ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਡਾ. ਹਰਸ਼ ਵਰਧਨ ਦੀ ਮੌਜੂਦਗੀ ’ਚ ‘ਇੰਡੀਆ ਇੰਟਰਨੈਸ਼ਨਲ ਸਾਇੰਸ ਫ਼ੈਸਟੀਵਲ–2020’ ਦਾ ਉਦਘਾਟਨ


ਭਾਰਤ ਕੋਲ ਵਿਸ਼ਵ–ਪੱਧਰੀ ਵਿਗਿਆਨਕ ਹੱਲ ਹਾਸਲ ਕਰਨ ਲਈ ਡਾਟਾ, ਜਨ–ਸੰਖਿਆ ਵਿਸ਼ੇਸ਼ਤਾ, ਮੰਗ, ਲੋਕਤੰਤਰ ਹਨ: ਪ੍ਰਧਾਨ ਮੰਤਰੀ

ਦੇਸ਼ ਦੇ ਵਿਕਾਸ ਲਈ ਵਿਗਿਆਨ ਨੂੰ ਵਿਕਸਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ

ਭਾਰਤੀ ਪ੍ਰਤਿਭਾ ’ਚ ਨਿਵੇਸ਼ ਕਰਨ ਤੇ ਭਾਰਤ ਵਿੱਚ ਨਵੀਂਆਂ ਖੋਜਾਂ ਕਰਨ ਲਈ ਪੂਰੀ ਦੁਨੀਆ ਨੂੰ ਕੀਤੀ ਬੇਨਤੀ

Posted On: 22 DEC 2020 7:01PM by PIB Chandigarh

IISF-2020

ਆਈਆਈਐੱਸਐੱਫ਼–2020

 

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ‘ਇੰਡੀਆ ਇੰਟਰਨੈਸ਼ਨਲ ਸਾਇੰਸ ਫ਼ੈਸਟੀਵਲ’ (ਆਈਆਈਐੱਸਐੱਫ਼ – IISF – ਭਾਰਤ ਦਾ ਕੌਮਾਂਤਰੀ ਵਿਗਿਆਨ ਮੇਲਾ) 2020 ’ਚ ਉਦਘਾਟਨੀ ਭਾਸ਼ਣ ਦਿੱਤਾ। ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਵੀ ਇਸ ਮੌਕੇ ਮੌਜੂਦ ਸਨ।

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿਗਿਆਨ, ਤਕਨਾਲੋਜੀ ਤੇ ਨਵੀਂਆਂ ਖੋਜਾਂ ਵਿੱਚ ਅਮੀਰ ਵਿਰਾਸਤ ਰਹੀ ਹੈ। ਸਾਡੇ ਵਿਗਿਆਨੀਆਂ ਨੇ ਨਿਵੇਕਲੀਆਂ ਖੋਜਾਂ ਕੀਤੀਆਂ ਹਨ। ਸਾਡਾ ਤਕਨੀਕੀ ਉਦਯੋਗ ਵਿਸ਼ਵ–ਸਮੱਸਿਆਵਾਂ ਹੱਲ ਕਰਨ ਵਿੱਚ ਮੋਹਰੀ ਹੈ। ਪਰ ਭਾਰਤ ਹੋਰ ਬਹੁਤ ਕੁਝ ਕਰਨਾ ਚਾਹੁੰਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਅਸੀਂ ਅਤੀਤ ਵੱਲ ਮਾਣ ਨਾਲ ਵੇਖਦੇ ਹਾਂ ਪਰ ਅਸੀਂ ਇੱਕ ਹੋਰ ਵੀ ਬਿਹਤਰ ਭਵਿੱਖ ਚਾਹੁੰਦੇ ਹਾਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦਾ ਉਦੇਸ਼ ਵਿਗਿਆਨਕ ਸਬਕ ਲਈ ਭਾਰਤ ਨੂੰ ਸਭ ਤੋਂ ਵੱਧ ਭਰੋਸੇਯੋਗ ਕੇਂਦਰ ਬਣਾਉਣਾ ਹੈ। ਇਸ ਦੇ ਨਾਲ ਹੀ, ਅਸੀਂ ਆਪਣੇ ਵਿਗਿਆਨਕ ਭਾਈਚਾਰੇ ਤੋਂ ਚਾਹੁੰਦੇ ਹਾਂ ਕਿ ਉਹ ਦੁਨੀਆ ਦੀ ਬਿਹਤਰੀਨ ਪ੍ਰਤਿਭਾ ਨਾਲ ਸ਼ੇਅਰ ਕਰਨ ਤੇ ਤਰੱਕੀ ਕਰਨ। ਇਸ ਦੀ ਪ੍ਰਾਪਤੀ ਲਈ ਚੁੱਕੇ ਗਏ ਕਦਮਾਂ ਵਿੱਚੋਂ ਇੱਕ ਮੇਜ਼ਬਾਨੀ ਹੈ ਅਤੇ ਭਾਰਤੀ ਵਿਗਿਆਨੀਆਂ ਨੂੰ ਦੁਨੀਆ ਸਾਹਮਣੇ ਲਿਆਉਣ ਤੇ ਮੌਕਾ ਮੁਹੱਈਆ ਕਰਵਾਉਣ ਲਈ ਹੈਕਾਥੌਨਜ਼ ਵਿੱਚ ਸ਼ਾਮਲ ਹੋਣਾ ਹੈ।

ਪ੍ਰਧਾਨ ਮੰਤਰੀ ਨੇ ਦ੍ਰਿੜ੍ਹਤਾਪੂਰਬਕ ਕਿਹਾ ਕਿ ਨਵੀਂ ‘ਰਾਸ਼ਟਰੀ ਸਿੱਖਿਆ ਨੀਤੀ’ ਛੋਟੀ ਉਮਰ ਤੋਂ ਹੀ ਵਿਗਿਆਨਕ ਸੁਭਾਅ ਵਿਕਸਤ ਕਰਨ ਵਿੱਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਹੁਣ ਧਿਆਨ ਖ਼ਰਚਿਆਂ ਦੀ ਥਾਂ ਨਤੀਜਿਆਂ ਵੱਲ, ਪਾਠ–ਪੁਸਤਕਾਂ ਤੋਂ ਖੋਜ ਕਰਨ ਤੇ ਲਾਗੂ ਕਰਨ ਵੱਲ ਤਬਦੀਲ ਹੋ ਗਿਆ ਹੈ। ਇਹ ਨੀਤੀ ਚੋਟੀ ਦੇ ਮਿਆਰੀ ਅਧਿਆਪਕਾਂ ਦਾ ਪੂਲ ਤਿਆਰ ਕਰਨ ਲਈ ਉਤਸ਼ਾਹਿਤ ਕਰੇਗੀ। ਇਹ ਪਹੁੰਚ ਨਵੇਂ ਵਿਗਿਆਨੀਆਂ ਦੀ ਮਦਦ ਕਰੇਗੀ। ਸ੍ਰੀ ਮੋਦੀ ਨੇ ਕਿਹਾ ਕਿ ਇਸ ਵਿੱਚ ‘ਅਟਲ ਇਨੋਵੇਸ਼ਨ ਮਿਸ਼ਨ’ ਅਤੇ ‘ਅਟਲ ਟਿੰਕਰਿੰਗ ਲੈਬਜ਼’ ਵੱਲੋਂ ਮਦਦ ਕੀਤੀ ਜਾ ਰਹੀ ਹੈ।

ਮਿਆਰੀ ਖੋਜ ਲਈ, ਸਰਕਾਰ ਪ੍ਰਤਿਭਾ ਤੇ ਦਿਲਚਸਪੀ ਮੁਤਾਬਕ ਖੋਜ ਕਰਨ ਲਈ ਦੇਸ਼ ਦੀ ਸਰਬੋਤਮ ਪ੍ਰਤਿਭਾ ਨੂੰ ਉਤਸ਼ਾਹਤ ਕਰਨ ਵਾਸਤੇ ‘ਪ੍ਰਾਈਮ ਮਿਨਿਸਟਰ ਰਿਸਰਚ ਫ਼ੈਲੋਜ਼ ਸਕੀਮ’ ਚਲਾ ਰਹੀ ਹੈ। ਪ੍ਰਧਾਨ ਮੰਤਰੀ ਨੇ ਸੂਚਿਤ ਕੀਤਾ ਕਿ ਇਹ ਯੋਜਨਾ ਉੱਚ ਸੰਸਥਾਨਾਂ ਵਿੱਚ ਵਿਗਿਆਨੀਆਂ ਦੀ ਮਦਦ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਵਿਗਿਆਨੀਆਂ ਦੇ ਲਾਭ ਸਭ ਤੱਕ ਪਹੁੰਚਾਉਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਗਿਆਨ ਤੇ ਟੈਕਨੋਲੋਜੀ ਕਿੱਲਤ ਤੇ ਅਸਰ ਦੇ ਪਾੜੇ ਨੂੰ ਪੂਰ ਰਹੇ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇੰਝ ਗ਼ਰੀਬ ਤੋਂ ਗ਼ਰੀਬ ਵੀ ਸਰਕਾਰ ਨਾਲ ਜੁੜ ਰਹੇ ਹਨ। ਡਿਜੀਟਲ ਤਰੱਕੀਆਂ ਨਾਲ, ਭਾਰਤ ਵਿਕਾਸ ਅਤੇ ਵਿਸ਼ਵ–ਪੱਧਰੀ ਉੱਚ–ਤਕਨਾਲੋਜੀ ਸ਼ਕਤੀ ਦੇ ਇਨਕਲਾਬ ਦਾ ਕੇਂਦਰ ਬਣ ਰਿਹਾ ਹੈ।

ਇਹ ਵਿਸ਼ਵ–ਪੱਧਰੀ ਸਿੱਖਿਆ, ਸਿਹਤ, ਕੁਨੈਕਟੀਵਿਟੀ ਤੇ ਦਿਹਾਤੀ ਸਮਾਧਾਨ ਹਾਸਲ ਕਰਨ ਲਈ, ਅੱਜ ਦੇ ਭਾਰਤ ਕੋਲ ਡਾਟਾ, ਜਨ ਸੰਖਿਆ ਵਿਸ਼ੇਸ਼ਤਾ ਅਤੇ ਮੰਗ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਭ ਤੋਂ ਵਧ ਕੇ ਭਾਰਤ ਕੋਲ ਇਹ ਸਭ ਸੰਤੁਲਿਤ ਕਰਨ ਤੇ ਇਸ ਸਭ ਦੀ ਰਾਖੀ ਲਈ ਲੋਕਤੰਤਰ ਹੈ। ਇਹੋ ਕਾਰਣ ਹੈ ਕਿ ਵਿਸ਼ਵ ਭਾਰਤ ਉੱਤੇ ਭਰੋਸਾ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ‘ਪਾਣੀ ਦੀ ਕਿੱਲਤ, ਪ੍ਰਦੂਸ਼ਣ, ਭੋਂ ਗੁਣਵੱਤਾ, ਅਨਾਜ ਸੁਰੱਖਿਆ’ ਜਿਹੀਆਂ ਬਹੁਤ ਸਾਰੀਆਂ ਚੁਣੌਤੀਆਂ ਹਨ, ਜਿਨ੍ਹਾਂ ਦਾ ਹੱਲ ਆਧੁਨਿਕ ਵਿਗਿਆਨ ਕੋਲ ਹੈ। ਵਿਗਿਆਨ ਦੀ ਸਾਡੇ ਸਮੁੰਦਰ ਵਿੱਚ ਪਾਣੀ, ਊਰਜਾ ਤੇ ਭੋਜਨ ਸਰੋਤਾਂ ਦੀ ਤੇਜ਼ੀ ਨਾਲ ਖੋਜ ਕਰਨ ਵਿੱਚ ਵੀ ਵੱਡੀ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਸ ਲਈ ‘ਡੀਪ ਓਸ਼ਨ ਮਿਸ਼ਨ’ ਚਲਾ ਰਿਹਾ ਹੈ ਅਤੇ ਇਸ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਵਿੱਚ ਨਵੀਂਆਂ ਖੋਜਾਂ ਦਾ ਲਾਭ ਵਣਜ ਤੇ ਕਾਰੋਬਾਰ ਨੂੰ ਵੀ ਹੁੰਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਨੌਜਵਾਨਾਂ ਅਤੇ ਨਿਜੀ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਪੁਲਾੜ ਖੇਤਰ ਵਿੱਚ ਸੁਧਾਰ ਲਿਆਂਦੇ ਗਏ ਹਨ, ਜਿਨ੍ਹਾਂ ਨਾਲ ਉਹ ਨਾ ਸਿਰਫ਼ ਆਕਾਸ਼ ਨੂੰ ਛੋਹ ਸਕਦੇ ਹਨ, ਸਗੋਂ ਧੁਰ ਪੁਲਾੜ ਦੇ ਸਿਖ਼ਰ ਵੀ ਛੋਹ ਸਕਦੇ ਹਨ। ਉਨ੍ਹਾਂ ਕਿਹਾ ਕਿ ਨਵੀਂ ‘ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ’ ਵੀ ਵਿਗਿਆਨ ਅਤੇ ਤਕਨਾਲੋਜੀ ਨਾਲ ਸਬੰਧਤ ਖੇਤਰਾਂ ਉੱਤੇ ਧਿਆਨ ਕੇਂਦ੍ਰਿਤ ਕਰਦੀ ਹੈ। ਅਜਿਹੇ ਕਦਮਾਂ ਨਾਲ ਵਿਗਿਆਨਕ ਭਾਈਚਾਰੇ ਨੂੰ ਹੁਲਾਰਾ ਮਿਲੇਗਾ, ਵਿਗਿਆਨ ਤੇ ਟੈਕਨੋਲੋਜੀ ਨਾਲ ਸਬੰਧਤ ਈਕੋਸਿਸਟਮ ਨੂੰ ਨਵੀਂ ਖੋਜ ਲਈ ਬਿਹਤਰ ਤੇ ਹੋਰ ਵਧੇਰੇ ਵਸੀਲੇ ਮਿਲਣਗੇ ਅਤੇ ਇਸ ਦੇ ਨਾਲ ਹੀ ਵਿਗਿਆਨ ਤੇ ਉਦਯੋਗ ਵਿਚਾਲੇ ਭਾਈਵਾਲੀ ਦਾ ਇੱਕ ਨਵਾਂ ਸਭਿਆਚਾਰ ਪੈਦਾ ਹੋਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਮੇਲਾ ਵਿਗਿਆਨ ਤੇ ਉਦਯੋਗ ਵਿਚਾਲੇ ਤਾਲਮੇਲ ਤੇ ਸਹਿਯੋਗ ਦੀ ਭਾਵਨਾ ਦੇ ਪਾਸਾਰ ਮੁਹੱਈਆ ਕਰਵਾਏਗਾ ਕਿਉਂਕਿ ਨਵੇਂ ਤਾਲਮੇਲਾਂ ਨਾਲ ਨਵੇਂ ਆਯਾਮ ਪੈਦਾ ਹੋਣਗੇ।

ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਹੁਣ ਵਿਗਿਆਨ ਜਿਹੜੀ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ, ਉਹ ਕੋਵਿਡ ਮਹਾਮਾਰੀ ਦੀ ਵੈਕਸੀਨ ਹੋ ਸਕਦੀ ਹੈ। ਪਰ ਲੰਮੇ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ ਜਿਸ ਦਾ ਸਾਹਮਣਾ ਵਿਗਿਆਨ ਕਰਦਾ ਹੈ – ਉਹ ਹੈ ਉੱਚ–ਮਿਆਰੀ ਨੌਜਵਾਨਾਂ ਨੂੰ ਖਿੱਚਣਾ ਤੇ ਉਨ੍ਹਾਂ ਨੂੰ ਕਾਇਮ ਰੱਖਣਾ। ਉਨ੍ਹਾਂ ਤਕਨਾਲੋਜੀ ਤੇ ਇੰਜੀਨੀਅਰਿੰਗ ਦੇ ਖੇਤਰਾਂ ਪ੍ਰਤੀ ਨੌਜਵਾਨਾਂ ਦੀ ਖਿੱਚ ਪ੍ਰਤੀ ਅਫ਼ਸੋਸ ਪ੍ਰਗਟਾਇਆ ਅਤੇ ਦੇਸ਼ ਦੇ ਵਿਕਾਸ ਲਈ ਵਿਗਿਆਨ ਦਾ ਵਿਕਾਸ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਜੋ ਅੱਜ ਵਿਗਿਆਨ ਅਖਵਾਉਂਦਾ ਹੈ, ਉਹ ਕੱਲ੍ਹ ਦੀ ਤਕਨਾਲੋਜੀ ਅਤੇ ਬਾਅਦ ਵਿੱਚ ਇੰਜੀਨੀਅਰਿੰਗ ਸਮਾਧਾਨ ਬਣਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਿਗਿਆਨ ਦੇ ਖੇਤਰ ਵਿੱਚ ਵਧੀਆ ਪ੍ਰਤਿਭਾ ਨੂੰ ਖਿੱਚਣ ਲਈ ਸਰਕਾਰ ਨੇ ਵਿਭਿੰਨ ਪੱਧਰਾਂ ਉੱਤੇ ਵਜ਼ੀਫ਼ਿਆਂ ਦਾ ਐਲਾਨ ਕੀਤਾ ਹੈ। ਪਰ ਇਸ ਨੂੰ ਵਿਗਿਆਨਕ ਭਾਈਚਾਰੇ ਦੇ ਅੰਦਰੋਂ ਹੀ ਵੱਡੀ ਪਹੁੰਚ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ‘ਚੰਦਰਯਾਨ ਮਿਸ਼ਨ’ ਪ੍ਰਤੀ ਉਤੇਜਨਾ ਨੇ ਨੌਜਵਾਨਾਂ ਵਿੱਚ ਬਹੁਤ ਦਿਲਚਸਪੀ ਪੈਦਾ ਕੀਤੀ ਸੀ।

ਪ੍ਰਧਾਨ ਮੰਤਰੀ ਨੇ ਵਿਸ਼ਵ ਭਾਈਚਾਰੇ ਨੂੰ ਭਾਰਤੀ ਪ੍ਰਤਿਭਾ ਵਿੱਚ ਨਿਵੇਸ਼ ਕਰਨ ਅਤੇ ਭਾਰਤ ਵਿੱਚ ਨਵੀਂਆਂ ਖੋਜਾਂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਇਕੱਠ ਨੂੰ ਕਿਹਾ ਕਿ ਭਾਰਤ ਕੋਲ ਬਹੁਤ ਹੋਣਹਾਰ ਦਿਮਾਗ਼ ਹਨ ਤੇ ਇੱਥੇ ਖੁੱਲ੍ਹੇਪਣ ਤੇ ਪਾਰਦਰਸ਼ਤਾ ਦਾ ਸਭਿਆਚਾਰ ਪਾਇਆ ਜਾਂਦਾ ਹੈ। ਭਾਰਤ ਸਰਕਾਰ ਇੱਥੇ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਦਾ ਟਾਕਰਾ ਕਰਨ ਤੇ ਖੋਜ ਮਾਹੌਲ ਵਿੱਚ ਸੁਧਾਰ ਲਿਆਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਵਿਅਕਤੀ ਦੇ ਅੰਦਰੋਂ ਸਰਬੋਤਮ ਬਾਹਰ ਲਿਆਉਂਦਾ ਹੈ ਅਤੇ ਫ਼ਰਕ ਦੀ ਸ਼ਕਤੀ ਨੂੰ ਵਰਤਦਾ ਹੈ। ਉਨ੍ਹਾਂ ਭਾਰਤ ਨੂੰ ਅੱਗੇ ਰੱਖਣ ਅਤੇ ਕੋਰੋਨਾ ਵਿਰੁੱਧ ਜੰਗ ਵਿੱਚ ਇੱਕ ਬਿਹਤਰ ਸਥਿਤੀ ਲਈ ਲਈ ਸਾਡੇ ਵਿਗਿਆਨੀਆਂ ਦੀ ਸ਼ਲਾਘਾ ਕੀਤੀ।

ਕ੍ਰਿਪਾ ਕਰ ਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਮੂਲ–ਪਾਠ ਲਈ ਇੱਥੇ ਕਲਿੱਕ ਕਰੋ

ਇਸ ਤੋਂ ਪਹਿਲਾਂ, ਡਾ. ਸ਼ੇਖਰ ਸੀ. ਮੈਂਡੇ, ਸਕੱਤਰ, ਡੀਐੱਸਆਈਆਰ ਅਤੇ ਡਾਇਰੈਕਟਰ ਜਨਰਲ, ਸੀਐੱਸਆਈਆਰ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ IISF-2020 ਦੇ ਵਿਭਿੰਨ ਪਾਸਾਰਾਂ ਉੱਤੇ ਆਪਣੀ ਟੇਕ ਰੱਖੀ। ਉਨ੍ਹਾਂ ਕਿਹਾ ਕਿ 40 ਤੋਂ ਵੱਧ ਸਾਇੰਸ ਲੈਬੋਰੇਟਰੀਜ਼ ਅਤੇ ਵਿਦਿਅਕ ਅਦਾਰੇ ਇਹ ਮੇਲਾ ਆਯੋਜਿਤ ਕਰਨ ਵਿੱਚ ਭਾਗ ਲੈ ਰਹੇ ਹਨ ਅਤੇ IISF–2020 ਦੇ ਉਦੇਸ਼ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ IISF–2020 ਇਸ ਵਾਰ ਪੰਜ ‘ਗਿੰਨੀਜ਼ ਬੁੱਕ ਆੱਵ੍ ਵਰਲਡ ਰਿਕਾਰਡਜ਼’ ਲਈ ਕੋਸ਼ਿਸ਼ ਕਰੇਗਾ, ਇਨ੍ਹਾਂ ਵਿੱਚੋਂ ਇੱਕ – ਵੱਧ ਤੋਂ ਵੱਧ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਇੱਕੋ ਵਾਰੀ ਵਿੱਚ ‘ਸੰਨ ਡਾਇਲ’ ਬਣਾਉਣ – ਦੀ ਕੋਸ਼ਿਸ਼ ਅੱਜ ਸਵੇਰੇ ਕੀਤੀ ਗਈ ਸੀ, ਜਿੱਥੇ 189 ਸਕੂਲਾਂ ਦੇ 6,874 ਵਿਦਿਆਰਥੀਆਂ ਨੇ ਭਾਗ ਲਿਆ ਅਤੇ GBWR ਦੇ ਪ੍ਰਤੀਨਿਧੀਆਂ ਨੇ ਵਿਡੀਓ ਸਬੂਤ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਮੁੱਲਾਂਕਣ ਅਤੇ ਪ੍ਰਮਾਣਿਕਤਾ ਲਈ ਅੱਗੇ ਭੇਜਿਆ।

ਉਦਘਾਟਨ ਸਮਾਰੋਹ ਵਿੱਚ ਪ੍ਰੋ. ਆਸ਼ੂਤੋਸ਼ ਸ਼ਰਮਾ, ਸਕੱਤਰ, ਵਿਗਿਆਨ ਤੇ ਟੈਕਨੋਲੋਜੀ ਵਿਭਾਗ; ਡਾ. ਰੇਨੂੰ ਸਵਰੂਪ, ਸਕੱਤਰ, ਬਾਇਓਟੈਕਨੋਲੋਜੀ ਵਿਭਾਗ; ਡਾ. ਐੱਮ. ਰਾਜੀਵਨ, ਸਕੱਤਰ, MoES, ਡਾ. ਵਿਜੇ ਪੀ, ਭਾਟਕਰ, ਰਾਸ਼ਟਰੀ ਪ੍ਰਧਾਨ, ਵਿਭਾਗ, ਦੇਸ਼ ਭਰ ਦੇ ਵਿਗਿਆਨੀਆਂ ਅਤੇ ਵੱਡੀ ਗਿਣਤੀ ਵਿੱਚ ਵਿਗਿਆਨ ਉਤਸ਼ਾਹੀਆਂ ਨੇ ਸ਼ਿਰਕਤ ਕੀਤੀ, ਜੋ ਪ੍ਰਧਾਨ ਮੰਤਰੀ ਦਾ ਉਦਘਾਟਨੀ ਭਾਸ਼ਣ ਸੁਣਨ ਲਈ ਮੌਜੂਦ ਸਨ।

 

 

 

ਇਸ ਵਿਸ਼ਾਲ ਵਿਗਿਆਨ ਮੇਲੇ ਦਾ ਛੇਵਾਂ ਸੰਸਕਰਣ 22–25 ਦਸੰਬਰ, 2020 ਦੌਰਾਨ ਹੋ ਰਿਹਾ ਹੈ ਤੇ ਇਸ ਦਾ ਵਿਸ਼ਾ ‘ਵਿਗਿਆਨ ਆਤਮ–ਨਿਰਭਰ ਭਾਰਤ ਅਤੇ ਵਿਸ਼ਵ ਭਲਾਈ ਲਈ’ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ ਤੇ ਨਵੀਂਆਂ ਖੋਜਾਂ ਕਰਨ ਵਾਲਿਆਂ ਨਾਲ ਭਾਰਤ ਦੀਆਂ ਵਿਗਿਆਨਕ ਤੇ ਤਕਨਾਲੋਜੀਕਲ ਤਰੱਕੀਆਂ ਦੇ ਜਸ਼ਨ ਮਨਾਉਣਾ ਹੈ। ਇਸ ਮੇਲੇ ਦਾ ਵਰਚੁਅਲ ਸੰਸਕਰਣ ਵੀ ਜਨਤਾ ਲਈ ਉਪਲਬਧ ਰਹੇਗਾ, ਜਿੱਥੇ ਉਨ੍ਹਾਂ ਨੂੰ ਵਿਖਾਇਆ ਜਾਵੇਗਾ ਕਿ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਤੇ ਗਣਿਤ (STEM) ਕਿਵੇਂ ਸਾਡੇ ਜੀਵਨ ਸੁਧਾਰਨ ਹਿਤ ਸਮਾਧਾਨ ਮੁਹੱਈਆ ਕਰਵਾ ਕੇ ਅਹਿਮ ਭੂਮਿਕਾ ਨਿਭਾਉਂਦੇ ਹਨ।

IISF 2020 ਨੂੰ ‘ਵਿਗਿਆਨਕ ਤੇ ਉਦਯੋਗਿਕ ਖੋਜ ਪ੍ਰੀਸ਼ਦ’ (CSIR), ਵਿਗਿਆਨ ਤੇ ਟੈਕਨੋਲੋਜੀ ਵਿਭਾਗ (DST), ਪ੍ਰਿਥਵੀ ਵਿਗਿਆਨ, ਮੰਤਰਾਲਾ, ਬਾਇਓਟੈਕਨੋਲੋਜੀ ਵਿਭਾਗ (DBT), ‘ਭਾਰਤੀ ਮੈਡੀਕਲ ਖੋਜ ਪ੍ਰੀਸ਼ਦ’ (ICMR) ਵੱਲੋਂ ਸਾਂਝੇ ਤੌਰ ਉੱਤੇ ਵਿਗਿਆਨ ਭਾਰਤੀ ਦੇ ਸਹਿਯੋਗ ਨਾਲ ਆਯੋਜਿਤ ਕਰਵਾਇਆ ਜਾ ਰਿਹਾ ਹੈ। ਇਸ ਵਿਗਿਆਨ ਮੇਲੇ ਲਈ ਨੋਡਲ ਸੰਸਥਾਨ ਹੈ CSIR-ਨੈਸ਼ਨਲ ਇੰਸਟੀਚਿਊਟ ਆੱਵ੍ ਸਾਇੰਸ, ਟੈਕਨੋਲੋਜੀ ਐਂਡ ਡਿਵੈਲਪਮੈਂਟ ਸਟੱਡੀਜ਼ (NISTADS), ਨਵੀਂ ਦਿੱਲੀ।

ਵਿਸਤ੍ਰਿਤ ਜਾਣਕਾਰੀ ਆਈਆਈਐੱਸਐੱਫ਼ ਦੀ ਵੈੱਬਸਾਈਟ -www.scienceindiafest.org

ਅਤੇ PIB ਵੈੱਬਸਾਈਟ: pib.gov.in/iisf ਉੱਤੇ ਉਪਲਬਧ ਹੈ

ਇੰਡੀਆ ਇੰਟਰਨੈਸ਼ਨਲ ਸਾਇੰਸ ਫ਼ੈਸਟੀਵਲਵਿੱਚ ਪ੍ਰਧਾਨ ਮੰਤਰੀ ਦੇ ਉਦਘਾਟਨੀ ਸੰਬੋਧਨ ਦਾ ਮੂਲਪਾਠ: https://pib.gov.in/PressReleasePage.aspx?PRID=1682730

*****

ਐੱਨਬੀ/ਕੇਜੀਐੱਸ(ਪ੍ਰਧਾਨ ਮੰਤਰੀ ਰਿਲੀਜ਼)

NB/KGS(PM release)



(Release ID: 1682832) Visitor Counter : 173


Read this release in: English , Urdu , Hindi , Tamil