ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸਰਕਾਰ ਨੇ ਪ੍ਰਾਈਵੇਟ ਟੈਲੀਵਿਜ਼ਨ ਚੈਨਲਾਂ ਨੂੰ ਔਨਲਾਈਨ ਗੇਮਿੰਗ ਅਤੇ ਫੈਂਟਸੀ ਸਪੋਰਟਸ ’ਤੇ ਏਐੱਸਸੀਆਈ ਦਿਸ਼ਾ- ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ

ਇਹੋ ਜਿਹੇ ਸਾਰੇ ਇਸ਼ਤਿਹਾਰਾਂ ਵਿੱਚ ਲਾਜ਼ਮੀ ਚੇਤਾਵਨੀ ਸੰਦੇਸ਼ ਹੋਣੇ ਚਾਹੀਦੇ ਹਨ

Posted On: 05 DEC 2020 12:23PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇੱਕ ਅਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਵਿਚ ਸਾਰੇ ਪ੍ਰਾਈਵੇਟ ਟੈਲੀਵਿਜ਼ਨ ਪ੍ਰਸਾਰਕਾਂ ਨੂੰ ਕਿਹਾ ਗਿਆ ਹੈ ਕਿ ਉਹ ਔਨਲਾਈਨ ਗੇਮਿੰਗ, ਫੈਂਟਸੀ ਸਪੋਰਟਸ ਆਦਿ ਨਾਲ ਸਬੰਧਿਤ ਇਸ਼ਤਿਹਾਰਾਂ ਲਈ ਐਡਵ੍ਰਟਾਈਜ਼ਿਗ ਸਟੈਂਡਰਡਸ ਕੌਂਸਲ ਆਵ੍ ਇੰਡੀਆ (ਏਐੱਸਸੀਆਈ) ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ। ਮੰਤਰਾਲੇ ਨੇ ਸਲਾਹ ਦਿੱਤੀ ਹੈ ਕਿ ਇਸ਼ਤਿਹਾਰਾਂ ਵਿੱਚ ਅਜਿਹੀ ਕਿਸੇ ਵੀ ਗਤੀਵਿਧੀ ਨੂੰ ਪ੍ਰੋਤਸਾਹਿਤ ਨਹੀਂ ਕੀਤਾ ਜਾਣਾ ਚਾਹੀਦਾ ਜੋ ਵਿਧੀ ਜਾਂ ਕਾਨੂੰਨ ਦੁਆਰਾ ਵਰਜਿਤ ਹੋਵੇ।

 

ਅਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ, “ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਧਿਆਨ ਵਿੱਚ ਆਇਆ ਹੈ ਕਿ ਔਨਲਾਈਨ ਗੇਮਿੰਗ, ਫੈਂਟਸੀ ਸਪੋਰਟਸ ਆਦਿ ’ਤੇ ਵੱਡੀ ਗਿਣਤੀ ਵਿੱਚ ਇਸ਼ਤਿਹਾਰ, ਟੈਲੀਵਿਜ਼ਨ ਉੱਤੇ ਦਿਖਾਈ ਦੇ ਰਹੇ ਹਨ। ਇਸ ਗੱਲ ਉੱਤੇ ਚਿੰਤਾ ਪ੍ਰਗਟ ਕੀਤੀ ਗਈ ਕਿ ਇਸ ਤਰ੍ਹਾਂ ਦੇ ਇਸ਼ਤਿਹਾਰ ਗੁੰਮਰਾਹਕੁੰਨ ਪ੍ਰਤੀਤ ਹੁੰਦੇ ਹਨ, ਇਹ ਗ੍ਰਾਹਕਾਂ ਨੂੰ ਇਨ੍ਹਾਂ ਨਾਲ ਜੁੜੇ ਵਿੱਤੀ ਅਤੇ ਹੋਰ ਜੋਖਮਾਂ ਬਾਰੇ ਸਹੀ ਢੰਗ ਨਾਲ ਨਹੀਂ ਦੱਸਦੇ,ਅਤੇ ਇਹ ਕੇਬਲ ਟੈਲੀਵਿਜ਼ਨ ਨੈੱਟਵਰਕ (ਰੈਗੂਲੇਸ਼ਨ) ਐਕਟ, 1995 ਅਤੇ ਉਪਭੋਗਤਾ ਸੁਰੱਖਿਆ ਐਕਟ, 2019 ਦੇ ਤਹਿਤ ਦਿੱਤੇ ਗਏ ਐਡਵ੍ਰਟਾਈਜ਼ਿੰਗ ਕੋਡ ਦੇ ਅਨੁਰੂਪ ਨਹੀਂ ਹਨ।”

 

ਇਸ ਅਡਵਾਈਜ਼ਰੀ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਉਪਭੋਗਤਾ ਮਾਮਲੇ ਮੰਤਰਾਲਾ, ਏਐੱਸਸੀਆਈ, ਨਿਊਜ਼ ਬ੍ਰੌਡਕਾਸਟਰਜ਼ ਐਸੋਸੀਏਸ਼ਨ, ਇੰਡੀਅਨ ਬਰੌਡਕਾਸਟਿੰਗ ਫਾਊਂਡੇਸ਼ਨ, ਆਲ ਇੰਡੀਆ ਗੇਮਿੰਗ ਫੈਡਰੇਸ਼ਨ, ਫੈਡਰੇਸ਼ਨ ਆਵ੍ ਇੰਡੀਅਨ ਫੈਂਟਸੀ ਸਪੋਰਟਸ, ਅਤੇ ਔਨਲਾਈਨ ਰੰਮੀ ਫੈਡਰੇਸ਼ਨ ਦੇ ਅਧਿਕਾਰੀਆਂ ਅਤੇ ਪ੍ਰਤੀਨਿਧੀਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਜਾਰੀ ਕੀਤਾ ਗਿਆ ਹੈ। 

 

ਏਐੱਸਸੀਆਈ ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਅਜਿਹੇ ਹਰ ਗੇਮਿੰਗ ਇਸ਼ਤਿਹਾਰ ਵਿੱਚ ਇਹ ਡਿਸਕਲੇਮਰ ਦਿੱਤਾ ਜਾਣਾ ਚਾਹੀਦਾ ਹੈ: ‘ਇਸ ਖੇਡ ਵਿੱਚ ਵਿੱਤੀ ਜੋਖਮ ਹੁੰਦਾ ਹੈ ਅਤੇ ਇਹ ਅਡਿਕਟਿਵ ਹੋ ਸਕਦੀ ਹੈ। ਕਿਰਪਾ ਕਰਕੇ ਇਸ ਨੂੰ ਜ਼ਿੰਮੇਵਾਰੀ ਨਾਲ ਅਤੇ ਆਪਣੇ ਜੋਖ਼ਮ 'ਤੇ ਖੇਡੋ।” ਇਸ ਤਰ੍ਹਾਂ ਦੇ ਡਿਸਕਲੇਮਰ ਨੂੰ ਇਸ਼ਤਿਹਾਰ ਵਿੱਚ ਘੱਟੋ ਘੱਟ 20% ਜਗ੍ਹਾ ਦਿੱਤੀ ਜਾਣੀ ਚਾਹੀਦੀ ਹੈ। ਦਿਸ਼ਾ ਨਿਰਦੇਸ਼ਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਗੇਮਿੰਗ ਇਸ਼ਤਿਹਾਰ ਵਿੱਚ 18 ਸਾਲ ਤੋਂ ਘੱਟ ਉਮਰ ਦੇ ਉਪਭੋਗਤਾਵਾਂ ਨੂੰ "ਔਨਲਾਈਨ ਗੇਮਿੰਗ ਫਾਰ ਰੀਅਲ ਮਨੀ ਵਿਨਿੰਗਜ਼"  ਵਿੱਚ ਖੇਡਣ ਲੱਗੇ ਹੋਏ ਨਹੀਂ ਦਿਖਾਇਆ ਜਾ ਸਕਦਾ ਅਤੇ ਨਾ ਹੀ ਇਨ੍ਹਾਂ ਨੂੰ ਇਹ ਗੇਮ ਖੇਡਣ ਦਾ ਸੁਝਾਅ ਦਿੱਤਾ ਜਾ ਸਕਦਾ ਹੈ। ਇਸ਼ਤਿਹਾਰਾਂ ਵਿੱਚ ਨਾ ਤਾਂ ਇਹ ਸੁਝਾਅ ਦੇਣਾ ਚਾਹੀਦਾ ਹੈ ਕਿ ਔਨਲਾਈਨ ਗੇਮਿੰਗ, ਰੋਜ਼ਗਾਰ ਦੇ ਵਿਕਲਪ ਵਜੋਂ ਇੱਕ ਆਮਦਨੀ ਪੈਦਾ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ ਅਤੇ ਨਾ ਹੀ ਇਹ ਦਰਸਾਉਣਾ ਚਾਹੀਦਾ ਹੈ ਕਿ ਅਜਿਹੀਆਂ ਖੇਡਾਂ ਖੇਡਣ ਵਾਲੇ ਵਿਅਕਤੀ ਦੂਜਿਆਂ ਨਾਲੋਂ ਵਧੇਰੇ ਸਫ਼ਲ ਹੁੰਦੇ ਹਨ। 

 

ਸਾਲ 1985 ਵਿਚ ਸਥਾਪਿਤ ਕੀਤੀ ਗਈ ਮੁੰਬਈ ਦੀ ਐਡਵ੍ਰਟਾਈਜ਼ਿੰਗ ਸਟੈਂਡਰਡਸ ਕੌਂਸਲ ਆਵ੍ ਇੰਡੀਆ,  ਭਾਰਤ ਵਿੱਚ ਵਿਗਿਆਪਨ ਉਦਯੋਗ ਦੀ ਇੱਕ ਸਵੈ-ਨਿਯਮਿਤ ਸਵੈਇੱਛਤ ਸੰਸਥਾ ਹੈ। ਇਸ ਦਾ ਮਕਸਦ ਇਹ ਸੁਨਿਸ਼ਚਿਤ ਕਰਨਾ  ਹੈ ਕਿ ਇਸ਼ਤਿਹਾਰ ਇਸ ਦੇ ਸੈਲਫ-ਰੈਗੂਲੇਸ਼ਨ ਲਈ ਬਣੇ ਕੋਡ ਦੇ ਅਨੁਰੂਪ ਹਨ। ਕੇਬਲ ਟੈਲੀਵਿਜ਼ਨ ਨੈੱਟਵਰਕ (ਰੈਗੂਲੇਸ਼ਨ) ਐਕਟ, 1995 ਦੇ ਤਹਿਤ ਟੈਲੀਵਿਜ਼ਨ ਨੈੱਟਵਰਕਸ ਲਈ ਏਐੱਸਸੀਆਈ ਦੁਆਰਾ ਦਿੱਤੇ ਗਏ ਵਿਗਿਆਪਨ ਕੋਡ ਦਾ ਪਾਲਣ ਕਰਨਾ ਲਾਜ਼ਮੀ ਹੈ।

 

                                                          *****



(Release ID: 1678614) Visitor Counter : 178