ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਿਹਾਰ ਦੇ ਵੈਸ਼ਾਲੀ ਵਿੱਚ ਲਗਭਗ 34,470 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ


ਅਸੀਂ ਅਜਿਹਾ ਬਿਹਾਰ ਬਣਾ ਰਹੇ ਹਾਂ ਜੋ ਵਧੇਰੇ ਮਜ਼ਬੂਤ, ਖੁਸ਼ਹਾਲ ਅਤੇ ਮੌਕਿਆਂ ਨਾਲ ਭਰਪੂਰ ਹੋਵੇ: ਪ੍ਰਧਾਨ ਮੰਤਰੀ

ਗੰਗਾ ਮਾਂ 'ਤੇ ਬਣੇ ਛੇ ਮਾਰਗੀ ਦਰਗਾਹ-ਬਿਦੂਪੁਰ ਕੇਬਲ ਪੁਲ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ; ਸਤਿਕਾਰਯੋਗ ਨਿਤੀਸ਼ ਜੀ ਦੇ ਸਨਮਾਨ ਵਿੱਚ ਇਸ ਆਧੁਨਿਕ ਪੁਲ ਦਾ ਨਾਮ ‘ਨਿਤੀਸ਼ ਸੇਤੂ’ ਰੱਖਿਆ ਗਿਆ ਹੈ: ਪ੍ਰਧਾਨ ਮੰਤਰੀ

ਅਸੀਂ ਕਰੋੜਾਂ ਗਰੀਬ ਨਾਗਰਿਕਾਂ ਦੇ ਜੀਵਨ ਨੂੰ ਸੁਖਾਲ਼ਾ ਬਣਾਉਣ ਅਤੇ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਨੂੰ ਤਰਜੀਹ ਦਿੱਤੀ ਹੈ: ਪ੍ਰਧਾਨ ਮੰਤਰੀ

Posted On: 21 NOV 2026 5:09PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਵੈਸ਼ਾਲੀ ਵਿੱਚ ਲਗਭਗ 34,470 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਆਸਥਾ ਦਾ ਮਹਾਪੁਰਬ ‘ਛੱਠ’ ਹੁਣੇ ਹੀ ਸੰਪੂਰਨ ਹੋਇਆ ਹੈ। ਇਸ ਮਹਾਪੁਰਬ ਦੌਰਾਨ ਮਾਤਾਵਾਂ ਅਤੇ ਭੈਣਾਂ ਨੇ ਆਪਣੇ ਪਰਿਵਾਰ, ਸਮਾਜ ਅਤੇ ਪੂਰੇ ਵਿਸ਼ਵ ਦੀ ਭਲਾਈ ਲਈ ਕਰੜਾ ‘ਨਿਰਜਲਾ’ ਵਰਤ ਰੱਖਿਆ। ਸ਼੍ਰੀ ਮੋਦੀ ਨੇ ਕਿਹਾ, “ਹੁਣ ਛੱਠੀ ਮਾਤਾ ਦੇ ਆਸ਼ੀਰਵਾਦ ਨਾਲ ਅਸੀਂ ਇੱਥੇ ਵਿਕਾਸ ਦਾ ਉਤਸਵ ਮਨਾ ਰਹੇ ਹਾਂ।”

ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਬਿਹਾਰ ਦੀ ਵਿਕਾਸ ਯਾਤਰਾ 'ਸਬਕਾ ਸਾਥ, ਸਬਕਾ ਵਿਕਾਸ' ਦੇ ਮੰਤਰ ਨਾਲ ਅੱਗੇ ਵਧੀ ਹੈ ਅਤੇ ਇਸ ਵਿੱਚ ਲੋਕਤੰਤਰ ਦੀ ਸ਼ਕਤੀ ਨੂੰ ਲੋਕ-ਭਲਾਈ ਦਾ ਮਾਧਿਅਮ ਬਣਾਇਆ ਗਿਆ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਤੰਤਰ ਦੀ ਮਹਾਨ ਧਰਤੀ ਵੈਸ਼ਾਲੀ ਨੂੰ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਇੱਕ ਸਾਲ ਪੂਰਾ ਹੋਣ ਦੇ ਮੌਕੇ ਲਈ ਚੁਣਨਾ ਬਿਲਕੁਲ ਢੁਕਵਾਂ ਹੈ। ਵੈਸ਼ਾਲੀ ਅਤੇ ਬਿਹਾਰ ਦੀ ਮਿੱਟੀ ਨੂੰ ਸਿਜਦਾ ਕਰਦਿਆਂ ਉਨ੍ਹਾਂ ਨੇ ਇਸ ਪ੍ਰਾਪਤੀ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ ਕਿਵੇਂ ਲਗਭਗ ਤਿੰਨ ਦਹਾਕੇ ਪਹਿਲਾਂ ਬਿਹਾਰ ਨੇ ਉਮੀਦ ਅਤੇ ਭਰੋਸੇ ਦਾ ਇੱਕ ਨਵਾਂ ਰਾਹ ਚੁਣਿਆ ਸੀ ਅਤੇ ਮੁੱਖ ਮੰਤਰੀ ਵਜੋਂ ਸਤਿਕਾਰਯੋਗ ਨਿਤੀਸ਼ ਕੁਮਾਰ ਦੇ ਲੰਬੇ ਕਾਰਜਕਾਲ ਦੌਰਾਨ ਸੂਬੇ ਨੇ ਸੁਸ਼ਾਸਨ ਦੀ ਦਿਸ਼ਾ ਵਿੱਚ ਕਦਮ ਵਧਾਏ ਸਨ ਅਤੇ ਹੁਣ ਉਨ੍ਹਾਂ ਦੇ ਆਸ਼ੀਰਵਾਦ ਨਾਲ ਸਮਰਾਟ ਚੌਧਰੀ ਇਸ ਯਾਤਰਾ ਨੂੰ ਅੱਗੇ ਲੈ ਕੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਹਜ਼ਾਰਾਂ ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਗੰਗਾ ਮਾਂ 'ਤੇ ਬਣਿਆ ਛੇ ਮਾਰਗੀ 'ਦਰਗਾਹ-ਬਿਦੂਪੁਰ ਕੇਬਲ ਪੁਲ' ਵੀ ਸ਼ਾਮਲ ਹੈ, ਜਿਸ ਦਾ ਨਾਮ ਨਿਤੀਸ਼ ਕੁਮਾਰ ਦੇ ਸਨਮਾਨ ਵਿੱਚ ‘ਨਿਤੀਸ਼ ਸੇਤੂ’ ਰੱਖਿਆ ਗਿਆ ਹੈ। ਇਸ ਪੁਲ ਦੇ ਸਮਾਜਿਕ ਪ੍ਰਭਾਵਾਂ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਨਾਲ ਪਟਨਾ ਅਤੇ ਵੈਸ਼ਾਲੀ ਵਿਚਾਲੇ ਦੂਰੀ ਅਤੇ ਮੁਸ਼ਕਲਾਂ ਘਟਣ ਦੇ ਨਾਲ-ਨਾਲ ਫ਼ਸਲਾਂ, ਫਲਾਂ, ਸਬਜ਼ੀਆਂ, ਦੁੱਧ ਅਤੇ ਦਹੀਂ ਨੂੰ ਵੱਡੀਆਂ ਮੰਡੀਆਂ ਤੱਕ ਪਹੁੰਚਾਉਣਾ ਸੌਖਾ ਹੋ ਜਾਵੇਗਾ। ਸ਼੍ਰੀ ਮੋਦੀ ਨੇ ਕਿਹਾ, “ਇਸ ਨਾਲ ਇੱਥੋਂ ਦੇ ਨੌਜਵਾਨਾਂ ਲਈ ਸਿੱਖਿਆ ਪ੍ਰਾਪਤ ਕਰਨਾ ਸੁਖਾਲ਼ਾ ਹੋਵੇਗਾ ਅਤੇ ਬਜ਼ੁਰਗਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲ ਸਕਣਗੀਆਂ।”

ਸਮੁੱਚੇ ਬਿਹਾਰ ਵਿੱਚ ਆਧੁਨਿਕ ਸੜਕੀ ਨੈੱਟਵਰਕ ਦੇ ਤੇਜ਼ੀ ਨਾਲ ਹੋ ਰਹੇ ਵਿਸਥਾਰ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਛੇ ਮਾਰਗੀ ਔਰੰਗਾਬਾਦ-ਚੋਰਦਾਹਾ ਰਾਜਮਾਰਗ ਦੇ ਉਦਘਾਟਨ ਅਤੇ ਕਈ ਹੋਰ ਰਾਜਮਾਰਗ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਨ੍ਹਾਂ ਪ੍ਰੋਜੈਕਟਾਂ 'ਤੇ ਸੈਂਕੜੇ ਕਰੋੜ ਰੁਪਏ ਖਰਚ ਕੀਤੇ ਜਾਣਗੇ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੜਕੀ ਨੈੱਟਵਰਕ ਦੇ ਨਾਲ-ਨਾਲ ਬਿਹਾਰ ਵਿੱਚ ਊਰਜਾ ਅਤੇ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਵੀ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ। ਬਕਸਰ ਤਾਪ ਬਿਜਲੀ ਪਲਾਂਟ ਦੇ ਨਿਰਮਾਣ, ਪੀਰਪੈਂਤੀ ਤਾਪ ਬਿਜਲੀ ਪਲਾਂਟ ਦੀ ਟ੍ਰਾਂਸਮਿਸ਼ਨ ਪ੍ਰਣਾਲੀ ਦਾ ਨੀਂਹ ਪੱਥਰ ਰੱਖਣ ਅਤੇ ਫੁਲਵਰੀਆ ਬੰਨ੍ਹ 'ਤੇ ਸੌਰ ਊਰਜਾ ਪਲਾਂਟ ਦੀ ਸਥਾਪਨਾ ਵਰਗੀਆਂ ਵੱਡੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਸੂਬੇ ਦੇ ਅਤੀਤ ਅਤੇ ਵਰਤਮਾਨ ਦੀ ਤੁਲਨਾ ਕੀਤੀ। ਸ਼੍ਰੀ ਮੋਦੀ ਨੇ ਕਿਹਾ, “ਇੱਕ ਸਮਾਂ ਸੀ ਜਦੋਂ ਬਿਹਾਰ ਦੇ ਹਜ਼ਾਰਾਂ ਪਿੰਡਾਂ ਤੱਕ ਬਿਜਲੀ ਨਹੀਂ ਪਹੁੰਚੀ ਸੀ, ਪਰ ਅੱਜ ਬਿਹਾਰ ਬਿਜਲੀ ਉਤਪਾਦਨ ਦਾ ਇੱਕ ਪ੍ਰਮੁੱਖ ਕੇਂਦਰ ਬਣ ਰਿਹਾ ਹੈ।”

ਅੱਜ ਸ਼ਹਿਰੀ ਆਵਾਜਾਈ ਨੂੰ ਸੁਖਾਲ਼ਾ ਬਣਾਉਣ ਲਈ 100 ਆਧੁਨਿਕ ‘ਪੀਐੱਮ ਈ-ਬੱਸਾਂ’ ਨੂੰ ਰਵਾਨਾ ਕੀਤੇ ਜਾਣ ਦੇ ਨਾਲ-ਨਾਲ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਤਹਿਤ ਹਜ਼ਾਰਾਂ ਗਰੀਬ ਪਰਿਵਾਰਾਂ ਨੂੰ ਪੱਕੇ ਮਕਾਨਾਂ ਦੀਆਂ ਚਾਬੀਆਂ ਸੌਂਪੇ ਜਾਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਪ੍ਰਗਤੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਮੈਂ ਇਨ੍ਹਾਂ ਸਾਰੇ ਵਿਕਾਸ ਕਾਰਜਾਂ ਲਈ ਬਿਹਾਰ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ।”

ਬਿਹਾਰ ਦੇ ਬਦਲਾਅ ਦੀ ਲੰਬੀ ਯਾਤਰਾ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪੂਰਾ ਧਿਆਨ ਨਿਵੇਸ਼ ਦੇ ਅੰਕੜਿਆਂ, ਅਪਰਾਧੀਆਂ ਵਿਰੁੱਧ ਕਾਰਵਾਈ ਅਤੇ ਪੂਰੇ ਸੂਬੇ ਵਿੱਚ ਵਿਕਾਸ ਦੀ ਇੱਕ ਸਿਹਤਮੰਦ ਮੁਕਾਬਲੇਬਾਜ਼ੀ 'ਤੇ ਹੈ। ਸ਼੍ਰੀ ਮੋਦੀ ਨੇ ਕਿਹਾ, “ਭਾਵੇਂ ਉੱਤਰੀ ਬਿਹਾਰ ਹੋਵੇ, ਨਾਲੰਦਾ-ਗਯਾਜੀ ਹੋਵੇ, ਸ਼ਾਹਾਬਾਦ-ਕੈਮੂਰ ਹੋਵੇ ਜਾਂ ਰਾਜਧਾਨੀ ਪਟਨਾ, ਹਰ ਖੇਤਰ ਵਿੱਚ ਵਿਕਾਸ ਦੀ ਇੱਕ ਨਵੀਂ ਗਾਥਾ ਲਿਖੀ ਜਾ ਰਹੀ ਹੈ।”

ਪ੍ਰਧਾਨ ਮੰਤਰੀ ਨੇ ਬਿਹਾਰ ਦੀ ਤੇਜ਼ ਰਫ਼ਤਾਰ ਤਰੱਕੀ ਦੇ ਸਬੂਤ ਵਜੋਂ ਮੌਜੂਦਾ ਸਰਕਾਰ ਦੇ ਪਿਛਲੇ ਇੱਕ ਸਾਲ ਦੀਆਂ ਵੱਖ-ਵੱਖ ਉਪਲਬਧੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੋ ਲੱਖ ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਸਮਝੌਤਿਆਂ, ਗਯਾਜੀ ਵਿੱਚ 6,000 ਕਰੋੜ ਰੁਪਏ ਦੀ ਲਾਗਤ ਵਾਲੇ ਇਸਪਾਤ ਪ੍ਰੋਜੈਕਟ 'ਤੇ ਕੰਮ ਸ਼ੁਰੂ ਹੋਣ, ਮੋਤੀਹਾਰੀ ਸਮੇਤ ਵੱਖ-ਵੱਖ ਬੰਦ ਪਈਆਂ ਖੰਡ ਮਿੱਲਾਂ ਨੂੰ ਮੁੜ ਸ਼ੁਰੂ ਕਰਨ ਲਈ ਗੰਨੇ ਨਾਲ ਸਬੰਧਤ ਨਵੀਂ ਪ੍ਰੋਤਸਾਹਨ ਨੀਤੀ, ਕਿਸਾਨਾਂ ਦੇ ਹਰ ਖੇਤ ਤੱਕ ਪਾਣੀ ਪਹੁੰਚਾਉਣ ਲਈ 11,000 ਨਵੇਂ ਟਿਊਬਵੈੱਲ ਲਗਾਉਣ ਦੀ ਪਹਿਲਕਦਮੀ, ਸਿੰਚਾਈ ਲਈ 12 ਘੰਟੇ ਬਿਜਲੀ ਯਕੀਨੀ ਬਣਾਉਣ ਦੇ ਇਤਿਹਾਸਕ ਫੈਸਲੇ, ਇੱਕ ਸਾਲ ਵਿੱਚ 200 ਤੋਂ ਵੱਧ ਨਵੇਂ ਡਿਗਰੀ ਕਾਲਜਾਂ ਦੀ ਸ਼ੁਰੂਆਤ ਅਤੇ ਧੀਆਂ ਲਈ ‘ਮਾਂ ਸੀਤਾ ਮਹਿਲਾ ਯੂਨੀਵਰਸਿਟੀ’ ਨੂੰ ਮਨਜ਼ੂਰੀ ਮਿਲਣ ਵਰਗੀਆਂ ਕਈ ਉਪਲਬਧੀਆਂ ਗਿਣਾਈਆਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਬਿਹਾਰ ਦੇ ਵਿਕਾਸ ਦੀ ਇਹ ਸੂਚੀ ਇੰਨੀ ਲੰਬੀ ਹੈ ਕਿ ਇਸ ਨੂੰ ਕਿਸੇ ਮੰਚ ਤੋਂ ਪੂਰੀ ਤਰ੍ਹਾਂ ਗਿਣਾਇਆ ਨਹੀਂ ਜਾ ਸਕਦਾ; ਬਿਹਾਰ ਦੇ ਵਿਕਾਸ ਨੂੰ ਤਾਂ ਇੱਥੇ ਆ ਕੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ।”

ਇਹ ਆਖਦਿਆਂ ਕਿ ਸਪੱਸ਼ਟ ਇਰਾਦੇ ਨਾਲ ਅਸਲ ਨਤੀਜੇ ਹਾਸਲ ਹੁੰਦੇ ਹਨ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ 12 ਸਾਲਾਂ ਦੇ ਅੰਦਰ 50 ਕਰੋੜ ਲੋਕਾਂ ਨੂੰ ਗਰੀਬੀ ਦੇ ਜਾਲ ਵਿੱਚੋਂ ਬਾਹਰ ਕੱਢਿਆ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਇਹ ਸਰਕਾਰ ਦੀ ਦ੍ਰਿੜ੍ਹ ਇੱਛਾ-ਸ਼ਕਤੀ ਦਾ ਨਤੀਜਾ ਹੈ ਅਤੇ ਇਹ ਗਰੀਬਾਂ ਦੀ ਭਲਾਈ ਲਈ ਚਲਾਈਆਂ ਗਈਆਂ ਵੱਖ-ਵੱਖ ਸਰਕਾਰੀ ਯੋਜਨਾਵਾਂ ਦਾ ਫਲ਼ ਹੈ।”

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਗਰੀਬੀ ਵਿਰੁੱਧ ਜੰਗ ਜਿੱਤ ਰਿਹਾ ਹੈ। ਇਸ ਲਈ ਸਰਕਾਰ ਨੇ ਕਰੋੜਾਂ ਵਾਂਝੇ ਨਾਗਰਿਕਾਂ ਦੇ ਜੀਵਨ ਨੂੰ ਸੁਖਾਲ਼ਾ ਬਣਾਉਣ ਅਤੇ ਉਨ੍ਹਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਨੂੰ ਤਰਜੀਹ ਦਿੱਤੀ ਹੈ। ਇਸ ਵਿੱਚ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦੇਣਾ, ਕਰੋੜਾਂ ਪਰਿਵਾਰਾਂ ਨੂੰ ਪੱਕੇ ਮਕਾਨ ਦੇ ਕੇ ਸੁਰੱਖਿਆ ਦਾ ਅਹਿਸਾਸ ਕਰਵਾਉਣਾ, ਮਹਿੰਗੇ ਇਲਾਜ ਦੇ ਬੋਝ ਤੋਂ ਰਾਹਤ ਦੇਣ ਲਈ ਮੁਫ਼ਤ ਇਲਾਜ ਦੀ ਗਾਰੰਟੀ ਦੇਣਾ ਅਤੇ ਪਖਾਨੇ, ਬਿਜਲੀ ਤੇ ਪਾਣੀ ਦੀ ਸਹੂਲਤ ਦੇ ਕੇ ਸਨਮਾਨਜਨਕ ਜੀਵਨ ਯਕੀਨੀ ਬਣਾਉਣਾ ਸ਼ਾਮਲ ਹੈ। ਇਨ੍ਹਾਂ ਕਦਮਾਂ ਨਾਲ ਆਏ ਬਦਲਾਅ 'ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਇਨ੍ਹਾਂ ਕਾਰਨ ਗਰੀਬ ਲੋਕਾਂ ਵਿੱਚ ਵੀ ਆਤਮ-ਵਿਸ਼ਵਾਸ ਜਾਗਿਆ ਹੈ ਅਤੇ ਉਹ ਗਰੀਬੀ ਨੂੰ ਹਰਾ ਕੇ ਅੱਗੇ ਵਧੇ ਹਨ।”

ਗਰੀਬੀ ਵਿਰੁੱਧ ਮੁਹਿੰਮ ਵਿੱਚ ਬਿਹਾਰ ਦੇ ਅਹਿਮ ਯੋਗਦਾਨ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਦੀ ਸਖ਼ਤ ਮਿਹਨਤ ਨਾਲ ਕੇਂਦਰ ਦੀਆਂ ਵੱਖ-ਵੱਖ ਯੋਜਨਾਵਾਂ ਨੂੰ ਸਹੀ ਢੰਗ ਨਾਲ ਲਾਗੂ ਕਰਕੇ ਘਰ-ਘਰ ਤੱਕ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬਿਹਾਰ ਵਿੱਚ 43 ਲੱਖ ਪਰਿਵਾਰਾਂ ਨੂੰ ਪੱਕੇ ਮਕਾਨ ਮਿਲੇ ਹਨ ਅਤੇ ਅਗਸਤ ਵਿੱਚ 11 ਲੱਖ ਹੋਰ ਮਕਾਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਲਗਭਗ 75 ਲੱਖ ਕਿਸਾਨਾਂ ਨੂੰ ‘ਪੀਐੱਮ ਕਿਸਾਨ ਸਨਮਾਨ ਨਿਧੀ’ ਤਹਿਤ ਹਜ਼ਾਰਾਂ ਕਰੋੜ ਰੁਪਏ ਮਿਲੇ ਹਨ ਅਤੇ ਸਵੈ-ਸਹਾਇਤਾ ਸਮੂਹਾਂ ਨੂੰ ਮਿਲੀ ਮਦਦ ਨਾਲ 50 ਲੱਖ ਪੇਂਡੂ ਮਹਿਲਾਵਾਂ ‘ਲਖਪਤੀ ਦੀਦੀ’ ਬਣ ਕੇ ਸਮਰੱਥ ਹੋਈਆਂ ਹਨ। ਸ਼੍ਰੀ ਮੋਦੀ ਨੇ ਕਿਹਾ, “ਇਨ੍ਹਾਂ ਹੀ ਯਤਨਾਂ ਦਾ ਨਤੀਜਾ ਹੈ ਕਿ ਅੱਜ ਬਿਹਾਰ ਦੇ ਕਰੋੜਾਂ ਲੋਕ ਗਰੀਬੀ ਵਿੱਚੋਂ ਬਾਹਰ ਆ ਗਏ ਹਨ ਅਤੇ ਦੇਸ਼ ਵੀ ਇਸ ਸਫਲਤਾ ਤੱਕ ਪਹੁੰਚ ਸਕਿਆ ਹੈ।”

ਬਿਹਾਰ ਦੀ ਬੇਮਿਸਾਲ ਵਿਕਾਸ ਯਾਤਰਾ ਲਈ ਸ਼ੁਭਕਾਮਨਾਵਾਂ ਦਿੰਦਿਆਂ ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਪ੍ਰਧਾਨ ਮੰਤਰੀ ਨੇ ਗੱਠਜੋੜ ਦੇ ਸਾਰੇ ਸਹਿਯੋਗੀਆਂ ਨੂੰ ਇਸ ਗਤੀ ਨੂੰ ਲਗਾਤਾਰ ਬਣਾਈ ਰੱਖਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਹੁਣ ਅਸੀਂ ਨਾ ਤਾਂ ਰੁਕਣਾ ਹੈ ਅਤੇ ਨਾ ਹੀ ਥੱਕਣਾ ਹੈ; ਅਸੀਂ ਇੱਕ ਸਮਰੱਥ, ਖੁਸ਼ਹਾਲ ਅਤੇ ਆਤਮਨਿਰਭਰ ਬਿਹਾਰ ਬਣਾਉਣ ਲਈ ਮਿਲ ਕੇ ਲਗਾਤਾਰ ਕੰਮ ਕਰਨਾ ਹੈ।”

***** 

ਐੱਮਜੇਪੀਐੱਸ/ਐੱਸਐੱਸ/ਵੀਜੇ/ਪੀਆਰਕੇ 


(Release ID: 2340063) ਵਿਜ਼ੀਟਰ ਕਾਊਂਟਰ : 7