ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਭਾਰਤੀ ਖੇਤੀਬਾੜੀ ਨੂੰ ਟਿਕਾਊ ਅਤੇ ਲਾਹੇਵੰਦ ਬਣਾਉਣ ਲਈ ਬਹੁ-ਆਯਾਮੀ ਪ੍ਰਯਤਨ ਕਰਨ ਦਾ ਸੱਦਾ ਦਿੱਤਾ



ਕਿਸਾਨਾਂ ਦੀ ਆਮਦਨ ਸੁਰੱਖਿਆ ਸੁਨਿਸ਼ਚਿਤ ਕਰਨ ਨਾਲ ਆਚਾਰੀਆ ਰੰਗਾ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਮਿਲੇਗੀ: ਉਪ ਰਾਸ਼ਟਰਪਤੀ





ਸਾਡੇ ਰਵਾਇਤੀ ਗਿਆਨ ਅਤੇ ਅਤਿ-ਆਧੁਨਿਕ ਟੈਕਨੋਲੋਜੀ ਦੇ ਦਰਮਿਆਨ ਪ੍ਰਭਾਵਸ਼ਾਲੀ ਤਾਲਮੇਲ ਦੀ ਲੋੜ ਹੈ: ਉਪ ਰਾਸ਼ਟਰਪਤੀ





ਖੇਤੀਬਾੜੀ ਵਿੱਚ ਅਤਿ-ਵਿਕਸਿਤ ਟੈਕਨੋਲੋਜੀਆਂ ਦੀ ਵਰਤੋਂ ਦਾ ਸੱਦਾ ਦਿੱਤਾ





ਖੇਤੀਬਾੜੀ ਯੂਨੀਵਰਸਿਟੀਆਂ ਨੂੰ ਅਜਿਹੀ ਖੋਜ ’ਤੇ ਫੋਕਸ ਕਰਨਾ ਚਾਹੀਦਾ ਹੈ ਜੋ ਕਿਸਾਨਾਂ ਨੂੰ ਲਾਭ ਪਹੁੰਚਾਉਂਦੀ ਹੋਵੇ





ਸਾਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਮਿਲੇ: ਉਪ ਰਾਸ਼ਟਰਪਤੀ





ਉਪ ਰਾਸ਼ਟਰਪਤੀ ਨੇ ਆਚਾਰੀਆ ਐੱਨਜੀ ਰੰਗਾ ਦੀ 120ਵੀਂ ਜਯੰਤੀ ਦੇ ਸਮਾਰੋਹ ਦਾ ਉਦਘਾਟਨ ਕੀਤਾ

Posted On: 07 NOV 2020 11:56AM by PIB Chandigarh

 

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਭਾਰਤੀ ਖੇਤੀਬਾੜੀ ਨੂੰ ਟਿਕਾਊ ਅਤੇ ਲਾਭਦਾਇਕ ਬਣਾਉਣ ਲਈ ਬਹੁ-ਆਯਾਮੀ ਪ੍ਰਯਤਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਦ੍ਰਿਸ਼ਟੀਕੋਣ ਅਤੇ ਪ੍ਰਕਿਰਿਆਵਾਂ ਵਿੱਚ ਤਬਦੀਲੀ ਕਰ ਕੇ ਘੱਟ ਖੇਤਰ ਵਿੱਚ ਵਧੇਰੇ ਉਤਪਾਦਨ ਕਰਨ ਦੇ ਸਮਰੱਥ ਬਣਾਂਗੇ।

 

ਰੰਗਾ ਟਰੱਸਟ ਦੁਆਰਾ ਆਯੋਜਿਤ ਆਚਾਰੀਆ ਐੱਨਜੀ ਰੰਗਾ ਦੀ 120ਵੀਂ ਜਯੰਤੀ ਦੇ ਸਮਾਰੋਹ ਦਾ ਉਦਘਾਟਨ ਕਰਦਿਆਂ ਸ਼੍ਰੀ ਨਾਇਡੂ ਨੇ ਉਨ੍ਹਾਂ ਨੂੰ ਮਹਾਨ ਸੁਤੰਤਰਤਾ ਸੈਨਾਨੀ, ਇੱਕ ਕਿਸਾਨ ਆਗੂ, ਸਮਾਜ ਸੁਧਾਰਕ ਅਤੇ ਇੱਕ ਉੱਘੇ ਸੰਸਦ ਮੈਂਬਰ ਦੱਸਿਆ। ਉਨ੍ਹਾਂ ਅੱਗੇ ਕਿਹਾ, "ਧਰਤੀ ਦਾ ਇੱਕ ਸੱਚਾ ਪੁੱਤਰ, ਉਨ੍ਹਾਂ ਨੂੰ ਸੁਆਮੀ ਸਹਿਜਾਨੰਦ ਸਰਸਵਤੀ ਦੇ ਨਾਲ-ਨਾਲ ਭਾਰਤੀ ਕਿਸਾਨ ਅੰਦੋਲਨ ਦਾ ਪਿਤਾਮਾ ਮੰਨਿਆ ਜਾਂਦਾ ਹੈ।" ਉਨ੍ਹਾਂ ਹੋਰ ਕਿਹਾ ਕਿ ਕਿਸਾਨਾਂ ਨੂੰ ਆਮਦਨੀ ਸੁਰੱਖਿਆ ਪ੍ਰਦਾਨ ਕਰਨ ਨਾਲ ਆਚਾਰੀਆ ਐੱਨਜੀ ਰੰਗਾ ਦੀ ਮੂਲ ਆਕਾਂਖਿਆ ਨੂੰ ਪੂਰਾ ਕਰਨ ਵਿੱਚ ਸਹਾਇਤਾ ਮਿਲੇਗੀ ਜੋ ਕਿ ਕਿਸਾਨਾਂ ਦੀ ਭਲਾਈ ਲਈ ਹੀ ਸੀ।

 

ਆਚਾਰੀਆ ਰੰਗਾ ਨਾਲ ਆਪਣੇ ਨਿਜੀ ਮੇਲਜੋਲ ਨੂੰ ਯਾਦ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਆਚਾਰੀਆ ਐੱਨਜੀ ਦੇ ਜੀਵਨ ਅਤੇ ਵਿਜ਼ਨ ਤੋਂ ਬਹੁਤ ਪ੍ਰਭਾਵਿਤ ਰਹੇ ਹਨ। ਉਨ੍ਹਾਂ ਨੂੰ ਪ੍ਰਤਿਸ਼ਠਾ ਦਾ ਪ੍ਰਤੀਕ ਦੱਸਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਆਚਾਰੀਆ ਰੰਗਾ ਲਈ ਰਾਜਨੀਤੀ ਅਤੇ ਜਨਤਕ ਜੀਵਨ ਇੱਕ ਮਿਸ਼ਨ ਸੀ ਅਤੇ ਉਨ੍ਹਾਂ ਨੇ ਹਮੇਸ਼ਾ ਕਦਰਾਂ-ਕੀਮਤਾਂ ਤੇ ਅਧਾਰਿਤ ਰਾਜਨੀਤੀ ਦਾ ਪਾਲਣ ਕੀਤਾ।

 

ਆਚਾਰੀਆ ਰੰਗਾ ਦੁਆਰਾ ਦਰਸਾਏ ਗਏ ਤਰਕਾਂ-ਵਿਤਰਕਾਂ ਅਤੇ ਸੰਸਦੀ ਆਚਰਣ ਦੇ ਉੱਚ ਮਿਆਰਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਵੀ ਆਚਾਰੀਆ ਰੰਗਾ ਸੰਸਦ ਵਿੱਚ ਬੋਲਦੇ ਤਾਂ ਇਸ ਨੂੰ ਪੂਰੇ ਧਿਆਨ ਨਾਲ ਸੁਣਿਆ ਜਾਂਦਾ ਸੀ।

 

ਸ਼੍ਰੀ ਨਾਇਡੂ ਨੇ ਅੱਗੇ ਕਿਹਾ ਕਿ ਉੱਪਰਲੇ ਸਦਨ ਦਾ ਚੇਅਰਮੈਨ ਹੋਣ ਦੇ ਨਾਤੇ, ਬਹਿਸਾਂ ਦੇ ਡਿੱਗਦੇ ਮਿਆਰਾਂ ਨੂੰ ਦੇਖ ਕੇ ਉਹ ਦੁਖੀ ਹੁੰਦੇ। ਉਨ੍ਹਾਂ ਨੇ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਚਾਰੀਆ ਰੰਗਾ ਦੇ ਜੀਵਨ ਅਤੇ ਸਿੱਖਿਆਵਾਂ ਦਾ ਅਧਿਐਨ ਕਰਨ ਅਤੇ ਸੰਸਦ ਮੈਂਬਰ ਵਜੋਂ ਉਨ੍ਹਾਂ ਦੇ ਆਚਰਣ ਤੋਂ ਸਿੱਖਿਆ ਲੈਣ। ਉਨ੍ਹਾਂ ਅੱਗੇ ਕਿਹਾ ਕਿ ਬਹਿਸ ਰਚਨਾਤਮਕ ਹੋਣੀ ਚਾਹੀਦੀ ਹੈ ਨਾ ਕਿ ਵਿਘਨ ਪਾਉਣ ਵਾਲੀ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਆਚਾਰੀਆ ਰੰਗਾ ਸੰਸਦ ਵਿੱਚ ਕਿਸਾਨਾਂ ਦੀ ਆਵਾਜ਼ ਸਨ ਅਤੇ ਇਹ ਸੁਨਿਸ਼ਚਿਤ ਕਰਨ ਤੇ ਜ਼ੋਰ ਦਿੱਤਾ ਕਿ ਸਾਡੇ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਮਿਲੇ।

 

ਉਨ੍ਹਾਂ ਨੇ ਰਵਾਇਤੀ ਗਿਆਨ ਅਤੇ ਅਤਿ- ਆਧੁਨਿਕ ਟੈਕਨੋਲੋਜੀ ਦੇ ਦਰਮਿਆਨ ਪ੍ਰਭਾਵਸ਼ਾਲੀ ਤਾਲਮੇਲ ਲਿਆਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਥਾਨਕ ਇਨੋਵੇਸ਼ਨਾਂ ਨੂੰ ਮਕਬੂਲ ਬਣਾਉਣ ਦੀ ਜ਼ਰੂਰਤ ਹੈ ਤਾਂ ਜੋ ਉਨ੍ਹਾਂ ਨੂੰ ਹੋਰ ਖੇਤਰਾਂ ਵਿੱਚ ਦੁਹਰਾਇਆ ਜਾ ਸਕੇ।

 

ਖੇਤੀਬਾੜੀ ਵਿੱਚ ਟੈਕਨੋਲੋਜੀ ਦੀ ਨਵੀਂ ਲਹਿਰ ਦਾ ਉੱਲੇਖ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਿਰਫ ਟ੍ਰੈਕਟਰਾਂ ਦੀ ਵਰਤੋਂ ਵਰਗੇ ਮਸ਼ੀਨੀਕਰਨ ਵੱਲ ਸ਼ਿਫਟ ਕਰ ਜਾਣ ਨਾਲੋਂ ਅੱਗੇ ਦੀ ਗੱਲ ਹੈ। ਉਨ੍ਹਾਂ ਅੱਗੇ ਕਿਹਾ ਹਾਲਾਂਕਿ ਬੁਨਿਆਦੀ ਮਸ਼ੀਨੀਕਰਨ ਦਾ ਦੇਸ਼ ਦੇ ਹਰ ਕੋਨੇ ਵਿੱਚ ਹੋਰ ਵਿਸਤਾਰ ਕੀਤਾ ਜਾਣਾ ਚਾਹੀਦਾ ਹੈ ਪਰੰਤੂ ਸਾਨੂੰ ਅਤਿ-ਵਿਕਸਿਤ ਟੈਕਨੋਲੋਜੀਆਂ ਤੋਂ ਵੀ ਧਿਆਨ ਨਹੀਂ ਹਟਾਉਣਾ ਚਾਹੀਦਾ ਜੋ ਕਿ ਵਿਸ਼ਵ ਭਰ ਵਿੱਚ ਖੇਤੀ ਕਰਨ ਦੇ ਤਰੀਕੇ ਵਿੱਚ ਬਦਲਾਅ ਲਿਆ ਰਹੀਆਂ ਹਨ।

 

ਵਧੇਰੇ ਜਲਵਾਯੂ ਅਨੁਕੂਲ ਬੀਜ ਕਿਸਮਾਂ ਨੂੰ ਵਿਕਸਿਤ ਕਰਨ ਦਾ ਸੱਦਾ ਦਿੰਦਿਆਂ, ਸ਼੍ਰੀ ਨਾਇਡੂ ਨੇ ਸ਼ੁੱਧ-ਖੇਤੀਬਾੜੀ ਪਿਰਤਾਂ ਨੂੰ ਅਪਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਜੋ ਹਰੇਕ ਪਲਾਂਟ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਡ੍ਰਿਪ ਇਰੀਗੇਸ਼ਨ, ਡਰੋਨਸ ਅਤੇ ਸੈਂਸਰਸ ਦੀ ਵਰਤੋਂ ਨਾਲ ਅੱਜ ਦਾ ਕ੍ਰਮ ਬਣ ਚੁੱਕੀਆਂ ਹਨ।

 

ਜਪਾਨ ਵਰਗੇ ਦੇਸ਼ਾਂ ਵਿੱਚ ਖੇਤੀਬਾੜੀ ਲਈ ਆਰਟੀਫੀਸ਼ਲ ਇੰਟੈਲੀਜੈਂਸ ਦੀ ਵਰਤੋਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਇੱਥੇ ਅਜਿਹੀਆਂ ਟੈਕਨੋਲੋਜੀਆਂ ਦਾ ਪ੍ਰਯੋਗ ਕਰਨ ਵਿੱਚ ਪਿੱਛੇ ਨਹੀਂ ਰਹਿਣਾ ਚਾਹੀਦਾ।

 

ਉਪ ਰਾਸ਼ਟਰਪਤੀ ਨੇ ਖੁਸ਼ੀ ਪ੍ਰਗਟ ਕੀਤੀ ਕਿ ਖੇਤੀਬਾੜੀ ਇੱਕ ਅਜਿਹਾ ਖੇਤਰ ਹੈ ਜਿਸ ਨੇ ਇਸ ਮਹਾਮਾਰੀ ਦੌਰਾਨ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ-19 ਨੇ ਸਾਨੂੰ ਖਾਣ ਦੀਆਂ ਆਦਤਾਂ ਵਿੱਚ ਜ਼ਰੂਰੀ ਬਦਲਾਅ ਕਰਨ ਬਾਰੇ ਵੀ ਮਹੱਤਵਪੂਰਨ ਸਬਕ ਸਿਖਾਇਆ ਹੈ।

 

ਉਨ੍ਹਾਂ ਕਿਹਾ ਕਿ ਉਪਭੋਗਤਾ ਆਪਣੇ ਭੋਜਨ ਵਿੱਚ ਉੱਚ ਪੱਧਰੀ ਪੋਸ਼ਣ ਦੀ ਉਮੀਦ ਕਰ ਰਹੇ ਹਨ। ਉਨ੍ਹਾਂ ਹੋਰ ਕਿਹਾ, “ਇਹ ਰੁਝਾਨ ਉਤਪਾਦਕਾਂ ਨੂੰ ਇੱਕ ਲਾਭਕਾਰੀ ਅਤੇ ਇਕਸਾਰ ਆਮਦਨੀ ਪ੍ਰਦਾਨ ਕਰਦੇ ਹੋਏ ਖੇਤੀਬਾੜੀ ਵਿੱਚ ਉੱਭਰ ਰਹੇ ਉੱਦਮੀਆਂ ਨੂੰ ਇੱਕ ਉੱਤਮ ਅਵਸਰ ਪੇਸ਼ ਕਰਦਾ ਹੈ।

 

ਪਿਛਲੇ ਦਹਾਕਿਆਂ ਵਿੱਚ ਚਰਮ ਮੌਸਮ ਸਬੰਧੀ ਘਟਨਾਵਾਂ ਵਿੱਚ ਹੋਏ ਵਾਧੇ ਉੱਤੇ ਆਪਣਾ ਸਰੋਕਾਰ ਪ੍ਰਗਟ ਕਰਦਿਆਂਉਨ੍ਹਾਂ ਕਿਹਾ ਕਿ ਕਿਸਾਨ ਹਰ ਪ੍ਰਤਿਕੂਲ ਘਟਨਾ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਹੋਰ ਕਿਹਾ, “ਕਿਸਾਨ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਨਿਰੰਤਰ ਸਾਹਮਣਾ ਕਰਦਾ ਆ ਰਿਹਾ ਹੈ, ਜਿਵੇਂ ਕਿ ਪਾਣੀ, ਖੇਤ ਮਜ਼ਦੂਰਾਂ ਦੀ ਘਾਟ, ਟਾਈਮਲੀ ਅਤੇ ਕੁਆਲਿਟੀ ਇਨਪੁਟਸ ਦੀ ਘਾਟ, ਮਸ਼ੀਨੀਕਰਨ, ਕੋਲਡ ਸਟੋਰੇਜ ਸੁਵਿਧਾਵਾਂ ਦੀ ਘਾਟ। ਸਮੇਂ ਸਿਰ ਰਿਣ ਤੱਕ ਪਹੁੰਚ ਦੀ ਘਾਟ ਅਤੇ ਪ੍ਰਭਾਵਸ਼ਾਲੀ ਮਾਰਕਿਟਿੰਗ ਪ੍ਰਣਾਲੀ ਦੀ ਅਣਹੋਂਦ ਅਜਿਹੇ ਕਾਰਨਾਂ ਵਿੱਚੋਂ ਹੀ ਕੁਝ ਹਨ ਜੋ ਖੇਤੀਬਾੜੀ ਨੂੰ ਪੂਰੀ ਤਰ੍ਹਾਂ ਇਸ ਦੀ ਪੂਰੀ ਸਮਰੱਥਾ ਤੱਕ ਨਹੀਂ ਪਹੁੰਚਣ ਦਿੰਦੇ।

 

ਉਪ ਰਾਸ਼ਟਰਪਤੀ ਨੇ ਕਿਸਾਨਾਂ ਦੇ ਸਸ਼ਕਤੀਕਰਨ ਲਈ ਸਰਕਾਰ ਦੁਆਰਾ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, “ਸਰਕਾਰ ਦੀਆਂ ਈ-ਨਾਮ ਪੋਰਟਲ ਜਿਹੀਆਂ ਬਿਹਤਰ ਕੀਮਤ ਖੋਜ ਵਿਵਸਥਾਵਾਂ ਸ਼ਲਾਘਾਯੋਗ ਪਹਿਲਾਂ ਹਨ ਅਤੇ ਸਾਨੂੰ ਕਿਸਾਨਾਂ ਨੂੰ- ਕਦੋਂ, ਕਿੱਥੇ ਅਤੇ ਕਿਸ ਕੋਲ ਵਿੱਕਰੀ ਕਰਨੀ ਹੈ, ਉੱਤੇ ਫੈਸਲਾ ਲੈਣ ਦੀ ਆਜ਼ਾਦੀ ਦੇਣੀ ਚਾਹੀਦੀ ਹੈ।

 

ਵੰਨ-ਸੁਵੰਨਤਾ ਲਈ ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਲੋੜ 'ਤੇ ਬੋਲਦਿਆਂ ਉਪ ਰਾਸ਼ਟਰਪਤੀ ਕਿਹਾ, "ਕਿਸਾਨਾਂ ਨੂੰ ਉਨ੍ਹਾਂ ਦੀ ਆਮਦਨ ਦੇ ਸਾਧਨਾਂ ਵਿੱਚ ਭਿੰਨਤਾ ਲਿਆਉਣ ਲਈ ਬਾਗਬਾਨੀ, ਰੇਸ਼ਮ ਉਤਪਾਦਨ, ਮੱਛੀ-ਪਾਲਣ, ਡੇਅਰੀ, ਪੋਲਟਰੀ ਅਤੇ ਫੂਡ ਪ੍ਰੋਸੈੱਸਿੰਗ ਜਿਹੀਆਂ ਸਹਾਇਕ ਗਤੀਵਿਧੀਆਂ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।"

 

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਨਾਜ ਅਤੇ ਦਾਲਾਂ ਦੀ ਖੇਤੀ ਤੋਂ ਇਲਾਵਾ ਕਿਸਾਨਾਂ ਨੂੰ ਵਪਾਰਕ ਫਸਲਾਂ ਉਗਾਉਣ ਲਈ ਵੀ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।

 

ਇਹ ਚਿੰਤਾ ਪ੍ਰਗਟ ਕਰਦੇ ਹੋਏ ਕਿ ਸਾਡੀਆਂ ਬਹੁਤ ਸਾਰੀਆਂ ਖੇਤੀਬਾੜੀ ਪ੍ਰੈਕਟਿਸਾਂ ਸੌਇਲ ਦੀ ਗੁਣਵੱਤਾ ਨੂੰ ਘਟਾ ਰਹੀਆਂ ਹਨ, ਉਪ ਰਾਸ਼ਟਰਪਤੀ ਨੇ ਸੌਇਲ ਹੈਲਥ ਕਾਰਡਾਂ ਦੀ ਵਰਤੋਂ ਨਾਲ ਰਸਾਇਣਕ ਖਾਦਾਂ 'ਤੇ ਨਿਰਭਰਤਾ ਘਟਾਉਣ ਦੀ ਮੰਗ ਕੀਤੀ।

 

ਉਨ੍ਹਾਂ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਅਜਿਹੀ ਖੋਜ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਜੋ ਕਿ ਕਿਸਾਨਾਂ ਨੂੰ ਲਾਭ ਪਹੁੰਚਾਉਂਦੀ ਹੈ। ਸ਼੍ਰੀ ਨਾਇਡੂ ਨੇ ਜ਼ੋਰ ਦੇ ਕੇ ਕਿਹਾ, “ਲੈਬ ਟੂ ਲੈਂਡਖੇਤੀਬਾੜੀ ਯੂਨੀਵਰਸਿਟੀਆਂ ਦਾ ਮੰਤਰ ਹੋਣਾ ਚਾਹੀਦਾ ਹੈ।

 

ਉਨ੍ਹਾਂ ਨੇ ਕਿਸਾਨਾਂ ਨੂੰ ਇਨੋਵੇਸ਼ਨ, ਜੈਨਰੇਸ਼ਨ ਅਤੇ ਮੋਟੀਵੇਸ਼ਨਦਾ ਮੰਤਰ ਵੀ ਦਿੱਤਾ ਤਾਂ ਜੋ ਉਹ ਸਮੇਂ ਦੇ ਬਦਲਾਅ ਅਤੇ ਅਨਿਸ਼ਚਿਤਤਾਵਾਂ ਦੇ ਬਾਵਯੂਦ ਆਪਣੀ ਆਮਦਨੀ ਦੇ ਵਾਧੇ ਨੂੰ ਜਾਰੀ ਰੱਖ ਸਕਣ। ਮੰਤਰ ਨੂੰ ਵਿਸਥਾਰ ਸਹਿਤ ਦੱਸਦਿਆਂ ਉਨ੍ਹਾਂ ਕਿਹਾ ਕਿ ਟੈਕਨੋਲੋਜੀਕਲ ਇਨੋਵੇਸ਼ਨਾਂ ਦਾ ਲਾਭ ਉਠਾਉਣਾ ਚਾਹੀਦਾ ਹੈ, ਅਗਲੀਆਂ ਪੀੜ੍ਹੀਆਂ ਨੂੰ ਖੇਤੀਬਾੜੀ ਚੁਣੌਤੀਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ। ਕਿਸਾਨਾਂ ਦੇ ਵੱਡੇ ਪ੍ਰਯਤਨਾਂ ਲਈ ਉਨ੍ਹਾਂ ਦਾ ਸਮਰਥਨ ਕੀਤੇ ਜਾਣ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤੇ ਜਾਣ ਦੀ ਜ਼ਰੂਰਤ ਹੈ।

 

ਇਸ ਸਮਾਰੋਹ ਦੇ ਔਨਲਾਈਨ ਉਦਘਾਟਨ ਵਿੱਚ ਹਿੱਸਾ ਲੈਣ ਵਾਲੇ ਪਤਵੰਤਿਆਂ ਵਿੱਚ ਨਾਬਾਰਡ ਦੇ ਚੇਅਰਮੈਨ, ਸ਼੍ਰੀ ਜੀਆਰ ਚਿੰਤਲਾ, ਡਾਇਰੈਕਟਰ, ਐੱਨਏਏਆਰਐੱਮ, ਆਈਸੀਏਆਰ,ਡਾ. ਚੇਰੂਕੁਮੱਲੀ ਸ੍ਰੀਨਿਵਾਸ ਰਾਓ,ਰਾਸ਼ਟਰੀਯ ਸੇਵਾ ਸੰਮਿਤੀ ਦੇ ਸੰਸਥਾਪਿਕ ਜਨਰਲ ਸਕੱਤਰ, ਡਾ. ਜੀ ਮੁਣੀਰਤਨਮ ਨਾਇਡੂ, ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਕਲਾਈਮੇਟ ਚੇਂਜ ਅਡਵਾਈਜ਼ਰ, ਡਾ. ਅੰਚਾ ਸ੍ਰੀਨਿਵਾਸਨ, ਰੰਗਾ ਟਰੱਸਟ ਤੋਂ ਸ਼੍ਰੀ ਆਰ ਕਿਸ਼ੋਰ ਬਾਬੂ, ਓਂਗੋਲੇ ਰੰਗਾ ਟਰੱਸਟ ਦੇ ਚੇਅਰਮੈਨ, ਸ਼੍ਰੀ ਅੱਲਾ ਵੈਂਕਟੇਸ਼ਵਰ ਰਾਓ ਅਤੇ ਖੇਤਰ ਦੇ ਲੋਕਾਂ ਦੇ ਪ੍ਰਤੀਨਿਧੀ ਸ਼ਾਮਲ ਸਨ।

 

ਉਪ ਰਾਸ਼ਟਰਪਤੀ ਦਾ ਪੂਰਾ ਭਾਸ਼ਣ ਪੜ੍ਹਣ ਦੇ ਲਈ ਕਲਿੱਕ ਕਰੋ

 

****

 

ਐੱਮਐੱਸ / ਡੀਪੀ



(Release ID: 1671047) Visitor Counter : 149