ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਕਿਸਾਨ ਤੱਕ ਭਾਰਤ ਖੇਤੀਬਾੜੀ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

Posted On: 12 NOV 2026 10:09PM by PIB Chandigarh

ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੇ ਇਸ ਪਵਿੱਤਰ ਤਿਉਹਾਰ ਦੀਆਂ ਅਤੇ ਛੱਠੀ ਮਈਆ ਦੇ ਆਗਾਮੀ ਪ੍ਰੋਗਰਾਮ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਤੁਹਾਨੂੰ ਸਾਰਿਆਂ ਨੂੰ ਨਮਸਕਾਰ।

ਇੰਡੀਆ ਟੂਡੇ ਗਰੁੱਪ ਦੇ ਚੇਅਰਮੈਨ ਅਤੇ ਸੰਪਾਦਕ-ਇਨ-ਚੀਫ਼ ਸ਼੍ਰੀਮਾਨ ਅਰੁਣ ਪੁਰੀ ਜੀ, ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਤੋਂ ਆਏ ਖੇਤੀਬਾੜੀ ਵਿਗਿਆਨੀ, ਖੇਤੀਬਾੜੀ ਉੱਦਮੀ, ਅੰਨਦਾਤਾ ਸਾਥੀ, ਹੋਰ ਹਸਤੀਆਂ, ਦੇਵੀਓ ਅਤੇ ਸੱਜਣੋ।

ਸਭ ਤੋਂ ਪਹਿਲਾਂ, ਇਸ ਨਵੀਨਤਾਕਾਰੀ ਉਪਰਾਲੇ ਲਈ ਮੈਂ ਇੰਡੀਆ ਟੂਡੇ ਗਰੁੱਪ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਜਦੋਂ ਦੇਸ਼ ਨੇ ਸਵੱਛਤਾ ਮੁਹਿੰਮ ਸ਼ੁਰੂ ਕੀਤੀ ਸੀ, ਤਾਂ ਇੰਡੀਆ ਟੂਡੇ ਗਰੁੱਪ ਨੇ ਇਸ ਵਿੱਚ ਬਹੁਤ ਵਧ-ਚੜ੍ਹ ਕੇ ਹਿੱਸਾ ਲਿਆ ਸੀ। ਹੁਣ ਤੁਸੀਂ ਇਹ ‘ਕਿਸਾਨ ਮੇਲਾ’ ਆਯੋਜਿਤ ਕੀਤਾ ਹੈ ਅਤੇ ਇਸ ਲਈ ਪੂਰੇ ਦੋ ਦਿਨ ਸਮਰਪਿਤ ਕੀਤੇ ਹਨ। ਇਹ ਇੱਕ ਬਹੁਤ ਹੀ ਸਕਾਰਾਤਮਕ ਸ਼ੁਰੂਆਤ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਅਤੇ ਅਰੁਣ ਜੀ ਇੰਨੀ ਵਧੀਆ ਹਿੰਦੀ ਬੋਲਦੇ ਹਨ, ਇਸ ਲਈ ਉਨ੍ਹਾਂ ਨੂੰ ਦੋਹਰੀ ਵਧਾਈ।

ਸਾਥੀਓ,

ਇਹ ਸਮਾਗਮ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਦੇਸ਼ ਵਿੱਚ ਤਿਉਹਾਰਾਂ ਦਾ ਮਾਹੌਲ ਹੈ। ਦੋ-ਤਿੰਨ ਦਿਨ ਪਹਿਲਾਂ ਅਸੀਂ ਦੀਵਾਲੀ ਦਾ ਤਿਉਹਾਰ ਮਨਾਇਆ, ਹੁਣ ਛੱਠ ਮਹਾਪਰਵ ਦਾ ਮਾਹੌਲ ਹੈ। ਛੱਠ ਦਾ ਤਿਉਹਾਰ ਖੇਤੀਬਾੜੀ ਜੀਵਨ ਨਾਲ ਬਹੁਤ ਡੂੰਘਾਈ ਨਾਲ ਜੁੜਿਆ ਹੋਇਆ ਹੈ ਅਤੇ ਸਾਡੇ ਇੱਥੇ ਤਾਂ ਜ਼ਿਆਦਾਤਰ ਤਿਉਹਾਰ ਖੇਤੀਬਾੜੀ ਅਤੇ ਕਿਸਾਨੀ ਨਾਲ ਜੁੜੇ ਹਨ। ਬੀਹੂ, ਪੋਂਗਲ, ਓਣਮ, ਵਿਸਾਖੀ, ਸਰਹੁਲ, ਪੋਲਾ, ਅਜਿਹੇ ਅਨੇਕਾਂ ਤਿਉਹਾਰ ਖੇਤੀਬਾੜੀ ਨਾਲ ਜੁੜੇ ਹੋਏ ਹਨ। ਭਾਵ, ਖੇਤੀਬਾੜੀ ਅਤੇ ਕਿਸਾਨੀ ਸਾਡਾ ਸੱਭਿਆਚਾਰ ਹੈ, ਸਾਡੀ ਪਰੰਪਰਾ ਹੈ, ਸਾਡੇ ਸਮਾਜਿਕ ਜੀਵਨ ਦਾ ਆਧਾਰ ਹੈ।

ਸਾਥੀਓ,

ਮੈਂ ਲਾਲ ਕਿਲ੍ਹੇ ਤੋਂ ਵਿਕਸਿਤ ਭਾਰਤ ਲਈ ਸ਼ਕਤੀ ਦੀਆਂ ਸਪਤਧਾਰਾ ਬਾਰੇ ਚਰਚਾ ਕੀਤੀ ਸੀ ਅਤੇ ਇਸ ਵਿੱਚ ਇੱਕ ਪ੍ਰਮੁੱਖ ਧਾਰਾ ਖੇਤੀਬਾੜੀ ਦੀ ਹੈ। ਵਿਕਸਿਤ ਭਾਰਤ ਦਾ ਨਿਰਮਾਣ ਖੇਤੀਬਾੜੀ ਨੂੰ ਵਿਕਸਿਤ ਕੀਤੇ ਬਿਨਾਂ, ਖੇਤੀਬਾੜੀ ਨੂੰ ਹੋਰ ਸਮਾਰਟ ਬਣਾਏ ਬਿਨਾਂ, ਕਿਸਾਨ ਨੂੰ ਸਮਰੱਥ ਬਣਾਏ ਬਿਨਾਂ ਸੰਭਵ ਹੀ ਨਹੀਂ ਹੈ। ਅਤੇ ਇਸ ਲਈ, ਇਸ ਤਰ੍ਹਾਂ ਦੇ ਕਿਸਾਨ ਸੰਮੇਲਨਾਂ ਦਾ ਮਹੱਤਵ ਬਹੁਤ ਵਧ ਜਾਂਦਾ ਹੈ।

ਸਾਥੀਓ,

ਖੇਤੀਬਾੜੀ ਅਤੇ ਦੇਸ਼ ਦੀ ਤਰੱਕੀ 'ਚ ਕੀ ਸਬੰਧ ਹੈ, ਇਸ ਨੂੰ ਤੁਸੀਂ ਦੋ ਹੋਰ ਮਹੱਤਵਪੂਰਨ ਤੱਥਾਂ ਰਾਹੀਂ ਸਮਝ ਸਕਦੇ ਹੋ। ਹਾਲ ਹੀ ਵਿੱਚ ਗ਼ਰੀਬੀ ਨੂੰ ਲੈ ਕੇ ਵਿਸ਼ਵ ਬੈਂਕ ਦਾ ਇੱਕ ਅਧਿਐਨ ਆਇਆ ਹੈ, ਜਿਸ ਦੀ ਪੂਰੀ ਦੁਨੀਆ ਵਿੱਚ ਚਰਚਾ ਹੋ ਰਹੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਸਿਰਫ਼ 12-13 ਸਾਲਾਂ ਵਿੱਚ ਹੀ ਭਾਰਤ ਦੇ 50 ਕਰੋੜ ਗ਼ਰੀਬਾਂ ਨੇ ਗ਼ਰੀਬੀ ਨੂੰ ਮਾਤ ਦਿੱਤੀ ਹੈ। ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪਿੰਡਾਂ ਵਿੱਚ ਬਹੁਤ ਤੇਜ਼ੀ ਨਾਲ ਗ਼ਰੀਬੀ ਘਟੀ ਹੈ। ਭਾਵ, ਵੱਡੀ ਗਿਣਤੀ ਵਿੱਚ ਛੋਟੇ ਕਿਸਾਨਾਂ ਨੇ, ਖੇਤ ਮਜ਼ਦੂਰਾਂ ਨੇ ਗ਼ਰੀਬੀ ਨੂੰ ਹਰਾਇਆ ਹੈ। ਹੁਣ ਇੱਕ ਇਤਫ਼ਾਕ ਦੇਖੋ, ਪਿਛਲੇ ਦਹਾਕੇ ਵਿੱਚ ਭਾਰਤ ਵਿੱਚ ਖੇਤੀਬਾੜੀ ਦੀ ਵਿਕਾਸ ਦਰ 4 ਫ਼ੀਸਦੀ ਤੋਂ ਉੱਪਰ ਰਹੀ ਹੈ। ਆਜ਼ਾਦੀ ਤੋਂ ਬਾਅਦ ਇਹ ਪਹਿਲਾ ਦਹਾਕਾ ਹੈ, ਜਦੋਂ ਦੇਸ਼ ਦੇ ਖੇਤੀਬਾੜੀ ਖੇਤਰ ਨੇ 4 ਫ਼ੀਸਦੀ ਤੋਂ ਵੱਧ ਦੀ ਔਸਤ ਵਿਕਾਸ ਦਰ ਹਾਸਲ ਕੀਤੀ ਹੈ, ਆਜ਼ਾਦੀ ਤੋਂ ਬਾਅਦ ਪਹਿਲੀ ਵਾਰ। ਅਤੇ ਇਸੇ ਦੌਰਾਨ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਗ਼ਰੀਬਾਂ ਨੇ ਗ਼ਰੀਬੀ ਨੂੰ ਮਾਤ ਦਿੱਤੀ ਹੈ। ਪਰ ਬਦਕਿਸਮਤੀ ਨਾਲ ਖ਼ਬਰਾਂ ਦੇ ਨਜ਼ਰੀਏ ਅਤੇ ਏਜੰਡੇ ਵਿੱਚ ਫਸੇ ਲੋਕਾਂ ਨੂੰ ਦੇਸ਼ ਦੀ ਇਹ ਪ੍ਰਾਪਤੀ ਨਜ਼ਰ ਨਹੀਂ ਆਉਂਦੀ।

ਸਾਥੀਓ,

ਖੇਤੀ ਕਰਨ ਵਾਲੇ ਅਤੇ ਖੇਤੀਬਾੜੀ ਨਾਲ ਜੁੜੇ ਮਾਹਿਰ ਜਾਣਦੇ ਹਨ ਕਿ ਖੇਤੀਬਾੜੀ ਨਾਲ ਸਬੰਧਿਤ ਨੀਤੀਆਂ ਅਤੇ ਢੰਗ-ਤਰੀਕਿਆਂ ਵਿੱਚ ਲਗਾਤਾਰ ਤਬਦੀਲੀ ਕਿੰਨੀ ਜ਼ਰੂਰੀ ਹੈ। ਜਿਨ੍ਹਾਂ ਨੇ ਦਹਾਕਿਆਂ ਤੱਕ ਸਰਕਾਰਾਂ ਚਲਾਈਆਂ, ਉਹ ਆਪਣੇ ਦੌਰ ਵਿੱਚ ਸਿਰਫ਼ ਇਸ ਗੱਲ ਨਾਲ ਹੀ ਸੰਤੁਸ਼ਟ ਹੋ ਗਏ ਕਿ ਦੇਸ਼ ਦੇ ਕਿਸਾਨਾਂ ਨੇ ਅਨਾਜ ਦੇ ਭੰਡਾਰ ਭਰ ਦਿੱਤੇ, ਪਰ ਇਸ ਤੋਂ ਬਾਅਦ ਕਿਸਾਨਾਂ ਨੂੰ ਕੀ ਮਿਲਿਆ? ਅਨਾਜ ਦੇ ਗੋਦਾਮ ਭਰਨਾ ਹੀ ਕਾਫ਼ੀ ਨਹੀਂ ਹੁੰਦਾ। ਸਮੇਂ ਦੇ ਨਾਲ ਦੁਨੀਆ ਬਦਲੀ, ਬਾਜ਼ਾਰ ਬਦਲੇ, ਲੋਕਾਂ ਦੀਆਂ ਲੋੜਾਂ, ਖਾਣ-ਪੀਣ ਦੀਆਂ ਆਦਤਾਂ ਸਭ ਬਦਲੀਆਂ, ਮੌਸਮ ਬਦਲਿਆ, ਤਕਨਾਲੋਜੀ ਬਦਲੀ। ਇਸ ਬਦਲਾਅ ਦੇ ਨਾਲ ਅਸੀਂ ਆਪਣੇ ਕਿਸਾਨਾਂ ਨੂੰ ਨਵੇਂ ਸਿਰੇ ਤੋਂ ਮਜ਼ਬੂਤ ਬਣਾਉਣਾ ਸੀ, ਪਰ ਪਹਿਲਾਂ ਇਸ ਵੱਲ ਵੀ ਧਿਆਨ ਨਹੀਂ ਦਿੱਤਾ ਗਿਆ।

ਸਾਥੀਓ,

ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਨੇ ਇਸ ਰਫ਼ਤਾਰ ਨਾਲ ਤਾਲਮੇਲ ਬਿਠਾਉਣ ਲਈ ਕਦਮ ਚੁੱਕੇ ਅਤੇ ਇਸ ਦਾ ਨਤੀਜਾ ਸਾਡੇ ਸਾਰਿਆਂ ਦੇ ਸਾਹਮਣੇ ਹੈ। ਅੱਜ ਭਾਰਤ ਹਰ ਸਾਲ ਚਾਰ ਲੱਖ ਕਰੋੜ ਰੁਪਏ ਤੋਂ ਵੱਧ ਦਾ ਖੇਤੀਬਾੜੀ ਨਿਰਯਾਤ ਕਰ ਰਿਹਾ ਹੈ ਅਤੇ ਇਹ ਪੈਸਾ ਸਾਡੇ ਕਿਸਾਨਾਂ ਦੀ ਆਮਦਨ ਵਧਾ ਰਿਹਾ ਹੈ। ਅੱਜ ਭਾਰਤ ਦੁੱਧ ਉਤਪਾਦਨ ਵਿੱਚ ਦੁਨੀਆ ਵਿੱਚ ਪਹਿਲੇ ਨੰਬਰ 'ਤੇ ਹੈ। ਅੱਜ ਭਾਰਤ ਦਾਲਾਂ ਦੇ ਉਤਪਾਦਨ ਵਿੱਚ ਪਹਿਲੇ ਨੰਬਰ 'ਤੇ ਹੈ। ਭਾਰਤ ਜੂਟ ਦੇ ਉਤਪਾਦਨ ਵਿੱਚ ਪਹਿਲੇ ਨੰਬਰ 'ਤੇ ਹੈ। ਚੌਲਾਂ ਦੇ ਉਤਪਾਦਨ ਵਿੱਚ ਵੀ ਭਾਰਤ ਪਹਿਲੇ ਨੰਬਰ 'ਤੇ ਹੋ ਗਿਆ ਹੈ। ਕਣਕ ਦੇ ਉਤਪਾਦਨ ਵਿੱਚ ਦੁਨੀਆ ਵਿੱਚ ਦੂਜੇ ਨੰਬਰ 'ਤੇ ਹੈ। ਕਪਾਹ, ਫਲ਼ਾਂ ਅਤੇ ਸਬਜ਼ੀਆਂ ਦੇ ਉਤਪਾਦਨ ਵਿੱਚ ਦੁਨੀਆ ਵਿੱਚ ਦੂਜੇ ਨੰਬਰ 'ਤੇ ਹੈ। ਮੱਛੀ ਉਤਪਾਦਨ ਵਿੱਚ ਦੁਨੀਆ ਵਿੱਚ ਦੂਜੇ ਨੰਬਰ 'ਤੇ ਹੈ ਅਤੇ ਮੋਟੇ ਅਨਾਜ ਦੇ ਉਤਪਾਦਨ ਵਿੱਚ ਵੀ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਉਤਪਾਦਕ ਹੈ। ਇਹ ਸਿਰਫ਼ ਕੁਝ ਅੰਕੜੇ ਨਹੀਂ ਹਨ, ਇਹ ਦਰਸਾਉਂਦੇ ਹਨ ਕਿ ਭਾਰਤ ਦੇ ਕਿਸਾਨਾਂ ਦੀ ਸਮਰੱਥਾ ਕਿੰਨੀ ਵਧੀ ਹੈ।

ਸਾਥੀਓ,

ਭਾਰਤ ਦੇ ਕਿਸਾਨਾਂ ਦੀ ਖ਼ੁਸ਼ਹਾਲੀ ਲਈ ਇੱਕ ਹੋਰ ਗੱਲ ਜ਼ਰੂਰੀ ਹੈ। ਇਹ ਜ਼ਰੂਰੀ ਹੈ ਕਿ ਉਹ ਸਿਰਫ਼ ਕਣਕ-ਚੌਲ ਅਤੇ ਗੰਨੇ, ਮੈਂ ਦੁਬਾਰਾ ਕਹਿੰਦਾ ਹਾਂ ਕਿਸਾਨ ਭਰਾਵੋ, ਕਣਕ-ਚੌਲ ਅਤੇ ਗੰਨੇ ਵਰਗੀਆਂ ਰਵਾਇਤੀ ਫ਼ਸਲਾਂ 'ਤੇ ਨਿਰਭਰ ਨਾ ਰਹੋ। ਇਸ ਲਈ ਸਰਕਾਰ ਹੋਰ ਫ਼ਸਲਾਂ ਅਤੇ ਖੇਤੀਬਾੜੀ ਨਾਲ ਜੁੜੇ ਹੋਰ ਕੰਮਾਂ 'ਤੇ ਵੀ ਜ਼ੋਰ ਦੇ ਰਹੀ ਹੈ। ਇੰਡੀਆ ਟੂਡੇ ਗਰੁੱਪ ਨੂੰ, ਮੈਂ ਇਹ ਗੱਲ ਇਸ ਲਈ ਯਾਦ ਕਰਵਾ ਰਿਹਾ ਹਾਂ ਕਿ ‘ਰੈਵੋਲਿਊਸ਼ਨ’ ਸ਼ਬਦ, ਕ੍ਰਾਂਤੀ ਨਾਲ ਇੰਡੀਆ ਟੂਡੇ ਗਰੁੱਪ ਨੂੰ ਬਹੁਤ ਪਿਆਰ ਹੈ ਅਤੇ ਇਸ ਲਈ ਹੁਣ ਮੈਂ ਕੁਝ ਕ੍ਰਾਂਤੀਆਂ ਬਾਰੇ ਚਰਚਾ ਕਰ ਰਿਹਾ ਹਾਂ।

ਸਾਥੀਓ,

ਇੱਕ ਸਮਾਂ ਸੀ, ਜਦੋਂ ਦੇਸ਼ ਨੇ ਹਰੀ ਕ੍ਰਾਂਤੀ ਰਾਹੀਂ ਅਨਾਜ ਉਤਪਾਦਨ ਵਿੱਚ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਇਤਿਹਾਸਕ ਕਦਮ ਚੁੱਕਿਆ ਸੀ। ਇਸ ਤੋਂ ਬਾਅਦ ਸਫ਼ੇਦ ਕ੍ਰਾਂਤੀ ਨੇ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਬਣਾ ਦਿੱਤਾ। ਅੱਜ ਮੈਂ ਤੁਹਾਨੂੰ ਕੁਝ ਹੋਰ ਅੰਕੜੇ ਦੇਵਾਂਗਾ, ਜੋ ਦੱਸਦੇ ਹਨ ਕਿ ਇਹ ਯਾਤਰਾ ਹੁਣ ਬਹੁਤ ਉੱਚੇ ਪੱਧਰ 'ਤੇ ਅੱਗੇ ਵਧ ਰਹੀ ਹੈ। ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦਾ ਦੁੱਧ ਉਤਪਾਦਨ ਲਗਭਗ 70 ਫ਼ੀਸਦੀ ਵਧਿਆ ਹੈ, 70 ਫ਼ੀਸਦੀ ਵਧਿਆ ਹੈ। ਅੰਡਿਆਂ ਦੇ ਉਤਪਾਦਨ ਵਿੱਚ ਵੀ ਲਗਭਗ 90 ਫ਼ੀਸਦੀ ਵਾਧਾ ਹੋਇਆ ਹੈ, 90 ਫ਼ੀਸਦੀ। ਅਤੇ ਜੇਕਰ ਨੀਲੀ ਕ੍ਰਾਂਤੀ ਦੀ ਗੱਲ ਕਰੀਏ, ਤਾਂ ਭਾਰਤ ਦਾ ਮੱਛੀ ਉਤਪਾਦਨ ਇੱਕ ਦਹਾਕੇ ਵਿੱਚ ਦੁੱਗਣੇ ਤੋਂ ਵੀ ਵੱਧ ਹੋ ਗਿਆ ਹੈ। ਮਧੂ-ਮੱਖੀ ਪਾਲਣ ਦੇ ਖੇਤਰ ਵਿੱਚ ਮਿੱਠੀ ਕ੍ਰਾਂਤੀ ਨਾਲ ਨਵੀਂਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ। ਸ਼ਹਿਦ ਦਾ ਉਤਪਾਦਨ ਲਗਭਗ 80 ਹਜ਼ਾਰ ਟਨ ਤੋਂ ਵਧ ਕੇ ਡੇਢ ਲੱਖ ਟਨ ਹੋ ਗਿਆ ਹੈ। ਬਾਗ਼ਬਾਨੀ ਵਿੱਚ ਵੀ ਭਾਰਤ ਹੁਣ 280 ਮਿਲੀਅਨ ਟਨ ਤੋਂ ਵਧ ਕੇ 350 ਮਿਲੀਅਨ ਟਨ ਤੋਂ ਵੱਧ ਉਤਪਾਦਨ ਕਰ ਰਿਹਾ ਹੈ।

ਸਾਥੀਓ,

ਜਦੋਂ ਅਸੀਂ ਇਨ੍ਹਾਂ ਸਾਰੀਆਂ ਕ੍ਰਾਂਤੀਆਂ ਨੂੰ ਇੱਕ ਵਿਆਪਕ ਦ੍ਰਿਸ਼ਟੀਕੋਣ ਨਾਲ ਜੋੜਦੇ ਹਾਂ, ਤਾਂ ਦੇਸ਼ ਦੇ ਕਿਸਾਨਾਂ ਲਈ ਆਮਦਨ ਦੇ ਕਈ ਸਰੋਤ ਤਿਆਰ ਹੁੰਦੇ ਹਨ ਅਤੇ ਇਹ ਭਵਿੱਖ ਦੀ ਖੇਤੀਬਾੜੀ ਲਈ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਦਾ ਹਾਂ। ਇੱਕ ਹੋਰ ਕ੍ਰਾਂਤੀ, ਸੌਰ ਊਰਜਾ ਦੀ ਕ੍ਰਾਂਤੀ। ਇਸ ਕ੍ਰਾਂਤੀ ਨੇ ਦੇਸ਼ ਦੇ ਅੰਨਦਾਤਾ ਨੂੰ ਊਰਜਾਦਾਤਾ ਬਣਾ ਦਿੱਤਾ ਹੈ। ਪ੍ਰਧਾਨ ਮੰਤਰੀ ਕੁਸੁਮ ਯੋਜਨਾ ਤਹਿਤ ਹੁਣ ਤੱਕ ਲਗਭਗ 12 ਲੱਖ ਸੋਲਰ ਪੰਪ ਦਿੱਤੇ ਜਾ ਚੁੱਕੇ ਹਨ। ਇਸ ਨਾਲ ਕਿਸਾਨ ਦਾ ਬਿਜਲੀ ਬਿੱਲ ਵੀ ਘੱਟ ਹੋ ਰਿਹਾ ਹੈ ਅਤੇ ਕਿਸਾਨ ਆਪਣੇ ਖੇਤ ਵਿੱਚ ਸੌਰ ਊਰਜਾ ਪਲਾਂਟ ਲਗਾ ਕੇ ਬਿਜਲੀ ਤੋਂ ਕਮਾਈ ਵੀ ਕਰਨ ਲੱਗ ਪਏ ਹਨ। ਅਸੀਂ ਖੇਤੀਬਾੜੀ ਵਿੱਚ ਉਤਪਾਦਨ ਦੇ ਨਾਲ-ਨਾਲ ਉਤਪਾਦਕਤਾ ਅਤੇ ਕਿਸਾਨ ਦੇ ਮੁਨਾਫ਼ੇ 'ਤੇ ਵੀ ਧਿਆਨ ਦਿੱਤਾ ਹੈ।

ਸਾਥੀਓ,

ਹਾਲ ਹੀ ਵਿੱਚ ਮੈਨੂੰ ਸਰਕਾਰ ਦੇ ਮੁਖੀ ਵਜੋਂ 25 ਸਾਲ ਪੂਰੇ ਹੋਏ ਹਨ। ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ, ਉਦੋਂ ਵੀ ਮੈਂ ਖੇਤੀਬਾੜੀ ਅਤੇ ਕਿਸਾਨੀ ਨੂੰ ਆਧੁਨਿਕ ਬਣਾਉਣ ਲਈ ਲਗਾਤਾਰ ਕੰਮ ਕਰਦਾ ਸੀ। ਮੈਂ ਉਦੋਂ ਉੱਥੇ ਵੱਡੇ-ਵੱਡੇ ਖੇਤੀਬਾੜੀ ਮਹੋਤਸਵਾਂ ਦੀ ਸ਼ੁਰੂਆਤ ਕੀਤੀ ਸੀ। ਮੈਨੂੰ ਯਾਦ ਹੈ, ਮਈ-ਜੂਨ ਦੇ ਮਹੀਨੇ ਵਿੱਚ 40-45 ਡਿਗਰੀ ਤਾਪਮਾਨ ਵਿੱਚ ਸੈਂਕੜੇ ਖੇਤੀਬਾੜੀ ਵਿਗਿਆਨੀ, ਖੇਤੀਬਾੜੀ ਮਾਹਿਰ, ਅਗਾਂਹਵਧੂ ਕਿਸਾਨ, ਸਾਰੇ ਲੋਕ ਮਿਲ ਕੇ ਕਿਸਾਨ ਰੱਥ ਬਣਾਉਂਦੇ ਸਨ ਅਤੇ ਉਸ ਰੱਥ ਵਿੱਚ ਸਵਾਰ ਹੋ ਕੇ ਨਿਕਲਦੇ ਸਨ। ਅਸੀਂ ਪਿੰਡਾਂ ਵਿੱਚ ਵੀ ਜਾਂਦੇ ਸੀ, ਖੇਤਾਂ ਵਿੱਚ ਵੀ ਜਾਂਦੇ ਸੀ, ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਕਿਸਾਨਾਂ ਨਾਲ ਗੱਲਬਾਤ ਕਰਦੇ ਸੀ। ਉਸ ਖੇਤਰ ਦੀ ਮਿੱਟੀ ਕਿਹੋ ਜਿਹੀ ਹੈ, ਪਾਣੀ ਦੀ ਉਪਲਬਧਤਾ ਕਿਹੋ ਜਿਹੀ ਹੈ, ਉੱਥੇ ਕਿਹੜੀ ਫ਼ਸਲ ਚੰਗੀ ਹੋ ਸਕਦੀ ਹੈ, ਕਿਸ ਤਰ੍ਹਾਂ ਦੀ ਖੇਤੀ ਦੀ ਲੋੜ ਹੈ, ਅਜਿਹੀ ਹਰ ਗੱਲ 'ਤੇ ਕਿਸਾਨਾਂ ਨਾਲ ਸਿੱਧਾ ਸੰਵਾਦ ਹੁੰਦਾ ਸੀ। ਸਾਡਾ ਯਤਨ ਸੀ ਕਿ ਵਿਗਿਆਨੀਆਂ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਜੋ ਗਿਆਨ ਹੈ, ਉਹ ਸਿੱਧਾ ਕਿਸਾਨਾਂ ਦੇ ਖੇਤਾਂ ਤੱਕ ਪਹੁੰਚੇ। ਭਾਵ, ਅਸੀਂ ਪ੍ਰਯੋਗਸ਼ਾਲਾ ਤੋਂ ਖੇਤ ਤੱਕ ਦੀ ਧਾਰਨਾ ਲੈ ਕੇ ਚੱਲੇ ਅਤੇ ਇਸ ਦਾ ਗੁਜਰਾਤ ਦੇ ਕਿਸਾਨਾਂ ਨੂੰ ਬਹੁਤ ਵੱਡਾ ਲਾਭ ਮਿਲਿਆ।

ਸਾਥੀਓ,

ਗੁਜਰਾਤ ਦੇ ਦਿਨਾਂ ਦਾ ਉਹ ਤਜਰਬਾ ਮੈਨੂੰ ਕੇਂਦਰ ਸਰਕਾਰ ਵਿੱਚ ਆਉਣ ਤੋਂ ਬਾਅਦ ਬਹੁਤ ਕੰਮ ਆਇਆ ਹੈ। ਸਾਲ 2014 ਵਿੱਚ ਦੇਸ਼ ਵਿੱਚ ਕੁਝ ਸੌ ਮਿੱਟੀ ਜਾਂਚ ਪ੍ਰਯੋਗਸ਼ਾਲਾਵਾਂ ਸਨ। ਅੱਜ ਇਨ੍ਹਾਂ ਦੀ ਗਿਣਤੀ ਵਧ ਕੇ 8 ਹਜ਼ਾਰ 400 ਤੋਂ ਵੱਧ ਹੋ ਚੁੱਕੀ ਹੈ। ਮੈਡੀਕਲ ਵਿਗਿਆਨ ਵਿੱਚ ਜਿਸ ਤਰ੍ਹਾਂ ਪੈਥੋਲੋਜੀ ਦੀਆਂ ਪ੍ਰਯੋਗਸ਼ਾਲਾਵਾਂ ਖੁੱਲ੍ਹ ਰਹੀਆਂ ਹਨ, ਅੱਜ ਉਸੇ ਤਰ੍ਹਾਂ ਮਿੱਟੀ ਦੀ ਜਾਂਚ ਦੀਆਂ ਪ੍ਰਯੋਗਸ਼ਾਲਾਵਾਂ ਖੁੱਲ੍ਹ ਰਹੀਆਂ ਹਨ। ਅੱਜ ਦੇਸ਼ ਵਿੱਚ ਸਾਢੇ ਸੱਤ ਸੌ ਤੋਂ ਵੱਧ ਖੇਤੀਬਾੜੀ ਵਿਗਿਆਨ ਕੇਂਦਰ ਹਨ। ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵੀ ਅਸੀਂ ਤਰਜੀਹ ਦੇ ਰਹੇ ਹਾਂ। ਮੂੰਹ ਖ਼ੁਰ ਤੋਂ ਪਸ਼ੂਆਂ ਦੇ ਬਚਾਅ ਲਈ 8 ਕਰੋੜ ਤੋਂ ਵੱਧ ਕਿਸਾਨਾਂ ਦੇ ਪਸ਼ੂਆਂ ਨੂੰ ਮੁਫ਼ਤ ਟੀਕੇ ਲਗਾਏ ਗਏ ਹਨ। ਅਸੀਂ ਕੋਵਿਡ ਦੌਰਾਨ ਮੁਫ਼ਤ ਟੀਕੇ ਲਗਾਏ, ਉਸ ਵੱਲ ਤਾਂ ਸਾਰਿਆਂ ਦਾ ਧਿਆਨ ਹੈ, ਪਰ ਇਹ ਮੋਦੀ ਹੈ ਜੋ ਪਸ਼ੂਆਂ ਨੂੰ ਵੀ ਮੁਫ਼ਤ ਟੀਕੇ ਲਗਵਾਉਂਦਾ ਹੈ।

ਸਾਥੀਓ,

ਅਕਸਰ ਪੁਰਾਣੀ ਸੋਚ ਵਾਲੇ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਸਾਡੇ ਪਿੰਡਾਂ ਵਿੱਚ ਭਾਰੀ ਤਕਨਾਲੋਜੀ ਦੀ ਵਰਤੋਂ ਹੋ ਹੀ ਨਹੀਂ ਸਕੇਗੀ। ਅਜਿਹੇ ਲੋਕਾਂ ਨੂੰ ਨਮੋ ਡਰੋਨ ਦੀਦੀਆਂ ਨੇ ਗ਼ਲਤ ਸਾਬਤ ਕਰ ਦਿੱਤਾ ਹੈ। ਮੈਂ ਇੱਕ ਵਾਰ ਵੀਡੀਓ ਕਾਨਫ਼ਰੰਸ ਰਾਹੀਂ ਸਾਰੀਆਂ ਡਰੋਨ ਦੀਦੀਆਂ ਨਾਲ ਗੱਲ ਕਰ ਰਿਹਾ ਸੀ, ਤਾਂ ਇੱਕ ਪਿੰਡ ਵਿੱਚ ਸ਼ਾਇਦ ਝਾਰਖੰਡ ਦੀ ਉਹ ਬੇਟੀ ਸੀ, ਉਸ ਨਾਲ ਮੈਂ ਗੱਲ ਕਰ ਰਿਹਾ ਸੀ। ਉਸ ਨੇ ਮੈਨੂੰ ਕਿਹਾ ਕਿ ਹੁਣ ਤਾਂ ਮੇਰਾ ਰੁਤਬਾ ਬਦਲ ਗਿਆ ਹੈ। ਮੈਂ ਕਿਹਾ, ਕਿਉਂ? ਤਾਂ ਉਸ ਨੇ ਕਿਹਾ ਕਿ ਪੂਰਾ ਪਿੰਡ ਮੈਨੂੰ ਪਾਇਲਟ ਕਹਿੰਦਾ ਹੈ ਅਤੇ ਮੇਰੇ ਘਰ ਵਿੱਚ ਵੀ ਮੇਰੇ ਦਿਓਰ ਮੈਨੂੰ ‘ਪਾਇਲਟ ਭਾਬੀ’ ਕਹਿ ਕੇ ਬੁਲਾਉਂਦੇ ਹਨ। ਭਾਵ, ਇਸ ਨਾਲ ਕਿੰਨਾ ਆਤਮ-ਸਨਮਾਨ ਵਧਦਾ ਹੈ। ਹੁਣ ਨਮੋ ਡਰੋਨ ਦੀਦੀਆਂ ਡਰੋਨ ਦੀ ਵਰਤੋਂ ਖਾਦ ਅਤੇ ਕੀਟਨਾਸ਼ਕਾਂ ਦੇ ਛਿੜਕਾਅ ਵਿੱਚ ਕਰ ਰਹੀਆਂ ਹਨ। ਹੁਣ ਇਸ ਦੀ ਵਰਤੋਂ ਦਾ ਦਾਇਰਾ ਵੀ ਵਧਾਇਆ ਜਾ ਰਿਹਾ ਹੈ।

ਸਾਥੀਓ,

ਅੱਜ ਦਾ ਭਾਰਤ ਖੇਤੀਬਾੜੀ ਵਿੱਚ ਇੰਜੀਨੀਅਰਿੰਗ ਦੀ ਭੂਮਿਕਾ ਦਾ ਵੀ ਵਿਸਥਾਰ ਕਰ ਰਿਹਾ ਹੈ। ਸਾਡੇ ਖੇਤੀਬਾੜੀ ਵਿਗਿਆਨੀ, ਇੰਜੀਨੀਅਰ ਅਤੇ ਨੌਜਵਾਨ ਮਿਲ ਕੇ ਅਜਿਹੇ ਉਪਕਰਨ ਅਤੇ ਮਸ਼ੀਨਾਂ ਵਿਕਸਿਤ ਕਰ ਰਹੇ ਹਨ, ਜੋ ਖੇਤੀਬਾੜੀ ਦਾ ਖਰਚਾ ਘੱਟ ਕਰ ਰਹੀਆਂ ਹਨ। ਕਿਤੇ ਅਜਿਹੀਆਂ ਮਸ਼ੀਨਾਂ ਬਣ ਰਹੀਆਂ ਹਨ, ਜੋ ਬਿਜਾਈ ਅਤੇ ਵਾਢੀ ਦੇ ਕੰਮ ਨੂੰ ਸੌਖਾ ਬਣਾ ਰਹੀਆਂ ਹਨ। ਅਤੇ ਮੈਂ ਇੱਥੇ ਮੌਜੂਦ ਉਦਯੋਗ ਜਗਤ ਦੇ ਲੋਕਾਂ ਨੂੰ, ਖ਼ਾਸ ਕਰਕੇ ਉਨ੍ਹਾਂ ਨੂੰ ਜੋ ਕਿਸਾਨਾਂ ਲਈ ਸਾਧਨ ਤਿਆਰ ਕਰਦੇ ਹਨ, ਅਤੇ ਸਟਾਰਟਅੱਪ ਵਾਲਿਆਂ ਨੂੰ ਵੀ ਅਪੀਲ ਕਰਾਂਗਾ ਕਿ ਹੁਣ ਤੁਸੀਂ ਜੋ ਵੀ ਉਪਕਰਨ ਬਣਾਓ, ਉਹ ਸੌਰ ਊਰਜਾ ਨਾਲ ਚੱਲਣ ਵਾਲੇ ਬਣਾਓ, ਕਿਉਂਕਿ ਅਸੀਂ ਹਰ ਖੇਤ ਤੱਕ ਸੌਰ ਊਰਜਾ ਪਹੁੰਚਾਉਣ ਵਾਲੇ ਹਾਂ। ਜਿਵੇਂ ਅੱਜ ਦੁਨੀਆ ਇਲੈਕਟ੍ਰਿਕ ਵਾਹਨਾਂ ਵੱਲ ਤੇਜ਼ੀ ਨਾਲ ਵਧ ਰਹੀ ਹੈ, ਮੈਂ ਚਾਹੁੰਦਾ ਹਾਂ ਕਿ ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਹਰ ਤਰ੍ਹਾਂ ਦੇ ਸੰਦ ਸੌਰ ਊਰਜਾ ਨਾਲ ਚੱਲਣ ਵਾਲੇ ਬਣਾਏ ਜਾਣ। ਅਤੇ ਇਸ ਦਿਸ਼ਾ ਵਿੱਚ ਮੈਂ ਕਾਫ਼ੀ ਯਤਨ ਵੀ ਕਰ ਰਿਹਾ ਹਾਂ। ਪਰ ਮੈਂ ਸਾਰੇ ਐੱਮਐੱਸਐੱਮਈਜ਼ ਨੂੰ ਕਹਾਂਗਾ ਕਿ ਤੁਸੀਂ ਇਸ 'ਤੇ ਜ਼ੋਰ ਦਿਓ। ਇਹ ਕ੍ਰਾਂਤੀ ਦਾ ਇੱਕ ਬਹੁਤ ਵੱਡਾ ਖੇਤਰ ਬਣਨ ਵਾਲਾ ਹੈ। ਇੰਨਾ ਹੀ ਨਹੀਂ, ਹੁਣ ਸੈਂਸਰ ਆਧਾਰਿਤ, ਏਆਈ ਤਕਨਾਲੋਜੀ ਨਾਲ ਲੈਸ ਅਜਿਹੇ ਉਪਕਰਨ ਵੀ ਬਣ ਰਹੇ ਹਨ, ਜੋ ਕਿਸਾਨ ਨੂੰ ਸਟੀਕ ਜਾਣਕਾਰੀ ਦੇ ਸਕਣ ਅਤੇ ਜਿਨ੍ਹਾਂ ਨੂੰ ਛੋਟੇ ਤੋਂ ਛੋਟੇ ਕਿਸਾਨ ਵੀ ਖ਼ਰੀਦ ਸਕਣ। ਹੁਣ ਮਿੱਟੀ ਦੀ ਜਾਂਚ ਲਈ ਮੋਬਾਈਲ 'ਤੇ ਅਜਿਹੀ ਵਿਵਸਥਾ ਬਣਾਈ ਜਾ ਰਹੀ ਹੈ ਕਿ ਮੋਬਾਈਲ ਫ਼ੋਨ 'ਤੇ ਤੁਸੀਂ ਥੋੜ੍ਹੀ ਜਿਹੀ ਮਿੱਟੀ ਪਾ ਦਿਓ, ਤੁਹਾਡਾ ਮੋਬਾਈਲ ਫ਼ੋਨ ਤੁਰੰਤ ਰਿਪੋਰਟ ਦੇ ਦਿੰਦਾ ਹੈ ਕਿ ਤੁਹਾਡੀ ਮਿੱਟੀ ਕਿਹੜੀ ਫ਼ਸਲ ਲਈ ਢੁਕਵੀਂ ਹੈ, ਤੁਹਾਨੂੰ ਕਿੰਨੀ ਖਾਦ ਦੀ ਅਤੇ ਕਿਸ ਤਰ੍ਹਾਂ ਦੀ ਖਾਦ ਦੀ ਲੋੜ ਹੈ। ਭਾਵ, ਕਿੰਨੀ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ। ਭਾਵ, ਅੱਜ ਭਾਰਤ ਵਿੱਚ ਖੇਤੀਬਾੜੀ ਇੰਜੀਨੀਅਰਿੰਗ ਤੋਂ ਲੈ ਕੇ ਖੇਤੀਬਾੜੀ ਸਟਾਰਟਅੱਪਸ ਤੱਕ ਮੌਕੇ ਹੀ ਮੌਕੇ ਹਨ। ਅਸੀਂ ਆਪਣੇ ਅੰਨਦਾਤਾ ਨੂੰ ਖੇਤੀਬਾੜੀ ਉੱਦਮੀ ਬਣਾਉਣਾ ਹੈ। ਜਿੱਥੇ ਉਪਜ ਹੁੰਦੀ ਹੈ, ਉੱਥੇ ਹੀ ਮੁੱਲ ਵਾਧਾ ਕਿਵੇਂ ਹੋਵੇ, ਇਸ 'ਤੇ ਹੁਣ ਦੇਸ਼ ਵਿੱਚ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਪਿਛਲੇ ਸਾਲਾਂ ਵਿੱਚ ਛੋਟੇ ਕਿਸਾਨਾਂ ਨੇ ਸਰਕਾਰ ਦੇ ਨਾਲ ਮਿਲ ਕੇ 10 ਹਜ਼ਾਰ ਕਿਸਾਨ ਉਤਪਾਦਕ ਸੰਗਠਨਾਂ ਦਾ ਇੱਕ ਵੱਡਾ ਨੈੱਟਵਰਕ ਬਣਾਇਆ ਹੈ। ਇਹ ਛੋਟੇ ਕਿਸਾਨਾਂ ਦੇ ਸਮੂਹਾਂ ਨੂੰ ਵੀ ਮੁੱਲ ਸਿਰਜਣ ਵਾਲੇ ਬਣਾ ਰਿਹਾ ਹੈ ਅਤੇ ਉਨ੍ਹਾਂ ਨੂੰ ਫੂਡ ਪ੍ਰੋਸੈਸਿੰਗ ਦੇ ਕਾਰੋਬਾਰ ਨਾਲ ਜੋੜ ਰਿਹਾ ਹੈ। ਮੈਨੂੰ ਗੁਜਰਾਤ ਦੇ ਸਮੇਂ ਦੀ ਇੱਕ ਘਟਨਾ ਹਮੇਸ਼ਾ ਯਾਦ ਰਹਿੰਦੀ ਹੈ। ਗੁਜਰਾਤ ਵਿੱਚ ਜੋਤੀਗ੍ਰਾਮ ਯੋਜਨਾ ਆਈ। ਅਸੀਂ ਖੇਤੀਬਾੜੀ ਲਈ ਬਿਜਲੀ ਦੇ ਫੀਡਰ ਵੱਖਰੇ ਕੀਤੇ, ਘਰੇਲੂ ਵਰਤੋਂ ਲਈ ਫੀਡਰ ਵੱਖਰੇ ਕੀਤੇ ਅਤੇ ਕਿਸਾਨਾਂ ਨੂੰ ਜਿੰਨੀ ਬਿਜਲੀ ਦੇ ਸਕਦਾ ਸੀ, ਦੇਣ ਲੱਗ ਪਿਆ। ਇਸ ਨਾਲ ਕਿਸਾਨਾਂ ਨੂੰ ਬਹੁਤ ਸਹੂਲਤ ਹੋ ਗਈ। ਗਾਂਧੀਨਗਰ ਦੇ ਨਾਲ ਲੱਗਦੇ ਕੁਝ ਪਿੰਡ ਹਨ, ਜਿੱਥੇ ਜ਼ਿਆਦਾਤਰ ਮਿਰਚਾਂ ਦੀ ਖੇਤੀ ਹੁੰਦੀ ਹੈ। ਪਰ ਕਿਸਾਨ ਨੂੰ ਇਹ ਮੁਸ਼ਕਲ ਰਹਿੰਦੀ ਹੈ ਕਿ ਜੇਕਰ ਫ਼ਸਲ ਜ਼ਿਆਦਾ ਹੋ ਜਾਵੇ ਤਾਂ ਕੀਮਤਾਂ ਡਿੱਗ ਜਾਂਦੀਆਂ ਹਨ ਅਤੇ ਜੇਕਰ ਫ਼ਸਲ ਘੱਟ ਹੋ ਜਾਵੇ ਤਾਂ ਕਮਾਈ ਨਹੀਂ ਹੁੰਦੀ। ਉਸ ਨੂੰ ਦੋਵਾਂ ਪਾਸਿਆਂ ਤੋਂ ਮਾਰ ਪੈਂਦੀ ਹੈ। ਹੁਣ ਜੇਕਰ ਮਿਰਚਾਂ ਦੀ ਪੈਦਾਵਾਰ ਬਹੁਤ ਜ਼ਿਆਦਾ ਹੋ ਜਾਵੇ ਤਾਂ ਉਹ ਵਿਕਦੀਆਂ ਨਹੀਂ, ਫਿਰ ਕੀ ਕਰੀਏ? ਪਰ ਜੋਤੀਗ੍ਰਾਮ ਯੋਜਨਾ ਰਾਹੀਂ ਬਿਜਲੀ ਆਉਣ ਨਾਲ ਉਨ੍ਹਾਂ ਨੇ ਮਿਰਚਾਂ ਨੂੰ ਲਾਲ ਮਿਰਚ ਵਿੱਚ ਬਦਲਣਾ, ਉਸ ਦਾ ਪਾਊਡਰ ਬਣਾਉਣਾ, ਪਾਊਡਰ ਦੀ ਪੈਕਿੰਗ ਕਰਨਾ ਅਤੇ ਕਿਸੇ ਮਾਡਲ ਰਾਹੀਂ ਉਸ ਦੀਆਂ ਤਸਵੀਰਾਂ ਖਿਚਵਾ ਕੇ, ਇਸ਼ਤਿਹਾਰਬਾਜ਼ੀ ਕਰਕੇ ਵੱਡੀ ਮਾਤਰਾ ਵਿੱਚ ਮਿਰਚ ਪਾਊਡਰ ਵੇਚਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਉਹ ਮੁੱਲ ਵਾਧੇ ਰਾਹੀਂ ਕਮਾਈ ਕਰਨ ਵਾਲੇ ਲੋਕ ਬਣ ਗਏ। ਭਾਵ, ਜਿਸ ਮਿਰਚ ਦੀ ਕਦੇ ਉਨ੍ਹਾਂ ਨੂੰ ਕੀਮਤ ਨਹੀਂ ਮਿਲਦੀ ਸੀ, ਉਸ ਦੇ ਆਪਣੇ ਬ੍ਰਾਂਡ ਬਣ ਗਏ। ਭਾਵ, ਜਦੋਂ ਹਰ ਇੱਕ ਚੀਜ਼ ਵੱਲ ਧਿਆਨ ਦਿੱਤਾ ਜਾਂਦਾ ਹੈ ਤਾਂ ਅਜਿਹੇ ਨਤੀਜੇ ਸਾਹਮਣੇ ਆਉਂਦੇ ਹਨ। ਅਤੇ ਛੋਟੇ ਕਿਸਾਨਾਂ ਨੂੰ ਨਿਰਯਾਤ ਬਾਜ਼ਾਰ ਨਾਲ ਜੋੜਨ ਦੇ ਯਤਨ ਵੀ ਬਹੁਤ ਤੇਜ਼ੀ ਨਾਲ ਕੀਤੇ ਜਾ ਰਹੇ ਹਨ।

ਸਾਥੀਓ,

ਸਾਡੀ ਨੀਤੀ, ਸਾਡੀ ਨੀਅਤ ਬਿਲਕੁਲ ਸਪੱਸ਼ਟ ਹੈ। ਕਿਸਾਨ 'ਤੇ ਖੇਤੀਬਾੜੀ ਦਾ ਬੋਝ ਨਾ ਪਵੇ, ਇਹ ਸਾਡੀ ਤਰਜੀਹ ਹੈ। ਕਿਸਾਨ ਨੂੰ ਸਸਤੀ ਖਾਦ ਮਿਲੇ, ਇਸ ਲਈ ਪਿਛਲੇ 12 ਸਾਲਾਂ ਵਿੱਚ ਦੇਸ਼ ਨੇ 16 ਲੱਖ ਕਰੋੜ ਰੁਪਏ ਖਰਚ ਕੀਤੇ ਹਨ। ਇਹ ਅੰਕੜਾ ਬਹੁਤ ਵੱਡਾ ਹੈ ਸਾਥੀਓ, 16 ਲੱਖ ਕਰੋੜ ਰੁਪਏ ਦੁਨੀਆ ਦੇ ਕਈ ਦੇਸ਼ਾਂ ਦਾ ਬਜਟ ਨਹੀਂ ਹੁੰਦਾ। ਈਰਾਨ ਅਤੇ ਖਾੜੀ ਦੇਸ਼ਾਂ ਵਿੱਚ ਚੱਲ ਰਹੀ ਜੰਗ ਦਰਮਿਆਨ ਡੀਏਪੀ ਖਾਦ ਦੀ ਜਿਹੜੀ ਬੋਰੀ 5 ਹਜ਼ਾਰ ਰੁਪਏ ਦੀ ਹੈ, ਉਹ ਭਾਰਤ ਦੇ ਕਿਸਾਨਾਂ ਨੂੰ ਸਿਰਫ਼ 1300 ਰੁਪਏ ਵਿੱਚ ਮੁਹੱਈਆ ਕਰਵਾਈ ਜਾ ਰਹੀ ਹੈ। ਯੂਰੀਆ ਦੀ ਜਿਹੜੀ ਬੋਰੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤਿੰਨ ਹਜ਼ਾਰ ਰੁਪਏ ਦੀ ਹੈ, ਉਹ ਭਾਰਤ ਦੇ ਕਿਸਾਨ ਨੂੰ 300 ਰੁਪਏ ਤੋਂ ਵੀ ਘੱਟ ਕੀਮਤ 'ਤੇ ਦਿੱਤੀ ਜਾ ਰਹੀ ਹੈ।

ਸਾਥੀਓ,

ਮੈਂ ਇੱਕ ਹੋਰ ਵਿਸ਼ੇ ਦਾ ਜ਼ਿਕਰ ਕਰਾਂਗਾ ਅਤੇ ਇਸ ਵਿਸ਼ੇ 'ਤੇ ਮੈਂ ਪਹਿਲਾਂ ਵੀ ਗੱਲ ਕੀਤੀ ਹੈ। ਤੁਹਾਡੇ ਨੈੱਟਵਰਕ ਲਈ, ਅੱਜ ਜਦੋਂ ਮੈਂ ਇਹ ਗੱਲ ਕਹਿ ਰਿਹਾ ਹਾਂ, ਤਾਂ ਇਹ ਵਿਸ਼ੇਸ਼ ਹੈ।

ਸਾਥੀਓ,

ਪੱਛਮੀ ਏਸ਼ੀਆ ਵਿੱਚ ਜਦੋਂ ਜੰਗ ਦਾ ਸੰਕਟ ਵਧ ਰਿਹਾ ਸੀ, ਤਾਂ ਕੱਚੇ ਤੇਲ ਦੀਆਂ ਕੀਮਤਾਂ ਕੁਝ ਹੀ ਹਫ਼ਤਿਆਂ ਵਿੱਚ 70 ਡਾਲਰ ਤੋਂ ਵਧ ਕੇ 122 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਸਨ। ਉਦੋਂ ਭਾਰਤ ਦੇ ਸਾਹਮਣੇ ਵੀ ਇੱਕ ਵੱਡੀ ਚੁਣੌਤੀ ਸੀ। ਭਾਰਤ ਦੇ ਸਾਹਮਣੇ ਮਜਬੂਰੀ ਸੀ ਕਿ ਡੀਜ਼ਲ ਦੀਆਂ ਕੀਮਤਾਂ ਘੱਟੋ-ਘੱਟ 50 ਰੁਪਏ ਪ੍ਰਤੀ ਲੀਟਰ ਵਧਾਈਆਂ ਜਾਣ। ਇੱਕ ਲੀਟਰ ਡੀਜ਼ਲ 'ਤੇ 50 ਰੁਪਏ ਵਧਾਉਣ ਦੀ ਲੋੜ ਪੈ ਗਈ ਸੀ। ਅਤੇ ਉਦੋਂ ਸਰਕਾਰ ਨੇ ਆਪਣੇ ਕਿਸਾਨਾਂ ਦੇ ਹਿੱਤ ਵਿੱਚ ਫ਼ੈਸਲਾ ਲਿਆ। ਅਸੀਂ ਤੈਅ ਕੀਤਾ ਕਿ ਅੰਤਰਰਾਸ਼ਟਰੀ ਬਾਜ਼ਾਰ ਦੇ ਝਟਕੇ ਦਾ ਪੂਰਾ ਬੋਝ ਦੇਸ਼ ਦੇ ਨਾਗਰਿਕਾਂ ਅਤੇ ਕਿਸਾਨਾਂ 'ਤੇ ਨਹੀਂ ਪਾਇਆ ਜਾਵੇਗਾ। ਸਰਕਾਰ ਨੇ ਡੀਜ਼ਲ ਦੀਆਂ ਕੀਮਤਾਂ ਸਿਰਫ਼ 7 ਰੁਪਏ ਪ੍ਰਤੀ ਲੀਟਰ ਵਧਾਈਆਂ, ਜਦਕਿ ਵਧਾਉਣ ਦੀ ਲੋੜ 50 ਰੁਪਏ ਦੀ ਸੀ ਅਤੇ 43 ਰੁਪਏ ਪ੍ਰਤੀ ਲੀਟਰ ਦਾ ਬੋਝ ਖ਼ੁਦ ਚੁੱਕਿਆ। ਸਾਡੇ ਆਲੇ-ਦੁਆਲੇ ਦੇ ਦੇਸ਼ਾਂ ਵਿੱਚ ਵੀ ਉਦੋਂ ਡੀਜ਼ਲ ਦੀਆਂ ਕੀਮਤਾਂ 40 ਤੋਂ 50 ਫ਼ੀਸਦੀ ਤੱਕ ਵਧ ਗਈਆਂ ਸਨ। ਪਰ ਭਾਰਤ ਵਿੱਚ ਅਜਿਹਾ ਨਹੀਂ ਹੋਇਆ। ਉਦੋਂ ਤੋਂ ਲੈ ਕੇ ਅੱਜ ਤੱਕ ਸਰਕਾਰ ਹਰ ਮਹੀਨੇ 14 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਝੱਲ ਰਹੀ ਹੈ, ਹਰ ਮਹੀਨੇ, ਪਰ ਅਸੀਂ ਦੇਸ਼ ਦੇ ਕਿਸਾਨਾਂ ਨੂੰ ਕੋਈ ਸੇਕ ਨਹੀਂ ਲੱਗਣ ਦਿੱਤਾ ਹੈ। ਜਦੋਂ ਦੇਸ਼ ਦੇ ਕਿਸਾਨਾਂ ਦਾ ਹਿੱਤ ਸਰਬਉੱਚ ਹੋਵੇ, ਜਦੋਂ ਨਾਗਰਿਕ ਦੇਵੋ ਭਵ ਦੀ ਭਾਵਨਾ ਹੋਵੇ, ਤਾਂ ਅਜਿਹੇ ਹੀ ਸੰਵੇਦਨਸ਼ੀਲ ਫ਼ੈਸਲੇ ਲਏ ਜਾਂਦੇ ਹਨ।

ਸਾਥੀਓ,

ਦੇਸ਼ ਹਿੱਤ ਦੀਆਂ ਇੰਨੀਆਂ ਸਾਰੀਆਂ ਗੱਲਾਂ ਦਰਮਿਆਨ ਅੱਜ ਤੱਕ ਦੇ ਲੋਕ ਇਹ ਸੋਚ ਰਹੇ ਹੋਣਗੇ ਕਿ ਕੋਈ ਨਕਾਰਾਤਮਕ ਹੈੱਡਲਾਇਨ ਮਿਲੀ ਹੀ ਨਹੀਂ, ਤਾਂ ਹੁਣ ਹੈੱਡਲਾਇਨ ਲਈ ਵੀ ਥੋੜ੍ਹੀ ਚਰਚਾ ਹੋਣੀ ਚਾਹੀਦੀ ਹੈ। ਹੁਣ ਤੱਕ ਮੈਂ ਦੇਸ਼ ਦੀ ਗੱਲ ਕਰ ਰਿਹਾ ਸੀ, ਤਾਂ ਸ਼ਾਇਦ ਮੀਡੀਆ ਦਾ ਉਨ੍ਹਾਂ ਧਿਆਨ ਨਹੀਂ ਗਿਆ ਹੋਵੇਗਾ, ਇਸ ਲਈ ਹੁਣ ਵਿਵਾਦ ਦੀ ਗੱਲ ਕਰਦਾ ਹਾਂ।

ਸਾਥੀਓ,

ਅੱਜਕੱਲ੍ਹ ਕੁਝ ਲੋਕ ਸੰਵਿਧਾਨ ਨੂੰ ਆਪਣੀ ਜੇਬ ਵਿੱਚੋਂ ਕੱਢਦੇ ਹਨ। ਦੇਸ਼ ਕਿੰਨਾ ਸਮਝਦਾਰ ਹੈ। ਅਤੇ ਇਹ ਸੋਚਦੇ ਹਨ ਕਿ ਦੇਸ਼ ਦਾ ਸੰਵਿਧਾਨ, ਦੇਸ਼ ਦਾ ਲੋਕਤੰਤਰ ਤਾਂ ਉਨ੍ਹਾਂ ਦੀ ਜੇਬ ਵਿੱਚ ਹੈ। ਸਰਕਾਰ ਵਿੱਚ ਨਾ ਰਹਿੰਦੇ ਹੋਏ ਵੀ ਇਹ ਸੱਤਾ ਦਾ ਇੱਕ ਵੱਖਰਾ ਹੀ ਨਸ਼ਾ ਹੈ ਉਨ੍ਹਾਂ ਨੂੰ। ਪਰ ਜਦੋਂ ਇਹ ਲੋਕ ਖ਼ੁਦ ਸੱਤਾ ਵਿੱਚ ਸਨ, ਤਾਂ ਉਨ੍ਹਾਂ ਦੇ ਕਾਰਨਾਮੇ ਕਿਹੋ ਜਿਹੇ ਸਨ, ਇਸ ਲਈ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਕਿੱਸਾ ਸੁਣਾਉਂਦਾ ਹਾਂ।

ਸਾਥੀਓ,

ਤੁਹਾਨੂੰ ਯਾਦ ਹੋਵੇਗਾ ਕਿ ਇੱਕ ਸਮੇਂ ਤੁਸੀਂ ਮੀਡੀਆ ਵਾਲੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ਦੀ ਰੈਂਕਿੰਗ ਕਰਦੇ ਸੀ। ਅਜਿਹੀ ਹੀ ਅਰਥਵਿਵਸਥਾ ਨਾਲ ਜੁੜੀ ਇੱਕ ਰੈਂਕਿੰਗ ਵਿੱਚ ਗੁਜਰਾਤ ਪਹਿਲੇ ਨੰਬਰ 'ਤੇ ਆਇਆ ਅਤੇ ਉਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ। ਅਤੇ ਜਿਸ ਸੰਸਥਾ ਨੇ ਗੁਜਰਾਤ ਨੂੰ ਪਹਿਲੇ ਨੰਬਰ ਦੀ ਰੈਂਕਿੰਗ ਦਿੱਤੀ ਸੀ, ਉਸ ਦਾ ਨਾਮ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਨਾਮ 'ਤੇ ਸੀ। ਇੰਨਾ ਇਸ਼ਾਰਾ ਹੀ ਕਾਫ਼ੀ ਹੈ, ਬਾਕੀ ਤੁਸੀਂ ਨਾਮ ਤਾਂ ਲੱਭ ਹੀ ਲਵੋਗੇ। ਇਹ ਰੈਂਕਿੰਗ ਦੇਸ਼ ਦੇ ਪ੍ਰਸਿੱਧ ਅਰਥਸ਼ਾਸਤਰੀਆਂ ਦੀ ਖੋਜ ਦੇ ਆਧਾਰ 'ਤੇ ਦਿੱਤੀ ਗਈ ਸੀ। ਪਰ ਉਦੋਂ ਦਿੱਲੀ ਦੀ ਸੱਤਾ 'ਤੇ ਕਾਬਜ਼ ਲੋਕਾਂ ਨੂੰ ਗੁਜਰਾਤ ਦਾ ਸਨਮਾਨ ਰਾਸ ਨਹੀਂ ਆਇਆ ਅਤੇ ਉਨ੍ਹਾਂ ਨੇ ਖੋਜ ਕਰਨ ਵਾਲਿਆਂ ਨੂੰ ਬਾਕਾਇਦਾ ਹੁਕਮ ਦਿੱਤਾ ਕਿ ਅਜਿਹਾ ਨਹੀਂ ਚੱਲੇਗਾ, ਹੁਣ ਕੋਈ ਵੀ ਰਿਪੋਰਟ ਛਾਪਣ ਤੋਂ ਪਹਿਲਾਂ ਸਾਡੇ ਤੋਂ ਮਨਜ਼ੂਰੀ ਲੈਣੀ ਹੋਵੇਗੀ।

ਸਾਥੀਓ,

ਉਦੋਂ ਇਹ ਹਾਲਾਤ ਸਨ ਅਤੇ ਅੱਜ ਉਹੀ ਲੋਕ ਸਹਿਣਸ਼ੀਲਤਾ ਅਤੇ ਲੋਕਤੰਤਰ ਬਾਰੇ ਗਿਆਨ ਦਿੰਦੇ ਫਿਰਦੇ ਹਨ। ਅਤੇ ਇਹ ਕਦੋਂ ਦੀ ਘਟਨਾ ਸੀ? ਇਸ ਤੋਂ ਬਾਅਦ ਕੀ ਹੋਇਆ ਸੀ? ਇਹ ਤੁਸੀਂ ਖੋਜ ਕਰਕੇ ਪਤਾ ਲਗਾ ਹੀ ਲਵੋਗੇ। ਮੈਂ ਆਪਣੀ ਗੱਲ ਸਮਾਪਤ ਕਰਨ ਵੱਲ ਵਧਦਾ ਹਾਂ।

ਸਾਥੀਓ,

ਨਿਸ਼ਚਿਤ ਤੌਰ 'ਤੇ ਪਿਛਲੇ ਸਾਲਾਂ ਵਿੱਚ ਦੇਸ਼ ਦੇ ਕਿਸਾਨਾਂ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਰਹੀਆਂ ਹਨ। ਵਿਕਸਿਤ ਭਾਰਤ ਬਣਾਉਣ ਲਈ ਹੁਣ ਸਾਨੂੰ ਆਪਣੇ ਯਤਨਾਂ ਨੂੰ ਹੋਰ ਵੱਡਾ ਕਰਨਾ ਹੈ। ਸਾਨੂੰ ਇੱਕ ਅਜਿਹਾ ਭਵਿੱਖ ਬਣਾਉਣਾ ਹੈ, ਜਿੱਥੇ ਕਿਸਾਨ ਖ਼ੁਸ਼ਹਾਲ ਹੋਵੇ, ਪਿੰਡ ਸਮਰੱਥ ਹੋਣ, ਖੇਤੀਬਾੜੀ ਆਧੁਨਿਕ ਅਤੇ ਲਾਭਕਾਰੀ ਹੋਵੇ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡਾ ਇਹ ਵਿਚਾਰ-ਮੰਥਨ ਦੇਸ਼ ਦੇ ਕੰਮ ਆਵੇਗਾ। ਇੱਥੋਂ ਜੋ ਬਿਹਤਰ ਸੁਝਾਅ ਅਤੇ ਹੱਲ ਨਿਕਲੇ ਹਨ, ਉਨ੍ਹਾਂ 'ਤੇ ਸਰਕਾਰ ਵੀ ਕੰਮ ਕਰੇਗੀ। ਅਤੇ ਜਦੋਂ ਮੈਂ ਤੁਹਾਡੇ ਵਿਚਕਾਰ ਆਇਆ ਹਾਂ, ਤਾਂ ਮੈਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਕਰਨਾ ਚਾਹਾਂਗਾ। ਹੁਣੇ ਸ਼ੁਰੂ ਵਿੱਚ ਅੰਜਨਾ ਜੀ ਆਪਣੀ ਜਾਣ-ਪਛਾਣ ਵਾਲੀ ਗੱਲ ਵਿੱਚ ਆਖ ਰਹੇ ਸਨ ਕਿ ਕਿਸਾਨ ਦੋ ਗੱਲਾਂ ਨਾਲ ਜੁੜਿਆ ਹੋਇਆ ਹੈ, ਅੰਨਦਾਤਾ ਅਤੇ ਧਰਤੀ ਮਾਤਾ। ਮੈਂ ਆਪਣੇ ਕਿਸਾਨ ਭੈਣਾਂ-ਭਰਾਵਾਂ ਨੂੰ ਪੁੱਛਣਾ ਚਾਹੁੰਦਾ ਹਾਂ, ਕੀ ਅਸੀਂ ਆਪਣੀ ਇਸ ਧਰਤੀ ਮਾਂ ਦੀ ਰਾਖੀ ਕਰ ਰਹੇ ਹਾਂ? ਜ਼ਰਾ ਆਪਣੇ ਸੀਨੇ 'ਤੇ ਹੱਥ ਰੱਖ ਕੇ ਪੁੱਛੋ। ਅਸੀਂ ਜਿਸ ਤਰ੍ਹਾਂ ਰਸਾਇਣਾਂ ਦੀ ਵਰਤੋਂ ਕਰਕੇ ਧਰਤੀ ਮਾਂ ਦਾ ਵਿਨਾਸ਼ ਕਰ ਰਹੇ ਹਾਂ, ਅਸੀਂ ਇਸ ਮਾਂ ਦੀ ਔਲਾਦ ਹਾਂ। ਅਸੀਂ ਆਪਣੀ ਇਸ ਮਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਮਾਰ ਰਹੇ ਹਾਂ। ਜੇਕਰ ਅਸੀਂ ਸਮੇਂ ਤੋਂ ਪਹਿਲਾਂ ਨਾ ਜਾਗੇ, ਜੇਕਰ ਅਸੀਂ ਆਪਣੀ ਧਰਤੀ ਮਾਂ ਨੂੰ ਬਚਾਉਣ ਲਈ ਯਤਨ ਨਾ ਕੀਤੇ, ਤਾਂ ਜਿਹੜੀ ਮਾਂ ਅੱਜ ਸਾਡਾ ਢਿੱਡ ਭਰਦੀ ਹੈ, ਉਹ ਮਾਂ ਸ਼ਾਇਦ ਸਾਡੇ ਹੱਥਾਂ ਵਿੱਚੋਂ ਸਾਨੂੰ ਛੱਡ ਦੇਵੇ, ਅਜਿਹੀ ਸਥਿਤੀ ਬਣ ਜਾਵੇਗੀ। ਅਤੇ ਇਸ ਲਈ ਸਰਕਾਰ ਨੇ ਕੁਦਰਤੀ ਖੇਤੀ 'ਤੇ ਜ਼ੋਰ ਦਿੱਤਾ ਹੈ, ਨੈਚੁਰਲ ਫਾਰਮਿੰਗ 'ਤੇ ਜ਼ੋਰ ਦਿੱਤਾ ਹੈ। ਜਿਨ੍ਹਾਂ ਲੋਕਾਂ ਨੇ ਨੈਚੁਰਲ ਫਾਰਮਿੰਗ ਦੇ ਪ੍ਰਯੋਗ ਕੀਤੇ ਹਨ, ਉਹ ਬਹੁਤ ਸਫ਼ਲ ਰਹੇ ਹਨ। ਇੱਕ ਗਾਂ, ਇੱਕ ਗਾਂ 30 ਏਕੜ ਜ਼ਮੀਨ ਵਿੱਚ ਕੁਦਰਤੀ ਖੇਤੀ ਲਈ ਲੋੜੀਂਦੀ ਖਾਦ ਦੇ ਦਿੰਦੀ ਹੈ। ਕਿਸੇ ਰਸਾਇਣਿਕ ਖਾਦ ਦੀ ਲੋੜ ਨਹੀਂ ਹੁੰਦੀ। ਇੱਥੇ ਅੱਜ ਤੁਹਾਡੀ ਚਰਚਾ ਵਿੱਚ ਅਜਿਹੇ ਬਹੁਤ ਸਾਰੇ ਵਿਸ਼ੇ ਸਾਹਮਣੇ ਆਏ ਹੋਣਗੇ ਅਤੇ ਇਸ ਲਈ ਮੈਂ ਸਾਰੇ ਕਿਸਾਨਾਂ ਨੂੰ ਬੇਨਤੀ ਕਰਾਂਗਾ ਕਿ ਅਸੀਂ ਰਸਾਇਣਾਂ ਤੋਂ ਮੁਕਤ ਖੇਤੀ ਵੱਲ ਵਧੀਏ। ਮੈਂ ਤੁਹਾਨੂੰ ਜੈਵਿਕ ਖੇਤੀ ਦੀ ਗੱਲ ਨਹੀਂ ਕਰ ਰਿਹਾ ਹਾਂ, ਮੈਂ ਕੁਦਰਤੀ ਖੇਤੀ ਦੀ ਗੱਲ ਕਰ ਰਿਹਾ ਹਾਂ ਅਤੇ ਇਹ ਹਰ ਕਿਸਾਨ ਆਸਾਨੀ ਨਾਲ ਕਰ ਸਕਦਾ ਹੈ। ਅਸੀਂ ਰਸਾਇਣਾਂ ਤੋਂ ਮੁਕਤ ਖੇਤੀ ਕਰਕੇ ਆਪਣੀ ਜ਼ਮੀਨ ਨੂੰ ਬਚਾਉਣ ਲਈ ਕਦਮ ਚੁੱਕ ਸਕਦੇ ਹਾਂ। ਸਾਡੇ ਕਿਸਾਨ ਭੈਣਾਂ-ਭਰਾਵਾਂ ਦੀ ਇੱਕ ਸਮੱਸਿਆ ਹੈ। ਉਹ ਜਦੋਂ ਤੱਕ ਖ਼ੁਦ ਦੇਖ ਨਹੀਂ ਲੈਂਦੇ, ਉਦੋਂ ਤੱਕ ਕਿਸੇ ਗੱਲ ਨੂੰ ਸਵੀਕਾਰ ਨਹੀਂ ਕਰਦੇ। ਤੁਸੀਂ ਕਿੰਨੇ ਵੀ ਲੰਬੇ ਭਾਸ਼ਣ ਕਰ ਲਓ, ਕਿਸਾਨ ਕਿਸੇ ਦੀ ਗੱਲ ਨਹੀਂ ਮੰਨਦਾ, ਉਹ ਦੇਖੇਗਾ ਤਾਂ ਹੀ ਮੰਨੇਗਾ। ਨਹੀਂ ਤਾਂ ਉਸ ਦੇ ਦਿਮਾਗ਼ ਵਿੱਚ ਤਾਂ ਇਹੀ ਰਹਿੰਦਾ ਹੈ ਕਿ ਪੀਲਾ ਪਾਊਡਰ ਪਾਉਣਾ ਹੈ, ਹਰੀ ਬੋਤਲ ਪਾਉਣੀ ਹੈ, ਹਰਾ ਡੱਬਾ ਪਾਉਣਾ ਹੈ, ਲਾਲ ਡੱਬਾ ਲਿਆਉਣਾ ਹੈ। ਉਹ ਗੁਆਂਢੀ ਦੋ ਡੱਬੇ ਲੈ ਕੇ ਆਇਆ ਹੈ, ਮੈਂ ਵੀ ਦੋ ਡੱਬੇ ਲਿਆਵਾਂਗਾ। ਉਹ ਚਾਰ ਬੋਰੀਆਂ ਲੈ ਕੇ ਆਇਆ ਹੈ, ਮੈਂ ਵੀ ਚਾਰ ਬੋਰੀਆਂ ਲਿਆਵਾਂਗਾ। ਉਹ ਇਸੇ ਵਿੱਚ ਲੱਗਾ ਰਹਿੰਦਾ ਹੈ। ਇਹ ਸਾਡਾ ਸਾਰਿਆਂ ਦਾ ਫ਼ਰਜ਼ ਹੈ ਅਤੇ ਅਗਾਂਹਵਧੂ ਕਿਸਾਨਾਂ ਦਾ ਵਿਸ਼ੇਸ਼ ਫ਼ਰਜ਼ ਹੈ ਕਿ ਅਸੀਂ ਉਸ ਨੂੰ ਇਸ ਤੋਂ ਬਚਾਈਏ, ਉਸ ਨੂੰ ਇਸ ਵਿੱਚੋਂ ਬਾਹਰ ਕੱਢੀਏ ਅਤੇ ਰਸਾਇਣਾਂ ਤੋਂ ਮੁਕਤ ਕੁਦਰਤੀ ਖੇਤੀ ਕਰਕੇ ਸਭ ਤੋਂ ਪਹਿਲਾਂ ਆਪਣੀ ਧਰਤੀ ਮਾਤਾ ਨੂੰ ਬਚਾਈਏ। ਇਹ ਮਾਂ ਸਾਨੂੰ ਸਭ ਕੁਝ ਦੇਣ ਦੇ ਸਮਰੱਥ ਹੈ। ਇਹ ਸਾਨੂੰ ਕਦੇ ਵੀ ਕਿਸੇ ਚੀਜ਼ ਦੀ ਘਾਟ ਮਹਿਸੂਸ ਨਹੀਂ ਹੋਣ ਦੇਵੇਗੀ, ਜੇਕਰ ਅਸੀਂ ਉਸ ਮਾਂ ਦੀ ਰਾਖੀ ਕਰੀਏ। ਅਤੇ ਅਸੀਂ ਧਰਤੀ ਮਾਤਾ ਦੀ ਔਲਾਦ ਹਾਂ। ਸਾਡਾ ਫ਼ਰਜ਼ ਹੈ ਕਿ ਅਸੀਂ ਇਸ ਜ਼ਿੰਮੇਵਾਰੀ ਨੂੰ ਇੱਕ ਪੁੱਤ ਦੇ ਨਾਤੇ, ਧਰਤੀ ਮਾਤਾ ਦੇ ਪੁੱਤ ਦੇ ਨਾਤੇ ਨਿਭਾਈਏ, ਧੀ-ਪੁੱਤ ਦੇ ਨਾਤੇ ਨਿਭਾਈਏ। ਇਸੇ ਵਿਸ਼ਵਾਸ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਇੰਡੀਆ ਟੂਡੇ ਗਰੁੱਪ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈ ਹੈ। ਤੁਸੀਂ ਅਜਿਹਾ ਕੰਮ ਕੀਤਾ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੀ ਬਹੁਤ ਮਦਦ ਕਰੇਗਾ।

ਬਹੁਤ-ਬਹੁਤ ਧੰਨਵਾਦ।

****** 

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ


(Release ID: 2335682) ਵਿਜ਼ੀਟਰ ਕਾਊਂਟਰ : 2