ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਖੇਡ ਮੰਤਰੀ ਸ੍ਰੀ ਕਿਰੇਨ ਰਿਜੀਜੂ ਨੇ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਵਿਖੇ 162 ਬੈੱਡਾਂ ਦੇ ਹੋਸਟਲ ਦਾ ਉਦਘਾਟਨ ਕੀਤਾ
Posted On:
07 JAN 2021 7:18PM by PIB Chandigarh
ਕੇਂਦਰੀ ਖੇਡ ਰਾਜ ਮੰਤਰੀ ਸ੍ਰੀ ਕਿਰੇਨ ਰਿਜੀਜੂ ਨੇ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਦੇ ਪਰਿਸਰ ਵਿੱਚ ਰਿਹਾਇਸ਼ੀ ਹੋਸਟਲ ਦਾ ਉਦਘਾਟਨ ਕੀਤਾ। ਇਹ 162 ਬਿਸਤਰਿਆਂ ਵਾਲਾ ਏਅਰ ਕੰਡੀਸ਼ਨਡ ਹੋਸਟਲ ਹੋਵੇਗਾ ਜਿਸ ਵਿੱਚ ਅਟੈੱਚਡ ਵਾਸ਼ਰੂਮ ਦੀ ਸਹੂਲਤ ਹੋਵੇਗੀ। ਇੱਥੇ ਸਪੋਰਟਸ ਦੀਆਂ ਜ਼ਰੂਰਤਾਂ ਅਨੁਸਾਰ ਵਿਸ਼ੇਸ਼ ਖੁਰਾਕ ਵਾਲੀਆਂ ਸੁਵਿਧਾਵਾਂ ਵਾਲਾ ਇੱਕ ਏਅਰ ਕੰਡੀਸ਼ਨਡ ਡਾਇਨਿੰਗ ਏਰੀਆ ਅਤੇ ਲੜਕੇ ਅਤੇ ਲੜਕੀਆਂ ਲਈ ਵੱਖੋ-ਵੱਖਰੇ ਮਨੋਰੰਜਨ ਖੇਤਰ ਵੀ ਹੋਣਗੇ। ਇਸ ਸੁਵਿਧਾ ਨੂੰ 12.26 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਗਿਆ ਹੈ।
ਸ਼੍ਰੀ ਕਿਰੇਨ ਰਿਜੀਜੂ ਨੇ ਕਿਹਾ, "ਸਾਡੇ ਅਥਲੀਟ ਓਲੰਪਿਕ, ਏਸ਼ੀਅਨ ਖੇਡਾਂ, ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਦੇ ਹਨ, ਉਨ੍ਹਾਂ ਦਾ ਜੀਵਨ ਪੱਧਰ ਅਜਿਹਾ ਜ਼ਰੂਰ ਹੋਣਾ ਚਾਹੀਦਾ ਹੈ ਜਿੱਥੇ ਮੁੱਢਲੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹੋਣ।" ਖੇਡ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸਾਰੇ ਹੋਸਟਲ, ਘੱਟੋ ਘੱਟ 3 ਸਟਾਰ ਮਿਆਰ ਦੇ ਹੋਣੇ ਚਾਹੀਦੇ ਹਨ, ਜਿਨ੍ਹਾਂ ਵਿੱਚ ਮਾਹਿਰ ਏਜੰਸੀਆਂ ਦੁਆਰਾ ਭੋਜਨ, ਪਰਾਹੁਣਚਾਰੀ ਅਤੇ ਸਫਾਈ ਸਮੇਤ ਸਾਰੀਆਂ ਸੁਵਿਧਾਵਾਂ ਦਾ ਪ੍ਰਬੰਧ ਕੀਤਾ ਗਿਆ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਅੱਗੇ ਚਲ ਕੇ ਲੜਕੀਆਂ ਦਾ ਵੱਖਰਾ ਹੋਸਟਲ ਅਤੇ ਲੜਕਿਆਂ ਦਾ ਵੱਖਰਾ ਹੋਸਟਲ ਹੋਣਾ ਚਾਹੀਦਾ ਹੈ। “ਨਿਸ਼ਾਨੇਬਾਜ਼ੀ ਇੱਕ ਤਰਜੀਹੀ ਖੇਡ ਹੋਣ ਕਰਕੇ ਸਾਨੂੰ ਨਿਸ਼ਾਨੇਬਾਜ਼ਾਂ ਲਈ ਸਾਰੇ ਲੋੜੀਂਦੇ ਕਦਮ ਚੁੱਕਣੇ ਪੈਣਗੇ।”
ਇਸ ਹੋਸਟਲ ਦੀ ਸੁਵਿਧਾ ਦੇ ਤਿਆਰ ਹੋ ਜਾਣ ਨਾਲ, ਭਾਰਤੀ ਨਿਸ਼ਾਨੇਬਾਜ਼ਾਂ ਦੀ ਟ੍ਰੇਨਿੰਗ ਲਈ ਇਹ ਇੱਕ ਵੱਡਾ ਹੁਲਾਰਾ ਹੋਵੇਗਾ ਜੋ ਇਸ ਤੋਂ ਪਹਿਲਾਂ ਸ਼ੂਟਿੰਗ ਰੇਂਜ ਤੋਂ ਬਾਹਰ ਦੀ ਰਿਹਾਇਸ਼ 'ਤੇ ਰਹਿੰਦੇ ਸਨ। ਹੋਸਟਲ ਵਿੱਚ ਹੁਣ ਨਿਸ਼ਾਨੇਬਾਜ਼ਾਂ ਨੂੰ ਸਿਰਫ ਆਪਣੀ ਰਾਈਫਲ, ਪਿਸਤੌਲ ਅਤੇ ਸ਼ਾਟ ਗਨ ਰੇਂਜ ‘ਤੇ ਪਹੁੰਚਣ ਲਈ ਥੋੜ੍ਹਾ ਜਿਹਾ ਹੀ ਤੁਰਨਾ ਹੋਏਗਾ।
2018 ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਅਨੀਸ਼ ਭਾਨਵਾਲਾ ਨੇ ਕਿਹਾ, “ਸਾਡੇ ਕੋਲ ਹਮੇਸ਼ਾਂ ਸ਼ੂਟਿੰਗ ਦੀ ਬਹੁਤ ਵਧੀਆ ਰੇਂਜ ਰਹੀ ਹੈ ਪਰ ਸਾਡੇ ਕੋਲ ਇੱਕ ਹੋਸਟਲ ਦੀ ਕਮੀ ਸੀ ਜਿਸ ਦੇ ਨਤੀਜੇ ਵਜੋਂ ਸਾਨੂੰ ਪਰਿਸਰ ਤੋਂ ਬਾਹਰ ਰਹਿਣਾ ਪੈਂਦਾ ਸੀ। ਹੁਣ ਅਸੀਂ ਹੋਸਟਲ ਵਿੱਚ ਰਹਿੰਦੇ ਹੋਏ ਸਵੇਰ ਅਤੇ ਦੁਪਹਿਰ ਦੇ ਸੈਸ਼ਨ ਵਿੱਚ ਟ੍ਰੇਨਿੰਗ ਲੈ ਸਕਦੇ ਹਾਂ।”
ਹੋਰ ਤਾਂ ਹੋਰ, ਇਸ ਸੁਵਿਧਾ ਦੇ ਬਣਨ ਨਾਲ, ਨਾ ਸਿਰਫ ਸੀਨੀਅਰ ਨਿਸ਼ਾਨੇਬਾਜ਼ਾਂ ਦੇ ਕੋਰ ਸਮੂਹ ਨੂੰ ਫਾਇਦਾ ਮਿਲੇਗਾ ਬਲਕਿ ਸ਼ੂਟਰ ਜੋ TOPS ਡਿਵੈੱਲਪਮੈਂਟ ਗਰੁਪ ਅਤੇ ਖੇਲੋ ਇੰਡੀਆ ਯੋਜਨਾ ਅਤੇ ਐੱਨਸੀਓਈ ਸ਼ੂਟਰਾਂ ਦਾ ਹਿੱਸਾ ਹਨ, ਨੂੰ ਵੀ ਲਾਭ ਹੋਏਗਾ।
ਸ਼੍ਰੀ ਰਿਜਿਜੂ ਨੇ ਕਿਹਾ, “ਸ਼ੂਟਿੰਗ ਇਸ ਸਮੇਂ ਇੱਕ ਪ੍ਰਮੁੱਖ ਖੇਡ ਹੈ, ਸਾਨੂੰ ਸ਼ੂਟਿੰਗ ਤੋਂ ਵੱਡੀਆਂ ਉਮੀਦਾਂ ਹਨ ਅਤੇ ਜ਼ਮੀਨੀ ਪੱਧਰ 'ਤੇ ਭਾਰਤ ਕੋਲ ਪ੍ਰਤਿਭਾ ਦਾ ਵਿਸ਼ਾਲ ਭੰਡਾਰ ਹੈ। ਸਾਡੇ ਕੋਲ ਸ਼ੂਟਿੰਗ ਤੋਂ ਟੋਕਿਓ ਓਲੰਪਿਕਸ ਲਈ ਵੱਧ ਤੋਂ ਵੱਧ ਯੋਗਤਾ ਹਾਸਲ ਹੈ।”
*********
ਐੱਬੀ/ਓਏ
(Release ID: 1687049)
ਵਿਜ਼ੀਟਰ ਕਾਊਂਟਰ : 139