Ministry of Communications
ਇੰਡੀਆ ਪੋਸਟ ਵੀਕ: ਇੱਕ ਗੌਰਵਪੂਰਣ ਪਰੰਪਰਾ
Posted On: 12 OCT 2022 7:32PM
ਸੂਰਯ ਕਾਂਤ ਸ਼ਰਮਾ
'ਨਵਾਂ ਨੌਂ ਦਿਨ ਅਤੇ ਪੁਰਾਣਾ ਸੌ ਦਿਨ' ਕਹਾਵਤ ਭਾਰਤੀ ਜਨਤਾ ਦੇ ਨਾਲ-ਨਾਲ ਇੰਡੀਆ ਪੋਸਟ ਲਈ ਅੱਜ ਵੀ 100% ਸੱਚ ਹੈ। 9 ਅਕਤੂਬਰ ਤੋਂ 13 ਅਕਤੂਬਰ ਤੱਕ ਚੱਲਣ ਵਾਲਾ ਰਾਸ਼ਟਰੀ ਡਾਕ ਹਫ਼ਤਾ ਹੁਣ ਦੇਸ਼ ਭਰ ਦੇ ਲੋਕਾਂ ਨਾਲ ਸੰਵਾਦ ਕਰਨ ਲਈ ਪੂਰੀ ਤਰ੍ਹਾਂ ਰੁੱਝਿਆ ਹੋਇਆ ਹੈ ਅਤੇ ਇਸ ਵਾਰ ਵਿਸ਼ਵ ਡਾਕ ਦਿਵਸ, ਜੋ ਕਿ 9 ਅਕਤੂਬਰ ਨੂੰ ਹੁੰਦਾ ਹੈ, ਦਾ ਥੀਮ ਵੀ ਭਾਰਤੀ ਦ੍ਰਿਸ਼ ਅਤੇ ਸੰਸਕ੍ਰਿਤੀ ਨਾਲ ਬਹੁਤ ਮੇਲ ਖਾਂਦਾ ਹੈ, ‘ਪੋਸਟ ਫਾਰ ਪਲੈਨੇਟ’ ਨੂੰ ਸਾਡੇ ‘ਵਸੁਧੈਵ ਕੁਟੁੰਬਕਮ’ ਦੇ ਸੰਕਲਪ ਦਾ ਭਾਈ-ਬੰਧੂ ਕਰਾਰ ਦਿੱਤਾ ਜਾ ਰਿਹਾ ਹੈ। ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਡਿਜੀਟਲ ਅਤੇ ਇੰਟਰਨੈੱਟ ਨਾਲ ਭਰੀ ਦੁਨੀਆ ਅਤੇ ਸਾਡਾ ਦੇਸ਼, ਭਾਰਤੀ ਡਾਕ ਹਫ਼ਤੇ ਨੂੰ ਕਿਨ੍ਹਾਂ ਮਾਇਨਿਆਂ ਅਤੇ ਸੰਦਰਭ ਵਿੱਚ ਜਾਇਜ਼ ਮੰਨਦਾ ਹੈ, ਇਸ ਲਈ ਇੱਥੇ ਇਹ ਸਪੱਸ਼ਟ ਕਰਨਾ ਬਹੁਤ ਜ਼ਰੂਰੀ ਹੈ ਕਿ ਡਾਕ ਵੰਡਣ ਦੇ ਦ੍ਰਿਸ਼ਟੀਕੋਣ ਤੋਂ, ਦੁਨੀਆ ਦੇ ਨਕਸ਼ੇ 'ਤੇ ਸਭ ਤੋਂ ਉੱਚੀ ਡਾਕ ਪ੍ਰਣਾਲੀ ਸਿਰਫ ਸਾਡੇ ਇਸ ਭਾਰਤਵਰਸ਼ ਦੀ ਹੀ ਹੈ!!
'ਵਨ ਵਰਲਡ ਵਨ ਪੋਸਟ' ਦਾ ਸੰਕਲਪ 9 ਅਕਤੂਬਰ 1874 ਨੂੰ ਸ਼ੁਰੂ ਹੋਇਆ ਸੀ। ਇਹ ਮੁਹਿੰਮ 1969 ਵਿੱਚ ਟੋਕੀਓ, ਜਪਾਨ ਵਿੱਚ ਯੂਨੀਵਰਸਲ ਪੋਸਟਲ ਯੂਨੀਅਨ ਦੇ ਸਥਾਪਨਾ ਦਿਵਸ 'ਤੇ ਸਰਬਸੰਮਤੀ ਨਾਲ ਪਾਸ ਕੀਤੀ ਗਈ, ਤਾਂ ਇਹ ਮਿਤੀ ਤੈਅ ਕੀਤੀ ਗਈ ਕਿ ਹੁਣ ਤੋਂ 9 ਅਕਤੂਬਰ ਨੂੰ ਵਿਸ਼ਵ ਡਾਕ ਦਿਵਸ ਵਜੋਂ ਮਨਾਇਆ ਜਾਵੇਗਾ। ਸਾਡੇ ਦੇਸ਼ ਵਿੱਚ ਡਾਕ ਦੀ ਸ਼ੁਰੂਆਤ ਈਸਟ ਇੰਡੀਆ ਕੰਪਨੀ ਨੇ, ਮੰਨੇ ਗਏ ਸਰੋਤਾਂ ਦੇ ਅਨੁਸਾਰ, 1727 ਦੇ ਆਸਪਾਸ ਕੀਤੀ ਅਤੇ 1774 ਵਿੱਚ ਬੰਗਾਲ ਦੇ ਮਸ਼ਹੂਰ ਸ਼ਹਿਰ ਕੋਲਕਾਤਾ ਵਿੱਚ ਜੀਪੀਓ ਯਾਨੀ ਮੁੱਖ ਡਾਕਘਰ ਦੀ ਸਥਾਪਨਾ ਕੀਤੀ ਗਈ। ਇਹ ਵੀ ਇੱਕ ਦਿਲਚਸਪ ਤੱਥ ਹੈ ਕਿ 1 ਜੁਲਾਈ 1876 ਨੂੰ ਸਾਡਾ ਭਾਰਤ ਵਿਸ਼ਵ ਡਾਕ ਪ੍ਰਣਾਲੀ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਏਸ਼ੀਆਈ ਦੇਸ਼ ਬਣਿਆ।
ਗੱਲ ਦੁਬਾਰਾ ਫਿਰ ਮੌਜੂਦਾ ਦ੍ਰਿਸ਼ ਵਿੱਚ ਰਾਸ਼ਟਰੀ ਡਾਕ ਹਫ਼ਤੇ ਦੀ, 9 ਤੋਂ 13 ਅਕਤੂਬਰ ਤੱਕ ਹਰ ਦਿਨ ਕਿਸੇ ਖਾਸ ਉਤਪਾਦ ਜਾਂ ਸੇਵਾ 'ਤੇ ਕੇਂਦ੍ਰਿਤ ਕੀਤਾ ਗਿਆ ਹੈ, ਜਿਵੇਂ ਕਿ 9 ਅਕਤੂਬਰ ਵਿਸ਼ਵ ਪੋਸਟ ਦਿਵਸ, 10 ਅਕਤੂਬਰ ਵਿੱਤੀ ਸਸ਼ਕਤੀਕਰਨ ਦਿਵਸ, 11 ਅਕਤੂਬਰ ਫਿਲਾਟਲੀ ਦਿਵਸ - ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਜਸ਼ਨ, 12 ਅਕਤੂਬਰ ਮੇਲ ਅਤੇ ਪਾਰਸਲ ਦਿਵਸ ਅਤੇ 13 ਅਕਤੂਬਰ ਅੰਤਯੋਦਯ ਦਿਵਸ।
300 ਵਰ੍ਹਿਆਂ ਤੋਂ ਵੱਧ ਜਾਂ ਤਿੰਨ ਸਦੀਆਂ ਤੋਂ ਚੱਲੀ ਆ ਰਹੀ ਭਾਰਤੀ ਡਾਕ ਪ੍ਰਣਾਲੀ ਦਾ ਫਲਸਫਾ ਅਤੇ ਉਪਯੋਗਤਾ ਬਹੁਤ ਹੀ ਸ਼ਾਨਦਾਰ ਅਤੇ ਸਾਰਥਕ ਰਹੀ ਹੈ।
ਇਸ ਦੀਆਂ ਕੁਝ ਦਿਲਚਸਪ ਵਿਸ਼ੇਸ਼ਤਾਵਾਂ: 1 ਜੁਲਾਈ 1852 ਨੂੰ ਸਿੰਧ ਪ੍ਰਾਂਤ ਵਿੱਚ, ਜੋ ਹੁਣ ਪਾਕਿਸਤਾਨ ਵਿੱਚ ਹੈ, ਇੱਥੇ ਹੀ ਡਾਕ ਮੋਹਰ ਬਣਾਈ ਗਈ ਸੀ ਅਤੇ ਅਕਤੂਬਰ 1854 ਵਿੱਚ, ਇਸਦਾ ਮੁੱਲ ਅੱਧੇ ਆਨੇ, ਇੱਕ ਆਨੇ ਅਤੇ ਚਾਰ ਆਨੇ ਦੀਆਂ ਟਿਕਟਾਂ ਦੀ ਵਿਕਰੀ ਨਾਲ ਸ਼ੁਰੂ ਹੋਇਆ। ਸੰਨ 1926 ਵਿੱਚ ਨਾਸਿਕ ਵਿੱਚ ਡਾਕ ਟਿਕਟਾਂ ਦੀ ਛਪਾਈ ਦਾ ਕੰਮ ਸ਼ੁਰੂ ਹੋਇਆ। ਆਜ਼ਾਦ ਭਾਰਤ ਦੀ ਪਹਿਲੀ ਡਾਕ ਟਿਕਟ 15 ਅਗਸਤ 1947 ਨੂੰ ਆਈ ਸੀ ਅਤੇ ਇਸ ਡਾਕ ਟਿਕਟ ਦੇ ਸਭ ਕੋਂ ਉਪਰ ਆਜ਼ਾਦੀ ਦੀ ਮਿਤੀ, ਜੈ ਹਿੰਦ ਛਾਪਿਆ ਗਿਆ ਸੀ ਅਤੇ ਨਾਲ ਹੀ ਸਾਡੇ ਤਿਰੰਗੇ ਦੀ ਤਸਵੀਰ ਵੀ ਸੀ ਅਤੇ ਇਸ ਅਨਮੋਲ ਡਾਕ ਟਿਕਟ ਦੀ ਕੀਮਤ ਸਿਰਫ਼ ਤਿੰਨ ਆਨੇ ਰੱਖੀ ਗਈ ਸੀ। ਵਾਰਾਣਸੀ ਸਿਟੀ ਪੋਸਟ ਔਫਿਸ ਪੂਰੀ ਤਰ੍ਹਾਂ ਮਹਿਲਾਵਾਂ ਦੁਆਰਾ ਚਲਾਇਆ ਜਾਂਦਾ ਹੈ ਅਤੇ ਇਹ ਭਾਰਤੀ ਮਹਿਲਾਵਾਂ ਦੇ ਗਿਆਨ, ਕੌਸ਼ਲ ਅਤੇ ਸਮਰੱਥਾ ਦੀ ਕਹਾਣੀ ਦੱਸਦਾ ਹੈ। ਇੱਕ ਹੋਰ ਦਿਲਚਸਪ ਗੱਲ ਜੋ ਪਾਠਕਾਂ ਨੂੰ ਆਕਰਸ਼ਿਤ ਕਰੇਗੀ। ਨਾਵਲ ਸਮਰਾਟ ਸਵਰਗੀ ਮੁਨਸ਼ੀ ਪ੍ਰੇਮਚੰਦ ਜੀ ਦੇ ਪਿਤਾ ਡਾਕ ਵਿਭਾਗ ਵਿੱਚ ਨੌਕਰੀ ਕਰਦੇ ਸਨ, ਇਸ ਲਈ ਡਾਕ ਵਿਭਾਗ ਨਾਲ ਮਸ਼ਹੂਰ ਹਸਤੀਆਂ ਦਾ ਰਿਸ਼ਤਾ ਬਹੁਤ ਪੁਰਾਣਾ ਹੈ।
ਸਾਡੀਆਂ ਫਿਲਮਾਂ, ਨਾਵਲਾਂ, ਕਹਾਣੀਆਂ, ਕਵਿਤਾਵਾਂ, ਹੋਰ ਸ਼ੈਲੀਆਂ ਦੇ ਵਿੱਚ, ਭਾਰਤੀ ਡਾਕੀਆ ਅਤੇ ਡਾਕ ਸੇਵਾ ਕਲਾਸਿਕ ਕਿਰਤਾਂ ਵਿੱਚ ਅੰਕਿਤ ਅਤੇ ਅਮਰ ਹੈ।
ਜੇਕਰ ਦੇਖਿਆ ਜਾਵੇ ਤਾਂ ਭਾਰਤ ਵਿੱਚ ਡਾਕ ਦਾ ਵਿਕਾਸ ਲਗਾਤਾਰ ਅਤੇ ਵਧਦੇ ਗ੍ਰਾਫ ਨਾਲ ਕਮਾਲ ਦਾ ਰਿਹਾ ਹੈ। ਸੰਨ 1972 ਵਿੱਚ ਡਾਕ ਟਿਕਟਾਂ ਦੀ ਤੇਜ਼ੀ ਨਾਲ ਵੰਡ ਲਈ ਪਹਿਲੀ ਵਾਰ ਪੋਸਟਲ ਇੰਡੈਕਸ ਨੰਬਰ ਯਾਨੀ ਪਿਨ ਕੋਡ ਲਾਗੂ ਕੀਤਾ ਗਿਆ ਅਤੇ ਇਹ ਪ੍ਰਣਾਲੀ ਅੱਜ ਵੀ ਓਨੀ ਹੀ ਪ੍ਰਭਾਵੀ ਹੈ ਜਿੰਨੀ ਪਹਿਲਾਂ ਸੀ। 1985 ਵਿੱਚ ਡਾਕ ਵਿਭਾਗ ਅਤੇ ਸੰਚਾਰ ਵਿਭਾਗ ਦੋ ਵੱਖ-ਵੱਖ ਸੁਤੰਤਰ ਵਿਭਾਗਾਂ ਵਜੋਂ ਹੋਂਦ ਵਿੱਚ ਆਏ। ਡਾਕ ਵਿਭਾਗ ਨੂੰ ਸੁਤੰਤਰ ਹੋਂਦ ਪ੍ਰਦਾਨ ਕਰਨਾ ਬਹੁਤ ਹੀ ਜਾਇਜ਼ ਫੈਸਲਾ ਸੀ। ਸਪੀਡ ਪੋਸਟ ਸਾਲ 1986 ਵਿੱਚ ਸ਼ੁਰੂ ਕੀਤੀ ਗਈ, ਜਿਸ ਨੇ ਭਾਰਤੀ ਡਾਕ ਪ੍ਰਣਾਲੀ ਨੂੰ ਗਤੀ ਦੇਣ ਦੇ ਨਾਲ-ਨਾਲ ਇਸਦੀ ਸਥਿਤੀ ਅਤੇ ਦਿਸ਼ਾ ਪੂਰੀ ਤਰ੍ਹਾਂ ਬਦਲ ਦਿੱਤੀ। ਨਤੀਜੇ ਵਜੋਂ, 1994 ਵਿੱਚ - ਮੈਟਰੋ ਰਾਜਧਾਨੀ ਵਪਾਰਕ ਚੈਨਲ ਪੀਪੀਐੱਸਵੀ ਸੈੱਟ ਦੁਆਰਾ ਮਨੀ ਆਰਡਰ ਭੇਜਣ ਦੀ ਪ੍ਰਣਾਲੀ ਬਹੁਤ ਕਾਰਗਰ ਅਤੇ ਜਨ-ਉਪਯੋਗੀ ਸਾਬਤ ਹੋਈ।
ਇੰਟਰਨੈੱਟ, ਮੋਬਾਈਲ, ਸੋਸ਼ਲ ਮੀਡੀਆ ਜਾਂ ਇਸ ਤਰ੍ਹਾਂ ਦੇ ਹੋਰ ਫੌਰਮੈਟ ਡਾਕ ਪ੍ਰਣਾਲੀ ਤੋਂ ਅੱਗੇ ਦਿਖਾਈ ਦਿੰਦੇ ਹਨ, ਪਰ ਸਾਡੀ ਭਾਰਤੀ ਡਾਕ ਪ੍ਰਣਾਲੀ ਦਾ ਢਾਂਚਾ ਅਜਿਹਾ ਹੈ ਕਿ ਇਸ ਨੂੰ ਅਣਡਿੱਠ ਕਰਨਾ ਜਾਂ ਕੁਝ ਸਮੇਂ ਲਈ ਭੁੱਲਣਾ ਸੰਭਵ ਨਹੀਂ ਹੈ! ਇਹ ਇਸ ਲਈ ਹੈ ਕਿਉਂਕਿ ਸਾਡੀ ਡਾਕ ਪ੍ਰਣਾਲੀ ਪਿੰਡਾਂ, ਕਸਬਿਆਂ, ਦੂਰ-ਦੁਰਾਡੇ ਅਤੇ ਦੁਰਗਮ ਖੇਤਰਾਂ ਤੱਕ ਵੀ ਆਪਣੀ ਪਹੁੰਚ ਅਤੇ ਪਕੜ ਲਗਭਗ ਆਲ ਇੰਡੀਆ ਰੇਡੀਓ (ਆਕਾਸ਼ਵਾਣੀ) ਦੇ ਰੇਡੀਓ ਵਾਂਗ ਬਣਾਈ ਰੱਖਦੀ ਹੈ।
ਜੰਗਾਂ, ਕੁਦਰਤੀ ਆਪਦਾਵਾਂ, ਸ਼ਾਂਤੀ ਜਾਂ ਤਿਉਹਾਰਾਂ, ਰਾਸ਼ਟਰੀ ਤਿਉਹਾਰਾਂ, ਕਹਿਣ ਦਾ ਭਾਵ ਇਹ ਹੈ ਕਿ ਡਾਕ ਪ੍ਰਣਾਲੀ ਹਮੇਸ਼ਾ ਹੀ ਚੁਸਤ-ਦਰੁਸਤ ਰਹੀ ਹੈ। ਲੋਕਤੰਤਰ ਦੇ ਤਿਉਹਾਰਾਂ, ਹਰ ਦਹਾਕੇ 'ਤੇ ਭਾਰਤੀ ਜਨਗਣਨਾ ਅਤੇ ਅਜਿਹੀਆਂ ਅਨੇਕ ਸਰਕਾਰੀ ਯੋਜਨਾਵਾਂ ਵਿੱਚ ਇਹ ਇੱਕ ਜ਼ਿੰਮੇਵਾਰ ਭਾਗੀਦਾਰ ਰਹੀ ਹੈ।
ਡਾਕ ਵਿਭਾਗ ਦੇ ਕਾਰਜਾਂ ਦੀਆਂ ਕੁਝ ਖਾਸ ਗੱਲਾਂ ਹੇਠਾਂ ਦਿੱਤੀਆਂ ਗਈਆਂ ਹਨ:
1. ਈਪੋਸਟ - ਈਪੋਸਟ ਇੱਕ ਅਣ-ਰਜਿਸਟਰਡ ਹਾਈਬ੍ਰਿਡ ਮੇਲ ਹੈ ਜਿਸ ਨੂੰ ਰਿਟੇਲ ਅਤੇ ਕਾਰਪੋਰੇਟ ਗਾਹਕਾਂ ਦੋਵਾਂ ਲਈ ਤਿਆਰ ਕੀਤਾ ਗਿਆ ਹੈ। ਇਹ ਸੁਨੇਹਿਆਂ ਦਾ ਇਲੈਕਟ੍ਰੌਨਿਕ ਪ੍ਰਸਾਰਣ ਪ੍ਰਦਾਨ ਕਰਦਾ ਹੈ, ਜਿਸ ਵਿੱਚ ਟੈਕਸਟ ਸੁਨੇਹੇ, ਸਕੈਨ ਕੀਤੀਆਂ ਫੋਟੋਆਂ, ਚਿੱਤਰ, ਆਦਿ ਸ਼ਾਮਲ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਪੋਸਟਮੈਨ/ਡਿਲੀਵਰੀ ਸਟਾਫ ਦੁਆਰਾ ਮੰਜ਼ਿਲ ਤੱਕ ਹਾਰਡ ਕਾਪੀ ਪਹੁੰਚਾਈ ਜਾ ਸਕਦੀ ਹੈ। ਵਰਤਮਾਨ ਵਿੱਚ ਈ-ਪੋਸਟ ਬੁਕਿੰਗ ਦੀ ਸੁਵਿਧਾ 13,000 (ਲਗਭਗ) ਡਾਕਘਰਾਂ ਵਿੱਚ ਉਪਲਬਧ ਹੈ ਅਤੇ ਪੂਰੇ ਭਾਰਤ ਵਿੱਚ 1.54 ਲੱਖ ਤੋਂ ਵੱਧ ਡਾਕਘਰਾਂ ਦੇ ਇੱਕ ਨੈੱਟਵਰਕ ਰਾਹੀਂ ਭੌਤਿਕ ਤੌਰ 'ਤੇ ਕਾਰਜਸ਼ੀਲ ਹੈ।
2. ਆਧਾਰ ਨਾਮਾਂਕਣ/ਅੱਪਡੇਸ਼ਨ ਸੇਵਾਵਾਂ: ਇੰਡੀਆ ਪੋਸਟ ਨੇ ਦੇਸ਼ ਭਰ ਵਿੱਚ ਕੇਂਦਰਾਂ 'ਤੇ ਆਧਾਰ ਨਾਮਾਂਕਣ ਅਤੇ ਅੱਪਡੇਸ਼ਨ ਕੇਂਦਰ ਸਥਾਪਤ ਕੀਤੇ ਹਨ। ਵਿਭਾਗ ਇਨ੍ਹਾਂ ਕੇਂਦਰਾਂ 'ਤੇ ਆਧਾਰ ਨਾਮਾਂਕਣ/ਅੱਪਡੇਸ਼ਨ ਸੇਵਾ ਰਾਹੀਂ ਲਾਭਾਰਥੀਆਂ ਦੀ ਸੇਵਾ ਕਰ ਰਿਹਾ ਹੈ।
3. ਪੋਸਟ ਔਫਿਸ ਪਾਸਪੋਰਟ ਸੇਵਾ ਕੇਂਦਰ: ਵਿਭਾਗ ਨੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਲੋਕਾਂ ਦੇ ਨੇੜੇ ਪਾਸਪੋਰਟ ਸੇਵਾਵਾਂ ਪ੍ਰਦਾਨ ਕਰਨ ਲਈ ਪੋਸਟ ਔਫਿਸ ਪਾਸਪੋਰਟ ਸੇਵਾ ਕੇਂਦਰਾਂ ਦੇ ਰੂਪ ਵਿੱਚ ਆਪਣੇ ਵਿਸ਼ਾਲ ਡਾਕ ਨੈੱਟਵਰਕ ਦਾ ਲਾਭ ਉਠਾਇਆ ਹੈ। ਦੇਸ਼ ਭਰ ਵਿੱਚ ਚੱਲ ਰਹੇ ਪੋਸਟ ਔਫਿਸ ਪਾਸਪੋਰਟ ਸੇਵਾ ਕੇਂਦਰਾਂ ਤੋਂ ਲਾਭਾਰਥੀਆਂ ਨੂੰ ਲਾਭ ਮਿਲਿਆ ਹੈ।
4. ਗੰਗਾਜਲ: ਵਿਭਾਗ ਨੇ ਸ਼ਰਧਾਲੂਆਂ ਨੂੰ ਗੰਗਾਜਲ ਦੀਆਂ ਬੋਤਲਾਂ ਵੰਡੀਆਂ/ਵੇਚੀਆਂ ਹਨ।
5. ਪਵਿੱਤਰ ਪ੍ਰਸਾਦਮ: ਸ਼ਰਧਾਲੂਆਂ ਦੇ ਦਰਵਾਜ਼ੇ 'ਤੇ ਚੜ੍ਹਾਵਾ ਪਹੁੰਚਾਉਣ ਲਈ ਵਿਭਾਗ ਨੇ ਦੇਸ਼ ਭਰ ਦੇ ਬਹੁਤ ਸਾਰੇ ਮੰਦਰਾਂ ਨਾਲ ਸਮਝੌਤਾ ਕੀਤਾ ਹੈ।
ਜਦੋਂ ਬਹੁਗਿਣਤੀ ਆਬਾਦੀ ਅਤੇ ਨਿਊਨਤਮ ਸਿਹਤ ਢਾਂਚੇ ਵਾਲੇ ਸਾਡੇ ਦੇਸ਼ ਵਿੱਚ ਕੋਵਿਡ 2019 ਜਿਹੀ ਮਹਾਮਾਰੀ ਫੈਲੀ, ਉਦੋਂ ਸਾਡੇ ਭਾਰਤੀ ਡਾਕ ਵਿਭਾਗ ਜਾਂ ਭਾਰਤੀ ਡਾਕ ਪ੍ਰਣਾਲੀ ਦੀ ਸਹੀ ਅਰਥਾਂ ਵਿੱਚ ਉਪਯੋਗਤਾ ਨੂੰ ਸਮਝਿਆ ਗਿਆ। ਪਿੰਡਾਂ ਤੋਂ ਕਸਬਿਆਂ ਤੋਂ ਲੈ ਕੇ ਸ਼ਹਿਰਾਂ ਅਤੇ ਵੱਡੇ ਮਹਾਂਨਗਰਾਂ ਤੱਕ ਸਾਡੇ ਕਰਮਚਾਰੀਆਂ, ਡਾਕ ਸੇਵਕਾਂ ਨੇ ਪੂਰੀ ਚੁਸਤੀ-ਫੁਰਤੀ ਨਾਲ ਸਥਿਤੀ ਦੀਆਂ ਮੰਗਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਅਤੇ ਇਸ ਗੱਲ ਦੀ ਦੇਸ਼ ਹੀ ਨਹੀਂ ਬਲਕਿ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਵੀ ਸ਼ਲਾਘਾ ਕੀਤੀ ਗਈ। ਸਿੱਖਿਆ, ਸਿਹਤ, ਸੂਚਨਾ, ਵਿੱਤ, ਪ੍ਰਸੋਨਲ ਮੰਤਰਾਲਾ ਜਿਵੇਂ ਕਿ ਤਨਖਾਹ ਜਾਂ ਪੈਨਸ਼ਨ ਵੰਡ, ਬੱਚਤ ਪ੍ਰੋਤਸਾਹਨ ਜਿਹੇ ਬੁਨਿਆਦੀ ਖੇਤਰਾਂ ਵਿੱਚ ਡਾਕ ਵਿਭਾਗ ਦਾ ਯੋਗਦਾਨ ਅਜੇ ਵੀ ਜਾਣਿਆ ਅਤੇ ਮੰਨਿਆ ਜਾਂਦਾ ਹੈ।
ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਵਿੱਚੋਂ ਲੰਘਣ ਤੋਂ ਬਾਅਦ ਹੁਣ ਡਾਕ ਵਿਭਾਗ ਆਜ਼ਾਦੀ ਦੇ ਅੰਮ੍ਰਿਤ ਕਾਲ ਵੱਲ ਅੱਗੇ ਵੱਧ ਰਿਹਾ ਹੈ ਅਤੇ ਦੇਸ਼ ਦੇ ਲੋਕਾਂ ਦੀ ਸੇਵਾ ਵਿੱਚ ਲੱਗਾ ਹੋਇਆ ਇਹ ਵਿਭਾਗ ਸਹੀ ਅਰਥਾਂ ਵਿੱਚ ਵਧਾਈ ਅਤੇ ਧੰਨਵਾਦ ਦਾ ਹੱਕਦਾਰ ਹੈ।
*********
(Features ID: 151172)
Visitor Counter : 7