ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵੈਸਟਰਨ ਡੈਡੀਕੇਟਡ ਫ੍ਰੇਟ ਕੌਰੀਡੋਰ ਦਾ ਰੇਵਾੜੀ–ਮਦਾਰ ਸੈਕਸ਼ਨ ਰਾਸ਼ਟਰ ਨੂੰ ਸਮਰਪਿਤ ਕੀਤਾ


ਡਬਲ ਸਟੈਕ ਕੰਟੇਨਰ ਟ੍ਰੇਨ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਨਾਲ ਭਾਰਤ ਵਿਸ਼ਵ ਦੇ ਚੋਣਵੇਂ ਦੇਸ਼ਾਂ ’ਚ ਸ਼ਾਮਲ ਹੋਇਆ

Posted On: 07 JAN 2021 1:21PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ‘ਵੈਸਟਰਨ ਡੈਡੀਕੇਟਡ ਫ੍ਰੇਟ ਕੌਰੀਡੋਰ’ (ਡਬਲਿਊਡੀਐੱਫਸੀ-WDFC) ਦਾ 306 ਕਿਲੋਮੀਟਰ ਲੰਬਾ ਰੇਵਾੜੀ–ਮਦਾਰ ਸੈਕਸ਼ਨ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਇਸ ਰੂਟ ਉੱਤੇ ‘ਡਬਲ ਸਟੈਕ ਲੌਂਗ ਹੌਲ ਕੰਟੇਨਰ ਟ੍ਰੇਨ’ ਨੂੰ ਝੰਡੀ ਦਿਖਾ ਕੇ ਰਵਾਨਾ ਵੀ ਕੀਤਾ। ਇਸ ਮੌਕੇ ਰਾਜਸਥਾਨ ਤੇ ਹਰਿਆਣਾ ਦੇ ਰਾਜਪਾਲ, ਰਾਜਸਥਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਸ਼੍ਰੀ ਅਰਜੁਨ ਰਾਮ ਮੇਘਵਾਲ, ਸ਼੍ਰੀ ਕੈਲਾਸ਼ ਚੌਧਰੀ, ਸ਼੍ਰੀ ਰਾਓ ਇੰਦਰਜੀਤ ਸਿੰਘ, ਸ਼੍ਰੀ ਰਤਨ ਲਾਲ ਕਟਾਰੀਆ, ਸ਼੍ਰੀ ਕ੍ਰਿਸ਼ਨ ਪਾਲ ਗੁਰਜਰ ਮੌਜੂਦ ਸਨ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਣ ਲਈ ‘ਮਹਾ ਯਗਨ’ ਨੇ ਅੱਜ ਨਵੀਂ ਰਫ਼ਤਾਰ ਪਕੜ ਲਈ ਹੈ। ਉਨ੍ਹਾਂ ਦੇਸ਼ ਦੇ ਆਧੁਨਿਕੀਕਰਣ ਲਈ ਪਿਛਲੇ 12 ਦਿਨਾਂ ਦੀਆਂ ਸਰਕਾਰੀ ਪਹਿਲਾਂ ਗਿਣਵਾਈਆਂ; ਜਿਵੇਂ ਕਿਸਾਨਾਂ ਨੂੰ ‘ਪ੍ਰਤੱਖ ਲਾਭ ਟ੍ਰਾਂਸਫ਼ਰ’ (ਡੀਬੀਟੀ), ਏਅਰਪੋਰਟ ਐਕਸਪ੍ਰੈੱਸ ਲਾਈਨ ਵਿੱਚ ‘ਨੈਸ਼ਨਲ ਮੋਬਿਲਿਟੀ ਕਾਰਡ’ ਦੀ ਸ਼ੁਰੂਆਤ, ਏਮਸ ਰਾਜਕੋਟ, ਆਈਆਈਐੱਮ ਸੰਬਲਪੁਰ, 6 ਸ਼ਹਿਰਾਂ ਵਿੱਚ ਲਾਈਟ ਹਾਊਸ ਪ੍ਰੋਜੈਕਟਾਂ, ਨੈਸ਼ਨਲ ਐਟੌਮਿਕ ਟਾਈਮਸਕੇਲ ਅਤੇ ਭਾਰਤੀਯ ਨਿਰਦੇਸ਼ਕ ਦ੍ਰਵਯ, ਨੈਸ਼ਨਲ ਇਨਵਾਇਰਨਮੈਂਟਲ ਸਟੈਂਡਰਡਸ ਲੈਬਾਰੇਟਰੀ, ਕੋਚੀ–ਮੰਗਲੁਰੂ ਗੈਸ ਪਾਈਪਲਾਈਨ, 100ਵੀਂ ਕਿਸਾਨ ਰੇਲ, ਈਸਟਰਨ ਡੈਡੀਕੇਟਡ ਫ੍ਰੇਟ ਕੌਰੀਡੋਰ ਦੇ ਇੱਕ ਸੈਕਸ਼ਨ ਦੀ ਸ਼ੁਰੂਆਤ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਦੇ ਇਸ ਸਮੇਂ ਦੌਰਾਨ ਵੀ ਦੇਸ਼ ਦੇ ਆਧੁਨਿਕੀਕਰਣ ਲਈ ਇੰਨੀਆਂ ਜ਼ਿਆਦਾ ਸ਼ੁਰੂਆਤਾਂ ਕੀਤੀਆਂ ਗਈਆਂ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਲਈ ਭਾਰਤ ’ਚ ਬਣੀ ਵੈਕਸੀਨ ਨੂੰ ਕੁਝ ਦਿਨ ਪਹਿਲਾਂ ਦਿੱਤੀ ਗਈ ਪ੍ਰਵਾਨਗੀ ਨੇ ਲੋਕਾਂ ਵਿੱਚ ਇੱਕ ਨਵਾਂ ਆਤਮ–ਵਿਸ਼ਵਾਸ ਭਰਿਆ ਹੈ। ਉਨ੍ਹਾਂ ਕਿਹਾ ਕਿ ‘ਸਮਰਪਿਤ ਮਾਲ ਲਾਂਘੇ’ ਨੂੰ 21ਵੀਂ ਸਦੀ ਵਿੱਚ ਭਾਰਤ ਲਈ ਇੱਕ ਵੱਡੇ ਪਰਿਵਰਤਨਾਤਮਕ ਪ੍ਰੋਜੈਕਟ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਊ ਭਾਉਪੁਰ- ਨਿਊ ਖੁਰਜਾ ਸੈਕਸ਼ਨ ਦੀ ਸ਼ੁਰੂਆਤ ਨਾਲ ਮਾਲ–ਗੱਡੀ ਦੀ ਔਸਤ ਰਫ਼ਤਾਰ ਇਸ ਖ਼ਾਸ ਸੈਕਸ਼ਨ ਉੱਤੇ ਤਿੰਨ–ਗੁਣਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ’ਚ ਨਵੇਂ ਅਟੇਲੀ ਤੋਂ ਪਹਿਲੀ ਡਬਲ ਸਟੈਕਡ ਕੰਟੇਨਰ ਮਾਲ–ਗੱਡੀ ਨੂੰ ਝੰਡੀ ਵਿਖਾ ਕੇ ਰਾਜਸਥਾਨ ਦੇ ਕਿਸ਼ਨਗੰਜ ਲਈ ਰਵਾਨਾ ਕੀਤੇ ਜਾਣ ਨਾਲ, ਭਾਰਤ ਵਸ਼ਵ ਦੇ ਚੋਣਵੇਂ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਇਸ ਮਾਣਮੱਤੀ ਪ੍ਰਾਪਤੀ ਲਈ ਇੰਜੀਨੀਅਰਾਂ ਤੇ ਉਨ੍ਹਾਂ ਦੀ ਟੀਮ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਡੈਡੀਕੇਟਡ ਫ੍ਰੇਟ ਕੌਰੀਡੋਰ ਹਰੇਕ ਲਈ; ਖ਼ਾਸ ਕਰਕੇ ਕਿਸਾਨਾਂ, ਉੱਦਮੀਆਂ ਤੇ ਰਾਜਸਥਾਨ ਦੇ ਵਪਾਰੀਆਂ ਵਾਸਤੇ ਨਵੇਂ ਮੌਕੇ ਤੇ ਨਵੀਆਂ ਆਸਾਂ ਲਿਆਵੇਗਾ। ਉਨ੍ਹਾਂ ਕਿਹਾ ਕਿ ਡੈਡੀਕੇਟਡ ਫ੍ਰੇਟ ਕੌਰੀਡੋਰ ਨਾ ਸਿਰਫ਼ ਆਧੁਨਿਕ ਮਾਲ–ਗੱਡੀਆਂ ਲਈ ਰੂਟ ਹੈ, ਬਲਕਿ ਦੇਸ਼ ਦੇ ਤੇਜ਼–ਰਫ਼ਤਾਰ ਵਿਕਾਸ ਲਈ ਵੀ ਇੱਕ ਲਾਂਘਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਕੌਰੀਡੋਰ ਨਵੇਂ ਵਿਕਾਸ ਕੇਂਦਰਾਂ ਅਤੇ ਦੇਸ਼ ਦੇ ਵੱਖੋ–ਵੱਖਰੇ ਸ਼ਹਿਰਾਂ ਦੇ ਵਿਕਾਸ ਬਿੰਦੂਆਂ ਦੀ ਪ੍ਰਗਤੀ ਦਾ ਅਧਾਰ ਕਾਇਮ ਕਰਨਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਈਸਟਰਨ ਫ੍ਰੇਟ ਕੌਰੀਡੋਰ ਨੇ ਇਹ ਦਰਸਾਉਣਾ ਵੀ ਸ਼ੁਰੂ ਕਰ ਦਿੱਤਾ ਹੈ ਕਿ ਉਹ ਕਿਵੇਂ ਦੇਸ਼ ਦੇ ਵਿਭਿੰਨ ਭਾਗਾਂ ਦੀ ਤਾਕਤ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਵੈਸਟਰਨ ਫ੍ਰੇਟ ਕੌਰੀਡੋਰ ਹਰਿਆਣਾ ਤੇ ਰਾਜਸਥਾਨ ਵਿੱਚ ਖੇਤੀਬਾੜੀ ਤੇ ਸਹਾਇਕ ਧੰਦਿਆਂ ਨੂੰ ਸੁਖਾਲਾ ਬਣਾਵੇਗਾ ਤੇ ਮਹੇਂਦਰਗੜ੍ਹ, ਜੈਪੁਰ, ਅਜਮੇਰ ਤੇ ਸੀਕਰ ਜਿਹੇ ਸ਼ਹਿਰਾਂ ਨੂੰ ਨਵੀਂ ਊਰਜਾ ਨਾਲ ਵੀ ਭਰਪੂਰ ਕਰੇਗਾ। ਇਨ੍ਹਾਂ ਰਾਜਾਂ ਦੀਆਂ ਨਿਰਮਾਣ ਇਕਾਈਆਂ ਤੇ ਉੱਦਮੀਆਂ ਦੀ ਬਹੁਤ ਘੱਟ ਲਾਗਤ ਉੱਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਤੇਜ਼–ਰਫ਼ਤਾਰ ਪਹੁੰਚ ਖੁੱਲ੍ਹ ਗਈ ਹੈ। ਗੁਜਰਾਤ ਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੱਕ ਤੇਜ਼–ਰਫ਼ਤਾਰ ਤੇ ਸਸਤੀ ਕਨੈਕਟੀਵਿਟੀ ਨਾਲ ਇਸ ਖੇਤਰ ਵਿੱਚ ਨਿਵੇਸ਼ ਦੇ ਨਵੇਂ ਮੌਕਿਆਂ ਨੂੰ ਹੁਲਾਰਾ ਮਿਲੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਧੁਨਿਕ ਬੁਨਿਆਦੀ ਢਾਂਚੇ ਦੀ ਸਥਾਪਨਾ ਨਾਲ ਜੀਵਨ ਤੇ ਕਾਰੋਬਾਰ ਵਿੱਚ ਨਵੀਆਂ ਪ੍ਰਣਾਲੀਆਂ ਕਾਇਮ ਹੋਣਗੀਆਂ ਤੇ ਨਾ ਸਿਰਫ਼ ਇਸ ਨਾਲ ਸਬੰਧਿਤ ਕੰਮਾਂ ਦੀ ਰਫ਼ਤਾਰ ਵਧੇਗੀ, ਬਲਕਿ ਅਰਥਵਿਵਸਥਾ ਦੇ ਕਈ ਇੰਜਣਾਂ ਨੂੰ ਤਾਕਤ ਵੀ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਲਾਂਘਾ ਨਾ ਸਿਰਫ਼ ਸੀਮਿੰਟ, ਸਟੀਲ ਤੇ ਟ੍ਰਾਂਸਪੋਰਟ ਜਿਹੇ ਹੋਰ ਖੇਤਰਾਂ ਦੇ ਨਾਲ–ਨਾਲ ਨਿਰਮਾਣ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ। ਡੈਡੀਕੇਟਡ ਫ੍ਰੇਟ ਕੌਰੀਡੋਰ ਦੇ ਲਾਭ ਨੂੰ ਵਿਸਤਾਰਪੂਰਬਕ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ 9 ਰਾਜਾਂ ਵਿੱਚ 133 ਰੇਲਵੇ ਸਟੇਸ਼ਨ ਕਵਰ ਹੋਣਗੇ। ਇਨ੍ਹਾਂ ਸਟੇਸ਼ਨਾਂ ਉੱਤੇ, ਮਲਟੀ ਮਾੱਡਲ ਲੌਜਿਸਟਿਕ ਪਾਰਕ, ਮਾਲ ਦੀ ਢੋਆ–ਢੁਆਈ ਲਈ ਟਰਮੀਨਲ, ਕੰਟੇਨਰ ਡੀਪੂ, ਕੰਟੇਨਰ ਟਰਮੀਨਲ, ਪਾਰਸਲ ਹੱਬ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਭਨਾਂ ਨਾਲ ਕਿਸਾਨਾਂ, ਛੋਟੇ ਉਦਯੋਗਾਂ, ਲਘੂ ਉਦਯੋਗਾਂ ਤੇ ਵੱਡੇ ਨਿਰਮਾਤਾਵਾਂ ਨੂੰ ਵੀ ਲਾਭ ਪੁੱਜੇਗਾ।

 

ਰੇਲ–ਪਟੜੀਆਂ ਦੀ ਸਮਰੂਪਤਾ ਦੀ ਵਰਤੋਂ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਵਿੱਚ ਬੁਨਿਆਦੀ ਢਾਂਚੇ ਵਿੱਚ ਕੰਮ ਨਾਲੋ–ਨਾਲ ਦੋ ਲੀਹਾਂ ਉੱਤੇ ਚਲ ਰਿਹਾ ਹੈ। ਵਿਅਕਤੀਗਤ ਤੇ ਦੇਸ਼ ਦਾ ਵਿਕਾਸ ਇੰਜਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਅਕਤੀਗਤ ਪੱਧਰ ਉੱਤੇ ਆਵਾਸ, ਸਵੱਛਤਾ, ਬਿਜਲੀ, ਐੱਲਪੀਜੀ, ਸੜਕ ਤੇ ਇੰਟਰਨੈੱਟ ਕਨੈਕਟੀਵਿਟੀ ਵਿੱਚ ਸੁਧਾਰ। ਅਜਿਹੀਆਂ ਯੋਜਨਾਵਾਂ ਤੋਂ ਕਰੋੜਾਂ ਭਾਰਤੀਆਂ ਨੂੰ ਲਾਭ ਪੁੱਜ ਰਿਹਾ ਹੈ। ਦੂਜੀ ਲੀਹ ਉੱਤੇ ਹਾਈਵੇਅ, ਰੇਲਵੇ, ਏਅਰਵੇਅ, ਵਾਟਰਵੇਅ ਤੇ ਮਲਟੀ–ਮੋਡਲ ਪੋਰਟ ਕਨੈਕਟੀਵਿਟੀ ਦੁਆਰਾ ਉਦਯੋਗ ਤੇ ਉੱਦਮਾਂ ਜਿਹੇ ਵਿਕਾਸ ਇੰਜਣਾਂ ਨੂੰ ਲਾਭ ਪੁੱਜ ਰਿਹਾ ਹੈ। ਮਾਲ ਲਾਂਘਿਆਂ, ਆਰਥਿਕ ਲਾਂਘਿਆਂ, ਰੱਖਿਆਂ ਲਾਂਘਿਆਂ ਵਾਂਗ ਟੈੱਕ ਕਲਸਟਰਸ ਉਦਯੋਗਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਵਿਅਕਤੀਗਤ ਤੇ ਉਦਯੋਗਿਕ ਬੁਨਿਆਦੀ ਢਾਂਚਾ ਭਾਰਤ ਦਾ ਇੱਕ ਹਾਂ–ਪੱਖੀ ਅਕਸ ਤਿਆਰ ਕਰ ਰਿਹਾ ਹੈ, ਜੋ ਵਿਦੇਸ਼ੀ ਮੁਦਰਾ ਦੇ ਵਧਦੇ ਜਾ ਰਹੇ ਭੰਡਾਰਾਂ ਤੇ ਭਾਰਤ ਵਿੱਚ ਵਿਸ਼ਵਾਸ ਨੂੰ ਪ੍ਰਤੀਬਿੰਬਤ ਕਰਦਾ ਹੈ। ਪ੍ਰਧਾਨ ਮੰਤਰੀ ਨੇ ਇਸ ਪ੍ਰੋਜੈਕਟ ਲਈ ਜਪਾਨ ਦੇ ਲੋਕਾਂ ਨੂੰ ਉਨ੍ਹਾਂ ਦੁਆਰਾ ਤਕਨੀਕੀ ਤੇ ਵਿੱਤੀ ਮਦਦ ਦਿੱਤੇ ਜਾਣ ਲਈ ਧੰਨਵਾਦ ਵੀ ਕੀਤਾ।

 

ਪ੍ਰਧਾਨ ਮੰਤਰੀ ਨੇ ਭਾਰਤੀ ਰੇਲਵੇਜ਼ ਦੇ ਆਧੁਨਿਕੀਕਰਣ ਲਈ ਵਿਅਕਤੀਗਤ, ਉਦਯੋਗ ਤੇ ਨਿਵੇਸ਼ ਦੇ ਦਰਮਿਆਨ ਤਾਲਮੇਲ ਉੱਤੇ ਜ਼ੋਰ ਦਿੱਤਾ। ਪਹਿਲੇ ਸਮਿਆਂ ਦੌਰਾਨ ਯਾਤਰੀਆਂ ਦੀਆਂ ਤਕਲੀਫ਼ਾਂ ਚੇਤੇ ਕਰਵਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਫ਼ਾਈ, ਸਮੇਂ–ਸਿਰ ਕੰਮ ਕਰਨ, ਚੰਗੀ ਸਰਵਿਸ, ਟਿਕਟਿੰਗ, ਸੁਵਿਧਾਵਾਂ ਤੇ ਸੁਰੱਖਿਆ ਜਿਹੇ ਖੇਤਰਾਂ ਵਿੱਚ ਅਹਿਮ ਕੰਮ ਕੀਤਾ ਗਿਆ ਹੈ। ਉਨ੍ਹਾਂ ਸਟੇਸ਼ਨਾਂ ਤੇ ਕੰਪਾਰਟਮੈਂਟਸ ਦੀ ਸਫ਼ਾਈ, ਬਾਇਓਡੀਗ੍ਰੇਡੇਬਲ ਪਖਾਨਿਆਂ, ਕੇਟਰਿੰਗ, ਆਧੁਨਿਕ ਟਿਕਟਿੰਗ ਤੇ ਤੇਜਸ ਜਾਂ ਵੰਦੇ ਭਾਰਤ ਐਕਸਪ੍ਰੈੱਸ ਮਾਡਲ ਟ੍ਰੇਨਾਂ, ਵਿਸਟਾ–ਡੋਮ ਕੋਚਾਂ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਰੇਲ ਪਟੜੀਆਂ ਚੌੜੀਆਂ ਕਰਨ ਤੇ ਬਿਜਲੀਕਰਨ ਵਿੱਚ ਵੱਡੇ ਨਿਵੇਸ਼ ਨੂੰ ਉਜਾਗਰ ਕਰਦਿਆਂ ਇਹ ਵੀ ਕਿਹਾ ਕਿ ਇਸ ਨਾਲ ਰੇਲਵੇ ਦੀ ਗੁੰਜਾਇਸ਼ ਤੇ ਰਫ਼ਤਾਰ ਵਧੀ ਹੈ। ਉਨ੍ਹਾਂ ਦਰਮਿਆਨੀ–ਉੱਚ–ਰਫ਼ਤਾਰ ਵਾਲੀਆਂ ਟ੍ਰੇਨਾਂ ਤੇ ਨਵੀਆਂ ਪਟੜੀਆਂ ਵਿਛਾਉਣ ਲਈ ਆਧੁਨਿਕ ਟੈਕਨੋਲੋਜੀ ਦਾ ਜ਼ਿਕਰ ਆਸ ਪ੍ਰਗਟਾਈ ਕਿ ਉੱਤਰ–ਪੂਰਬ ਦੇ ਹਰੇਕ ਰਾਜ ਦੀ ਰਾਜਧਾਨੀ ਨੂੰ ਰੇਲਵੇ ਨਾਲ ਜੋੜਿਆ ਜਾਵੇਗਾ। 

 

ਪ੍ਰਧਾਨ ਮੰਤਰੀ ਨੇ ਕੋਰੋਨਾ ਕਾਲ ਦੌਰਾਨ ਵੀ ਰੇਲਵੇਜ਼ ਦੇ ਵੱਡੇ ਯੋਗਦਾਨ ਅਤੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਵਿੱਚ ਨਿਭਾਈ ਗਈ ਉਸ ਦੀ ਭੂਮਿਕਾ ਲਈ ਸ਼ਲਾਘਾ ਕੀਤੀ।

 

*****

 

ਡੀਐੱਸ/ਏਕੇ


(Release ID: 1686851) Visitor Counter : 221