ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਪ੍ਰਧਾਨ ਮੰਤਰੀ ਨੇ ਉਮਰ ਦੇ ਅਨੁਸਾਰ ਫਿਟਨਸ ਪ੍ਰੋਟੋਕੋਲਸ ਲਾਂਚ ਕੀਤੇ

‘ਫਿਟ ਇੰਡੀਆ ਮੂਵਮੈਂਟ’ ਦੀ ਪਹਿਲੀ ਵਰ੍ਹੇਗੰਢ ਮੌਕੇ ਵਿਭਿੰਨ ਫਿਟਨਸ ਉਤਸ਼ਾਹੀਆਂ ਨਾਲ ਗੱਲਬਾਤ ਕੀਤੀ


‘ਫ਼ਿਟ ਇੰਡੀਆ ਸੰਵਾਦ’ ਹਰ ਉਮਰ ਵਰਗ ਦੇ ਫਿਟਨਸ ਹਿਤਾਂ ਉੱਤੇ ਕੇਂਦ੍ਰਿਤ ਹੈ ਤੇ ਫਿਟਨਸ ਦੇ ਵਿਭਿੰਨ ਆਯਾਮਾਂ ਉੱਤੇ ਅਧਾਰਿਤ ਹੈ: ਪ੍ਰਧਾਨ ਮੰਤਰੀ

Posted On: 24 SEP 2020 6:13PM by PIB Chandigarh

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਰਚੁਅਲ ਕਾਨਫ਼ਰੰਸਿੰਗ ਜ਼ਰੀਏ ‘ਫਿਟ ਇੰਡੀਆ ਮੂਵਮੈਂਟ’ ਦੀ ਪਹਿਲੀ ਵਰ੍ਹੇਗੰਢ ਮੌਕੇ ‘ਉਮਰ ਦੇ ਅਨੁਸਾਰ ਫਿਟਨਸ ਪ੍ਰੋਟੋਕੋਲਸ’ (ਏਜ ਐਪ੍ਰੌਪਰੀਏਟ ਫਿਟਨਸ ਪ੍ਰੋਟੋਕੋਲਸ) ਲਾਂਚ ਕੀਤੇ।

 

ਸ਼੍ਰੀ ਮੋਦੀ ਨੇ ਇਸ ਮੌਕੇ ਆਯੋਜਿਤ ‘ਫਿਟ ਇੰਡੀਆ ਸੰਵਾਦ’ ਸਮਾਰੋਹ ਦੌਰਾਨ ਵਿਭਿੰਨ ਖਿਡਾਰੀਆਂ, ਫਿਟਨਸ ਮਾਹਿਰਾਂ ਤੇ ਹੋਰਨਾਂ ਨਾਲ ਗੱਲਬਾਤ ਕੀਤੀ। ਇਹ ਵਰਚੁਅਲ ਗੱਲਬਾਤ ਬਹੁਤ ਖੁੱਲ੍ਹੇ ਅਤੇ ਗ਼ੈਰ–ਰਸਮੀ ਤਰੀਕੇ ਨਾਲ ਕੀਤੀ ਗਈ, ਜਿੱਥੇ ਭਾਗੀਦਾਰਾਂ ਨੇ ਪ੍ਰਧਾਨ ਮੰਤਰੀ ਨਾਲ ਆਪਣੇ ਜੀਵਨ ਦੇ ਅਨੁਭਵ ਤੇ ਆਪਣੀ ਫਿਟਨਸ ਦੇ ਮੰਤਰ ਸਾਂਝੇ ਕੀਤੇ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਇਸ ਸਮਾਰੋਹ ਵਿੱਚ ਵਰਚੁਅਲੀ ਹਿੱਸਾ ਲਿਆ।

 

 

ਜਿਹੜੇ ਪ੍ਰੇਰਕਾਂ ਨੇ ਫਿਟਨਸ ਅਤੇ ਸਿਹਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ, ਉਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ, ਫਿਟਨਸ ਆਇਕੌਨ ਅਤੇ ਲੌਹ–ਪੁਰਸ਼ ਟ੍ਰਾਈਥਲੌਨ ਮਿਲਿੰਦ ਸੋਮਨ; ਪੈਰਾਲਿੰਪੀਅਨ ਗੋਲਡ–ਮੈਡਲ ਜੇਤੂ ਦੇਵੇਂਦਰ ਝੱਜਰੀਆ; ਪੋਸ਼ਣ ਮਾਹਿਰ ਰੁਜੁਤਾ ਦਿਵੇਕਰ – ਜੋ ਖ਼ੁਰਾਕ ਵਿੱਚ ਸਥਾਨਕ ਚੀਜ਼ਾਂ ਦੀ ਵਰਤੋਂ ਦੀ ਖੁੱਲ੍ਹ ਕੇ ਵਕਾਲਤ ਕਰਦੇ ਰਹੇ ਹਨ ਤੇ ਫਿਟਨਸ ਦੇ ਸਾਦਾ ਨਿਯਮਾਂ ਦੀ ਪਾਲਣਾ ਕਰਦੇ ਹਨ ਅਤੇ ਖ਼ੁਰਾਕ ਅਤੇ ਪੋਸ਼ਣ ਬਾਰੇ ਕਈ ਪੁਸਤਕਾਂ ਲਿਖ ਚੁੱਕੇ ਹਨ ਜੋ ਬਹੁਤ ਜ਼ਿਆਦਾ ਵਿਕੀਆਂ ਹਨ; ਜੰਮੂ ਤੇ ਕਸ਼ਮੀਰ ਦੇ ਇੱਕ ਮਹਿਲਾ ਫ਼ੁੱਟਬਾਲਰ ਅਫ਼ਸ਼ਾਂ ਆਸ਼ਿਕ ਜੋ ਹੁਣ ਫ਼ੁੱਟਬਾਲ ਵਿੱਚ ਲੜਕੀਆਂ ਨੂੰ ਸਿਖਲਾਈ ਦਿੰਦੇ ਹਨ; ਸਵਾਮੀ ਸ਼ਿਵਧਿਆਨਮ ਸਰਸਵਤੀ ਜੋ ਆਆਈਟੀ ਤੇ ਐੱਮਆਈਟੀ ਦੇ ਵਿਦਿਆਰਥੀ ਰਹਿ ਚੁੱਕੇ ਹਨ ਅਤੇ ਬਿਹਾਰ ਸਕੂਲ ਆਵ੍ ਯੋਗ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਭਾਰਤੀ ਸ਼ਿਕਸ਼ਣ ਮੰਡਲ ਦੇ ਮੁਕੁਲ ਕਾਨਿਟਕਰ ਜੋ ਰਾਸ਼ਟਰੀ ਮੁੜ–ਉਭਾਰ ਬਾਰੇ ਆਪਣੀ ਖੋਜ ਲਈ ਪ੍ਰਸਿੱਧ ਹਨ ਤੇ ਇੱਕ ਸਿੱਖਿਆ–ਸ਼ਾਸਤਰੀ ਹਨ – ਸ਼ਾਮਲ ਸਨ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਫ਼ਿਟ ਇੰਡੀਆ ਸੰਵਾਦ’ ਹਰੇਕ ਉਮਰ ਵਰਗ ਦੀਆਂ ਫਿਟਨਸ ਦਿਲਚਸਪੀਆਂ ਉੱਤੇ ਕੇਂਦ੍ਰਿਤ ਰਹਿੰਦਾ ਹੈ ਤੇ ਫਿਟਨਸ ਦੇ ਵਿਭਿੰਨ ਪਾਸਾਰ ਅੱਗੇ ਲਿਆਉਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਸਾਲ ਦੇ ਅੰਦਰ ਇਹ ਫਿਟਨਸ ਲਹਿਰ ਲੋਕਾਂ ਦੀ ਇੱਕ ਲਹਿਰ ਅਤੇ ਸਕਾਰਾਤਮਕਤਾ ਦੀ ਇੱਕ ਲਹਿਰ ਬਣ ਚੁੱਕੀ ਹੈ। ਦੇਸ਼ ਵਿੱਚ ਸਿਹਤ ਤੇ ਫਿਟਨਸ ਬਾਰੇ ਨਿਰੰਤਰ ਜਾਗਰੂਕਤਾ ਵਧਦੀ ਜਾ ਰਹੀ ਹੈ ਤੇ ਚੁਸਤੀ ਵੀ ਵਧੀ ਹੈ। ਮੈਂ ਖ਼ੁਸ਼ ਹਾਂ ਕਿ ਯੋਗ, ਆਸਣ, ਕਸਰਤ, ਸੈਰ, ਦੌੜ, ਤੈਰਾਕੀ, ਖਾਣ–ਪੀਣ ਦੀਆਂ ਸਿਹਤਮੰਦ ਆਦਤਾਂ ਹੁਣ ਸਾਡੀ ਕੁਦਰਤੀ ਚੇਤੰਨਤਾ ਦਾ ਅੰਗ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ‘ਫਿਟ ਇੰਡੀਆ’ ਲਹਿਰ ਨੇ ਇਸ ਕੋਰੋਨਾ ਕਾਲ ਦੌਰਾਨ ਪਾਬੰਦੀਆਂ ਦੇ ਬਾਵਜੂਦ ਆਪਣਾ ਅਸਰ ਤੇ ਪ੍ਰਾਸੰਗਿਕਤਾ ਸਿੱਧ ਕਰ ਦਿੱਤੀ ਹੈ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ਕੁਝ ਲੋਕ ਸੋਚਦੇ ਹਨ, ਫਿਟ ਬਣੇ ਰਹਿਣਾ ਔਖਾ ਨਹੀਂ ਹੈ। ਥੋੜ੍ਹੇ ਜਿਹੇ ਅਨੁਸ਼ਾਸਨ ਤੇ ਥੋੜ੍ਹੀ ਸਖ਼ਤ ਮਿਹਨਤ ਤੁਹਾਨੂੰ ਸਦਾ ਤੰਦਰੁਸਤ ਰੱਖ ਸਕਦੀ ਹੈ। ਉਨ੍ਹਾਂ ਹਰੇਕ ਦੀ ਸਿਹਤ ਲਈ ਮੰਤਰ ਦਿੱਤਾ ‘ਫਿਟਨਸ ਡੋਜ਼, ਅੱਧਾ ਘੰਟਾ ਰੋਜ਼’। ਉਨ੍ਹਾਂ ਹਰੇਕ ਨੂੰ ਰੋਜ਼ਾਨਾ ਘੱਟੋ–ਘੱਟ 30 ਮਿੰਟਾਂ ਤੱਕ ਯੋਗ ਅਭਿਆਸ ਕਰਨ ਜਾਂ ਬੈਡਮਿੰਟਨ, ਟੈਨਿਸ ਜਾਂ ਫ਼ੁੱਟਬਾਲ ਖੇਡਣ, ਕਰਾਟੇ ਜਾਂ ਕਬੱਡੀ ਖੇਡਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਯੁਵਾ ਮੰਤਰਾਲਾ ਤੇ ਸਿਹਤ ਮੰਤਰਾਲਾ ਦੋਵਾਂ ਨੇ ਮਿਲ ਕੇ ਫਿਟਨਸ ਪ੍ਰੋਟੋਕੋਲਸ ਜਾਰੀ ਕੀਤੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸਮੁੱਚੇ ਵਿਸ਼ਵ ਵਿੱਚ ਲੋਕ ਫਿਟਨਸ ਬਾਰੇ ਲੋਕ ਜਾਗਰੂਕ ਹੋ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ – WHO ਨੇ ਖ਼ੁਰਾਕ, ਸਰੀਰਕ ਗਤੀਵਿਧੀ ਤੇ ਸਿਹਤ ਬਾਰੇ ਇੱਕ ਵਿਸ਼ਵ ਰਣਨੀਤੀ ਉਲੀਕੀ ਹੈ। ਉਨ੍ਹਾਂ ਸਰੀਰਕ ਗਤੀਵਿਧੀ ਬਾਰੇ ਇੱਕ ਵਿਸ਼ਵ ਸਿਫ਼ਾਰਸ਼ ਜਾਰੀ ਕੀਤੀ ਹੈ। ਅੱਜ ਆਸਟ੍ਰੇਲੀਆ, ਜਰਮਨੀ, ਬ੍ਰਿਟੇਨ ਤੇ ਅਮਰੀਕਾ ਜਿਹੇ ਬਹੁਤ ਸਾਰੇ ਦੇਸ਼ਾਂ ਨੇ ਫਿਟਨਸ ਦੇ ਨਵੇਂ ਨਿਸ਼ਾਨੇ ਤੈਅ ਕੀਤੇ ਹਨ ਤੇ ਉਹ ਉਨ੍ਹਾਂ ਉੱਤੇ ਕੰਮ ਕਰ ਰਹੇ ਹਨ। ਬਹੁਤ ਸਾਰੇ ਅਜਿਹੇ ਦੇਸ਼ਾਂ ਵਿੱਚ ਇਸ ਵੇਲੇ ਇਹ ਮੁਹਿੰਮ ਵੱਡੇ ਪੱਧਰ ਉੱਤੇ ਚੱਲ ਰਹੀ ਹੈ ਅਤੇ ਵੱਧ ਤੋਂ ਵੱਧ ਨਾਗਰਿਕ ਰੋਜ਼ਾਨਾ ਕਸਰਤ ਕਰਨ ਲੱਗ ਪਏ ਹਨ।

 

ਪ੍ਰਧਾਨ ਮੰਤਰੀ ਦੀ ਫਿਟਨਸ ਪ੍ਰੇਰਕਾਂ ਨਾਲ ਗੱਲਬਾਤ ਦੇ ਵੇਰਵਿਆਂ ਲਈ ਇੱਥੇ ਕਲਿੱਕ ਕਰੋ

https://pib.gov.in/PressReleasePage.aspx?PRID=1658729

 

ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ ਕਿ MyGov ਨੇ ਪ੍ਰਧਾਨ ਮੰਤਰੀ ਦੀ ਦੂਰ–ਦ੍ਰਿਸ਼ਟੀ ਨਾਲ ਭਰਪੂਰ ‘ਫਿਟ ਇੰਡੀਆ ਸੰਵਾਦ’ ਦੇ ਇਸ ਵਿਲੱਖਣ ਪ੍ਰੋਗਰਾਮ ਲਈ 1 ਕਰੋੜ ਤੋਂ ਵੱਧ ਲੋਕਾਂ ਨੂੰ ਰਜਿਸਟਰ ਕੀਤਾ ਹੈ। ਸ਼੍ਰੀ ਰਿਜਿਜੂ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਇਹ ਲੋਕਾਂ ਦੀ ਲਹਿਰ ਬਣਨੀ ਚਾਹੀਦੀ ਹੈ ਤੇ ਇਹ ਲੋਕਾਂ ਵੱਲੋਂ ਸੰਚਾਲਿਤ ਹੋਣੀ ਚਾਹੀਦੀ ਹੈ ਅਤੇ ਮੈਂ ਖ਼ੁਸ਼ੀ ਨਾਲ ਆਖ ਸਕਦਾ ਹਾਂ ਕਿ ਪਿਛਲੇ ਇੱਕ ਸਾਲ ਦੌਰਾਨ ਬਹੁਤ ਸਾਰਾ ਵਿਕਾਸ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਤਿੰਨ ਉਮਰ ਵਰਗਾਂ: 5–18, 18–65 ਅਤੇ 65 ਸਾਲ ਤੋਂ ਵੱਧ ਲਈ ‘ਉਮਰ ਦੇ ਅਨੁਸਾਰ ਫਿਟਨਸ ਪ੍ਰੋਟੋਕੋਲਸ’ ਉੱਤੇ ਵਿਚਾਰ ਕੀਤਾ ਹੈ।

 

 

ਮਾਣਯੋਗ ਪ੍ਰਧਾਨ ਮੰਤਰੀ ਦੀ ਦੂਰ–ਦ੍ਰਿਸ਼ਟੀ ਨਾਲ ਭਰਪੂਰ ‘ਫਿਟ ਇੰਡੀਆ’ ਲਹਿਰ ਦਾ ਉਦਘਾਟਨ ਉਨ੍ਹਾਂ 29 ਅਗਸਤ, 2019 ਨੂੰ ਕੀਤਾ ਸੀ ਤੇ ਇਸ ਵਿੱਚ 3.5 ਕਰੋੜ ਤੋਂ ਵੱਧ ਭਾਰਤੀ ਵਿਭਿੰਨ ਈਵੈਂਟਸ ਵਿੱਚ ਸਮੂਹਕ ਤੌਰ ਉੱਤੇ ਭਾਗ ਲੈ ਚੁੱਕੇ ਹਨ, 2 ਕਰੋੜ ਤੋਂ ਵੱਧ ਭਾਗੀਦਾਰਾਂ ਨੇ 15 ਅਗਸਤ, 2019 ਨੂੰ ‘ਫਿਟ ਇੰਡੀਆ ਆਜ਼ਾਦੀ ਦੌੜ’ ਵਿੱਚ ਭਾਗ ਲਿਆ ਸੀ ਅਤੇ 30 ਕਰੋੜ ਲੋਕ ਇਸ ਦੌੜ ਨਾਲ ਡਿਜੀਟਲ ਤੌਰ ਉੱਤੇ ਜੁੜੇ ਸਨ।

 

‘ਫਿਟ ਇੰਡੀਆ ਸੰਵਾਦ’ ਦਾ ਉਦੇਸ਼ ‘ਫਿਟ ਇੰਡੀਆ ਲਹਿਰ’ ਨੂੰ ਅਗਾਂਹ ਲਿਜਾਣ ਲਈ ਸਿਹਤ ਤੇ ਫਿਟਨਸ ਬਾਰੇ ਨਾਗਰਿਕਾਂ ਦੇ ਵਿਚਾਰ ਜਾਣਨਾ ਹੈ।

 

*******

 

ਐੱਨਬੀ/ਓਏ



(Release ID: 1658849) Visitor Counter : 115