ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਵੱਖ-ਵੱਖ ਭਾਰਤੀ ਭਾਸ਼ਾਵਾਂ ਦੀ ਰੱਖਿਆ ਅਤੇ ਪ੍ਰਸਾਰ ਲਈ ਸੱਦਾ ਦਿੱਤਾ
ਉਪ ਰਾਸ਼ਟਰਪਤੀ ਨੇ ਮੁੱਢਲੇ ਪੱਧਰ ਤੱਕ ਮਾਂ ਬੋਲੀ ਵਿੱਚ ਸਿੱਖਿਆ ਨੂੰ ਲਾਜ਼ਮੀ ਬਣਾਉਣ ਦਾ ਸੱਦਾ ਦਿੱਤਾ
ਅਧਿਆਪਕਾਂ ਅਤੇ ਮਾਪਿਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਬੱਚਿਆਂ ਨੂੰ ਮਾਂ ਬੋਲੀ ਵਿੱਚ ਬੋਲਣ ਲਈ ਉਤਸ਼ਾਹਤ ਕਰਨ
ਮੀਡੀਆ ਨੂੰ ਮੂਲ ਭਾਸ਼ਾਵਾਂ ਦੀ ਵਿਆਪਕ ਵਰਤੋਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ - ਉਪ ਰਾਸ਼ਟਰਪਤੀ
ਆਧੁਨਿਕ ਲੋੜਾਂ ਲਈ ਭਾਰਤੀ ਭਾਸ਼ਾਵਾਂ ਨੂੰ ਵਿਕਸਤ ਕਰਨ ਦੀ ਜ਼ਰੂਰਤ ਜ਼ਾਹਰ ਕੀਤੀ
ਹੈਦਰਾਬਾਦ ਯੂਨੀਵਰਸਿਟੀ ਅਤੇ ਤੇਲਗੂ ਅਕੈਡਮੀ ਦੁਆਰਾ ਆਯੋਜਿਤ “ਗਿਆਨ ਰਚਨਾ: ਮਾਂ ਬੋਲੀ” ’ਤੇ ਔਨਲਾਈਨ ਵੈਬੀਨਾਰ ਦਾ ਉਦਘਾਟਨ ਕੀਤਾ
Posted On:
29 JUL 2020 1:34PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕੱਈਆ ਨਾਇਡੂ ਨੇ ਅੱਜ ਸਿੱਖਿਆ ਤੋਂ ਲੈ ਕੇ ਪ੍ਰਸ਼ਾਸਨ ਤੱਕ ਵੱਖ-ਵੱਖ ਖੇਤਰਾਂ ਵਿੱਚ ਮਾਤ ਭਾਸ਼ਾ ਦੀ ਵਰਤੋਂ ਰਾਹੀਂ ਵੱਖ-ਵੱਖ ਭਾਰਤੀ ਭਾਸ਼ਾਵਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਨੂੰ ਉਤਸ਼ਾਹਤ ਕਰਨ ਦਾ ਸੱਦਾ ਦਿੱਤਾ।
ਹੈਦਰਾਬਾਦ ਯੂਨੀਵਰਸਿਟੀ ਅਤੇ ਤੇਲਗੂ ਅਕਾਦਮੀ ਦੇ ਤੇਲਗੂ ਵਿਭਾਗ ਦੁਆਰਾ ਆਯੋਜਿਤ “ਗਿਆਨ ਰਚਨਾ: ਮਾਂ ਬੋਲੀ” ’ਤੇ ਇੱਕ ਔਨਲਾਈਨ ਵੈਬੀਨਾਰ ਦੀ ਸ਼ੁਰੂਆਤ ਕਰਦਿਆਂ ਸ਼੍ਰੀ ਨਾਇਡੂ ਨੇ ਹਰ ਰਾਜ ਸਰਕਾਰ ਦੁਆਰਾ ਸੰਬੰਧਤ ਸਰਕਾਰੀ ਭਾਸ਼ਾ ਉੱਪਰ ਖ਼ਾਸ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ।
ਇਹ ਵੇਖਦਿਆਂ ਕਿ ਭਾਸ਼ਾ ਇੱਕ ਸੱਭਿਅਤਾ ਦੀ ਜੀਵਨ ਰੇਖਾ ਹੈ, ਉਨ੍ਹਾਂ ਕਿਹਾ ਕਿ ਇਹ ਲੋਕਾਂ ਦੀ ਪਛਾਣ, ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਦਰਸਾਉਂਦੀ ਹੈ। ਇਹ ਸੰਗੀਤ, ਨ੍ਰਿਤ, ਰਿਵਾਜ਼ਾਂ, ਤਿਉਹਾਰਾਂ, ਰਵਾਇਤੀ ਗਿਆਨ ਅਤੇ ਵਿਰਾਸਤ ਨੂੰ ਸੁਰੱਖਿਅਤ ਰੱਖਣ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ|
ਪ੍ਰਾਇਮਰੀ ਸਕੂਲ ਤੱਕ ਮਾਂ ਬੋਲੀ ਦੀ ਸਿੱਖਿਆ ਦੇਣ ਦੀ ਮੰਗ ਕਰਦਿਆਂ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਭਾਸ਼ਾ ਦੀ ਵਿਆਪਕ ਵਰਤੋਂ ਰਾਹੀਂ ਹੀ ਭਾਸ਼ਾ ਲੋਕਪ੍ਰਿਅਤਾ ਹਾਸਲ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਹ ਸੋਚਣਾ ਇੱਕ ਗਲਤ ਗੱਲ ਹੈ ਕਿ ਜੇ ਅੰਗਰੇਜ਼ੀ ਵਿੱਚ ਸਿੱਖਿਆ ਜਾਵੇ ਤਾਂ ਹੀ ਤਰੱਕੀ ਹੋ ਸਕਦੀ ਹੈ। ਖੋਜ ਨੇ ਦਿਖਾਇਆ ਹੈ ਕਿ ਉਹ ਜਿਹੜੇ ਆਪਣੀ ਮਾਂ-ਬੋਲੀ ਵਿੱਚ ਨਿਪੁੰਨ ਹਨ, ਉਹ ਹੋਰ ਭਾਸ਼ਾਵਾਂ ਵੀ ਬੜੀ ਆਸਾਨੀ ਨਾਲ ਸਿੱਖ ਸਕਦੇ ਹਨ।
ਉਦਾਹਰਣ ਦੇ ਲਈ, ਉਨ੍ਹਾਂ ਨੇ ਕਿਹਾ ਕਿ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ (2017 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਛੱਡ ਕੇ) ਵਿੱਚ ਲਗਭਗ 90 ਫ਼ੀਸਦੀ ਉਹ ਲੋਕ ਸਨ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਵਿੱਚ ਆਪਣੀ ਸਿੱਖਿਆ ਪੂਰੀ ਕੀਤੀ ਸੀ।
ਇਸੇ ਤਰ੍ਹਾਂ, ਵਿਸ਼ਵੀਕਰਨ ਦੁਆਰਾ ਬਹੁਤ ਪ੍ਰਭਾਵਿਤ ਦੇਸ਼ਾਂ ਦੇ ਇੱਕ ਹੋਰ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਮਾਂ-ਬੋਲੀ ਨੂੰ ਮਹੱਤਵ ਦੇਣ ਵਾਲੇ ਮੁਲਕ ਪਹਿਲੇ 50 ਮੁਲਕਾਂ ਵਿੱਚ ਸ਼ਾਮਲ ਹਨ।
ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਸੋਚਣਾ ਵੀ ਸਹੀ ਨਹੀਂ ਸੀ ਕਿ ਆਧੁਨਿਕ ਖੋਜ ਸਿਰਫ਼ ਤਾਂ ਹੀ ਕੀਤੀ ਜਾ ਸਕਦੀ ਹੈ ਜੇ ਕੋਈ ਅੰਗਰੇਜ਼ੀ ਵਿੱਚ ਨਿਪੁੰਨ ਹੁੰਦਾ ਹੈ। ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਚੋਟੀ ਦੇ 40-50 ਦੇਸ਼ਾਂ ਵਿੱਚੋਂ 90 ਫ਼ੀਸਦੀ ਉਹ ਦੇਸ਼ ਹਨ ਜਿਨ੍ਹਾਂ ਵਿੱਚ ਸਿੱਖਿਆ ਮਾਂ ਬੋਲੀ ਰਾਹੀਂ ਦਿੱਤੀ ਗਈ ਸੀ|
ਇਹ ਇਸ਼ਾਰਾ ਕਰਦਿਆਂ ਕਿ ਬਹੁਤ ਸਾਰੇ ਵਿਦੇਸ਼ੀ ਵੀਆਈਪੀ, ਅੰਗ੍ਰੇਜ਼ੀ ਜਾਣਨ ਦੇ ਬਾਵਜੂਦ, ਚੋਟੀ ਦੇ ਭਾਰਤੀ ਪਤਵੰਤਿਆਂ ਨਾਲ ਵਿਚਾਰ ਵਟਾਂਦਰੇ ਦੌਰਾਨ ਆਪਣੀ ਮਾਤ ਭਾਸ਼ਾ ਵਿੱਚ ਬੋਲਦੇ ਹਨ, ਉਪ ਰਾਸ਼ਟਰਪਤੀ ਨੇ ਕਿਹਾ ਕਿ ਅਜਿਹਾ ਕਰਕੇ ਉਹ ਸਵੈ-ਮਾਣ ਦਾ ਸੰਦੇਸ਼ ਦੇ ਰਹੇ ਹਨ।
ਆਧੁਨਿਕ ਲੋੜਾਂ ਦੀ ਪੂਰਤੀ ਲਈ ਮਾਤਭਾਸ਼ਾਵਾਂ ਨੂੰ ਵਿਕਸਤ ਕਰਨ ਦੀ ਲੋੜ ਜ਼ਾਹਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਗੁੰਝਲਦਾਰ ਵਿਗਿਆਨਕ ਅਤੇ ਤਕਨੀਕੀ ਸ਼ਬਦਾਂ ਨੂੰ ਭਾਰਤੀ ਭਾਸ਼ਾਵਾਂ ਵਿੱਚ ਸਰਲ ਬਣਾਇਆ ਜਾਣਾ ਚਾਹੀਦਾ ਹੈ।
ਵੱਖ-ਵੱਖ ਭਾਰਤੀ ਭਾਸ਼ਾਵਾਂ ’ਤੇ ਖੋਜ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਖੋਜਕਰਤਾਵਾਂ ਨੂੰ ਖ਼ਤਰੇ ਵਿੱਚ ਪਏ ਸ਼ਬਦਾਂ ਨੂੰ ਲੱਭਣ ਅਤੇ ਨਿਘਾਰ ਵਾਲੀਆਂ ਭਾਸ਼ਾਵਾਂ ਨੂੰ ਮੁੜ ਸੁਰਜੀਤ ਕਰਨ ਲਈ ਦਿਨ-ਪ੍ਰਤੀ-ਦਿਨ ਗੱਲਬਾਤ, ਲੇਖਾਂ ਅਤੇ ਪਾਠ-ਪੁਸਤਕਾਂ ਵਿੱਚ ਇਨ੍ਹਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਦੀ ਸਲਾਹ ਦਿੱਤੀ।
ਉਨ੍ਹਾਂ ਅਧਿਆਪਕਾਂ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਘਰ ਅਤੇ ਹੋਰ ਕਿਤੇ ਵੀ ਮਾਂ ਬੋਲੀ ਬੋਲਣ ਲਈ ਉਤਸ਼ਾਹਤ ਕਰਨ ਲਈ ਕਿਹਾ, ਉਨ੍ਹਾਂ ਨੇ ਕਿਹਾ ਕਿ ਇਹ ਸਾਰੀਆਂ ਵਿਦਿਅਕ, ਸਮਾਜਿਕ-ਆਰਥਿਕ ਅਤੇ ਹੋਰ ਗਤੀਵਿਧੀਆਂ ਲਈ ਸੰਪਰਕ ਭਾਸ਼ਾ ਬਣਨੀ ਚਾਹੀਦੀ ਹੈ।
ਸ਼੍ਰੀ ਨਾਇਡੂ ਇਹ ਵੀ ਚਾਹੁੰਦੇ ਸਨ ਕਿ ਮੀਡੀਆ ਮੂਲ ਭਾਸ਼ਾਵਾਂ ਦੀ ਵਿਆਪਕ ਵਰਤੋਂ ਨੂੰ ਉਤਸ਼ਾਹਤ ਕਰੇ।
ਹੈਦਰਾਬਾਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਸ਼੍ਰੀ ਪੀ. ਅੱਪਾ ਰਾਓ, ਡੀਆਰਡੀਓ ਦੇ ਚੇਅਰਮੈਨ, ਡਾ. ਸਤੀਸ਼ ਰੈਡੀ, ਹੈਦਰਾਬਾਦ ਯੂਨੀਵਰਸਿਟੀ ਦੇ ਤੇਲਗੂ ਵਿਭਾਗ ਦੀ ਮੁਖੀ, ਪ੍ਰੋਫ਼ੈਸਰ ਅਰੁਣਾ ਕੁਮਾਰੀ, ਸ਼ਾਂਤਾ ਬਾਇਓਟੈੱਕ ਦੇ ਚੇਅਰਮੈਨ, ਸ਼੍ਰੀ ਕੇ.ਐੱਲ. ਵਰਾਪ੍ਰਸਾਦ ਰੈਡੀ, ਤੇਲਗੂ ਅਕੈਡਮੀ ਦੇ ਡਾਇਰੈਕਟਰ, ਸ਼੍ਰੀ ਏ. ਸੱਤਿਆਨਾਰਾਇਅਣ ਰੈਡੀ ਅਤੇ ਤੇਲੰਗਾਨਾ ਰਾਜ ਅਧਿਕਾਰਤ ਭਾਸ਼ਾ ਕਮਿਸ਼ਨ ਦੇ ਚੇਅਰਮੈਨ, ਸ਼੍ਰੀ ਦੇਵੂਲਾਪੱਲੀ ਪ੍ਰਭਾਕਰ ਰਾਓ ਔਨਲਾਈਨ ਵੈਬੀਨਾਰ ਵਿੱਚ ਭਾਗ ਲੈਣ ਵਾਲੀਆਂ ਸ਼ਖਸੀਅਤਾਂ ਵਿੱਚ ਸ਼ਾਮਲ ਸਨ।
*****
ਵੀਆਰਆਰਕੇ / ਐੱਮਐੱਸ / ਐੱਮਐੱਸਵਾਈ / ਡੀਪੀ
(Release ID: 1642198)
Visitor Counter : 333