ ਕਿ ਮੈਂ ਇੰਨੀ ਸੀਨੀਅਰ ਡਾਂਸਰ ਤੋਂ ਅਦਾਕਾਰੀ ਕਿਵੇਂ ਕਰਾਵਾਂਗੀ। ‘ਨਾਚ ਕਰਨਾ ਤੇ ਅਦਾਕਾਰੀ ਇੱਕੋ ਜਿਹੀਆਂ ਨਹੀਂ ਹਨ। ਸ਼ੁਰੂ ’ਚ, ਮੈਨੂੰ ਸ਼ੋਵਨਾ ਜੀ ਤੋਂ ਅਦਾਕਾਰੀ ਦਾ ਕੰਮ ਲੈਣ ਬਾਰੇ ਖ਼ਦਸ਼ਾ ਸੀ। ਫਿਰ ਵੀ, ਅਸੀਂ ਜਦੋਂ ਰਿਹਰਸਲਾਂ ਸ਼ੁਰੂ ਕੀਤੀਆਂ, ਤਾਂ ਮੈਂ ਮਹਿਸੂਸ ਕੀਤਾ ਕਿ ਉਹ ਤਾਂ ਇੱਕ ਮਹਾਨ ਅਦਾਕਾਰਾ ਹਨ ਤੇ ਇੰਝ ‘ਆਵਰਤਨ’ ਤਿਆਰ ਹੋ ਗਈ।’

 

ਜਦੋਂ ਹਰੇਕ ਯੁਵਾ ਵੱਲੋਂ ਨਾਚ ਦੀ ਕਿਸਮ ਨੂੰ ਅਪਨਾਉਣ ਬਾਰੇ ਪੁੱਛਿਆ ਗਿਆ ਤੇ ਇਹ ਵੀ ਕਿ ਇਹ ਫਿਲਮ ਕਿੰਨੀ ਕੁ ਸਫ਼ਲ ਹੈ, ਤਾਂ ਨਿਰਦੇਸ਼ਿਕਾ ਨੇ ਕਿਹਾ ਕਿ ਇਸ ਫਿਲਮ ਪਿੱਛੇ ਮੰਤਵ ਉਨ੍ਹਾਂ ਨੌਜਵਾਨਾਂ ਦਾ ਧਿਆਨ ਖਿੱਚਣਾ ਵੀ ਸੀ, ਜੋ ਆਪਣੀਆਂ ਜੜ੍ਹਾਂ ਨੂੰ ਭੁਲਾਉਂਦੇ ਜਾ ਰਹੇ ਹਨ। ‘ਮੈਂ ਇਹ ਫਿਲਮ ਇਸ ਲਈ ਬਣਾਈ ਕਿ ਤਾਂ ਜੋ ਸਾਡੀ ਪੀੜ੍ਹੀ ਕਿਤੇ ਆਈਟਮ ਨਾਚਾਂ ਵਿੱਚ ਵਿੱਚ ਹੀ ਫਸ ਕੇ ਨਾ ਰਹਿ ਜਾਵੇ; ਮੈਨੂੰ ਡਰ ਹੈ ਕਿ ਸਾਡੇ ਰਵਾਇਤੀ ਨਾਚ ਖ਼ਤਮ ਵੀ ਹੋ ਸਕਦੇ ਹਨ ਜੇ ਸਾਡੇ ਨੌਜਵਾਨਾਂ ਨੇ ਇਸ ਵੱਲ ਧਿਆਨ ਨਾ ਦਿੱਤਾ ਤੇ ਇਨ੍ਹਾਂ ਨੂੰ ਨਾ ਸੰਭਾਲਿਆ।’

 

ਪਦਮ ਸ਼੍ਰੀ ਸ਼ੋਵਨਾ ਨਾਰਾਇਣ ਨੇ ਦੱਸਿਆ ਕਿ ਕਿਵੇਂ ਭਾਰਤ ਦੀਆਂ 2,500 ਵਰ੍ਹੇ ਪੁਰਾਣੀਆਂ ਰਵਾਇਤਾਂ ਤੇ ਕਲਾ ਦੀਆਂ ਕਿਸਮਾਂ ਉੱਤੇ ਹਰ ਜੁੱਗ ਵਿੱਚ ਦਬਾਅ ਤੇ ਖਿਚਾਅ ਪੈਂਦੇ ਰਹੇ। ‘ਇਹ ਫਿਲਮ ਅਜਿਹੀ ਮਨੁੱਖੀ ਭਾਵਨਾ ਬਾਰੇ ਹੈ, ਜੋ ਸਰਬਵਿਆਪਕ ਹੈ। ਵੱਖੋ–ਵੱਖਰੇ ਸਮਿਆਂ ਦੌਰਾਨ, ਅਸੀਂ ਆਪਣੇ ਦਿਲ ਤੇ ਰੂਹ ਨਾਲ ਕੁਝ ਸਿਰਜਦੇ ਹਾਂ ਪਰ ਜਦੋਂ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਜਾਂਦੀ ਹੈ, ਤਦ ਇੱਕ ਵਿਅਕਤੀ ਦਾ ਪ੍ਰਤੀਕਰਮ ਕੀ ਹੁੰਦਾ ਹੈ? ਮਨੁੱਖੀ ਭਾਵਨਾਵਾਂ ਦੀ ਖਿੱਚੋਤਾਣ ਹਰੇਕ ਵਿਅਕਤੀ ਵਿਅਕਤੀ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਗੁੰਜਾਇਮਾਨ ਹੁੰਦੀ ਹੈ।’

 

ਉਨ੍ਹਾਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ‘ਤਾਂਡਵ (ਉਹ ਜੋਸ਼ੀਲਾ ਨਾਚ ਜੋ ਸਿਰਜਣਾ ਦੇ ਚੱਕਰ ਦਾ ਸਰੋਤ ਹੈ) ਅਤੇ ਸਾਡੇ ਵਿਚਲਾ ਲਾਸਯਾ (ਉਹ ਨਾਚ ਜੋ ਖ਼ੁਸ਼ੀ ਪ੍ਰਗਟਾਉਂਦਾ ਹੈ ਅਤੇ ਮਿਹਰ ਤੇ ਸੁੰਦਰਤਾ ਨਾਲ ਭਰਪੂਰ ਹੁੰਦਾ ਹੈ) ਸਾਨੂੰ ਆਪਣੇ ਅੰਦਰ ਅੰਦਰੂਨੀ ਸੰਤੁਲਨ ਕਾਇਮ ਕਰਨ ਲਈ ਆਖ ਰਹੇ ਹਨ। ਅੰਦਰੂਨੀ ਸੰਤੁਲਨ ਕਿਸੇ ਦੇ ਅੰਦਰ ਵੀ ਆ ਸਕਦਾ ਹੈ ਪਰ ਸਾਡੇ ਉੱਤੇ ਸਦਾ ਸਾਡੇ ਆਪਣੇ ਅੰਦਰੋਂ ਸੰਤੁਲਨ ਕਾਇਮ ਕਰਨ ਲਈ ਦਬਾਅ ਪੈਂਦਾ ਰਿਹਾ ਹੈ, ਜਿੱਥੇ ਸਾਡੇ ਮਨ ਦੀ ਇੱਕ ਸੰਤੁਲਿਤ ਤੇ ਸ਼ਾਂਤੀਪੂਰਨ ਅਵਸਥਾ ਹੋਵੇ।’

 

ਪਦਮ ਸ਼੍ਰੀ ਸ਼ੋਵਨਾ ਨਾਰਾਇਣ ਨੇ ਇਹ ਵੀ ਕਿਹਾ ਕਿ ਇੱਕ ਕਲਾਸੀਕਲ ਡਾਂਸਰ ਨਾਚ ਨੂੰ ਇੱਕ ਮੁਕੰਮਲ ਯੋਗ ਵਜੋਂ ਲੈਂਦਾ ਹੈ, ਜਿੱਥੇ ਆਪਣੇ–ਆਪ ਅੰਦਰੋਂ ਰੂਹਾਨੀ, ਸਰੀਰਕ ਤੇ ਮਾਨਸਿਕ ਸੰਤੁਲਨ ਲਿਆਉਣਾ ਹੁੰਦਾ ਹੈ।

 

ਨਿਰਦੇਸ਼ਿਕਾ ਬਾਰੇ

 

ਦੁਰਬਾ ਸਹਾਏ ਨਿੱਕੀ ਫਿਲਮ ‘ਦਿ ਪੈੱਨ’ ਨਾਲ ਨਿਰਦੇਸ਼ਿਕਾ ਵਜੋਂ ਆਪਣੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਵੱਲੋਂ ਨਿਰਮਿਤ ਫਿਲਮ ‘ਪਤੰਗ’ ਨੇ 1994 ’ਚ ‘ਸਿਲਵਰ ਲੋਟਸ’ (ਰਜਤ ਕਮਲ) ਜਿੱਤਿਆ ਸੀ। ‘ਆਵਰਤਨ’ ਇੱਕ ਨਿਰਦੇਸ਼ਿਕਾ ਵਜੋਂ ਉਨ੍ਹਾਂ ਪਹਿਲੀ ਫ਼ੀਚਰ ਫਿਲਮ ਹੈ।

https://youtu.be/fEdKU50ocJ8 

***

 

ਡੀਜੇਐੱਮ/ਡੀਐੱਲ/ਇੱਫੀ-55



(Release ID: 1691438) Visitor Counter : 178


Read this release in: English , Urdu , Hindi