ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

NHAI ਵੱਲੋਂ ਰਾਸ਼ਟਰੀ ਰਾਜਮਾਰਗਾਂ ਦੇ ਨਾਲ ਲਾਏ ਪੌਦਿਆਂ ਉੱਤੇ ਨਜ਼ਰ ਰੱਖਣ ਲਈ ਇੱਕ ਮੋਬਾਇਲ ਐਪ ‘ਹਰਿਤ ਪਥ’ ਲਾਂਚ; Ros/PDs/ਮਾਹਿਰਾਂ ਲਈ ਯੂਜ਼ਰ IDs ਬਣਾਉਣੀਆਂ ਸ਼ੁਰੂ ਕੀਤੀਆਂ ਅਤੇ ਲਗਭਗ 7,800 ਪੌਦੇ ਹੁਣ ਤੱਕ ਜੀਓ–ਟੈਗ ਕੀਤੇ

NHAI ਨੇ ਆਪਣਾ ਸਿਲਵਰ ਜੁਬਲੀ ਵਰ੍ਹਾ ਮਨਾਉਣ ਲਈ 25 ਦਿਨਾਂ ਵਿੱਚ ਲਾਏ 25 ਲੱਖ ਪੌਦੇ

Posted On: 21 AUG 2020 4:50PM by PIB Chandigarh

ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਅਧੀਨ ਆਉਂਦੇ ਜਨਤਕ ਖੇਤਰ ਦੇ ਅਦਾਰੇ ਨੈਸ਼ਨਲ ਹਾਈਵੇਅਜ਼ ਅਥਾਰਟੀ ਆਵ੍ ਇੰਡੀਆ (NHAI) ਨੇ ਸਾਰੇ ਪੌਦਾਰੋਪਣ ਪ੍ਰੋਜੈਕਟਾਂ ਅਧੀਨ ਹਰੇਕ ਪੌਦੇ ਲਈ ਆਪਣੀ ਸਾਰੀਆਂ ਫ਼ੀਲਡ ਇਕਾਈਆਂ ਦੇ ਸਥਾਨ, ਵਿਕਾਸ, ਪ੍ਰਜਾਤੀਆਂ ਦੇ ਵੇਰਵੇ, ਰੱਖ–ਰਖਾਅ ਦੀਆਂ ਗਤੀਵਿਧੀਆਂ, ਟੀਚਿਆਂ ਤੇ ਪ੍ਰਾਪਤੀਆਂ ਉੱਤੇ ਨਜ਼ਰ ਰੱਖਣ ਲਈ ‘ਹਰਿਤ ਪਥ’ ਨਾਂਅ ਦੀ ਇੱਕ ਮੋਬਾਇਲ ਐਪ ਵਿਕਸਤ ਕੀਤੀ ਹੈ। ਇਸ ਐਪ ਦਾ ਉਦਘਾਟਨ ਅੱਜ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗਾਂ ਬਾਰੇ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਕੀਤਾ।

ਐੱਨਐੱਚਏਆਈ ਦੀ ਇੱਕ ਰਿਲੀਜ਼ ਅਨੁਸਾਰ, ਰਾਸ਼ਟਰ ਨੂੰ ਆਪਣੀ ਸੇਵਾ ਦੇ 25 ਵਰ੍ਹੇ ਮੁਕੰਮਲ ਕਰਨ ਨੂੰ ਯਾਦਗਾਰੀ ਬਣਾਉਣ ਲਈ ਉਸ ਨੇ ਬੀਤੇ ਦਿਨੀਂ ‘ਹਰਿਤ ਭਾਰਤ ਸੰਕਲਪ’ ਲਿਆ ਹੈ, ਜਿਸ ਅਧੀਨ ਦੇਸ਼ ਭਰ ਵਿੱਚ ਪੌਦਾਰੋਪਣ ਮੁਹਿੰਮ ਚਲਾਈ ਜਾਵੇਗੀ, ਜੋ ਵਾਤਾਵਰਣ ਦੀ ਸੁਰੱਖਿਆ ਤੇ ਉਸ ਨੂੰ ਚਿਰ–ਸਥਾਈ ਬਣਾਉਣ ਦੇ ਸੰਕਲਪ ਦੇ ਅਨੁਰੂਪ ਹੈ। ਇਸ ਪਹਿਲਕਦਮੀ ਅਧੀਨ, NHAI ਨੇ 21 ਜੁਲਾਈ ਤੋਂ ਲੈ ਕੇ 15 ਅਗਸਤ, 2020 ਤੱਕ ਦੇ ਸਮੇਂ ਵਿਚਕਾਰ ਰਾਸ਼ਟਰੀ ਰਾਜਮਾਰਗਾਂ ਦੀਆਂ ਪੱਟੀਆਂ ਦੇ ਨਾਲ 25 ਦਿਨਾਂ ਅੰਦਰ 25 ਲੱਖ ਤੋਂ ਵੱਧ ਪੌਦੇ ਲਾਏ ਹਨ। ਇਸ ਮੁਹਿੰਮ ਅਧੀਨ ਇਸ ਸਾਲ ਦੌਰਾਨ ਲਾਏ ਗਏ ਪੌਦਿਆਂ ਦੀ ਕੁੱਲ ਗਿਣਤੀ ਹੁਣ ਵਧ ਕੇ 35.22 ਲੱਖ ਹੋ ਗਈ ਹੈ।

NHAI ਦੇ ਖੇਤਰੀ ਦਫ਼ਤਰਾਂ ਨੇ ਰਾਸ਼ਟਰਵਿਆਪੀ ਪੌਦਾਰੋਪਣ ਮੁਹਿੰਮ ਨੂੰ ਬਹੁਤ ਸਰਗਰਮੀ ਨਾਲ ਲਿਆ ਹੈ, ਤਾਂ ਜੋ ਰਾਸ਼ਟਰੀ ਰਾਜਮਾਰਗਾਂ ਨੂੰ ਹਰਾ–ਭਰਾ ਬਣਾਉਣ ਦਾ ਸਮੂਹਕ ਟੀਚਾ ਹਾਸਲ ਕੀਤਾ ਜਾ ਸਕੇ। ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ 5.0 ਲੱਖ ਪੌਦੇ ਲਾਏ ਗਏ ਹਨ, ਉਸ ਤੋਂ ਬਾਅਦ ਸਭ ਤੋਂ ਵੱਧ 3.0 ਲੱਖ ਰਾਜਸਥਾਨ ਅਤੇ 2.67 ਲੱਖ ਪੌਦੇ ਮੱਧ ਪ੍ਰਦੇਸ਼ ਵਿੱਚ ਰਾਸ਼ਟਰੀ ਰਾਜਮਾਰਗਾਂ ਦੇ ਨਾਲ ਲਾਏ ਗਏ ਹਨ। ਪੌਦਿਆਂ ਨੂੰ 100% ਬਚਾਉਣਾ ਯਕੀਨੀ ਬਣਾਉਣ ਲਈ  ਰਾਸ਼ਟਰੀ ਰਾਜਮਾਰਗ ਦੇ ਨਾਲ ਘੱਟੋ–ਘੱਟ 1.5 ਮੀਟਰ ਦੀ ਉਚਾਈ ਦੇ ਐਵੇਨਿਊ ਪੌਦਾਰੋਪਣ ਉੱਤੇ ਜ਼ੋਰ ਦਿੱਤਾ ਗਿਆ ਹੈ।

ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਪੌਦਿਆਂ ਦੇ ਵਾਧੇ ਤੇ ਸਿਹਤ ਉੱਤੇ ਨਜ਼ਰ ਰੱਖਣ ਲਈ NHAI ਦੇ AI ਵੱਲੋਂ ਸ਼ਕਤੀ–ਪ੍ਰਾਪਤ ਬਿੱਗ ਡਾਟਾ ਐਨਾਲਿਟਿਕਸ ਮੰਚ – ਡਾਟਾ ਲੇਕ ਉੱਤੇ ਹਰੇਕ 3 ਮਹੀਨਿਆਂ ਬਾਅਦ ‘ਹਰਿਤ ਪਥ’ ਐਪ ਦੀ ਵਰਤੋਂ ਕਰਦਿਆਂ ਇਨ੍ਹਾਂ ਪੌਦਿਆਂ ਦੀਆਂ ਤਸਵੀਰਾਂ ਉਨ੍ਹਾਂ ਦੇ ਡਾਟਾ ਸਮੇਤ ਖਿੱਚੀਆਂ ਜਾਣਗੀਆਂ। ਇਨ੍ਹਾਂ ਪੌਦਿਆਂ ਦੀ ਵਾਜਬ ਦੇਖਭਾਲ ਅਤੇ ਰੱਖ–ਰਖਾਅ ਲਈ ਰਾਜਮਾਰਗਾਂ ਦੇ ਠੇਕੇਦਾਰ ਜਵਾਬਦੇਹ ਹੋਣਗੇ ਅਤੇ ਉਨ੍ਹਾਂ ਨੇ ਗੁੰਮ ਹੋਏ/ਮਰ ਚੁੱਕੇ ਪੌਦਿਆਂ ਨੂੰ ਬਦਲਣਾ ਹੋਵੇਗਾ। ਇਨ੍ਹਾਂ ਪੌਦਿਆਂ ਦੀ ਕਾਰਗੁਜ਼ਾਰੀ ਤੇ ਉਨ੍ਹਾਂ ਦੇ ਵਾਧੇ ਨੂੰ ਵੇਖਦਿਆਂ ਹੀ ਇਸ ਕੰਮ ਵਾਸਤੇ ਠੇਕੇਦਾਰ ਨੂੰ ਭੁਗਤਾਨ ਮਿਲਿਆ ਕਰੇਗਾ।

ਇਸ ਐਪ ਨੂੰ ਲਾਂਚ ਕਰਨ ਤੋਂ ਬਾਅਦ NHAI ਨੇ ਤੁਰੰਤ 150 ਤੋਂ ਵੱਧ Ros/PDs/ਬਾਗ਼ਬਾਨੀ ਮਾਹਿਰਾਂ ਦੀਆਂ ਯੂਜ਼ਰ ਆਈਡਜ਼ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਲਗਭਗ 7,800 ਪੌਦਿਆਂ ਨੂੰ ਡਾਟਾ ਦੀ ਵਰਤੋਂ ਕਰਦਿਆਂ ਜੀਓ–ਟੇਗ ਵੀ ਕੀਤਾ ਗਿਆ ਹੈ।

NHAI ਵਾਤਾਵਰਣ–ਪੱਖੀ ਰਾਸ਼ਟਰੀ ਰਾਜਮਾਰਗ ਵਿਕਸਤ ਕਰਨ ਲਈ ਸਮੇਂ–ਸਮੇਂ ਉੱਤੇ ਪੌਦਾਰੋਪਣ ਮੁਹਿੰਮਾਂ ਚਲਾਉਂਦਾ ਰਿਹਾ ਹੈ ਅਤੇ ਵਾਤਾਵਰਣ–ਪੱਖੀ ਵਿਧੀਆਂ ਨੂੰ ਅਪਣਾਉਂਦਿਆਂ ਨਿਰੰਤਰ ਵਾਤਾਵਰਣਕ ਚਿੰਤਾਵਾਂ ਦਾ ਹੱਲ ਲੱਭਿਆ ਹੈ। ਸਾਲ 2020 ’ਚ NHAI ਦੀ ਯੋਜਨਾ ਇੱਕ ਚਿਰਸਥਾਈ ਪੌਦਾਰੋਪਣ ਮੁਹਿੰਮ ਦੀ ਹੈ। ਕਨਸੈਸ਼ਨੇਅਰ, ਰਾਜ ਸਰਕਾਰਾਂ ਦੀਆਂ ਏਜੰਸੀਆਂ ਅਤੇ ਪੌਦਾਰੋਪਣ ਬਾਰੇ ਨਿਜੀ ਏਜੰਸੀਆਂ ਨਾਲ ਮਿਲ ਕੇ ਸਮੂਹਕ ਤੌਰ ਉੱਤੇ ਰਾਸ਼ਟਰੀ ਰਾਜਮਾਰਗਾਂ ਦੇ ਨਾਲ–ਨਾਲ 72 ਲੱਖ ਪੌਦੇ ਲਾਉਣ ਦੀ ਯੋਜਨਾ ਹੈ। ਇਸ ਤੋਂ ਇਲਾਵਾ, NHAI ਵੱਲੋਂ ਪੌਦਾਰੋਪਣ, ਵਣਾਂ ਹੇਠਲਾ ਰਕਬਾ ਵਧਾਉਣ, ਖੇਤੀਬਾੜੀ, ਬਾਗ਼ਬਾਨੀ ਤੇ ਫ਼ੀਲਡ ਦੇ ਵਿਸ਼ਾਲ ਤਜਰਬਿਆਂ ਵਾਲੇ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਉਸ ਵੱਲੋਂ ਆਪਣੇ ਹਰੇਕ ਖੇਤਰੀ ਦਫ਼ਤਰ ਲਈ ਢੁਕਵੇਂ ਪਿਛੋਕੜ ਤੇ ਤਜਰਬੇ ਵਾਲੇ ਦੋ ਪ੍ਰੋਫ਼ੈਸ਼ਨਲਜ਼ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਹਰੇਕ ਪ੍ਰੋਜੈਕਟ ਵਿੱਚ ਪੌਦਾਰੋਪਣ ਦੀ ਵਾਜਬ ਨਿਗਰਾਨੀ ਲਈ, ਬਾਗ਼ਬਾਨੀ ਮਾਹਿਰਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ। ਪੌਦਾਰੋਪਣ ਤੋਂ ਇਲਾਵਾ, NHAI ਅਜਿਹੇ ਰੁੱਖਾਂ ਦੇ ਟ੍ਰਾਂਸਪਲਾਂਟੇਸ਼ਨ ਉੱਤੇ ਵੀ ਜ਼ੋਰ ਦੇ ਰਹੀ ਹੈ, ਜਿਨ੍ਹਾਂ ਨੂੰ ਰਾਜਮਾਰਗ ਪ੍ਰੋਜੈਕਟਾਂ ਦੇ ਵਿਕਾਸ ਲਈ ਕੱਟਿਆ ਜਾਣਾ ਹੈ।

NHAI ਨੇ ਰਾਸ਼ਟਰੀ ਰਾਜਮਾਰਗਾਂ ਦੀਆਂ ਪੱਟੀਆਂ ਦੀ ਸ਼ਨਾਖ਼ਤ ਕੀਤੀ ਹੈ ਅਤੇ ਪਹਿਲਾਂ ਕੀਤੇ ਤੇ ਕੀਤੇ ਜਾਣ ਵਾਲੇ ਸਾਰੇ ਪੌਦਾਰੋਪਣਾਂ ਦਾ ਡਾਟਾ ਬੇਸ ਤਿਆਰ ਕੀਤਾ ਜਾ ਰਿਹਾ ਹੈ। ‘ਹਰਿਤ ਪਥ’ ਮੋਬਾਇਲ ਐਪ ਦੇ ਲਾਂਚ ਹੋਣ ਨਾਲ ਦੇਸ਼ ਭਰ ਵਿੱਚ ਹਰੇ–ਭਰੇ ਰਾਜਮਾਰਗਾਂ ਨੂੰ ਸਿਰਜਣ ਵਿੱਚ ਹੋਰ ਵੀ ਸੁਵਿਧਾ ਹੋਵੇਗੀ।

-------

ਆਰਸੀਜੇ/ਐੱਮਐੱਸ



(Release ID: 1647824) Visitor Counter : 191