ਕਬਾਇਲੀ ਮਾਮਲੇ ਮੰਤਰਾਲਾ
azadi ka amrit mahotsav

ਰਾਏਪੁਰ ਵਿੱਚ ਉੱਚ-ਪੱਧਰੀ ਮੀਟਿੰਗ ਵਿੱਚ ਬਸਤਰ ਖੇਤਰ ਦੀ ਵਿਆਪਕ ਵਿਕਾਸ ਯੋਜਨਾ ਦੀ ਸਮੀਖਿਆ ਕੀਤੀ ਗਈ


ਕਬਾਇਲੀ ਭਾਈਚਾਰਿਆਂ ਦੀ ਰੋਜ਼ੀ-ਰੋਟੀ, ਸਿਹਤ, ਸਿੱਖਿਆ, ਬੁਨਿਆਦੀ ਢਾਂਚੇ, ਜੰਗਲਾਤ ਅਧਿਕਾਰਾਂ ਅਤੇ ਸੱਭਿਆਚਾਰਕ ਵਿਰਸੇ ਉੱਤੇ ਵਿਸ਼ੇਸ਼ ਧਿਆਨ ਦਿੱਤਾ ਗਿਆ

Posted On: 19 NOV 2026 6:25PM by PIB Chandigarh

ਛੱਤੀਸਗੜ੍ਹ ਸਰਕਾਰ ਦੇ ਮੁੱਖ ਸਕੱਤਰ ਸ਼੍ਰੀ ਵਿਕਾਸ ਸ਼ੀਲ ਦੀ ਪ੍ਰਧਾਨਗੀ ਹੇਠ ਅੱਜ ਰਾਏਪੁਰ ਵਿੱਚ ਬਸਤਰ ਖੇਤਰ ਦੀ ਵਿਆਪਕ ਵਿਕਾਸ ਯੋਜਨਾ ’ਤੇ ਵਿਚਾਰ-ਵਟਾਂਦਰੇ ਲਈ ਇੱਕ ਉੱਚ-ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਤਾਲਮੇਲ ਵਾਲੀਆਂ, ਸਥਾਨਕ ਲੋੜਾਂ ਅਨੁਸਾਰ ਅਤੇ ਨਤੀਜਾ-ਮੁਖੀ ਪਹਿਲਕਦਮੀਆਂ ਰਾਹੀਂ ਬਸਤਰ ਨੂੰ ਇੱਕ ਆਦਰਸ਼ ਕਬਾਇਲੀ ਖੇਤਰ ਵਜੋਂ ਵਿਕਸਤ ਕਰਨ ’ਤੇ ਵਿਸ਼ੇਸ਼ ਚਰਚਾ ਕੀਤੀ ਗਈ।

ਕਬਾਇਲੀ ਮਾਮਲੇ ਮੰਤਰਾਲੇ (ਐੱਮਓਟੀਏ) ਦੇ ਵਫ਼ਦ ਦੀ ਅਗਵਾਈ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਮਨੀਸ਼ ਠਾਕੁਰ ਨੇ ਕੀਤੀ। ਵਫ਼ਦ ਵਿੱਚ ਮੰਤਰਾਲੇ ਦੀ ਡਾਇਰੈਕਟਰ ਸੁਸ਼੍ਰੀ ਸਮਿਧਾ ਸਿੰਘ, ਸੀਨੀਅਰ ਸਲਾਹਕਾਰ ਸ਼੍ਰੀ ਅਖਿਲਾ ਬਿਹਾਰੀਆ ਓਟਾ ਅਤੇ ਸੁਸ਼੍ਰੀ ਸ਼ਵੇਤਾ ਮਿਸ਼ਰਾ ਅਤੇ ਡੀਏਜੇਜੀਯੂਏ ( DAJGUA) ਵਿਭਾਗ ਦੇ ਸ਼੍ਰੀ ਸੁਭਾਸ਼ ਕੁਮਾਰ ਸ਼ਾਮਲ ਸਨ।

ਛੱਤੀਸਗੜ੍ਹ ਸਰਕਾਰ ਵੱਲੋਂ ਮੀਟਿੰਗ ਵਿੱਚ ਮੁੱਖ ਸਕੱਤਰ ਸ਼੍ਰੀ ਵਿਕਾਸ ਸ਼ੀਲ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਵਿਭਾਗ ਦੇ ਸ਼੍ਰੀ ਮਨੋਜ ਕੁਮਾਰ ਪਿੰਗੁਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਸ਼੍ਰੀਮਤੀ ਸ਼ਾਹਲਾ ਨਿਗਾਰ, ਸਕੂਲ ਸਿੱਖਿਆ ਵਿਭਾਗ ਦੇ ਡਾ. ਕਮਲ ਪ੍ਰੀਤ ਸਿੰਘ, ਖੇਤੀਬਾੜੀ ਵਿਕਾਸ, ਕਿਸਾਨ ਭਲਾਈ ਅਤੇ ਬਾਇਓਟੈਕਨਾਲੋਜੀ ਵਿਭਾਗ ਦੇ ਸ਼੍ਰੀ ਸਿਧਾਰਥ ਕੋਮਲ ਪਰਦੇਸ਼ੀ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸ਼੍ਰੀ ਅਮਿਤ ਕਟਾਰੀਆ, ਸੈਰ-ਸਪਾਟਾ ਅਤੇ ਸੱਭਿਆਚਾਰ ਵਿਭਾਗ ਦੇ ਸ਼੍ਰੀ ਸੌਲਿਡ ਭਾਰਤੀ ਦਾਸਨ, ਤਕਨੀਕੀ ਸਿੱਖਿਆ, ਰੁਜ਼ਗਾਰ ਅਤੇ ਹੁਨਰ ਵਿਕਾਸ ਵਿਭਾਗ ਦੇ ਸ਼੍ਰੀ ਬਸਵਾਰਾਜੂ ਐੱਸ., ਪੇਂਡੂ ਉਦਯੋਗ ਵਿਭਾਗ ਦੇ ਸ਼੍ਰੀ ਰਾਜੇਸ਼ ਸਿੰਘ ਰਾਣਾ, ਊਰਜਾ ਵਿਭਾਗ ਦੇ ਡਾ. ਸਾਰਾਂਸ਼ ਮਿੱਤਲ ਅਤੇ ਕਬਾਇਲੀ ਤੇ ਅਨੁਸੂਚਿਤ ਜਾਤੀ ਵਿਕਾਸ ਵਿਭਾਗ ਦੇ ਕਮਿਸ਼ਨਰ ਸ਼੍ਰੀ ਡੀ. ਰਾਹੁਲ ਵੈਂਕਟ ਸ਼ਾਮਲ ਸਨ।

ਵਿਕਾਸ ਯੋਜਨਾ ਵਿੱਚ ਬਸਤਰ ਮੰਡਲ (ਡਿਵੀਜ਼ਨ) ਦੇ ਸੱਤ ਜ਼ਿਲ੍ਹਿਆਂ—ਬਸਤਰ, ਕਾਂਕੇਰ, ਕੋਡਾਗਾਉਂ, ਨਾਰਾਇਣਪੁਰ, ਦੰਤੇਵਾੜਾ, ਬੀਜਾਪੁਰ ਅਤੇ ਸੁਕਮਾ ਨੂੰ ਸ਼ਾਮਲ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇ ਕਬਾਇਲੀ ਮਾਮਲੇ ਮੰਤਰਾਲੇ ਦੀ ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਪਹਿਲਾਂ ਹੋਏ ਵਿਚਾਰ-ਵਟਾਂਦਰੇ ਅਤੇ ਤਾਲਮੇਲ ਨੂੰ ਅੱਗੇ ਵਧਾਉਂਦਿਆਂ, ਮੀਟਿੰਗ ਵਿੱਚ ਵਿਕਾਸ ਦੇ ਪਾੜੇ ਦੀ ਸਮੀਖਿਆ, ਲਾਗੂ ਕਰਨ ਦੀਆਂ ਤਰਜੀਹਾਂ ਦੀ ਪਛਾਣ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ, ਰਾਜ ਦੇ ਵੱਖ-ਵੱਖ ਵਿਭਾਗਾਂ ਅਤੇ ਜ਼ਿਲ੍ਹਾ-ਪੱਧਰੀ ਸੰਸਥਾਵਾਂ, ਜਿਨ੍ਹਾਂ ਵਿੱਚ ਏਕੀਕ੍ਰਿਤ ਕਬਾਇਲੀ ਵਿਕਾਸ ਏਜੰਸੀਆਂ (ITDAs/ITDPs) ਸ਼ਾਮਲ ਹਨ, ਦੇ ਵਿਚਕਾਰ ਬਿਹਤਰ ਤਾਲਮੇਲ ਸਥਾਪਤ ਕਰਨ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਵਿੱਚ ਕਈ ਮਹੱਤਵਪੂਰਨ ਪਹਿਲਕਦਮੀਆਂ ’ਤੇ ਚਰਚਾ ਕੀਤੀ ਗਈ। ਇਨ੍ਹਾਂ ਵਿੱਚ ਸੰਵੇਦਨਸ਼ੀਲ ਕਬਾਇਲੀ ਖੇਤਰਾਂ ਵਿੱਚ ਭਾਈਚਾਰੇ ਵੱਲੋਂ ਚਲਾਏ ਜਾਂਦੇ ਬਾਲ ਸੰਭਾਲ ਕੇਂਦਰ (ਕ੍ਰੈਚ), ਜਗਦਲਪੁਰ ਵਿੱਚ ਸਿੱਕਲ ਸੈੱਲ ਡਿਜ਼ੀਜ਼ ਸੈਂਟਰ ਆਫ਼ ਕੰਪੀਟੈਂਸ, ਮਲੇਰੀਆ ਅਤੇ ਟੀ.ਬੀ ਦੇ ਖ਼ਾਤਮੇ ਲਈ ਟੀਚਾ-ਅਧਾਰਿਤ ਯਤਨ, ਮਾਂ-ਬੋਲੀ ਅਧਾਰਿਤ ਬਹੁ-ਭਾਸ਼ਾਈ ਸਿੱਖਿਆ ਅਤੇ ਬਾਲਗ, ਡਿਜੀਟਲ ਤੇ ਵਿੱਤੀ ਸਾਖ਼ਰਤਾ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਸੀ। ਰੋਜ਼ੀ-ਰੋਟੀ ਦੇ ਪਸਾਰ ਤਹਿਤ ਇਮਲੀ ਅਤੇ ਮਹੂਆ ਦੇ ਮੁੱਲ ਵਾਧੇ ਲਈ ਕਲੱਸਟਰ ਵਿਕਸਤ ਕਰਨ, ਖੇਤੀਬਾੜੀ ਅਤੇ ਬਾਗ਼ਬਾਨੀ, ਪਸ਼ੂ ਪਾਲਣ ਅਤੇ ਮੱਛੀ ਪਾਲਣ, ਕਬਾਇਲੀ ਉੱਦਮਤਾ, ਰਵਾਇਤੀ ਹਸਤਕਲਾ ਕਲੱਸਟਰਾਂ ਨੂੰ ਹੱਲਾਸ਼ੇਰੀ ਦੇਣ, ਜਗਦਲਪੁਰ ਵਿੱਚ ਪ੍ਰਸਤਾਵਿਤ ਟ੍ਰਾਈਫੂਡ ਪਾਰਕ ਦੀ ਸਥਾਪਨਾ ਅਤੇ ਭਾਈਚਾਰਕ ਆਧਾਰਿਤ ਈਕੋ-ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਨਾਲ ਸਬੰਧਿਤ ਤਰਜੀਹਾਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਯੋਜਨਾ ਵਿੱਚ ਪਵਿੱਤਰ ਉਪਵਣਾਂ ਅਤੇ ਦੇਸੀ ਔਸ਼ਧੀ ਪੌਦਿਆਂ ਦੀ ਸੰਭਾਲ, ਕਬਾਇਲੀ ਸੰਗੀਤ ਅਤੇ ਦਸਤਕਾਰੀ ਨੂੰ ਉਤਸ਼ਾਹਿਤ ਕਰਨ ਅਤੇ ਬਾਦਲ ਅਕੈਡਮੀ (BADAL Academy) ਨੂੰ ਸਸ਼ਕਤ ਬਣਾਉਣ ਦੀ ਕਲਪਨਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ, ਖ਼ਾਸ ਤੌਰ ’ਤੇ ਕਮਜ਼ੋਰ ਕਬਾਇਲੀ ਸਮੂਹਾਂ (PVTGs) ਦੇ ਰਿਹਾਇਸ਼ੀ ਅਧਿਕਾਰਾਂ ਨੂੰ ਮਾਨਤਾ ਦੇਣ ਅਤੇ ਸਮਾਜਿਕ ਜੰਗਲੀ ਸਰੋਤਾਂ ਦੇ ਪ੍ਰਬੰਧਨ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਗਿਆ। ਪਿੰਡਾਂ ਦੇ ਬਿਜਲੀਕਰਨ ਅਤੇ ਹੋਰ ਬੁਨਿਆਦੀ ਢਾਂਚੇ ਦੇ ਵਿਸਥਾਰ ਨਾਲ ਸਬੰਧਿਤ ਪ੍ਰਸਤਾਵਾਂ ਨੂੰ ਵੀ ਉਜਾਗਰ ਕੀਤਾ ਗਿਆ। ਮੰਤਰਾਲੇ ਦੀ ਪੇਸ਼ਕਾਰੀ ਵਿੱਚ ਵੱਖ-ਵੱਖ ਪ੍ਰਸਤਾਵਾਂ ਅਤੇ ਪਹਿਲਕਦਮੀਆਂ ਦੀ ਜਾਣਕਾਰੀ ਦਿੱਤੀ ਗਈ, ਜੋ ਕਿ ਪ੍ਰਵਾਨਗੀ, ਪ੍ਰਸਤਾਵ ਤਿਆਰ ਕਰਨ ਅਤੇ ਲਾਗੂ ਕਰਨ ਦੇ ਵੱਖ-ਵੱਖ ਪੜਾਵਾਂ ਵਿੱਚ ਹਨ।

ਮੀਟਿੰਗ ਵਿੱਚ ਇਸ ਗੱਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਬਸਤਰ ਦੇ ਕਬਾਇਲੀ ਭਾਈਚਾਰਿਆਂ ਦੇ ਜੀਵਨ ਪੱਧਰ ਅਤੇ ਰੋਜ਼ੀ-ਰੋਟੀ ਦੇ ਮੌਕਿਆਂ ਵਿੱਚ ਠੋਸ ਅਤੇ ਮਾਪਣਯੋਗ ਸੁਧਾਰ ਯਕੀਨੀ ਬਣਾਉਣ ਲਈ ਭਾਈਚਾਰਕ ਭਾਗੀਦਾਰੀ, ਜ਼ਿਲ੍ਹਾ-ਵਿਸ਼ੇਸ਼ ਵਿਕਾਸ ਯੋਜਨਾਵਾਂ, ਨਿਰਧਾਰਤ ਸਮਾਂ-ਸੀਮਾ ਵਿੱਚ ਨਿਯਮਤ ਸਮੀਖਿਆ ਅਤੇ ਪ੍ਰਭਾਵਸ਼ਾਲੀ ਸੰਸਥਾਗਤ ਤਾਲਮੇਲ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।

 

*****

ਆਰ ਐੱਨ


(Release ID: 2338930) ਵਿਜ਼ੀਟਰ ਕਾਊਂਟਰ : 8