ਜਲ ਸ਼ਕਤੀ ਮੰਤਰਾਲਾ

ਜਲ ਜੀਵਨ ਮਿਸ਼ਨ : ਮੱਧ ਪ੍ਰਦੇਸ਼ ਦੇ ਕਬਾਇਲੀ ਘਰਾਂ ਤੱਕ ਟੂਟੀ ਵਾਲੇ ਪਾਣੀ ਦੀ ਸਪਲਾਈ ।

ਸਥਾਨਕ ਸਮੂਦਾਏ ਵੱਲੋਂ ਜਲ ਸਪਲਾਈ ਨੂੰ ਲਗਾਤਾਰ ਚਾਲੂ ਰੱਖਣ ਤੇ ਸਾਂਭ ਸੰਭਾਲ ਦੀ ਅਗਵਾਈ ।

Posted On: 05 SEP 2020 4:02PM by PIB Chandigarh


ਸਵੇਰ ਦਾ ਸਮਾਂ ਮੁੰਨੀ ਦੇਵੀ ਲਈ ਸ਼ੁਕਰਾਨੇ ਦਾ ਸਮਾਂ ਹੁੰਦਾ ਹੈ। ਮੱਧ ਪ੍ਰਦੇਸ਼ ਦੇ ਉਮਰੀਆ ਜ਼ਿਲੇ ਦੇ ਕੋਲਾਰ ਪਿੰਡ ਦੀ ਵਾਸੀ ਦਾ ਸਵੇਰ ਦਾ ਸਮਾਂ ਹੋਰਨਾਂ ਪੇਂਡੂ ਔਰਤਾਂ ਦੀ ਤਰਾਂ ਰੁਝੇਵਿਆਂ ਵਾਲਾ ਹੁੰਦਾ ਹੈ , ਪਰ ਉਹ ਆਪਣੇ ਪ੍ਰਾਰਥਨਾ ਨਿੱਤ ਨੇਮ ਦਾ ਖਾਸ ਖਿਆਲ ਰੱਖਦੀ ਹੈ। ਮੁੰਨੀ ਦੇਵੀ ਦਾ ਘਰ ਤਾਜ਼ਾ ਫੁੱਲਾਂ ਤੇ ਅਗਰਬੱਤੀ ਦੀ ਸੁਗੰਧ ਨਾਲ ਭਰਿਆ ਹੁੰਦਾ ਹੈ ਤੇ ਮੁੰਨੀ ਦੇਵੀ,  ਟੂਟੀ ਨੂੰ ਤਿਲਕ ਲਗਾ ਕੇ ਸ਼ਰਧਾ ਤੇ ਸ਼ੁਕਰਾਨੇ ਵਜੋਂ ਆਪਣਾ ਸਿਰ ਝੁਕਾਉਂਦੀ ਹੈ। ਸੋਹਣੀ ਤਰਾਂ ਸਜ਼ਾਈ ਗਈ ਟੂਟੀ ਉਸ ਲਈ ਰੱਬ ਦੀ ਮੂਰਤੀ ਤੋਂ ਘੱਟ ਨਹੀਂ, ਕਿਉਂਜੋ ਇਹ ਟੂਟੀ ਸੋਨ ਦਰਿਆ ਦਾ ਪਾਣੀ ਲਿਆਉਂਦੀ ਹੈ ਜੋ ਮੁੰਨੀ ਦੇਵੀ ਲਈ ਛੋਟੀ ਗੰਗਾ ਦੀ ਤਰਾਂ ਹੈ। ਇਸ ਤੋਂ ਪਹਿਲਾਂ ਉਸ ਨੂੰ ਧਾਰਮਿਕ ਰਸਮਾਂ ਨਿਭਾਉਣ ਲਈ ਸਾਲ ਵਿੱਚ ਇੱਕ ਦੋ ਵਾਰ 150 ਕਿੱਲੋ ਮੀਟਰ ਦੂਰ ਅਮਰਕੰਟਕ ਦਰਿਆ ਦੇ ਮੁਹਾਣੇ ਤੱਕ ਜਾਣਾ ਪੈਂਦਾ ਸੀ। ਪਰ ਹੁਣ ਉਸੇ ਦਰਿਆ ਦਾ ਪਾਣੀ ਸੋਧ ਕੇ ਟੂਟੀ ਰਾਹੀਂ ਉਸ ਦੇ ਘਰ ਪਹੁੰਚ ਰਿਹਾ ਹੈ।
ਜਲ ਜੀਵਨ ਮਿਸ਼ਨ , ਜਲ ਸ਼ਕਤੀ ਮੰਤਰਾਲੇ ਵੱਲੋਂ ਸੂਬਿਆਂ ਦੀ ਭਾਈਵਾਲੀ ਨਾਲ ਚਲਾਇਆ ਜਾ ਰਿਹਾ ਹੈ, ਜਿਸ ਦਾ ਟੀਚਾ ਦੇਸ਼ ਦੇ ਸਾਰੇ ਦਿਹਾਤੀ ਮਕਾਨਾਂ ਤੱਕ 2024 ਤੱਕ ਪੀਣ ਵਾਲੇ ਪਾਣੀ ਦੀ ਮਿਆਰੀ ਤੇ ਨਿਰੰਤਰ ਸਪਲਾਈ ਯਕੀਨੀ ਬਣਾਉਣਾ ਹੈ। ਮੱਧ ਪ੍ਰਦੇਸ਼ ਵਿੱਚ ਸਾਰੇ ਦਿਹਾਤੀ ਮਕਾਨਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਾਸਤੇ ਕੇਂਦਰ ਨੇ ਸਾਲ 2020-21 ਲਈ ਜਲ ਜੀਵਨ ਮਿਸ਼ਨ ਤਹਿਤ ਸੂਬੇ ਲਈ 1,280 ਕਰੋੜ ਰੁਪਏ ਰੱਖੇ ਹਨ। 

ਸੂਬੇ ਦੇ 1.21 ਕਰੋੜ ਦਿਹਾਤੀ ਮਕਾਨਾਂ ਵਿਚੋਂ 13.52 ਲੱਖ ਮਕਾਨਾਂ ਤੱਕ ਪਾਣੀ ਦੇ ਕੁਨੈਕਸ਼ਨ ਪਹੁੰਚਾਏ ਜਾ ਚੁੱਕੇ ਹਨ,  ਜਦਕਿ ਸੂਬਾ ਸਰਕਾਰ ਨੇ 2020-21 ਦੌਰਾਨ 26.7 ਲੱਖ ਘਰਾਂ ਨੂੰ ਟੂਟੀ ਵਾਲੇ ਪਾਣੀ ਦੇ ਕੁਨੈਕਸ਼ਨ ਦੀ ਯੋਜਨਾ ਬਣਾਈ ਹੈ। ਹੁਣ ਤੱਕ 5.5 ਲੱਖ ਟੂਟੀ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ। 

ਮੁੰਨੀ ਦੇਵੀ ਦੇ ਪਿੰਡ ਵਿੱਚ 271 ਮਕਾਨ ਹਨ । ਉਸ ਦਾ ਕਹਿਣਾ ਹੈ ਕਿ ਟੂਟੀ ਲੱਗਣ ਤੋਂ ਪਹਿਲਾਂ ਉਸ ਨੂੰ ਪੀਣ ਵਾਲਾ ਪਾਣੀ ਲੈਣ ਲਈ ਤਪਦੀ ਗਰਮੀ ਵਿੱਚ ਖੂਹ ਤੋਂ ਪਾਣੀ ਲੈਣ ਲਈ 1 ਤੋਂ 2 ਕਿੱਲੋ ਮੀਟਰ ਤੁਰਨਾ ਪੈਂਦਾ ਸੀ। ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਦਾ ਜੀਵਨ ਹਾਲ ਖਸਤਾ ਸੀ ਤੇ ਇਸ ਦਾ ਇਲਾਕੇ ਦੀਆਂ ਔਰਤਾਂ ਤੇ ਲੜਕੀਆਂ ਉਪਰ ਮਾੜਾ ਅਸਰ ਪੈ ਰਿਹਾ ਸੀ। 

ਕੁਲਾਰ ਪਿੰਡ ਵਿੱਚ ਜਲ ਪੂਰਤੀ ਤੇ ਸਾਫ਼ ਸਫਾਈ ਕਮੇਟੀ  ਕਾਇਮ ਕੀਤੀ ਗਈ ਹੈ, ਜਿਸ ਵਿੱਚ ਔਰਤਾਂ ਦੀ 50 ਫੀਸਦ ਨੁਮਾਇੰਦਗੀ ਹੈ।  ਕਮੇਟੀ ਵੱਲੋਂ ਪਿੰਡ ਵਿੱਚ ਪਾਣੀ ਦੇ ਨਵੇਂ ਕੁਨੈਕਸ਼ਨ ਦੇਣ ਤੇ ਸਕਿਉਰਿਟੀ ਵਜੋਂ 95 ਘਰਾਂ ਤੋਂ 11,000 ਰੁਪਏ ਇਕੱਠੇ ਕੀਤੇ ਗਏ ਹਨ। ਕਮੇਟੀ ਨੇ  ਹਰੇਕ ਘਰ ਤੋਂ ਪਾਣੀ ਪੂਰਤੀ ਲਈ ਹਰ ਮਹੀਨੇ 80 ਰੁਪਏ ਲੈਣੇ ਸ਼ੁਰੂ ਕਰ ਦਿੱਤੇ ਹਨ। ਮੁੰਨੀ ਦੇਵੀ ਤੇ ਹੋਰਨਾਂ ਔਰਤਾਂ ਦਾ ਜੀਵਨ  ਔਕੜਾਂ ਤੋਂ ਮੁਕਤ ਹੋ ਗਿਆ ਹੈ ਤੇ ਜਲ ਜੀਵਨ ਮਿਸ਼ਨ ਨੇ ਮੱਧ ਪ੍ਰਦੇਸ਼ ਦੇ ਇਸ ਕਬਾਇਲੀ ਪਿੰਡ ਵਿੱਚ ਦਿਖਾ ਦਿੱਤਾ ਹੈ ਕਿ ਸਥਾਨਕ ਸਮੂਦਾਏ ਪਿੰਡਾਂ ਵਿੱਚ ਜਲ ਸਪਲਾਈ ਨੂੰ ਚਲਾਉਣ ਤੇ ਸਾਂਭ ਸੰਭਾਲ ਕਰਨ ਦੇ ਸਮਰੱਥ ਹੈ। 

ਏਪੀਐਸਐਮਜੀ/



(Release ID: 1651589) Visitor Counter : 128


Read this release in: Urdu , English , Marathi , Hindi