ਸਿੱਖਿਆ ਮੰਤਰਾਲਾ
ਪ੍ਰਧਾਨ ਮੰਤਰੀ ਨੇ ਆਈਆਈਐੱਮ ਸੰਬਲਪੁਰ ਦੇ ਸਥਾਈ ਕੈਂਪਸ ਦਾ ਨੀਂਹ–ਪੱਥਰ ਰੱਖਿਆ
ਵਿਦਿਆਰਥੀਆਂ ਨੂੰ ‘ਆਤਮਨਿਰਭਰ ਭਾਰਤ’ ਮੁਹਿੰਮ ’ਚ ਯੋਗਦਾਨ ਪਾਉਣ ਲਈ ਕਿਹਾ
ਆਈਆਈਐੱਮ ਵਿਦਿਆਰਥੀਆਂ ਨੂੰ ਦੇਸ਼ ਦੀ ਇੱਛਾ ਅਨੁਸਾਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ
Posted On:
02 JAN 2021 2:54PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਆਈਆਈਐੱਮ (IIM) ਸੰਬਲਪੁਰ ਦੇ ਸਥਾਈ ਕੈਂਪਸ ਦਾ ਨੀਂਹ–ਪੱਥਰ ਰੱਖਿਆ। ਓਡੀਸ਼ਾ ਦੇ ਰਾਜਪਾਲ ਤੇ ਮੁੱਖ ਮੰਤਰੀ ਦੇ ਨਾਲ ਕੇਂਦਰੀ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’, ਸ਼੍ਰੀ ਧਰਮੇਂਦਰ ਪ੍ਰਧਾਨ ਤੇ ਸ਼੍ਰੀ ਪ੍ਰਤਾਪ ਚੰਦਰ ਸਾਰੰਗੀ ਵੀ ਇਸ ਮੌਕੇ ਮੌਜੂਦ ਸਨ।
ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈਆਈਐੱਮ ਸੰਬਲਪੁਰ ਦਾ ਸਥਾਈ ਕੈਂਪਸ ਨਾਲ ਕੇਵਲ ਓਡੀਸ਼ਾ ਦੇ ਸੱਭਿਆਚਾਰ ਤੇ ਸੰਸਾਧਨਾਂ ਨੂੰ ਪ੍ਰਦਰਸ਼ਿਤ ਕਰੇਗਾ, ਬਲਕਿ ਪ੍ਰਬੰਧਨ (ਮੈਨੇਜਮੈਂਟ) ਦੇ ਖੇਤਰ ਵਿੱਚ ਓਡੀਸ਼ਾ ਨੂੰ ਵੀ ਵਿਸ਼ਵ–ਪੱਧਰੀ ਮਾਨਤਾ ਮਿਲੇਗੀ। ਉਨ੍ਹਾਂ ਕਿਹਾ ਕਿ ਪਿੱਛੇ ਜਿਹੇ ਦੇਸ਼ ਨੇ ਭਾਰਤੀ ਬਹੁ–ਰਾਸ਼ਟਰੀ ਕੰਪਨੀਆਂ ਦਾ ਰੁਝਾਨ ਵੇਖਿਆ ਹੈ, ਜਦ ਕਿ ਪਹਿਲਾਂ ਬਾਹਰਲੀਆਂ ਬਹੁ–ਰਾਸ਼ਟਰੀ ਕੰਪਨੀਆਂ ਭਾਰਤ ਆਉਣ ਦਾ ਰੁਝਾਨ ਪਾਇਆ ਜਾਂਦਾ ਸੀ। ਟੀਅਰ 2 ਤੇ ਟੀਅਰ 3 ਦੇ ਸ਼ਹਿਰਾਂ ਵਿੱਚ ਸਟਾਰਟ–ਅੱਪਸ ਖੁੱਲ੍ਹ ਰਹੇ ਹਨ ਤੇ ਕੁਝ ਹਾਲੀਆ ਔਖੇ ਵੇਲਿਆਂ ਵਿੱਚ ਹੋਰ ਵੀ ਜ਼ਿਆਦਾ ਵੱਡੀਆਂ ਕੰਪਨੀਆਂ ਸਾਹਮਣੇ ਆਈਆਂ, ਖੇਤੀਬਾੜੀ ਖੇਤਰ ਵਿੱਚ ਤੇਜ਼–ਰਫ਼ਤਾਰ ਸੁਧਾਰ ਲਿਆਂਦੇ ਜਾ ਰਹੇ ਹਨ। ਅਜਿਹੇ ਦ੍ਰਿਸ਼ ਵਿੱਚ ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਇੱਛਾ ਅਨੁਸਾਰ ਆਪਣਾ ਕਰੀਅਰ ਬਣਾਉਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਵੇਂ ਦਹਾਕੇ ’ਚ, ‘ਬ੍ਰਾਂਡ ਇੰਡੀਆ’ ਨੂੰ ਵਿਸ਼ਵ–ਪੱਧਰ ਉੱਤੇ ਮਾਨਤਾ ਦਿਵਾਉਣਾ ਤੁਹਾਡੀ ਜ਼ਿੰਮੇਵਾਰੀ ਹੈ।
ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਸਥਾਨਕ ਪੱਧਰ ਦੇ ਉਤਪਾਦਾਂ ਨੂੰ ਵਿਸ਼ਵ ਪੱਧਰ ਉੱਤੇ ਲਿਜਾਣ ਵਿੱਚ ਭੂਮਿਕਾ ਨਿਭਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਸੰਬਲਪੁਰ ਖੇਤਰ ਵਿੱਚ ਸਥਾਨਕ ਪੱਧਰ ’ਤੇ ਅਥਾਹ ਸੰਭਾਵਨਾਵਾਂ ਮੌਜੂਦ ਹੋਣ ਦੀ ਰੌਸ਼ਨੀ ਵਿੱਚ ਟੂਰਿਜ਼ਮ ’ਚ ਸੁਧਾਰ ਲਿਆਉਣ ਦੇ ਵਿਚਾਰਾਂ ਉੱਤੇ ਕੰਮ ਕਰਨ ਲਈ ਕਿਹਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੇ ਸਥਾਨਕ ਉਤਪਾਦਾਂ ਉੱਤੇ ਕੰਮ ਕਰਨ ਲਈ ਕਿਹਾ, ਜਿਨ੍ਹਾਂ ਵਿੱਚ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ, ਜਿਵੇਂ ਸਥਾਨਕ ਦਸਤਕਾਰੀ, ਕੱਪੜੇ ਅਤੇ ਕਬਾਇਲੀ ਕਲਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਖੇਤਰ ’ਚ ਬਹੁ–ਮਾਤਰਾ ਵਿੱਚ ਪਾਏ ਜਾਣ ਵਾਲੇ ਖਣਿਜ ਪਦਾਰਥਾਂ ਤੇ ਹੋਰ ਸਰੋਤਾਂ ਦੇ ਬਿਹਤਰ ਪ੍ਰਬੰਧਨ ਉੱਤੇ ਕੰਮ ਕਰਨ ਲਈ ਕਿਹਾ ਕਿਉਂਕਿ ਇਹ ਸਭ ਆਤਮਨਿਰਭਰ ਭਾਰਤ ਮੁਹਿੰਮ ਵਿੱਚ ਯੋਗਦਾਨ ਪਾਵੇਗਾ। ਆਈਆਈਐੱਮ (IIM) ਦੇ ਵਿਦਿਆਰਥੀਆਂ ਨੂੰ ‘ਲੋਕਲ ਨੂੰ ਗਲੋਬਲ’ ਬਣਾਉਣ ਲਈ ਨਵੀਨ ਕਿਸਮ ਦੇ ਸਮਾਧਾਨ ਲੱਭਣ ਦੀ ਲੋੜ ਹੋਵੇਗੀ ਕਿਉਂਕਿ ਉਹ ‘ਆਤਮਨਿਰਭਰ ਮਿਸ਼ਨ’, ਸਥਾਨਕ ਉਤਪਾਦਾਂ ਲਈ ਕੌਮਾਂਤਰੀ ਤਾਲਮੇਲ ਨਾਲ ਇੱਕ ਪੁਲ ਵਜੋਂ ਕੰਮ ਕਰ ਸਕਦੇ ਹਨ। ਸ਼੍ਰੀ ਮੋਦੀ ਨੇ ਕਿਹਾ,‘ਤੁਹਾਨੂੰ ਇਨੋਵੇਸ਼ਨ, ਅਖੰਡਤਾ ਤੇ ਸਮਾਵੇਸ਼ਤਾ ਦੇ ਮੰਤਰ ਨਾਲ ਪ੍ਰਬੰਧਨ ਦੇ ਹੁਨਰ ਵਿਖਾਉਣੇ ਹੋਣਗੇ।’
ਪ੍ਰਧਾਨ ਮੰਤਰੀ ਨੇ ਐਡਿਟਿਵ ਪ੍ਰਿੰਟਿੰਗ, ਬਦਲਦੀਆਂ ਉਤਪਾਦਨ ਤਕਨੀਕਾਂ, ਲੌਜਿਸਟਿਕਸ ਤੇ ਸਪਲਾਈ ਲੜੀ ਪ੍ਰਬੰਧਨ ਜਿਹੀਆਂ ਨਵੀਆਂ ਟੈਕਨੋਲੋਜੀਆਂ ਦੀ ਰੌਸ਼ਨੀ ਵਿੱਚ ਪ੍ਰਬੰਧਨ ਦੀਆਂ ਨਵੀਆਂ ਚੁਣੌਤੀਆਂ ਬਾਰੇ ਗੱਲ ਕੀਤੀ। ਇਨ੍ਹਾਂ ਤਕਨੀਕਾਂ ਦੇ ਨਾਲ–ਨਾਲ ਡਿਜੀਟਲ ਕਨੈਕਟੀਵਿਟੀ ਤੇ ਕਿਸੇ ਵੀ ਥਾਂ ਉੱਤੇ ਰਹਿੰਦਿਆਂ ਕੰਮ ਕਰਨ ਦੀ ਧਾਰਨਾ ਨੇ ਸਮੁੱਚੇ ਵਿਸ਼ਵ ਨੂੰ ਗਲੋਬਲ–ਪਿੰਡ ਵਿੱਚ ਤਬਦੀਲ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਵਿੱਚ ਪਿਛਲੇ ਕੁਝ ਮਹੀਨਿਆਂ ਦੌਰਾਨ ਤੇਜ਼–ਰਫ਼ਤਾਰ ਨਾਲ ਸੁਧਾਰ ਹੋਏ ਹਨ ਅਤੇ ਦੇਸ਼ ਨੇ ਨਾ ਸਿਰਫ਼ ਇਨ੍ਹਾਂ ਤਬਦੀਲੀਆਂ ਨਾਲ ਆਪਣੀ ਰਫ਼ਤਾਰ ਮਿਲਾਈ ਹੈ, ਸਗੋਂ ਉਨ੍ਹਾਂ ਦਾ ਅਗਾਊਂ ਅਨੁਮਾਨ ਲਾਉਣ ਤੇ ਸਫ਼ਲਤਾਪੂਰਬਕ ਉਨ੍ਹਾਂ ਤੋਂ ਅਗਾਂਹ ਲੰਘਣ ਦੀ ਕੋਸ਼ਿਸ਼ ਵੀ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੰਮ ਕਰਨ ਦੀਆਂ ਬਦਲਦੀਆਂ ਸ਼ੈਲੀਆਂ ਪ੍ਰਬੰਧਨ ਦੇ ਹੁਨਰਾਂ ਦੀ ਮੰਗ ਉੱਤੇ ਅਸਰ ਪਾ ਰਹੀਆਂ ਹਨ ਅਤੇ ਟੌਪ–ਡਾਊਨ ਜਾਂ ਟੌਪ–ਭਾਰੀ ਪ੍ਰਬੰਧਨ ਹੁਨਰਾਂ ਦੀ ਥਾਂ ਤਾਲਮੇਲ–ਭਰਪੂਰ, ਇਨੋਵੇਟਿਵ ਤੇ ਕਾਇਆ–ਕਲਪ ਕਰਨ ਵਾਲਾ ਪ੍ਰਬੰਧਨ ਲੈ ਰਿਹਾ ਹੈ। ਸਾਹਮਣੇ ਤਸਵੀਰ ਵਿੱਚ ਬੌਟਸ ਤੇ ਐਲਗੋਰਿਦਮਸ ਆਉਣ ਨਾਲ ਟੈਕਨੋਲੋਜੀਕਲ ਪ੍ਰਬੰਧਨ ਵੀ ਮਨੁੱਖੀ ਪ੍ਰਬੰਧਨ ਜਿੰਨਾ ਹੀ ਅਹਿਮ ਹੈ।
ਸ਼੍ਰੀ ਮੋਦੀ ਨੇ ਵਿਦਿਆਰਥੀਆਂ ਨੂੰ ਉਸ ਰਸਤੇ ਦੀ ਖੋਜ ਕਰਨ ਲਈ ਕਿਹਾ, ਜਿਵੇਂ ਭਾਰਤ ਇੰਨੇ ਵੱਡੇ ਪੱਧਰ ਉੱਤੇ ਇਨੋਵੇਸ਼ਨ ਤੇ ਤਾਲਮੇਲ ਨਾਲ ਕੋਵਿਡ ਦੇ ਸੰਕਟ ਨਾਲ ਨਿਪਟ ਸਕਿਆ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਇਹ ਅਧਿਐਨ ਕਰਨ ਲਈ ਕਿਹਾ ਕਿ ਇੰਨੇ ਥੋੜ੍ਹੇ ਜਿਹੇ ਸਮੇਂ ਦੌਰਾਨ ਸਮਰੱਥਾ ਤੇ ਸੰਭਾਵਨਾ ਵਿੱਚ ਵਾਧਾ ਕਿਵੇਂ ਕੀਤਾ ਗਿਆ। ਉਨ੍ਹਾਂ ਇਸ ਗੱਲ ਉੱਤੇ ਖ਼ੁਸ਼ੀ ਪ੍ਰਗਟਾਈ ਕਿ ਦੇਸ਼ ਸਮੱਸਿਆ ਹੱਲ ਕਰਨ ਦੀ ਥੋੜ੍ਹ–ਚਿਰੀ ਪਹੁੰਚ ’ਚੋਂ ਬਾਹਰ ਆ ਰਿਹਾ ਹੈ ਅਤੇ ਹੁਣ ਧਿਆਨ ਕਿਵੇਂ ਲੰਮੀ ਮਿਆਦ ਵਾਲੇ ਸਮਾਧਾਨਾਂ ਉੱਤੇ ਕੇਂਦ੍ਰਿਤ ਹੈ। ਉਨ੍ਹਾਂ ਇੰਨੇ ਵੱਡੇ ਪੱਧਰ ਉੱਤੇ ਇਨੋਵੇਸ਼ਨ, ਯੋਜਨਾਬੰਦੀ ਤੇ ਲਾਗੂਕਰਨ ਦੇ ਆਪਣੇ ਨੁਕਤੇ ਦੀ ਵਿਆਖਿਆ ਕਰਨ ਲਈ ਜਨ–ਧਨ ਖਾਤਿਆਂ ਦੀ ਅਤੇ ਦੇਸ਼ ਵਿੱਚ ਐਲਪੀਜੀ ਕਨੈਕਸ਼ਨ ਦੀ ਕਵਰੇਜ ਵਿੱਚ ਸੁਧਾਰ ਲਿਆਂਦੇ ਜਾਣ ਦੀ ਉਦਾਹਰਣ ਦਿੱਤੀ ਕਿਉਂਕਿ ਸਾਲ 2014 ’ਚ ਇਹ ਕਵਰੇਜ 55 ਫ਼ੀਸਦੀ ਸੀ, ਜੋ ਅੱਜ 98 ਫ਼ੀਸਦੀ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ,‘ਪ੍ਰਬੰਧਨ ਸਿਰਫ਼ ਵੱਡੀਆਂ ਕੰਪਨੀਆਂ ਨੂੰ ਸਿੱਝਣਾ ਹੀ ਨਹੀਂ ਹੈ, ਬਲਕਿ ਪ੍ਰਬੰਧਨ ਦਾ ਅਰਥ ਜ਼ਿੰਦਗੀਆਂ ਦੀ ਪਰਵਾਹ ਕਰਨਾ ਵੀ ਹੈ।’
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਚੰਗੇ ਪ੍ਰਬੰਧਕ ਬਣਨ ਲਈ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਣਾ ਅਹਿਮ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਉੱਚ ਵਿੱਦਿਅਕ ਅਦਾਰਿਆਂ ਵਿੱਚ ਵੱਡੀ ਗੁੰਜਾਇਸ਼ ਹੈ ਤੇ ਉਨ੍ਹਾਂ ਸਿਰਫ਼ ਆਪਣੀ ਮੁਹਾਰਤ ਉੱਤੇ ਹੀ ਧਿਆਨ ਕੇਂਦ੍ਰਿਤ ਨਹੀਂ ਕੀਤਾ ਹੋਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਸਮੇਂ ਨਾਲ ਪੇਸ਼ੇਵਰਾਨਾ ਸਿੱਖਿਆ ਦੇ ਰਾਹ ਵਿੱਚ ਉੱਭਰ ਕੇ ਸਾਹਮਣੇ ਆਏ ਅੜਿੱਕੇ ਦੂਰ ਕਰਨ ਲਈ ਰਾਸ਼ਟਰੀ ਸਿੱਖਿਆ ਨੀਤੀ’ ਵਿਆਪਕ, ਬਹੁ–ਅਨੁਸ਼ਾਸਨੀ ਤੇ ਸਮੂਹਿਕ ਪਹੁੰਚ ਉੱਤੇ ਜ਼ੋਰ ਦਿੰਦੀ ਹੈ।
ਅੱਜ ਨੀਂਹ–ਪੱਥਰ ਰੱਖਣ ਮੌਕੇ ਹਰੇਕ ਨੂੰ ਮੁਬਾਰਕਬਾਦ ਦਿੰਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਆਈਆਈਐੱਮ ਸੰਬਲਪੁਰ ਮਜ਼ਬੂਤੀ ਨਾਲ ਦੇਸ਼ ਦੇ ਵਾਧੇ ਤੇ ਵਿਕਾਸ ਵਿੱਚ ਯੋਗਦਾਨ ਪਾਵੇਗਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਸ ਸੰਸਥਾਨ ਦਾ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਮਾਮਲੇ ਵਿੱਚ ਵਰਨਣਯੋਗ ਯੋਗਦਾਨ ਹੈ, ਜਿਸ ਕਰਕੇ ਇਸ ਦੀ ਮਾਨਤਾ ਨਿਸ਼ਚਤ ਤੌਰ ਉੱਤੇ ਵਿਸ਼ਵਵਿਆਪੀ ਹੋਵੇਗੀ। ਉਨ੍ਹਾਂ ਇਸ ਤੱਥ ਉੱਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਹੇਠ ਸਰਕਾਰ ਨੇ ਵਿੱਦਿਅਕ ਸੁਵਿਧਾਵਾਂ ਦੇ ਵਿਕਾਸ ਤੇ ਅੱਪਗ੍ਰੇਡੇਸ਼ਨ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਇਸ ਸੰਦਰਭ ਵਿੱਚ ਉਨ੍ਹਾਂ ਪਿਛਲੇ 6 ਸਾਲਾਂ ਦੌਰਾਨ ਇੰਜੀਨੀਅਰਿੰਗ, ਮੈਡੀਕਲ ਤੇ ਮੈਨੇਜਮੈਂਟ ਖੇਤਰ ਦੇ ਸਾਰੇ ਸੰਸਥਾਨਾਂ ਦੀ ਗਿਣਤੀ ਵਿੱਚ ਹੋਏ ਅਹਿਮ ਵਾਧੇ ਦਾ ਜ਼ਿਕਰ ਕੀਤਾ।
ਵਿਦਿਆਰਥੀਆਂ ਨੂੰ ਟੀਮ ਨਿਰਮਾਣ ਵਿੱਚ ਨਿਵੇਸ਼ ਕਰਨ ਦੀ ਅਪੀਲ ਕਰਦਿਆਂ ਉਨ੍ਹਾ ਕਿਹਾ ਕਿ ਇਸ ਨਾਲ ਜੁੜਨ ਦੀ ਭਾਵਨਾ ਵਧੇਗੀ ਤੇ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਤਕਨੀਕ, ਹੁਨਰ ਤੇ ਇਨੋਵੇਸ਼ਨ ਵਿੱਚ ਵਾਧਾ ਕਰ ਕੇ ਹਰੇਕ ਪੱਧਰ ਉੱਤੇ ਮੁੱਲ–ਵਾਧਾ ਕਰਨ ਉੱਤੇ ਵੀ ਜ਼ੋਰ ਦਿੱਤਾ। ਹਰੇਕ ਨੂੰ ਵਿਸ਼ਵ ਵਿਕਾਸ ਤੇ ਤਬਦੀਲੀਆਂ ਪ੍ਰਤੀ ਚੌਕਸ ਰਹਿਣ ਦਾ ਸੱਦਾ ਦਿੰਦਿਆਂ ਉਨ੍ਹਾਂ ਵਿਸ਼ਵ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹੁਨਰ ਵਧਾਉਣ, ਅੱਪਡੇਟ ਰਹਿਣ ਤੇ ਖ਼ੁਦ ਨੂੰ ਅੱਪਗ੍ਰੇਡ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸਫ਼ਲਤਾ ਅਤੇ ਭਾਰਤ ਨੂੰ ਇੱਕ ‘ਵਿਸ਼ਵ–ਗੁਰੂ’ ਵਜੋਂ ਸਥਾਪਤ ਕਰਨ ਲਈ ‘ਰਾਸ਼ਟਰ ਪਹਿਲਾਂ – ਚਰਿੱਤਰ ਜ਼ਰੂਰੀ’ ਦੇ ਆਦਰਸ਼–ਵਾਕ ਦੀ ਪਾਲਣਾ ਕਰਦਿਆਂ ਅੱਗੇ ਵਧਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਪ੍ਰਗਤੀ ਦੇ ਪਥ ਉੱਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨਵੀਂ ਸਿੱਖਿਆ ਨੀਤੀ ਬਾਰੇ ਬੋਲਦਿਆਂ ਦੁਹਰਾਇਆ ਕਿ ਇਹ ਸਮਾਨਤਾ, ਗੁਣਵੱਤਾ ਤੇ ਪਹੁੰਚਯੋਗਤਾ ਦੇ ਮਜ਼ਬੂਤ ਬੁਨਿਆਦੀ ਥੰਮ੍ਹਾਂ ਉੱਤੇ ਉੱਸਰੀ ਹੈ।
ਸ਼੍ਰੀ ਧਰਮੇਂਦਰ ਨੇ ਕਿਹਾ ਕਿ ਅੱਜ ਹਰੇਕ ਲਈ ਇਤਿਹਾਸਿਕ ਦਿਨ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਆਤਮਨਿਰਭਰ ਭਾਰਤ’ ਦੇ ਸੱਦੇ ਨੂੰ ਉਜਾਗਰ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ ਆਤਮਨਿਰਭਰ ਭਾਰਤ ਦੇ ਟੀਚੇ ਹਾਸਲ ਕਰਨ ਲਈ ਪ੍ਰਧਾਨ ਮੰਤਰੀ ਦੁਆਰਾ ਦਿੱਤੀ ਦਿਸ਼ਾ ਵਿੱਚ ਚੱਲਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਸੰਬਲਪੁਰ ਖੇਤਰ ਖਣਿਜ–ਪਦਾਰਥਾਂ ਨਾਲ ਭਰਪੂਰ ਹੈ ਤੇ ਇੱਥੇ ਬਹੁਤ ਸਾਰੀਆਂ ਆਰਥਿਕ ਗਤੀਵਿਧੀਆਂ ਹੁੰਦੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਆਈਆਈਐੱਮ ਸੰਬਲਪੁਰ ਇੱਕ ਨਵੇਂ ਉੱਦਮਾਤਮਕ ਈਕੋਸਿਸਟਮ ਵਿਕਸਿਤ ਕਰੇਗਾ ਤੇ ਆਤਮਨਿਰਭਰ ਭਾਰਤ ਦੇ ਇੱਕ ਫ਼ੋਕਲ ਪੁਆਇੰਟ ਵਜੋਂ ਉੱਭਰੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਸੰਸਥਾਨ ਨਵੀਂ ਸਿੱਖਿਆ ਨੀਤੀ ਦੀ ਭਾਵਨਾ ਨੂੰ ਲਾਗੂ ਕਰਨ ਲਈ ਜ਼ੋਰ ਲਾਵੇਗਾ।
*****
ਐੱਮਸੀ/ਕੇਪੀ/ਏਕੇ
(Release ID: 1685628)