ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਕਿਸ਼ੋਰ ਬੱਚਿਆਂ ਦੀ ਸਲਾਮਤੀ ਨੂੰ ਯਕੀਨੀ ਬਣਾਉਣ ਲਈ ਵਿਭਿੰਨ ਮੋਰਚਿਆਂ ਉੱਤੇ ਵਧੀਆ ਰਣਨੀਤੀ ਨਾਲ ਸਮੂਹਕ ਕਾਰਵਾਈ ਦਾ ਸੱਦਾ ਦਿੱਤਾ



ਇੱਕ ਬੱਚੇ ਦੇ ਵਿਕਾਸ ਲਈ ਉਚਿਤ ਪੌਸ਼ਟਿਕ ਭੋਜਨ ਤੇ ਦੇਖਭਾਲ਼ ਦਾ ਸਕਾਰਾਤਮਕ ਮਾਹੌਲ ਮਹੱਤਵਪੂਰਨ ਹਨ– ਉਪ ਰਾਸ਼ਟਰਪਤੀ


ਬਾਲ ਵਿਕਾਸ ਸਾਡੇ ਵਿਕਾਸ ਢਾਂਚੇ ਦੀ ਨੀਂਹ ਹੋਣਾ ਚਾਹੀਦਾ ਹੈ– ਉਪ ਰਾਸ਼ਟਰਪਤੀ


ਮਾੜਾ ਭੋਜਨ ਬੱਚਿਆਂ ਦੇ ਸਰੀਰਕ ਅਤੇ ਬੌਧਿਕ ਵਿਕਾਸ ਦੇ ਰਾਹ ਵਿੱਚ ਅੜਿੱਕਾ ਬਣਦਾ ਹੈ– ਉਪ ਰਾਸ਼ਟਰਪਤੀ


ਬੱਚੇ ਸਾਡਾ ਭਵਿੱਖ ਹਨ; ਸਾਨੂੰ ਉਨ੍ਹਾਂ ਦੀ ਦੇਖਭਾਲ਼ ਕਰਨੀ ਚਾਹੀਦੀ ਹੈ– ਉਪ ਰਾਸ਼ਟਰਪਤੀ


‘ਭਾਰਤ ਵਿੱਚ ਕਿਸ਼ੋਰ ਬੱਚੇ ਦੀ ਸਥਿਤੀ’ ਬਾਰੇ ਰਿਪੋਰਟ ਜਾਰੀ

Posted On: 04 SEP 2020 6:12PM by PIB Chandigarh

 

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਭਾਰਤ ਨੂੰ ਆਪਣੀ ਆਬਾਦੀ ਦਾ ਪੂਰਾ ਲਾਭ ਲੈਣ ਲਈ ਕਿਸ਼ੋਰ ਬੱਚਿਆਂ ਦੀ ਸਲਾਮਤੀ ਯਕੀਨੀ ਬਣਾਉਣ ਹਿਤ ਵਿਭਿੰਨ ਮੋਰਚਿਆਂ ਉੱਤੇ ਵਧੀਆ ਰਣਨੀਤੀ ਨਾਲ ਸਮੂਹਕ ਕਾਰਵਾਈ ਕਰਨ ਦਾ ਸੱਦਾ ਦਿੱਤਾ।

ਭਾਰਤ ਵਿੱਚ ਮੁਢਲੇ ਬਾਲ ਵਿਕਾਸ ਨਾਲ ਸਬੰਧਿਤ ਚੁਣੌਤੀਆਂ ਬਾਰੇ ਇੱਕ ਵਿਆਪਕ ਰਿਪੋਰਟ ‘ਭਾਰਤ ਵਿੱਚ ਕਿਸ਼ੋਰ ਬੱਚੇ ਦੀ ਸਥਿਤੀ’ ਜਾਰੀ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਬਾਲ ਵਿਕਾਸ ਸਾਡੇ ਵਿਕਾਸ ਢਾਂਚੇ ਦੀ ਨੀਂਹ ਹੋਣਾ ਚਾਹੀਦਾ ਹੈ।

ਇਹ ਰਿਪੋਰਟ ਸਮੁੱਚੇ ਭਾਰਤ ਦੇ ਵਾਂਝੇ ਰਹੇ ਬੱਚਿਆਂ ਨਾਲ ਕੰਮ ਕਰਨ ਵਾਲੀ ਇੱਕ ਨੀਤੀ ਸਮਰਥਨ ਸੰਗਠਨ ‘ਮੋਬਾਈਲ ਕ੍ਰੈਚਸ’ ਵੱਲੋਂ ਤਿਆਰ ਕੀਤੀ ਗਈ ਹੈ। ਇਸ ਰਿਪੋਰਟ ਦੀ ਸ਼ਲਾਘਾ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਅਜਿਹੀਆਂ ਰਿਪੋਰਟਾਂ ਬੱਚਿਆਂ ਦੀਆਂ ਕਮੀਆਂ ਤੇ ਉਨ੍ਹਾਂ ਦੀਆਂ ਜ਼ਰੂਰੀ ਲੋੜਾਂ ਦੀ ਵਧੇਰੇ ਸਮਝ ਵਿਕਸਿਤ ਕਰ ਕੇ ਨੀਤੀ ਉਲੀਕਣ ਵਿੱਚ ਮਦਦ ਕਰਦੀਆਂ ਹਨ। ਉਨ੍ਹਾਂ ਇਸ ਰਿਪੋਰਟ ਦੀ ਇੱਕ ਡਿਜੀਟਲ ਕਾਪੀ ਹਰੇਕ ਲਈ ਮੁਫ਼ਤ ਉਪਲਬਧ ਕਰਵਾਉਣ ਵਾਲੇ ਪ੍ਰਕਾਸ਼ਕ ਟੇਅਲਰ ਐਂਡ ਫ਼੍ਰਾਂਸਿਸ ਗਰੁੱਪ ਦੀ ਵੀ ਸ਼ਲਾਘਾ ਕੀਤੀ।

ਬੱਚਿਆਂ ਦੇ ਸਮੂਹਕ ਵਿਕਾਸ ਲਈ ਤੰਦਰੁਸਤੀ, ਪ੍ਰਸੰਨਚਿੱਤ, ਪਰਵਾਹ ਕਰਨ ਵਾਲੇ ਤੇ ਖੇਡ ਭਰਪੂਰ ਮੁਢਲੇ ਸਾਲਾਂ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਘਰ ਵਿੱਚ ਉਚਿਤ ਪੌਸ਼ਟਿਕ ਭੋਜਨ ਤੇ ਦੇਖਭਾਲ਼ ਦਾ ਸਕਾਰਾਤਮਕ ਮਾਹੌਲ ਇੱਕ ਬੱਚੇ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਜਨਮ ਤੋਂ ਲੈਕੇ ਪੰਜ ਸਾਲ ਤੱਕ ਦੀ ਉਮਰ ਦੇ ਸਾਲ ਬਹੁਤ ਅਹਿਮ ਹੁੰਦੇ ਹਨ।

ਸ਼੍ਰੀ ਨਾਇਡੂ ਨੇ ਕਿਹਾ ਕਿ ਤੰਦਰੁਸਤ ਵਿਕਾਸ ਲਈ ਬੱਚਿਆਂ ਦਾ ਪਾਲਣ–ਪੋਸ਼ਣ ਇੱਕ ਅਜਿਹੇ ਮਾਹੌਲ ਵਿੱਚ ਹੋਣਾ ਚਾਹੀਦਾ ਹੈ, ਜਿੱਥੇ ਉਨ੍ਹਾਂ ਦੀਆਂ ਭਾਵਨਾਤਮਕ, ਸਮਾਜਿਕ, ਵਿੱਦਿਅਕ ਤੇ ਹੋਰ ਜ਼ਰੂਰਤਾਂ ਪੂਰੀਆਂ ਹੋਣ। ਮੁਢਲੇ ਸਾਲਾਂ ਵਿੱਚ ਚੰਗੀ ਬੁਨਿਆਦ ਵਾਲੇ ਸਿੱਖਿਅਤ ਤੇ ਤੰਦਰੁਸਤ ਲੋਕ ਆਪਣੇ ਸਮਾਜਾਂ ਵਿੱਚ ਵਿੱਤੀ ਤੇ ਸਮਾਜਿਕ ਧਨ ਵਿੱਚ ਯੋਗਦਾਨ ਪਾਉਂਦੇ ਹਨ।

ਸ਼੍ਰੀ ਨਾਇਡੂ ਨੇ ਕਿਹਾ ਕਿ ਮਾੜੇ ਭੋਜਨ ਨਾਲ ਬੱਚਿਆਂ ਦਾ ਸਰੀਰਕ ਤੇ ਬੌਧਿਕ ਵਿਕਾਸ ਰੁਕ ਜਾਂਦਾ ਹੈ ਤੇ ਇਸ ਨਾਲ ਉਨ੍ਹਾਂ ਨੂੰ ਬਿਮਾਰੀ ਲਗਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ ਤੇ ਸਕੂਲ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ,‘ਸਾਨੂੰ ਰਾਸ਼ਟਰੀ ਵਿਕਾਸ ਦੇ ਇਸ ਪੱਖ ਦੀ ਸੰਵੇਦਨਸ਼ੀਲ ਅਹਿਮੀਅਤ ਨੂੰ ਸਮਝਣ ਦੀ ਲੋੜ ਹੈ ਅਤੇ ਸਾਰੇ ਬੱਚਿਆਂ ਦੀ ਇੱਕ ਸਿਹਤਮੰਦ ਸ਼ੁਰੂਆਤ ਯਕੀਨੀ ਹੋਵੇ, ਇਸ ਲਈ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ।’

ਉਪ ਰਾਸ਼ਟਰਪਤੀ ਨੇ ਉਸ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਵਿੱਚ ਵਸਦੇ 6 ਸਾਲ ਤੋਂ ਘੱਟ ਉਮਰ ਦੇ 15.90 ਕਰੋੜ ਬੱਚਿਆਂ ਵਿੱਚੋਂ 21 ਫ਼ੀਸਦੀ ਕੁਪੋਸ਼ਣ ਦੇ ਸ਼ਿਕਾਰ ਹਨ, 36 ਫ਼ੀਸਦੀ ਘੱਟ–ਵਜ਼ਨੀ ਹਨ ਅਤੇ 38 ਫ਼ੀਸਦੀ ਅਜਿਹੇ ਬੱਚਿਆਂ ਨੂੰ ਮੁਕੰਮਲ ਟੀਕਾਕਰਣ ਨਹੀਂ ਮਿਲਦਾ। ਉਨ੍ਹਾਂ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ,‘ਇਹ ਅੰਕੜੇ ਇਹੋ ਦਰਸਾਉਂਦੇ ਹਨ ਕਿ ਕਿਸ਼ੋਰ ਬਚਪਨ ਵੱਲ ਧਿਆਨ ਦੇਣਾ ਬਹੁਤ ਮਹੱਤਵਪੂਰਨ ਹੈ, ਤਾਂ ਜੋ ਬਾਅਦ ਦੇ ਸਾਲਾਂ ਵਿੱਚ ਉਨ੍ਹਾਂ ਦੀਆਂ ਮੁਕੰਮਲ ਸੰਭਾਵਨਾਵਾਂ ਦਾ ਲਾਭ ਲਿਆ ਜਾ ਸਕੇ।’

‘ਸੰਯੁਕਤ ਰਾਸ਼ਟਰ ਬਾਲ ਅਧਿਕਾਰ ਕਨਵੈਨਸ਼ਨ’ (UNCRC) ਜਿਹੀਆਂ ਅੰਤਰਰਾਸ਼ਟਰੀ ਪ੍ਰਤੀਬੱਧਤਾਵਾਂ ਦੀ ਪਾਲਣਾ ਲਈ ਕਈ ਵਿਆਪਕ ਨੀਤੀਆਂ ਅਤੇ ICDS ਜਿਹੇ ਫ਼ਲੈਗਸ਼ਿਪ ਪ੍ਰੋਗਰਾਮਾਂ ਅਤੇ ਭਾਰਤ ਦੀਆਂ ਜਾਗਰੂਕ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਚੁਣੌਤੀਆਂ ਹਾਲੇ ਵੀ ਬਹੁਤ ਜ਼ਿਆਦਾ ਹਨ ਤੇ ਉਨ੍ਹਾਂ ਦਾ ਹੱਲ ਲੱਭਣ ਦੀ ਲੋੜ ਹੈ। 
ਸ਼੍ਰੀ ਨਾਇਡੂ ਨੇ ਕਿਹਾ ਕਿ ਸਰਕਾਰ, ਨੀਤੀ–ਘਾੜਿਆਂ ਤੇ ਸਿਵਲ ਸੁਸਾਇਟੀ ਬੰਗਠਨਾਂ ਸਮੇਤ ਸਾਰੀਆਂ ਸਬੰਧਿਤ ਧਿਰਾਂ ਨੂੰ ਕਿਸ਼ੋਰ ਬੱਚਿਆਂ ਦੀ ਸਲਾਮਤੀ ਨੂੰ ਯਕੀਨੀ ਬਣਾਉਣ ਲਈ ਬਿਹਤਰ ਨੀਤੀਆਂ ਤੇ ਪ੍ਰਭਾਵਸ਼ਾਲੀ ਪ੍ਰੋਗਰੈਮਿਟਿਕ ਦਖ਼ਲਾਂ ਜ਼ਰੀਏ ਆਪਣੇ ਜਤਨ ਤੇਜ਼ ਕਰਨਾ ਬਹੁਤ ਅਹਿਮ ਹੈ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਬੱਚੇ ਸਾਡਾ ਭਵਿੱਖ ਹਨ, ‘ਸਾਨੂੰ ਉਨ੍ਹਾਂ ਦੀ ਦੇਖਭਾਲ਼ ਕਰਨੀ ਚਾਹੀਦੀ ਹੈ।’ ਉਨ੍ਹਾਂ ਅੰਤੋਦਯਾ ਦੀ ਸੱਚੀ ਭਾਵਨਾ ਵਿੱਚ, ਜਿਵੇਂ ਕਿ ਮਹਾਤਮਾ ਗਾਂਧੀ ਤੇ ਪੰਡਿਤ ਦੀਨਦਿਆਲ ਉਪਾਧਿਆਇ ਵੱਲੋਂ ਕੀਤਾ ਗਿਆ ਸੀ, ਹਰੇਕ ਵਿਅਕਤੀ ਨੂੰ ਉਤਾਂਹ ਚੁੱਕਣ ਦੀ ਲੋੜ ਉੱਤੇ ਜ਼ੋਰ ਦਿੱਤਾ।

ਇਸ ਰਿਪੋਰਟ ਨੂੰ ਵਰਚੁਅਲ ਤੌਰ ’ਤੇ ਜਾਰੀ ਕੀਤੇ ਜਾਣ ਸਮੇਂ ਸੁਸ਼੍ਰੀ ਅੰਮ੍ਰਿਤਾ ਜੈਨ, ਚੇਅਰਪਰਸਨ – ਮੋਬਾਇਲੀ ਕ੍ਰੈਚਸ, ਸੁਸ਼੍ਰੀ ਦੇਵਿਕਾ ਸਿੰਘ, ਸਹਿ–ਬਾਨੀ – ਮੋਬਾਈਲ ਕ੍ਰੈਚਸ, ਸੁਸ਼੍ਰੀ ਸੁਮਿਤਰਾ ਮਿਸ਼ਰਾ – ਕਾਰਜਕਾਰੀ ਨਿਰਦੇਸ਼ਕਾ, ਸ਼੍ਰੀ ਸੰਜੇ ਕੌਲ, ਆਈਏਐੱਸ (ਸੇਵਾ–ਮੁਕਤ), ਮੈਂਬਰ, ਡਾ. ਸਸ਼ਾਂਕ ਸਿਨਹਾ, ਪ੍ਰਕਾਸ਼ਨ ਨਿਰਦੇਸ਼ਕ – ਟੇਅਲਰ ਐਂਡ ਫ਼ਾਂਸਿਸ ਗਰੁੱਪ, ਡਾ. ਅਨੁਰਾਧਾ ਰਾਜੀਵਨ, ਆਈਏਐੱਸ (ਸੇਵਾ–ਮੁਕਤ), ਸ਼੍ਰੀ ਐੱਨ. ਰਾਮ, ਸਾਬਕਾ ਮੁੱਖ ਸੰਪਾਦਕ – ਦਿ ਹਿੰਦੂ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

****

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ



(Release ID: 1651416) Visitor Counter : 195