ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

ਗੋਆ ਵਿੱਚ 29ਵੀਂ ਊਰਜਾ ਤਕਨਾਲੋਜੀ ਮੀਟਿੰਗ ਦਾ ਉਦਘਾਟਨ ਕੀਤਾ ਗਿਆ, ਇਸ ਦੌਰਾਨ ਨਵੀਨਤਾ ਅਤੇ ਭਾਰਤ ਦੀ ਊਰਜਾ ਸੁਰੱਖਿਆ ਤਰਜੀਹਾਂ 'ਤੇ ਚਾਨਣਾ ਪਾਇਆ ਗਿਆ


ਈਟੀਐੱਮ 2026 ਨੇ ਆਪਣਾ ਘੇਰਾ ਵਧਾਇਆ ਹੈ, ਜਿਸ ਵਿੱਚ ਊਰਜਾ ਨਵੀਨਤਾ ਅਤੇ ਵਪਾਰੀਕਰਨ ਨੂੰ ਅੱਗੇ ਵਧਾਉਣ ਲਈ 1500 ਤੋਂ ਵੱਧ ਨੁਮਾਇੰਦਿਆਂ ਨੂੰ ਇੱਕ ਮੰਚ 'ਤੇ ਇਕੱਠਾ ਕੀਤਾ ਜਾ ਰਿਹਾ ਹੈ

Posted On: 27 OCT 2026 9:33PM by PIB Chandigarh

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਗੋਆ ਵਿੱਚ ਓ.ਐੱਨ.ਜੀ.ਸੀ. ਉੱਨਤ ਸਿਖਲਾਈ ਸੰਸਥਾ ਵਿੱਚ 29ਵੀਂ ਊਰਜਾ ਤਕਨਾਲੋਜੀ ਮੀਟਿੰਗ (ਈ.ਟੀ.ਐੱਮ. 2026) ਦਾ ਉਦਘਾਟਨ ਕੀਤਾ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਨੀਤੀ-ਘਾੜੇ, ਉਦਯੋਗ ਜਗਤ ਦੇ ਦਿੱਗਜ, ਖੋਜਕਰਤਾ, ਤਕਨਾਲੋਜੀ ਪ੍ਰਦਾਤਾ ਅਤੇ ਊਰਜਾ ਮਾਹਰ ਇੱਕ ਮੰਚ 'ਤੇ ਇਕੱਠੇ ਹੋ ਰਹੇ ਹਨ, ਤਾਂ ਜੋ ਉਹ ਭਾਰਤ ਦੇ ਊਰਜਾ ਭਵਿੱਖ ਨੂੰ ਰੂਪ ਦੇਣ ਵਾਲੀਆਂ ਨਵੀਨਤਾਵਾਂ 'ਤੇ ਚਰਚਾ ਕਰ ਸਕਣ।

ਭਾਰਤ ਸਰਕਾਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀ ਸਰਪ੍ਰਸਤੀ ਹੇਠ 'ਸੈਂਟਰ ਫਾਰ ਹਾਈ ਤਕਨਾਲੋਜੀ' (ਸੀਐੱਜਟੀ) ਵੱਲੋਂ ਆਯੋਜਿਤ ਅਤੇ 'ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ' (ਐੱਚਪੀਸੀਐੱਲ) ਦੇ ਸਹਿ-ਆਯੋਜਨ ਵਿੱਚ ਇਸ ਮੀਟਿੰਗ ਦਾ ਵਿਸ਼ਾ 'ਊਰਜਾ ਨਵੀਨਤਾ ਵਿੱਚ ਤੇਜ਼ੀ ਲਿਆਉਣਾ: ਖੋਜ ਤੋਂ ਵਪਾਰੀਕਰਨ ਤੱਕ' ਹੈ। ਇਸ ਪਲੇਟਫ਼ਾਰਮ ਦਾ ਉਦੇਸ਼ ਊਰਜਾ ਮੁੱਲ ਲੜੀ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਦੇ ਵਿਕਾਸ ਤੇ ਉਹਨਾਂ ਨੂੰ ਵਪਾਰਕ ਤੌਰ 'ਤੇ ਅਪਣਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਹੈ।

ਇਹ ਹੁਣ ਤੱਕ ਦਾ ਸਭ ਤੋਂ ਵੱਡਾ ਈ.ਟੀ.ਐੱਮ. ਸੰਸਕਰਨ ਹੈ, ਜਿਸ ਵਿੱਚ 2,500 ਤੋਂ ਵੱਧ ਨੁਮਾਇੰਦੇ, 250 ਤੋਂ ਵੱਧ ਬੁਲਾਰੇ, 44 ਤਕਨੀਕੀ ਸੈਸ਼ਨ ਅਤੇ 220 ਤੋਂ ਵੱਧ ਪ੍ਰਦਰਸ਼ਨੀ ਸਟਾਲ ਹਨ।

ਪ੍ਰੋਗਰਾਮ ਦੇ ਦੌਰਾਨ ਇੱਕ ਗੈਰ-ਰਸਮੀ ਗੱਲਬਾਤ ਵਿੱਚ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਚਰਚਾ ਕੀਤੀ ਕਿ ਭਾਰਤ ਨੇ ਆਲਮੀ ਊਰਜਾ ਸਪਲਾਈ ਵਿੱਚ ਆਈਆਂ ਰੁਕਾਵਟਾਂ ਦਾ ਸਾਹਮਣਾ ਕਿਵੇਂ ਕੀਤਾ ਅਤੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਕਿ ਖਪਤਕਾਰਾਂ ਨੂੰ ਇਸ ਸੰਕਟ ਦੇ ਪੂਰੇ ਅਸਰ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਘਰੇਲੂ ਉਤਪਾਦਨ, ਬਦਲਵੇਂ ਆਯਾਤ (ਦਰਾਮਦ) ਅਤੇ ਆਖ਼ਰੀ ਸਿਰੇ ਤੱਕ ਵੰਡ ਵਿੱਚ ਕੰਮ ਕਰਨ ਦੇ ਮਹੱਤਵ 'ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਐੱਲ.ਪੀ.ਜੀ. ਉਤਪਾਦਨ ਵਿੱਚ ਕਾਫ਼ੀ ਵਾਧਾ ਕੀਤਾ ਗਿਆ ਸੀ। ਇਸ ਚਰਚਾ ਵਿੱਚ ਜ਼ਰੂਰੀ ਬਾਲਣ ਦੀ ਸਪਲਾਈ ਨਿਰੰਤਰ ਬਣਾਏ ਰੱਖਣ ਲਈ ਤੇਲ ਅਤੇ ਗੈਸ ਖੇਤਰ ਦੇ ਜਨਤਕ ਅਦਾਰੇ, ਰਿਫਾਇਨਰੀਆਂ ਅਤੇ ਵੰਡ ਨੈੱਟਵਰਕਾਂ ਵਿਚਕਾਰ ਤਾਲਮੇਲ ਦੀ ਭੂਮਿਕਾ 'ਤੇ ਵੀ ਜ਼ੋਰ ਦਿੱਤਾ ਗਿਆ।

 

 

ਇਸ ਗੱਲਬਾਤ ਵਿੱਚ ਸਪਲਾਈ ਦੇ ਵੱਖ-ਵੱਖ ਸਰੋਤਾਂ, ਘਰੇਲੂ ਉਤਪਾਦਨ ਵਿੱਚ ਵਾਧੇ ਅਤੇ ਬਾਲਣ ਦੇ ਵਿਆਪਕ ਬਦਲਾਂ ਰਾਹੀਂ ਭਾਰਤ ਦੀ ਲੰਬੇ ਸਮੇਂ ਦੀ ਊਰਜਾ-ਸਮਰੱਥਾ ਨੂੰ ਮਜ਼ਬੂਤ ਕਰਨ 'ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ। ਮੰਤਰੀ ਨੇ ਕੰਪ੍ਰੈਸਡ ਬਾਇਓਗੈਸ (ਸੀਬੀਜੀ) ਦੀ ਉਸ ਸਮਰੱਥਾ 'ਤੇ ਚਾਨਣਾ ਪਾਇਆ, ਜਿਸ ਰਾਹੀਂ ਖੇਤੀਬਾੜੀ ਦੀ ਰਹਿੰਦ-ਖੂੰਹਦ (ਪਰਾਲੀ/ਫ਼ਸਲੀ ਰਹਿੰਦ-ਖੂੰਹਦ) ਅਤੇ ਜੈਵਿਕ ਕਚਰੇ ਨੂੰ ਊਰਜਾ ਵਿੱਚ ਬਦਲਿਆ ਜਾ ਸਕਦਾ ਹੈ। ਨਾਲ ਹੀ ਕਿਸਾਨਾਂ ਅਤੇ ਗ੍ਰਾਮੀਣ ਸਮਾਜ ਲਈ ਵਾਧੂ ਆਮਦਨ/ਮੁੱਲ ਵੀ ਪੈਦਾ ਕੀਤਾ ਜਾ ਸਕਦਾ ਹੈ। ਟਿਕਾਊ ਹਵਾਬਾਜ਼ੀ ਬਾਲਣ ਅਤੇ ਅਗਲੀ ਪੀੜ੍ਹੀ ਦੇ ਹੋਰ ਜੈਵ-ਬਾਲਣਾਂ ਵਿੱਚ ਮੌਜੂਦ ਮੌਕਿਆਂ 'ਤੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ, ਘਰੇਲੂ ਖੋਜ ਨੂੰ ਮਜ਼ਬੂਤ ਕਰਨ, ਸਟਾਰਟਅੱਪਸ ਨੂੰ ਸਹਿਯੋਗ ਦੇਣ ਅਤੇ ਭਾਰਤੀ ਤਕਨਾਲੋਜੀਆਂ ਨੂੰ ਵਿਕਾਸ ਅਤੇ ਸ਼ੁਰੂਆਤੀ ਪੜਾਵਾਂ ਤੋਂ ਕੱਢ ਕੇ ਵਪਾਰਕ ਪੱਧਰ ਤੱਕ ਲੈ ਕੇ ਜਾਣ ਦੀ ਲੋੜ 'ਤੇ ਵੀ ਗੱਲ ਹੋਈ।

ਉਨ੍ਹਾਂ ਨੇ ਆਲਮੀ ਊਰਜਾ ਸਪਲਾਈ ਵਿੱਚ ਆਈਆਂ ਰੁਕਾਵਟਾਂ ਪ੍ਰਤੀ ਭਾਰਤ ਦੀ ਪ੍ਰਤੀਕਿਰਿਆ ਅਤੇ ਬਾਲਣ ਦੀ ਉਪਲਬਧਤਾ ਬਣਾਏ ਰੱਖਣ ਵਿੱਚ ਤੇਲ ਮਾਰਕੀਟਿੰਗ ਕੰਪਨੀਆਂ (ਓਐੱਮਸੀ) ਦੀ ਭੂਮਿਕਾ 'ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਕਿਵੇਂ ਓ.ਐੱਮ.ਸੀ. ਨੇ ਪੱਛਮੀ ਏਸ਼ੀਆ ਸੰਕਟ ਦੌਰਾਨ ਰਿਫਾਇਨਰੀਆਂ, ਸਪਲਾਈ ਨੈੱਟਵਰਕ ਅਤੇ ਵੰਡ ਚੈਨਲਾਂ ਵਿਚਕਾਰ ਤਾਲਮੇਲ ਸਥਾਪਿਤ ਕਰਕੇ ਜ਼ਰੂਰੀ ਬਾਲਣ ਦੀ ਸਪਲਾਈ ਨੂੰ ਲਗਾਤਾਰ ਬਣਾਏ ਰੱਖਿਆ। ਇਸ ਚਰਚਾ ਵਿੱਚ ਘਰੇਲੂ ਐੱਲ.ਪੀ.ਜੀ. (LPG) ਉਤਪਾਦਨ ਵਧਾਉਣ, ਦਰਾਮਦ ਦੇ ਸਰੋਤਾਂ ਵਿੱਚ ਵਿਭਿੰਨਤਾ ਲਿਆਉਣ ਅਤੇ ਆਲਮੀ ਸਪਲਾਈ ਵਿੱਚ ਰੁਕਾਵਟਾਂ ਦੇ ਅਸਰ ਤੋਂ ਖਪਤਕਾਰਾਂ ਨੂੰ ਬਚਾਉਣ ਦੇ ਉਪਾਵਾਂ 'ਤੇ ਵੀ ਗੱਲ ਹੋਈ।

ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਊਰਜਾ ਸਰੋਤ ਚੁਣਨ ਦੇ ਭਾਰਤ ਦੇ ਫੈਸਲੇ ਉਸ ਦੇ ਰਾਸ਼ਟਰੀ ਹਿੱਤਾਂ ਅਤੇ ਊਰਜਾ ਜ਼ਰੂਰਤਾਂ ਤੋਂ ਤੈਅ ਹੁੰਦੇ ਹਨ। ਉਨ੍ਹਾਂ ਨੇ ਇਸ ਗੱਲ ਨੂੰ ਵੀ ਰੇਖਾਂਕਿਤ ਕੀਤਾ ਕਿ ਦੇਸ਼ ਵਿੱਚ ਇੱਕ ਲੱਖ ਤੋਂ ਵੱਧ ਰਿਟੇਲ ਆਊਟਲੇਟ ਹਨ, ਪਰ ਅਸੀਂ ਇਹ ਯਕੀਨੀ ਬਣਾਇਆ ਕਿ ਇੱਕ ਵੀ ਆਊਟਲੇਟ 'ਤੇ ਬਾਲਣ ਖ਼ਤਮ ਨਾ ਹੋਵੇ।

ਇਸ ਗੱਲਬਾਤ ਵਿੱਚ ਘਰੇਲੂ ਉਤਪਾਦਨ ਵਧਾਉਣ ਅਤੇ ਊਰਜਾ ਦੇ ਵੱਖ-ਵੱਖ ਸਰੋਤਾਂ ਨੂੰ ਅਪਣਾ ਕੇ ਲੰਬੇ ਸਮੇਂ ਦੀ ਊਰਜਾ ਮਜ਼ਬੂਤੀ ਦੇ ਤਰੀਕਿਆਂ 'ਤੇ ਵੀ ਚਰਚਾ ਹੋਈ। ਇਸ ਵਿੱਚ ਕੰਪ੍ਰੈਸਡ ਬਾਇਓਗੈਸ (ਸੀਬੀਜੀ) ਦੀਆਂ ਸੰਭਾਵਨਾਵਾਂ, ਟਿਕਾਊ ਹਵਾਬਾਜ਼ੀ ਬਾਲਣ ਅਤੇ ਅਗਲੀ ਪੀੜ੍ਹੀ ਦੇ ਬਾਇਓਫਿਊਲ ਦੇ ਮੌਕਿਆਂ ਅਤੇ ਸਵਦੇਸ਼ੀ ਊਰਜਾ ਤਕਨਾਲੋਜੀਆਂ ਦੇ ਵਪਾਰੀਕਰਨ ਵਿੱਚ ਤੇਜ਼ੀ ਲਿਆਉਣ ਲਈ ਭਾਰਤ ਦੇ ਖੋਜ ਅਤੇ ਵਿਕਾਸ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੀ ਲੋੜ 'ਤੇ ਵਿਚਾਰ ਕੀਤਾ ਗਿਆ।

ਇਸ ਪ੍ਰੋਗਰਾਮ ਵਿੱਚ ਇੱਕ ਅਹਿਮ ਐਲਾਨ ਇਹ ਸੀ ਕਿ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ ਇੱਕ ਰਾਸ਼ਟਰੀ ਤੇਲ ਅਤੇ ਗੈਸ ਖੋਜ ਅਤੇ ਵਿਕਾਸ ਦ੍ਰਿਸ਼ਟੀਕੋਣ ਤਿਆਰ ਕੀਤਾ ਜਾਵੇਗਾ। ਇਸ ਦੇ ਅਮਲ ਦਾ ਸਮਰਥਨ ਕਰਨ ਲਈ, ਸਰਕਾਰ ਰਾਸ਼ਟਰੀ ਹਾਈਡ੍ਰੋਕਾਰਬਨ ਤਕਨਾਲੋਜੀ ਕੇਂਦਰ (ਐੱਨਐੱਚਟੀਐੱਚ) ਦੀ ਸਥਾਪਨਾ ਕਰ ਰਹੀ ਹੈ, ਜੋ ਇਸ ਖੇਤਰ ਵਿੱਚ ਖੋਜ ਅਤੇ ਵਿਕਾਸ ਦੇ ਤਾਲਮੇਲ ਲਈ ਇੱਕ ਵਿਸਤ੍ਰਿਤ ਸੰਸਥਾਗਤ ਮੰਚ ਹੈ।

 

ਐੱਨ.ਐੱਚ.ਟੀ.ਐੱਚ ਮੌਜੂਦਾ 'ਸੈਂਟਰ ਫਾਰ ਹਾਈ ਟੈਕਨਾਲੋਜੀ' (ਸੀਐੱਚਟੀ) ਨੂੰ ਆਪਣੇ ਵਿੱਚ ਸ਼ਾਮਲ ਕਰ ਲਵੇਗਾ ਅਤੇ ਵਿਆਪਕ ਕਾਰਜ ਖੇਤਰ ਨਾਲ ਕੰਮ ਕਰੇਗਾ, ਜਿਸ ਵਿੱਚ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ, ਨਿੱਜੀ ਖੇਤਰ ਦੇ ਖੋਜ ਅਤੇ ਵਿਕਾਸ, ਸਟਾਰਟ-ਅੱਪਸ, ਐੱਮ.ਐੱਸ.ਐੱਮ.ਈ., ਸਿੱਖਿਆ ਸ਼ਾਸਤਰੀਆਂ, ਉੱਤਮਤਾ ਕੇਂਦਰਾਂ ਅਤੇ ਖੋਜ ਸੰਸਥਾਵਾਂ ਨੂੰ ਸਾਂਝੀਆਂ ਰਾਸ਼ਟਰੀ ਤਰਜੀਹਾਂ ਦੇ ਆਲੇ-ਦੁਆਲੇ ਇੱਕ ਨਾਲ ਲਿਆਂਦਾ ਜਾਵੇਗਾ। ਇਸ ਪਹਿਲਕਦਮੀ ਦਾ ਉਦੇਸ਼ ਤਾਲਮੇਲ ਨੂੰ ਮਜ਼ਬੂਤ ਕਰਨਾ, ਦੋਹਰਾਓ ਨੂੰ ਘਟਾਉਣਾ ਅਤੇ ਆਲਮੀ ਪੱਧਰ 'ਤੇ ਮੁਕਾਬਲੇਬਾਜ਼ ਸਵਦੇਸ਼ੀ ਤਕਨਾਲੋਜੀਆਂ ਦੇ ਵਿਕਾਸ ਅਤੇ ਤਾਇਨਾਤੀ ਵਿੱਚ ਤੇਜ਼ੀ ਲਿਆਉਣਾ ਹੈ, ਜਿਸ ਨਾਲ 'ਇੱਕ ਵਿਜ਼ਨ, ਇੱਕ ਈਕੋਸਿਸਟਮ' ਦੇ ਦ੍ਰਿਸ਼ਟੀਕੋਣ ਹੇਠ ਇੱਕ ਵੱਧ ਆਪਸ ਵਿੱਚ ਜੁੜਿਆ ਊਰਜਾ ਖੋਜ ਈਕੋਸਿਸਟਮ ਤਿਆਰ ਹੋ ਸਕੇ।

ਮੰਤਰੀ ਨੇ ਪ੍ਰਦਰਸ਼ਨੀ ਦਾ ਵੀ ਜਾਇਜ਼ਾ ਲਿਆ। ਇੱਥੇ ਤਕਨਾਲੋਜੀ ਪ੍ਰਦਾਤਾਵਾਂ, ਪ੍ਰੋਸੈਸ ਲਾਇਸੈਂਸਦਾਤਾਵਾਂ, ਇੰਜੀਨੀਅਰਿੰਗ ਫਰਮਾਂ ਅਤੇ ਊਰਜਾ ਕੰਪਨੀਆਂ ਵੱਲੋਂ ਡਾਊਨਸਟ੍ਰੀਮ ਹਾਈਡ੍ਰੋਕਾਰਬਨ ਖੇਤਰ ਲਈ ਉਤਪਾਦਾਂ, ਤਕਨਾਲੋਜੀਆਂ ਅਤੇ ਹੱਲਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਪ੍ਰਦਰਸ਼ਨੀ ਨੇ ਹਿੱਸੇਦਾਰਾਂ ਨੂੰ ਤਕਨੀਕੀ ਪ੍ਰਗਤੀ ਪ੍ਰਦਰਸ਼ਿਤ ਕਰਨ, ਗਿਆਨ ਦਾ ਆਦਾਨ-ਪ੍ਰਦਾਨ ਕਰਨ ਅਤੇ ਉਦਯੋਗ ਦੀਆਂ ਉੱਭਰਦੀਆਂ ਚੁਣੌਤੀਆਂ ਦੇ ਹੱਲ ਲੱਭਣ ਦਾ ਮੌਕਾ ਦਿੱਤਾ।

ਉਦਘਾਟਨੀ ਪ੍ਰੋਗਰਾਮ ਵਿੱਚ ਭਾਰਤ ਦੇ ਊਰਜਾ ਮਿਸ਼ਰਣ ਵਿੱਚ ਵਿਭਿੰਨਤਾ ਲਿਆਉਣ ਅਤੇ ਘਰੇਲੂ ਊਰਜਾ ਉਤਪਾਦਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀਆਂ ਗਈਆਂ ਸਰਕਾਰੀ ਪਹਿਲਕਦਮੀਆਂ 'ਤੇ ਵੀ ਚਾਨਣਾ ਪਾਇਆ ਗਿਆ। ਰਾਸ਼ਟਰੀ ਸਰਕੂਲਰ ਬਾਇਓ-ਐਨਰਜੀ ਯੋਜਨਾ 'ਗੋਬਰਧਨ' ਹੇਠ ਵਿੱਤੀ ਵਰ੍ਹੇ 2026-27 ਤੋਂ 2035-36 ਤੱਕ ਲਈ 23,731 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦਾ ਮਕਸਦ ਕੰਪ੍ਰੈਸਡ ਬਾਇਓਗੈਸ ਦੇ ਉਤਪਾਦਨ ਨੂੰ ਵਧਾਉਣਾ ਅਤੇ ਸਰਕੂਲਰ ਬਾਇਓ-ਇਕੋਨਾਮੀ ਨੂੰ ਸਮਰਥਨ ਦੇਣਾ ਹੈ। ਇਹਨਾਂ ਯਤਨਾਂ ਦੇ ਪੂਰਕ ਵਜੋਂ, 'ਸਮੁੰਦਰ ਮੰਥਨ' (ਰਾਸ਼ਟਰੀ ਅਪਤਟੀਆਂ ਖੋਜ ਯੋਜਨਾ) ਲਈ ਵਿੱਤੀ ਵਰ੍ਹੇ 2030-31 ਤੱਕ 84,084 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦਾ ਉਦੇਸ਼ ਡੂੰਘੇ ਅਤੇ ਅਤਿ-ਡੂੰਘੇ ਸਮੁੰਦਰੀ ਖੇਤਰਾਂ ਵਿੱਚ ਤੇਲ ਅਤੇ ਗੈਸ ਦੀ ਖੋਜ ਨੂੰ ਉਤਸ਼ਾਹਿਤ ਕਰਨਾ ਅਤੇ ਭਾਰਤ ਦੀ ਲੰਬੇ ਸਮੇਂ ਦੀ ਊਰਜਾ ਸੁਰੱਖਿਆ ਵਿੱਚ ਯੋਗਦਾਨ ਪਾਉਣਾ ਹੈ।

ਮੰਤਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਭਾਰਤ ਦੇ ਊਰਜਾ ਦ੍ਰਿਸ਼ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕੀਤੀ। ਇਹਨਾਂ ਵਿੱਚ ਬਾਲਣ ਦੀ ਉਪਲਬਧਤਾ, ਊਰਜਾ ਸੁਰੱਖਿਆ, ਊਰਜਾ ਪਰਿਵਰਤਨ (Energy Transition) ਅਤੇ ਊਰਜਾ ਸਰੋਤਾਂ ਵਿੱਚ ਵਿਭਿੰਨਤਾ ਲਿਆਉਣ ਦੀਆਂ ਪਹਿਲਕਦਮੀਆਂ ਵਰਗੇ ਵਿਸ਼ੇ ਸ਼ਾਮਲ ਸਨ।

29 ਅਕਤੂਬਰ ਤੱਕ ਚੱਲਣ ਵਾਲੇ ਈ.ਟੀ.ਐੱਮ. 2026 ਵਿੱਚ ਤਕਨੀਕੀ ਪੇਸ਼ਕਾਰੀਆਂ, ਪੈਨਲ ਚਰਚਾਵਾਂ, ਪੋਸਟਰ ਸੈਸ਼ਨ ਅਤੇ ਇੱਕ ਪ੍ਰਦਰਸ਼ਨੀ ਸ਼ਾਮਲ ਹੈ। ਮੁੱਖ ਧਿਆਨ ਦੇਣ ਵਾਲੇ ਖੇਤਰਾਂ ਵਿੱਚ ਗ੍ਰੀਨ ਹਾਈਡ੍ਰੋਜਨ, ਟਿਕਾਊ ਹਵਾਬਾਜ਼ੀ ਬਾਲਣ, ਕਾਰਬਨ ਕੈਪਚਰ, ਕੱਚੇ ਤੇਲ ਤੋਂ ਰਸਾਇਣ ਬਣਾਉਣਾ, ਬਾਇਓਫਿਊਲ, ਗੈਸ-ਅਧਾਰਿਤ ਊਰਜਾ, ਰਿਫਾਇਨਿੰਗ ਤਕਨਾਲੋਜੀਆਂ ਅਤੇ ਡਿਜੀਟਾਈਜ਼ੇਸ਼ਨ ਸ਼ਾਮਲ ਹਨ। ਇਹ ਪ੍ਰੋਗਰਾਮ ਭਾਰਤ ਅਤੇ ਵਿਦੇਸ਼ਾਂ ਦੇ ਮਾਹਰਾਂ ਨੂੰ ਇੱਕ ਮੰਚ 'ਤੇ ਲਿਆਉਂਦਾ ਹੈ, ਤਾਂ ਜੋ ਉਹ ਖੋਜ ਸਾਂਝੀ ਕਰ ਸਕਣ, ਉਦਯੋਗ ਜਗਤ ਦੇ ਦ੍ਰਿਸ਼ਟੀਕੋਣਾਂ ਦਾ ਆਦਾਨ-ਪ੍ਰਦਾਨ ਕਰ ਸਕਣ ਅਤੇ ਤਕਨੀਕੀ ਪ੍ਰਗਤੀ ਨੂੰ ਵਪਾਰਕ ਤੌਰ 'ਤੇ ਵਿਹਾਰਕ ਹੱਲਾਂ ਵਿੱਚ ਬਦਲਣ ਦੇ ਮੌਕਿਆਂ ਦੀ ਪਛਾਣ ਕਰ ਸਕਣ।

ਇਸ ਪ੍ਰੋਗਰਾਮ ਵਿੱਚ 'ਐੱਮਸੀ 2 ਇਗਨਾਈਟ ਦੇ ਨਾਲ-ਨਾਲ ਭਾਰਤ ਵਿੱਚ ਸਟਾਰਟਅੱਪ ਈਕੋਸਿਸਟਮ ਬਣਾਉਣ 'ਤੇ ਸੈਸ਼ਨ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਵਿੱਚ 'ਸਟਾਰਟਅੱਪ ਅਵਾਰਡਜ਼' ਅਤੇ 'ਰਿਫਾਇਨਰੀ ਪਰਫਾਰਮੈਂਸ ਐਂਡ ਇਨੋਵੇਸ਼ਨ ਅਵਾਰਡਜ਼' ਵੀ ਦਿੱਤੇ ਜਾਣਗੇ, ਜੋ ਊਰਜਾ ਉਦਯੋਗ ਵਿੱਚ ਤਕਨੀਕੀ ਪ੍ਰਗਤੀ ਅਤੇ ਨਵੀਨਤਾ ਨੂੰ ਮਾਨਤਾ ਦਿੰਦੇ ਹਨ। ਭਾਰਤੀ ਪੈਟਰੋਲੀਅਮ ਉਦਯੋਗ ਮਹਾਸੰਘ (ਐੱਫਆਈਪੀਆਈ) ਵੱਲੋਂ ਆਯੋਜਿਤ ਇੱਕ ਖੋਜ ਅਤੇ ਵਿਕਾਸ ਸੰਮੇਲਨ ਵਿੱਚ ਭਾਰਤ ਦੇ ਊਰਜਾ ਖੇਤਰ ਵਿੱਚ ਸਹਿਯੋਗ ਨੂੰ ਹੁਲਾਰਾ ਦਿੰਦੇ ਹੋਏ ਨੈੱਟ ਜ਼ੀਰੋ ਰਿਫਾਇਨਰੀਆਂ, ਊਰਜਾ ਕੁਸ਼ਲਤਾ, ਹਰੀ ਹਾਈਡ੍ਰੋਜਨ, ਬਾਇਓਮਾਸ ਵਿੱਚ ਮੁੱਲ ਵਾਧਾ, ਜਲ ਪ੍ਰਬੰਧਨ ਅਤੇ ਉੱਭਰਦੀਆਂ ਤਕਨਾਲੋਜੀਆਂ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।

********

 

ਟੀਐੱਮ


(Release ID: 2329577) ਵਿਜ਼ੀਟਰ ਕਾਊਂਟਰ : 11