ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਟਾਰਗੈੱਟ ਓਲੰਪਿਕ ਪੋਡੀਅਮ ਸਕੀਮ (ਟਾਪਸ) ਤਹਿਤ ਵਿਨੇਸ਼ ਫੋਗਾਟ ਲਈ ਹੰਗਰੀ ਅਤੇ ਪੋਲੈਂਡ

ਵਿੱਚ 40 ਦਿਨਾਂ ਦੇ ਵਿਦੇਸ਼ੀ ਸਿਖਲਾਈ ਕੈਂਪ ਨੂੰ ਪ੍ਰਵਾਨਗੀ ਦਿੱਤੀ ਗਈ

Posted On: 25 DEC 2020 4:01PM by PIB Chandigarh

ਸਰਕਾਰ ਨੇ ਟਾਰਗੈੱਟ ਓਲੰਪਿਕ ਪੋਡੀਅਮ ਸਕੀਮ (ਟਾਪਸ) ਤਹਿਤ ਮਹਿਲਾ ਪਹਿਲਵਾਨ ਵਿਨੇਸ਼
ਫੋਗਾਟ ਲਈ 40 ਦਿਨਾਂ ਦੇ ਸਿਖਲਾਈ ਕੈਂਪ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੌਰਾਨ
ਵਿਨੇਸ਼ ਫੋਗਾਟ ਨਾਲ ਉਨ੍ਹਾਂ ਦਾ ਨਿੱਜੀ ਸਿਖਲਾਈਕਰਤਾ ਵਾਲਰ ਅਕੋਸ, ਕੁਸ਼ਤੀ ਮੁਕਾਬਲੇ
ਵਿੱਚ ਉਨ੍ਹਾਂ ਦੀ ਸਾਥੀ ਪ੍ਰਿਯੰਕਾ ਫੋਗਾਟ ਅਤੇ ਫਿਜਿਓਥੈਰੇਪਿਸਟ ਪੂਰਣਿਮਾ ਰਮਨ
ਨਗੋਮਦਿਰ ਵੀ ਹੋਣਗੇ। ਇਸ ਕੈਂਪ ਦਾ ਆਯੋਜਨ ਹੰਗਰੀ ਅਤੇ ਪੋਲੈਂਡ ਵਿੱਚ ਹੋਣਾ ਹੈ।
ਪਹਿਲਾਂ ਹੰਗਰੀ ਦੇ ਬੁੱਡਾਪੇਸਟ ਸਥਿਤ ਵਸਾਸ ਸਪੋਰਟਸ ਕਲੱਬ ਵਿੱਚ 28 ਦਸੰਬਰ, 2020
ਤੋਂ 24 ਜਨਵਰੀ, 2021 ਵਿਚਕਾਰ ਕੈਂਪ ਹੋਵੇਗਾ। ਇਸ ਦੇ ਬਾਅਦ ਪੋਲੈਂਡ ਦੇ ਸਿਜਕਰੀਰ
ਸਥਿਤ ਓਲੰਪਿਕ ਟਰੇਨਿੰਗ ਸੈਂਟਰ ਵਿੱਚ 24 ਜਨਵਰੀ, 2021 ਤੋਂ ਪੰਜ ਫਰਵਰੀ 2021 ਤੱਕ
ਸਿਖਲਾਈ ਕੈਂਪ ਲੱਗੇਗਾ। ਇਨ੍ਹਾਂ ’ਤੇ ਕੁੱਲ ਅਨੁਮਾਨਤ ਖਰਚ 15.51 ਲੱਖ ਰੁਪਏ ਹੋਵੇਗਾ।
ਇਨ੍ਹਾਂ ਵਿੱਚ ਹਵਾਈ ਕਿਰਾਇਆ, ਸਥਾਨਕ ਆਵਾਜਾਈ, ਬੋਰਡਿੰਗ ਅਤੇ ਲਾਜਿੰਗ ਚਾਰਜ ਅਤੇ ਜੇਬ
ਖਰਚ ਸ਼ਾਮਲ ਹੈ। ਵਿਨੇਸ਼ ਫੋਗਾਟ ਟਾਰਗੈੱਟ ਓਲੰਪਿੰਕ ਸਕੀਮ ਦਾ ਇੱਕ ਹਿੱਸਾ ਹੈ।



ਇਸ ਸਿਖਲਾਈ ਕੈਂਪ ਦੀ ਯੋਜਨਾ ਉਨ੍ਹਾਂ ਦੇ ਨਿੱਜੀ ਸਿਖਲਾਈਕਰਤਾ ਵਾਲਰ ਅਕੋਸ ਨੇ ਬਣਾਈ
ਸੀ। ਇਸ ਸਿਖਲਾਈ ਦੀ ਸਹਾਇਤਾ ਨਾਲ ਵਿਨੇਸ਼ ਨੂੰ ਆਪਣੇ ਭਾਰ ਵਰਗ ਵਿੱਚ ਕਈ ਯੂਰੋਪੀਅਨ
ਪਹਿਲਵਾਨਾਂ ਨਾਲ ਖੇਡਣ ਅਤੇ ਆਪਣੀ ਤਕਨੀਕ ਅਤੇ ਫੁਰਤੀ ਨਾਲ ਸਬੰਧਿਤ ਪਹਿਲੂਆਂ ਵਿੱਚ
ਸੁਧਾਰ ਕਰਨ ਦੇ ਅਵਸਰ ਮਿਲਣਗੇ।



ਵਿਨੇਸ਼ ਫੋਗਾਟ ਨੂੰ ਵਿਦੇਸ਼ੀ ਸਿਖਲਾਈ ਕੈਂਪ ਨੂੰ ਲੈ ਕੇ ਕਾਫ਼ੀ ਉਮੀਦ ਹੈ। ਉਨ੍ਹਾਂ ਨੇ
ਕਿਹਾ, ‘‘ਇੱਕ ਪਹਿਲਵਾਨ ਦੇ ਰੂਪ ਵਿੱਚ ਮੈਨੂੰ ਆਪਣੇ ਪੱਧਰ ਨੂੰ ਜਾਣਨ ਦੀ ਜ਼ਰੂਰਤ ਹੈ
ਅਤੇ ਇਸ ਨਾਲ ਮੈਨੂੰ ਚੰਗੇ ਪਹਿਲਵਾਨਾਂ ਨਾਲ ਖੇਡਣ ਦੇ ਅਵਸਰ ਮਿਲਣਗੇ, ਜਿਨ੍ਹਾਂ ਤੋਂ
ਮੈਨੂੰ ਇਹ ਜਾਣਨ ਵਿੱਚ ਬਹੁਤ ਮਦਦ ਮਿਲੇਗੀ ਕਿ ਮੈਂ ਕਿੱਥੇ ਖੜ੍ਹੀ ਹਾਂ।’



ਸਾਲ 2019 ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਔਰਤਾਂ ਦੇ 53 ਕਿਲੋਗ੍ਰਾਮ ਵਰਗ ਦੇ ਮੁਕਾਬਲੇ
ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਵਿਨੇਸ਼ ਫੋਗਾਟ ਨੇ ਟੋਕਿਓ ਓਲੰਪਿਕਸ ਲਈ ਕੁਆਲੀਫਾਈ ਕਰ
ਲਿਆ ਹੈ। ਟੋਕਿਓ ਓਲੰਪਿਕਸ ਦਾ ਆਯੋਜਨ ਜੁਲਾਈ-ਅਗਸਤ, 2021 ਵਿੱਚ ਹੋਣਾ ਹੈ। ਫੋਗਾਟ
ਭਾਰਤੀ ਖੇਡ ਅਥਾਰਿਟੀ (ਸਾਈ), ਲਖਨਊ ਵਿੱਚ ਅਕਤੂਬਰ 2020 ਤੋਂ ਆਯੋਜਿਤ ਮਹਿਲਾ
ਪਹਿਲਵਾਨਾਂ ਲਈ ਰਾਸ਼ਟਰੀ ਕੈਂਪ ਦਾ ਇੱਕ ਹਿੱਸਾ ਸੀ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ
ਲੱਗਣ ਵਾਲੇ ਲੌਕਡਾਊਨ ਤੋਂ ਪਹਿਲਾਂ ਉਨ੍ਹਾਂ ਦਾ ਅੰਤਿਮ ਮੁਕਾਬਲਾ ਏਸ਼ੀਅਨ ਸੀਨੀਅਰ
ਚੈਂਪੀਅਨਸ਼ਿਪ ਸੀ, ਜਿਸ ਵਿੱਚ ਉਨ੍ਹਾਂ ਨੇ ਕਾਂਸੀ ਦੇ ਤਮਗੇ ’ਤੇ ਕਬਜ਼ਾ ਕੀਤਾ ਸੀ। ਇਸ
ਦਾ ਆਯੋਜਨ ਫਰਵਰੀ, 2020 ਵਿੱਚ ਨਵੀਂ ਦਿੱਲੀ ਵਿੱਚ ਕੀਤਾ ਗਿਆ ਸੀ।



*******

 

NB/OA



(Release ID: 1683740) Visitor Counter : 136


Read this release in: English , Urdu , Hindi , Tamil , Telugu