Posted On:
24 NOV 2026 5:55PM by PIB Chandigarh
ਉਪ-ਰਾਸ਼ਟਰਪਤੀ ਅਤੇ ਦਿੱਲੀ ਯੂਨੀਵਰਸਿਟੀ ਦੇ ਕੁਲਪਤੀ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਅੱਜ ਨਵੀਂ ਦਿੱਲੀ ਸਥਿਤ ਉਪ-ਰਾਸ਼ਟਰਪਤੀ ਭਵਨ ਵਿਖੇ ਲੰਡਨ ਸਕੂਲ ਆਫ਼ ਇਕਨਾਮਿਕਸ ਐਂਡ ਪੋਲੀਟੀਕਲ ਸਾਇੰਸ (ਐੱਲ.ਐੱਸ.ਈ.), ਦਿੱਲੀ ਯੂਨੀਵਰਸਿਟੀ ਦੇ ਦਿੱਲੀ ਸਕੂਲ ਆਫ਼ ਇਕਨਾਮਿਕਸ ਅਤੇ ਇੰਸਟੀਚਿਊਟ ਆਫ਼ ਇਕਨਾਮਿਕ ਗ੍ਰੋਥ (ਆਈ.ਈ.ਜੀ.) ਵਿਚਾਲੇ ਸਹਿਮਤੀ ਪੱਤਰ (ਐੱਮ.ਓ.ਯੂ.) ਦੇ ਅਦਾਨ-ਪ੍ਰਦਾਨ ਸਮਾਗਮ ਵਿੱਚ ਸ਼ਿਰਕਤ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਉਪ-ਰਾਸ਼ਟਰਪਤੀ ਨੇ ਇਸ ਸਹਿਯੋਗ ਨੂੰ ਤਿੰਨਾਂ ਵੱਕਾਰੀ ਸੰਸਥਾਵਾਂ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਿਆ। ਉਨ੍ਹਾਂ ਕਿਹਾ ਕਿ ਇਹ ਭਾਈਵਾਲੀ ਸਾਡੇ ਸਮੇਂ ਦੀਆਂ ਕੁਝ ਸਭ ਤੋਂ ਗੰਭੀਰ ਆਰਥਿਕ ਅਤੇ ਸਮਾਜਿਕ ਚੁਣੌਤੀਆਂ ਦਾ ਹੱਲ ਲੱਭਣ ਲਈ ਅਕਾਦਮਿਕ ਉੱਤਮਤਾ, ਖੋਜ ਸਮਰੱਥਾਵਾਂ ਅਤੇ ਨੀਤੀਗਤ ਤਜਰਬੇ ਨੂੰ ਇੱਕ ਮੰਚ 'ਤੇ ਲਿਆਉਂਦੀ ਹੈ। ਇਨ੍ਹਾਂ ਸੰਸਥਾਵਾਂ ਵਿਚਾਲੇ ਸਹਿਯੋਗ ਨੂੰ ਹੁਲਾਰਾ ਦੇਣ ਲਈ ਇਸ ਸਾਲ ਦੇ ਸ਼ੁਰੂ ਵਿੱਚ ਸ਼੍ਰੀ ਐਨ. ਕੇ. ਸਿੰਘ ਨਾਲ ਹੋਈ ਚਰਚਾ ਨੂੰ ਯਾਦ ਕਰਦਿਆਂ ਉਨ੍ਹਾਂ ਤਸੱਲੀ ਪ੍ਰਗਟਾਈ ਕਿ ਇਹ ਵਿਚਾਰ ਇੱਕ ਠੋਸ ਸੰਸਥਾਗਤ ਭਾਈਵਾਲੀ ਦੇ ਰੂਪ ਵਿੱਚ ਸਾਹਮਣੇ ਆਇਆ ਹੈ।
ਖੋਜ ਅਤੇ ਅਕਾਦਮਿਕ ਉੱਤਮਤਾ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਉਪ-ਰਾਸ਼ਟਰਪਤੀ ਨੇ ਕਿਹਾ ਕਿ ਯੂਨੀਵਰਸਿਟੀਆਂ ਨੂੰ ਭਾਰਤ ਦੇ ਨੌਜਵਾਨਾਂ ਨੂੰ ਬਿਹਤਰੀਨ ਮੌਕੇ ਪ੍ਰਦਾਨ ਕਰਨ ਲਈ ਆਪਣੀਆਂ ਖੋਜ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਆਪਣੀ ਆਲਮੀ ਦਰਜਾਬੰਦੀ ਵਿੱਚ ਸੁਧਾਰ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਅੱਜ ਉਪਲਬਧ ਮੌਕਿਆਂ ਦਾ ਪੂਰਾ ਲਾਭ ਉਠਾਉਣ ਅਤੇ ਰਾਸ਼ਟਰ ਦੇ ਵਿਕਾਸ ਵਿੱਚ ਸਾਰਥਕ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਸਹਿਯੋਗ ਨਾਲ ਅਕਾਦਮਿਕ ਅਦਾਨ-ਪ੍ਰਦਾਨ, ਸਾਂਝੀ ਖੋਜ, ਸਿਖਲਾਈ ਪ੍ਰੋਗਰਾਮਾਂ ਅਤੇ ਵਿਦਿਆਰਥੀ-ਅਧਿਆਪਕ ਅਦਾਨ-ਪ੍ਰਦਾਨ ਨੂੰ ਉਤਸ਼ਾਹ ਮਿਲੇਗਾ, ਜਿਸ ਨਾਲ ਆਪਸੀ ਸਿੱਖਣ ਅਤੇ ਗਿਆਨ ਸਿਰਜਣਾ ਦੇ ਨਵੇਂ ਰਾਹ ਖੁੱਲ੍ਹਣਗੇ।
ਉਪ-ਰਾਸ਼ਟਰਪਤੀ ਨੇ ਤਿੰਨਾਂ ਸੰਸਥਾਵਾਂ ਨੂੰ ਸ਼ਾਮਲ ਕਰਦਿਆਂ ਇੱਕ ਸਾਂਝੇ ਖੋਜ ਬੀਜ ਨਿਧੀ ਦੇ ਪ੍ਰਸਤਾਵ ਦਾ ਵਿਸ਼ੇਸ਼ ਤੌਰ 'ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸਥਿਰਤਾ, ਆਰਟੀਫੀਸ਼ੀਅਲ ਇੰਟੈਲੀਜੈਂਸ, ਜਨਤਕ ਨੀਤੀ, ਭੂ-ਰਾਜਨੀਤੀ ਅਤੇ ਅੰਤਰਰਾਸ਼ਟਰੀ ਵਪਾਰ ਸਮੇਤ ਸਹਿਯੋਗ ਲਈ ਚੁਣੇ ਗਏ ਖੇਤਰ ਮੌਜੂਦਾ ਚੁਣੌਤੀਆਂ ਦੇ ਸੰਦਰਭ ਵਿੱਚ ਬੇਹੱਦ ਢੁਕਵੇਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਪਹਿਲਕਦਮੀ ਨੌਜਵਾਨ ਖੋਜਕਾਰਾਂ ਨੂੰ ਉਤਸ਼ਾਹਿਤ ਕਰੇਗੀ, ਮੌਲਿਕ ਵਿਦਵਤਾ ਨੂੰ ਹੁਲਾਰਾ ਦੇਵੇਗੀ ਅਤੇ ਵਿਹਾਰਕ ਨੀਤੀਗਤ ਸਿਫ਼ਾਰਸ਼ਾਂ ਤਿਆਰ ਕਰੇਗੀ। ਉਨ੍ਹਾਂ ਭਾਰਤੀ ਆਰਥਿਕ ਸੇਵਾ ਦੇ ਅਧਿਕਾਰੀਆਂ ਦੀ ਸਿਖਲਾਈ ਨੂੰ ਹੋਰ ਬਿਹਤਰ ਬਣਾਉਣ ਲਈ ਆਈ.ਈ.ਜੀ. ਅਤੇ ਐੱਲ.ਐੱਸ.ਈ. ਵਿਚਾਲੇ ਪ੍ਰਸਤਾਵਿਤ ਸਹਿਯੋਗ 'ਤੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਖੋਜ ਅਤੇ ਨੀਤੀਗਤ ਅਭਿਆਸਾਂ ਦੇ ਅੰਤਰਰਾਸ਼ਟਰੀ ਤਜਰਬੇ ਨਾਲ ਉਨ੍ਹਾਂ ਦੀਆਂ ਪੇਸ਼ਾਵਰ ਸਮਰੱਥਾਵਾਂ ਨੂੰ ਹੋਰ ਮਜ਼ਬੂਤੀ ਮਿਲੇਗੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਵਿਕਾਸ ਯਾਤਰਾ 'ਤੇ ਚਾਨਣਾ ਪਾਉਂਦਿਆਂ ਉਪ-ਰਾਸ਼ਟਰਪਤੀ ਨੇ ਗ਼ਰੀਬੀ ਖ਼ਤਮ ਕਰਨ, ਰਿਹਾਇਸ਼, ਪੇਂਡੂ ਬਿਜਲੀਕਰਨ ਅਤੇ ਨਲ ਦੇ ਪਾਣੀ ਦੇ ਕੁਨੈਕਸ਼ਨਾਂ ਵਿੱਚ ਹੋਈਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ 'ਵਿਕਸਿਤ ਭਾਰਤ@2047' ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਸਾਰੇ ਖੇਤਰਾਂ, ਸੂਬਿਆਂ ਅਤੇ ਸਮਾਜ ਦੇ ਹਰ ਵਰਗ ਦਾ ਸਰਬਪੱਖੀ ਤੇ ਸਮਾਵੇਸ਼ੀ ਵਿਕਾਸ ਜ਼ਰੂਰੀ ਹੈ। ਬਰਾਬਰ ਵੰਡ ਦੇ ਨਾਲ-ਨਾਲ ਦੌਲਤ ਸਿਰਜਣ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਆਰਥਿਕ ਤਰੱਕੀ ਦਾ ਅੰਤਿਮ ਨਤੀਜਾ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਦੇ ਰੂਪ ਵਿੱਚ ਸਾਹਮਣੇ ਆਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਰੇਖਾਂਕਿਤ ਕੀਤਾ ਕਿ ਆਲਮੀ ਅਤੇ ਘਰੇਲੂ ਤਰਜੀਹਾਂ ਮਨੁੱਖੀ ਵਿਕਾਸ, ਚੰਗੇ ਸ਼ਾਸਨ ਅਤੇ ਨਾਗਰਿਕਾਂ ਦੀ ਭਲਾਈ 'ਤੇ ਕੇਂਦਰਿਤ ਰਹਿਣੀਆਂ ਚਾਹੀਦੀਆਂ ਹਨ।
'ਗਲੋਬਲ ਸਾਊਥ' ਵਿੱਚ ਭਾਰਤ ਦੀ ਵਧਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਉਪ-ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੀਆਂ ਲੋਕਤੰਤਰੀ ਸੰਸਥਾਵਾਂ, ਵਿਭਿੰਨਤਾ ਅਤੇ ਵਿਕਾਸ ਦੇ ਤਜਰਬਿਆਂ ਕੋਲ ਅੰਤਰਰਾਸ਼ਟਰੀ ਅਕਾਦਮਿਕ ਭਾਈਚਾਰੇ ਨੂੰ ਦੇਣ ਲਈ ਬਹੁਤ ਕੁਝ ਹੈ। ਉਨ੍ਹਾਂ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਦੇ ਤਜਰਬਿਆਂ ਨੂੰ ਆਲਮੀ ਅਕਾਦਮਿਕ ਅਤੇ ਨੀਤੀਗਤ ਢਾਂਚੇ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ ਅਤੇ ਅਜਿਹੀਆਂ ਭਾਈਵਾਲੀਆਂ ਅੰਤਰਰਾਸ਼ਟਰੀ ਖੋਜ ਅਤੇ ਨੀਤੀਗਤ ਵਿਚਾਰ-ਵਟਾਂਦਰੇ ਨੂੰ ਹੋਰ ਅਮੀਰ ਬਣਾ ਸਕਦੀਆਂ ਹਨ।
ਉਪ-ਰਾਸ਼ਟਰਪਤੀ ਨੇ ਭਰੋਸਾ ਪ੍ਰਗਟਾਇਆ ਕਿ ਇਹ ਸਹਿਯੋਗ ਸੰਸਥਾਗਤ ਸੀਮਾਵਾਂ ਤੋਂ ਪਾਰ ਜਾਵੇਗਾ ਅਤੇ ਸਾਰਥਕ ਬੌਧਿਕ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਯੂਨੀਵਰਸਿਟੀ ਦੇ ਕੁਲਪਤੀ ਵਜੋਂ ਉਹ ਇਸ ਪਹਿਲਕਦਮੀ ਦੀ ਪ੍ਰਗਤੀ ਅਤੇ ਨਤੀਜਿਆਂ ਦੀ ਨਿੱਜੀ ਤੌਰ 'ਤੇ ਨਿਗਰਾਨੀ ਕਰਨਗੇ ਅਤੇ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨਗੇ। ਉਨ੍ਹਾਂ ਹੋਰਨਾਂ ਯੂਨੀਵਰਸਿਟੀਆਂ ਨੂੰ ਵੀ ਇਸ ਭਾਈਵਾਲੀ ਤੋਂ ਪ੍ਰੇਰਨਾ ਲੈਣ ਅਤੇ ਇਸੇ ਤਰ੍ਹਾਂ ਦੇ ਸਹਿਯੋਗ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਉਹ ਅਕਾਦਮਿਕ ਉੱਤਮਤਾ ਅਤੇ ਸਾਂਝੇ ਗਿਆਨ ਨੂੰ ਸਮਾਜ ਦੀ ਠੋਸ ਤਰੱਕੀ ਵਿੱਚ ਬਦਲਣ।
ਇਸ ਸਮਾਗਮ ਵਿੱਚ ਇੰਸਟੀਚਿਊਟ ਆਫ਼ ਇਕਨਾਮਿਕ ਗ੍ਰੋਥ ਦੇ ਪ੍ਰਧਾਨ ਸ਼੍ਰੀ ਐਨ. ਕੇ. ਸਿੰਘ; ਲੰਡਨ ਸਕੂਲ ਆਫ਼ ਇਕਨਾਮਿਕਸ ਐਂਡ ਪੋਲੀਟੀਕਲ ਸਾਇੰਸ ਦੇ ਪ੍ਰਧਾਨ ਅਤੇ ਵਾਈਸ-ਚਾਂਸਲਰ ਪ੍ਰੋ. ਲੈਰੀ ਕ੍ਰੇਮਰ; ਇੰਸਟੀਚਿਊਟ ਆਫ਼ ਇਕਨਾਮਿਕ ਗ੍ਰੋਥ ਦੇ ਚੇਅਰਮੈਨ ਡਾ. ਮਾਈਕਲ ਦੇਬਬ੍ਰਤ ਪਾਤਰਾ; ਅਤੇ ਦਿੱਲੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਯੋਗੇਸ਼ ਸਿੰਘ ਸਮੇਤ ਹੋਰ ਪਤਵੰਤੇ ਸੱਜਣ, ਫੈਕਲਟੀ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
*********
ਪੀਆਰ/ਏਐੱਸਐੱਮ/ਵੀਐੱਮਜੇ