ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਇੱਕ ਤੰਦਰੁਸਤ ਜੀਵਨ–ਸ਼ੈਲੀ ਬਰਕਰਾਰ ਰੱਖਣ ਲਈ ‘ਦਿਨਚਰਯਾ’ ਅਤੇ ‘ਰਿਤੂਚਰਯਾ ’ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ
ਲੋਕਾਂ ਨੂੰ ਮਹਾਮਾਰੀ ਦੌਰਾਨ ਨਵੇਂ ਸੁਭਾਵਕ ਅਨੁਸਾਰ ਢਲਣ ਤੇ ਵੱਧ ਤੋਂ ਵੱਧ ਸਾਵਧਾਨੀਆਂ ਰੱਖਣ ਦਾ ਸੱਦਾ ਦਿੱਤਾ
ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਵਧੀਆ ਮਿਆਰੀ ਸਿਹਤ–ਸੰਭਾਲ਼ ਨੂੰ ਪਹੁੰਚਯੋਗ ਤੇ ਕਿਫ਼ਾਇਤੀ ਬਣਾਉਣਾ ਹੋਵੇਗਾ
ਨਿਜੀ ਖੇਤਰ ਨੂੰ ਦਿਹਾਤੀ ਖੇਤਰਾਂ ਵਿੱਚ ਪੀਪੀਪੀ ਮੌਡਲ ਜ਼ਰੀਏ ਆਧੁਨਿਕ ਸਿਹਤ–ਸੰਭਾਲ਼ ਸੁਵਿਧਾਵਾਂ ਸਥਾਪਿਤ ਕਰਨ ਦੀ ਕੀਤੀ ਬੇਨਤੀ
ਉਪ ਰਾਸ਼ਟਰਪਤੀ ਨੇ ਮੋਹਰੀ ਜੋਧਿਆਂ ਤੇ ਕੋਵਿਡ–19 ਮਰੀਜ਼ਾਂ ਨਾਲ ਜੁੜੀਆਂ ਕਲੰਕ ਤੇ ਵਿਤਕਰੇ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ
‘ਫ਼ਿੱਕੀ ਹੀਲ’ ਦੇ 14ਵੇਂ ਸੰਸਕਰਣ ਦਾ ਉਦਘਾਟਨ ਕੀਤਾ
Posted On:
29 SEP 2020 6:31PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਤੰਦਰੁਸਤ ਸਰੀਰ ਤੇ ਤੰਦਰੁਸਤ ਮਨ ਦੇ ਮਹੱਤਵ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਤੰਦਰੁਸਤ ਜੀਵਨ ਬਰਕਰਾਰ ਰੱਖਣ ਲਈ ‘ਸਾਨੂੰ ‘ਦਿਨਚਰਯਾ’ – ਰੋਜ਼ਾਨਾ ਕੀਤੇ ਜਾਣ ਵਾਲੇ ਕੰਮਾਂ ਅਤੇ ‘ਰਿਤੂਚਰਯਾ’ – ਮੌਸਮ ਦੇ ਹਿਸਾਬ ਨਾਲ ਕੀਤੇ ਜਾਣ ਵਾਲੇ ਕੰਮਾਂ ਦੀਆਂ ਧਾਰਨਾਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ’।
‘ਕੋਵਿਡ ਤੋਂ ਬਾਅਦ ਸਿਹਤ–ਸੰਭਾਲ਼ ਵਿਸ਼ਵ – ਨਵੀਂ ਸ਼ੁਰੂਆਤ’ ਵਿਸ਼ੇ ਉੱਤੇ ‘ਫਿੱਕੀ ਹੀਲ’ (FICCI HEAL) ਦੇ 14ਵੇਂ ਸੰਸਕਰਣ ਦਾ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਉਦਘਾਟਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਮਹਾਮਾਰੀ ਨੇ ਸਾਨੂੰ ਸਰੀਰਕ ਤੇ ਮਾਨਸਿਕ ਦੋਵੇਂ ਤਰ੍ਹਾਂ ਨਾਲ ਤੰਦਰੁਸਤ ਰਹਿਣਾ ਸਿਖਾ ਦਿੱਤਾ ਹੈ; ਉਪ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਰੋਗਾਂ ਤੋਂ ਬਚਣ ਲਈ ਫ਼ਿਟਨਸ ਦੇ ਨਾਲ–ਨਾਲ ਸੰਤੁਲਿਤ ਭੋਜਨ ਵੀ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬਿਨਾ ਛੂਤ ਵਾਲੇ ਰੋਗਾਂ ਦੇ ਵਧਣ ਪਿੱਛੇ ਮੁੱਖ ਦੋਸ਼ੀਆਂ ਵਿੱਚੋਂ ਇੱਕ – ਜ਼ਿਆਦਾਤਰ ਬੈਠ ਕੇ ਦਿਨ ਬਿਤਾਉਣ ਵਾਲੀ ਜੀਵਨ–ਸ਼ੈਲੀ ਹੈ, ਉਨ੍ਹਾਂ ਲੋਕਾਂ ਨੂੰ ਫ਼ਿਟ ਰਹਿਣ ਲਈ ਸਰੀਰਕ ਗਤੀਵਿਧੀ ਦੀ ਕਿਸੇ ਵੀ ਕਿਸਮ – ਜਿਵੇਂ ਇੱਕੋ ਥਾਂ ਉੱਤੇ ਖਲੋ ਕੇ ਜੌਗਿੰਗ / ਦੌੜਨ / ਤੇਜ਼–ਤੇਜ਼ ਚਲਣ / ਹਵਾ ’ਚ ਉੱਛਲ ਕੇ ਕਰਤਬ ਕਰਨ ਅਤੇ ਸਰੀਰਕ ਅੰਗਾਂ ਨੂੰ ਫੈਲਾਉਣ ਨੂੰ ਆਪਣੇ ਰੋਜ਼ਮੱਰਾ ਦੇ ਜੀਵਨ ਦਾ ਹਿੱਸਾ ਬਣਾਉਣ ਦੀ ਬੇਨਤੀ ਕੀਤੀ।
ਉਨ੍ਹਾਂ ਡਾਕਟਰਾਂ ਤੇ ਮੀਡੀਆ ਨੂੰ ਵੀ ਸੱਦਾ ਦਿੱਤਾ ਕਿ ਉਹ ਲੋਕਾਂ ਨੂੰ ਤੰਦਰੁਸਤ ਅਤੇ ਫ਼ਿਟ ਰਹਿਣ ਲਈ ਉਨ੍ਹਾਂ ਵਿੱਚ ਜਾਗਰੂਕਤਾ ਪੈਦਾ ਕਰਨ ਤੇ ਉਨ੍ਹਾਂ ਨੂੰ ਸਿੱਖਿਅਤ ਕਰਨ।
ਸ਼੍ਰੀ ਨਾਇਡੂ ਨੇ ਕਿਹਾ ਕਿ ਹਾਲਾਤ ਆਮ ਵਰਗੇ ਹੋਣ ਤੋਂ ਬਾਅਦ ਸਕੂਲਾਂ ਤੇ ਕਾਲਜਾਂ ਵਿੱਚ ਖੇਡਾਂ ਦੇ ਨਾਲ ਯੋਗਾ ਤੇ ਧਿਆਨ–ਮਨਨ ਨੂੰ ਵੀ ਰੋਜ਼ਾਨਾ ਦੇ ਟਾਈਮ–ਟੇਬਲ ਦਾ ਹਿੱਸਾ ਬਣਾਵੁਣਾ ਚਾਹੀਦਾ ਹੈ।
ਉਪ ਰਾਸ਼ਟਰਪਤੀ ਨੇ ਇਸ ਈਵੈਂਟ ਦੇ ਵਿਸ਼ੇ – ਜੋ ਕੋਵਿਡ ਤੋਂ ਬਾਅਦ ਸਿਹਤ–ਸੰਭਾਲ਼ ਵਿਸ਼ਵ ਵਿੱਚ ਇੱਕ ਨਵੀਂ ਸ਼ੁਰੂਆਤ ਦੀ ਗੱਲ ਕਰਦਾ ਹੈ – ਬਾਰੇ ਬੋਲਦਿਆਂ ਕਿਹਾ ਕਿ ਪੁਰਾਣੀਆਂ ਆਦਤਾਂ ਵੱਲ ਪਰਤਣ ਦੀ ਵੀ ਇੱਕ ਨਵੀਂ ਸ਼ੁਰੂਆਤ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ,‘ਸਾਡੇ ਪੁਰਖਿਆਂ ਨੇ ਸਾਨੂੰ ਸੰਤੁਲਿਤ ਤੇ ਪੌਸ਼ਟਿਕ ਭੋਜਨ ਖਾਣ ਲਈ ਕਿਹਾ ਹੈ। ਸਾਨੂੰ ਫ਼ਾਸਟ–ਫ਼ੂਡ ਤੇ ਬਿਨਾ ਸੋਚੇ–ਸਮਝੇ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।’
ਉਨ੍ਹਾਂ ਲੋਕਾਂ ਨੂੰ ਨਵੇਂ ਸੁਭਾਵਕ ਸੱਭਿਆਚਾਰ ਅਨੁਸਾਰ ਢਲਣ ਅਤੇ ਕੋਵਿਡ–19 ਮਹਾਮਾਰੀ ਨਾਲ ਲੜਨ ਲਈ ਸਾਰੀਆਂ ਨਿਰਧਾਰਿਤ ਸਾਵਧਾਨੀਆਂ ਨੂੰ ਗੰਭੀਰਤਾ ਨਾਲ ਅਪਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਲੋਕਾਂ ਲਈ ਹੁਣ ਜ਼ਿੰਮੇਵਾਰੀ ਨਾਲ ਅੱਗੇ ਵਧਣਾ ਅਤੇ ਖ਼ਤਰਨਾਕ ਵਾਇਰਸ ਦੀ ਲੜੀ ਤੋੜਨ ਲਈ ਸਰਕਾਰ ਤੇ ਸਿਹਤ ਪ੍ਰੋਫ਼ੈਸ਼ਨਲਸ ਦੇ ਬਹੁ–ਪੱਖੀ ਜਤਨਾਂ ਦਾ ਸਮਰਥਨ ਕਰਨਾ ਬੇਹੱਦ ਅਹਿਮ ਹੈ। ਉਨ੍ਹਾਂ ਇਹ ਵੀ ਕਿਹਾ,‘ਅਸੀਂ ਖ਼ੁਦ ਨਾਲ ਸੰਤੁਸ਼ਟ ਹੋ ਕੇ ਬੈਠੇ ਨਹੀਂ ਰਹਿ ਸਕਦੇ ਅਤੇ ਨਾ ਹੀ ਅਸੀਂ ਆਪਣੀ ਸੁਰੱਖਿਆ ਨੂੰ ਘਟਾ ਸਕਦੇ ਹਾਂ।’
ਉਨ੍ਹਾਂ ਕਿਹਾ ਕਿ ਲੌਕਡਾਊਨ ਦੇਸ਼ ਵਿੱਚ ਸਦਾ ਲਾਗੂ ਨਹੀਂ ਰਹਿ ਸਕਦਾ, ਉਨ੍ਹਾਂ ਪ੍ਰਧਾਨ ਮੰਤਰੀ ਦੇ ਉਸ ਬਿਆਨ ਦਾ ਜ਼ਿਕਰ ਕੀਤਾ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜੀਵਨ ਅਹਿਮ ਹੈ ਪਰ ਉਪਜੀਵਕਾ ਵੀ ਓਨੀ ਹੀ ਮਹੱਤਵਪੂਰਨ ਹੈ।
ਸ਼੍ਰੀ ਨਾਇਡੂ ਨੇ ਨੇੜ ਭਵਿੱਖ ’ਚ ਵੈਕਸੀਨ ਦੇ ਮੋਰਚੇ ’ਤੇ ਖ਼ੁਸ਼ਖ਼ਬਰੀ ਆਉਣ ਦੀ ਆਸ ਪ੍ਰਗਟਾਉਂਦਿਆਂ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਵਾਰ–ਵਾਰ ਹੱਥ ਧੋਂਦੇ ਰਹਿਣ।
ਮੋਹਰੀ ਜੋਧਿਆਂ ਤੇ ਕੋਵਿਡ–19 ਦੇ ਰੋਗੀਆਂ ਨਾਲ ਕਲੰਕ ਤੇ ਵਿਤਕਰਾ ਜੋੜਨ ਦੀਆਂ ਘਟਨਾਵਾਂ ਦੀ ਨਿਖੇਧੀ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਅਜਿਹਾ ਵਿਵਹਾਰ ਗ਼ੈਰ–ਵਾਜਬ ਹੈ ਅਤੇ ਬੁਰਾਈ ਨੂੰ ਹਰ ਹਾਲਤ ਵਿੱਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ,‘ਇਹ ਮਹੱਤਵਪੂਰਨ ਹੈ ਕਿ ਅਸੀਂ ਕਿਸੇ ਦੇ ਕੋਵਿਡ ਪਾਜ਼ਿਟਿਵ ਹੋਣ ਜਾਂ ਕਿਸੇ ਵਿਅਕਤੀ ਦੇ ਕੋਵਿਡ ਰੋਗੀ ਦੇ ਸੰਪਰਕ ਵਿੱਚ ਆਉਣ ’ਤੇ ਉਸ ਨਾਲ ਵਿਤਕਰਾ ਨਾ ਕਰੀਏ। ਸਾਨੂੰ ਕੋਵਿਡ–19 ਤੋਂ ਪ੍ਰਭਾਵਿਤ ਲੋਕਾਂ ਪ੍ਰਤੀ ਹਮਦਰਦੀ ਭਰੇ ਵਤੀਰੇ ਅਤੇ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਨਾ ਹੋਵੇਗਾ।’
ਮਹਾਮਾਰੀ ਕਾਰਣ ਪਏ ਵਿਆਪਕ ਮਨੋ–ਸਮਾਜਿਕ ਅਸਰ ਬਾਰੇ ਬੋਲਦਿਆਂ ਉਨ੍ਹਾਂ ਕਿਹਾ,‘ਬਜ਼ੁਰਗ ਲੋਕਾਂ, ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ, ਮਨੋਰੋਗੀਆਂ ਤੇ ਹਾਸ਼ੀਏ ਉੱਤੇ ਗਏ ਭਾਈਚਾਰਿਆਂ ਦੇ ਮਨੋ–ਸਮਾਜਿਕ ਪੱਖਾਂ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ।’
ਸ਼੍ਰੀ ਨਾਇਡੂ ਨੇ ਵਾਇਰਸ ਨੂੰ ਹਰਾਉਣ ਲਈ ਇੱਕ ਨਵੀਂ ਕਿਸਮ ਦੇ ਦ੍ਰਿੜ੍ਹ ਇਰਾਦੇ ਨਾਲ ਸਮੂਹਕ ਤੌਰ ਉੱਤੇ ਅੱਗੇ ਵਧਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਕਿਹਾ,‘ਸਾਨੂੰ ਨਾ ਸਿਰਫ਼ ਵਾਇਰਸ ਨੂੰ ਘਟਾਉਣ ਦੇ ਤਰੀਕੇ ਲੱਭਣ ਦੀ ਲੋੜ ਹੈ, ਸਗੋਂ ਸਾਨੂੰ ਕੋਵਿਡ ਤੋਂ ਬਾਅਦ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹਰ ਹਾਲਤ ਵਿੱਚ ਤਿਆਰ ਰਹਿਣਾ; ਅਤੇ ਭਵਿੱਖ ਵਿੱਚ ਕਿਸੇ ਵੀ ਮਹਾਮਾਰੀ ਦਾ ਸਾਹਮਣਾ ਕਰਨ ਵਾਸਤੇ ਪੂਰੀ ਤਰ੍ਹਾਂ ਲੈਸ ਹੋਣਾ ਹੋਵੇਗਾ।’
ਉਨ੍ਹਾਂ ਕਿਹਾ ਕਿ ਭਵਿੱਖ ’ਚ ਲੋਕ ਸਦਾ ਕੋਰੋਨਾ ਤੋਂ ਪਹਿਲਾਂ, ਇਸ ਦੌਰਾਨ ਅਤੇ ਇਸ ਤੋਂ ਬਾਅਦ ਦੇ ਜੀਵਨ ਦੀ ਤੁਲਨਾ ਕਰਿਆ ਕਰਨਗੇ ਅਤੇ ਉਨ੍ਹਾਂ ਲੋਕਾਂ ਨੂੰ ਭਵਿੱਖ ਵਿੱਚ ਅਜਿਹੀ ਕਿਸੇ ਵੀ ਚੁਣੌਤੀ ਦਾ ਮੁਕਾਬਲਾ ਕਰਨ ਹਿਤ ਤਿਆਰ ਰਹਿਣ ਦੀ ਲੋੜ ਉੱਤੇ ਜ਼ੋਰ ਦਿੱਤਾ।
ਉਪ ਰਾਸ਼ਟਰਪਤੀ ਨੇ ਸਭ ਲਈ ਚੰਗੀ ਮਿਆਰੀ ਸਿਹਤ–ਸੰਭਾਲ਼ ਪਹੁੰਚਯੋਗ ਤੇ ਕਿਫ਼ਾਇਤੀ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨਿਜੀ ਖੇਤਰ ਨੂੰ ਅੱਗੇ ਆਉਣ ਤੇ ‘ਪਬਲਿਕ–ਪ੍ਰਾਈਵੇਟ ਪਾਰਟਨਰਸ਼ਿਪ’ (PPP – ਜਨਤਕ–ਨਿਜੀ ਭਾਈਵਾਲੀ) ਜ਼ਰੀਏ ਆਪਣੀ ਪੈੜ–ਚਾਲ ਦਾ ਪਾਸਾਰ ਕਰਨ ਤੇ ਦਿਹਾਤੀ ਖੇਤਰਾਂ, ਖ਼ਾਸ ਤੌਰ ਉੱਤੇ ਦੂਰ–ਦੁਰਾਡੇ ਤੇ ਅਪਹੁੰਚਯੋਗ ਸਥਾਨਾਂ ’ਤੇ ਆਧੁਨਕ ਸਿਹਤ–ਸੰਭਾਲ਼ ਸੁਵਿਧਾਵਾਂ ਸਥਾਪਿਤ ਕਰਨ ਦੀ ਬੇਨਤੀ ਕੀਤੀ।
ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਹਰੇਕ ਸਬੰਧਿਤ ਧਿਰ ਨੂੰ ਬੁਨਿਆਦੀ ਸਮਰੱਥਾ ਦਾ ਪੂੰਜੀਕਰਣ ਕਰਨ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ,‘ਸਾਨੂੰ ਆਪਣੀ ਹੈਲਥਕੇਅਰ ਡਿਲੀਵਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵਿਸ਼ਵ ਤੋਂ ਜ਼ਰੂਰ ਹੀ ਸਰਬੋਤਮ ਨੂੰ ਅਪਨਾਉਣਾ ਹੋਵੇਗਾ।’
ਉਨ੍ਹਾਂ ਨਿਜੀ ਖੇਤਰ ਨੂੰ ‘ਆਤਮਨਿਰਭਰ ਅਭਿਯਾਨ’ ਦਾ ਪੂਰਾ ਲਾਹਾ ਲੈਣ ਦੀ ਬੇਨਤੀ ਕੀਤੀ, ਤਾਂ ਜੋ ਉੱਚ–ਤਕਨੀਕੀ ਤੇ ਅਗਾਂਹ–ਵਧੂ ਉਪਕਰਣਾਂ ਸਮੇਤ ਵਿਭਿੰਨ ਮੈਡੀਕਲ ਉਪਕਰਣਾਂ ਦੇ ਨਿਰਮਾਣ ਨੂੰ ਵਧਾਇਆ ਜਾ ਸਕੇ।
ਉਪ ਰਾਸ਼ਟਰਪਤੀ ਨੇ ਮਹਾਮਾਰੀ ਨਾਲ ਲੜਨ ਵਿੱਚ ਸਰਕਾਰ ਨੂੰ ਸਹਿਯੋਗ ਦੇਣ ਅਤੇ ਬਿਹਤਰੀਨ ਪਿਰਤਾਂ ਤੇ ਇਸ ਨਾਲ ਜੂਝਣ ਵਿੱਚ ਸਮਾਧਾਨ ਸਾਂਝੇ ਕਰਨ ਵਿੱਚ ਫਿੱਕੀ (FICCI) ਮੈਂਬਰਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕੋਵਿਡ ਦੇ ਇਲਾਜ ਲਈ ਡਾਕਟਰਾਂ ਨਾਲ ਸਲਾਹ–ਮਸ਼ਵਰੇ ਵਾਸਤੇ ਟੈਲੀ–ਮੈਡੀਸਨ ਮੰਚ ‘ਸਵੱਸਥ’ (SWASTH) ਦੇ ਵਿਕਾਸ ਉੱਤੇ ਵੀ ਖ਼ੁਸ਼ੀ ਪ੍ਰਗਟਾਈ।
ਉਪ ਰਾਸ਼ਟਰਪਤੀ ਨੇ ‘ਲੀਪਫ਼੍ਰੌਗਿੰਗ ਟੂ ਏ ਡਿਜੀਟਲ ਹੈਲਥਕੇਅਰ ਸਿਸਟਮ: ਰੀਇਮੈਜਨਿੰਗ ਹੈਲਥਕੇਅਰ ਫ਼ਾਰ ਐਵਰੀ ਇੰਡੀਅਨ’ ਨਾਂਅ ਦੀ ਫਿੱਕੀ ਬੀਸੀਜੀ (FICCI BCG) ਰਿਪੋਰਟ ਵੀ ਜਾਰੀ ਕੀਤੀ।
ਫਿੱਕੀ ਦੇ ਪ੍ਰਧਾਨ ਡਾ. ਸੰਗੀਤਾ ਰੈੱਡੀ, ਫਿੱਕੀ ਸਿਹਤ ਸੇਵਾਵਾਂ ਬਾਰੇ ਕਮੇਟੀ ਦੇ ਚੇਅਰਮੈਨ ਡਾ. ਆਲੋਕ ਰਾਏ, ਫਿੱਕੀ ਸਿਹਤ ਸੇਵਾਵਾਂ ਬਾਰੇ ਕਮੇਟੀ ਦੇ ਸਹਿ–ਚੇਅਰਮੈਨ ਡਾ. ਹਰਸ਼ ਮਹਾਜਨ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।
****
ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ
(Release ID: 1660208)
Visitor Counter : 271