Posted On:
22 OCT 2026 9:50PM by PIB Chandigarh
ਕਰਨਾਲ (ਹਰਿਆਣਾ)/ਚੰਡੀਗੜ੍ਹ/ਨਵੀਂ ਦਿੱਲੀ, 22 ਅਕਤੂਬਰ 2026 ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਸਥਿਤ ਇਤਿਹਾਸਕ ਤਰਾਵੜ੍ਹੀ ਤੋਂ ਰਾਸ਼ਟਰਵਿਆਪੀ ‘ਖੇਤ ਬਚਾਓ ਅਭਿਆਨ’ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਆਯੋਜਿਤ ਆਤਮਿਕ ‘ਕਿਸਾਨ ਚੌਪਾਲ’ ਵਿੱਚ ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਅੰਨਦਾਤਾਵਾਂ ਨਾਲ ਸਿੱਧਾ ਸੰਵਾਦ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀ ਸੇਵਾ ਹੀ ਉਨ੍ਹਾਂ ਲਈ ਪ੍ਰਮਾਤਮਾ ਦੀ ਸਭ ਤੋਂ ਵੱਡੀ ਪੂਜਾ ਹੈ। ਉਨ੍ਹਾਂ ਨੇ ਦੁਹਰਾਇਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਮਾਰਗਦਰਸ਼ਨ ਹੇਠ ਕਿਸਾਨ ਅਤੇ ਕਿਸਾਨੀ ਦੇ ਮਾਨ-ਸਨਮਾਨ ਅਤੇ ਸਵੈ-ਮਾਣ ਦੀ ਰੱਖਿਆ ਕੇਂਦਰ ਸਰਕਾਰ ਦੀ ਸਰਬਉੱਚ ਤਰਜੀਹ ਹੈ। ਪ੍ਰੋਗਰਾਮ ਵਿੱਚ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ, ਸਥਾਨਕ ਵਿਧਾਇਕ, ਆਈਸੀਏਆਰ ਅਤੇ ਐੱਨਡੀਆਰਆਈ ਦੇ ਸ਼ਿਖਰਲੇ ਖੇਤੀਬਾੜੀ ਵਿਗਿਆਨੀ ਅਤੇ ਵੱਡੀ ਸੰਖਿਆ ਵਿੱਚ ਪ੍ਰਗਤੀਸ਼ੀਲ ਕਿਸਾਨ ਮੌਜੂਦ ਰਹੇ।

ਚੌਪਾਲ ਦੀ ਸ਼ੁਰੂਆਤ ਕਰਦੇ ਹੋਏ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੌਜੂਦ ਕਿਸਾਨਾਂ ਨੂੰ ਕਿਹਾ ਕਿ ਉਹ ਖੁਦ ਨੂੰ ਕਿਸੇ ਉੱਚੇ ਅਹੁਦੇ ‘ਤੇ ਬਿਰਾਜਮਾਨ ਨੇਤਾ ਨਹੀਂ, ਸਗੋਂ ਕਿਸਾਨਾਂ ਦਾ ਸੇਵਕ ਅਤੇ ਖੁਦ ਇੱਕ ਸਮਰਪਿਤ ਕਿਸਾਨ ਮੰਨਦੇ ਹਨ। ਉਨ੍ਹਾਂ ਨੇ ਕਿਹਾ, ‘ਇਹ ਪਗੜੀ ਕਿਸਾਨ ਦੇ ਮਾਣ ਅਤੇ ਸਵੈ-ਮਾਣ ਦਾ ਪ੍ਰਤੀਕ ਹੈ, ਜਿਸ ਨੂੰ ਕਦੇ ਝੁਕਣ ਨਹੀਂ ਦਿੱਤਾ ਜਾਵੇਗਾ। ਅੱਜ ਸਮੇਂ ਦੀ ਮੰਗ ਹੈ ਕਿ ਅਸੀਂ ਆਧੁਨਿਕਤਾ ਅਤੇ ਪਰੰਪਰਾ ਦਾ ਇੱਕ ਅਜਿਹਾ ਤਾਲਮੇਲ ਬਣਾਈਏ ਜਿਸ ਨਾਲ ਸਾਡੀ ਧਰਤੀ ਵੀ ਬਚੇ ਅਤੇ ਕਿਸਾਨਾਂ ਦੀ ਜੇਬ ਵੀ ਭਰੇ।’
ਦੇਖਾ-ਦੇਖੀ ਨਹੀਂ, ਸੌਇਲ ਹੈਲਥ ਕਾਰਡ ਦੇ ਅਧਾਰ ‘ਤੇ ਹੋਵੇ ਸੰਤੁਲਿਤ ਖਾਦਾਂ ਦੀ ਵਰਤੋਂ
ਸੰਵਾਦ ਦੌਰਾਨ ਰਸਾਇਣਿਕ ਖਾਦਾਂ ਦੀ ਵਧੇਰੇ ਵਰਤੋਂ ‘ਤੇ ਗੰਭੀਰ ਚਿੰਤਾ ਪ੍ਰਗਟਾਉਂਦੇ ਹੋਏ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਖੇਤ ਬਚਾਓ ਅਭਿਆਨ ਕਿਸੇ ਖਾਦ ਦੀ ਅੰਨ੍ਹੇਵਾਹ ਵਿਰੋਧ ਲਈ ਨਹੀਂ, ਸਗੋਂ ਉਸ ਦੀ ਸੰਤੁਲਿਤ ਅਤੇ ਵਿਗਿਆਨਕ ਵਰਤੋਂ ਨੂੰ ਹੁਲਾਰਾ ਦੇਣ ਲਈ ਹੈ। ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਸਮਝਾਇਆ ਕਿ ਬਿਨਾ ਬਿਮਾਰੀ ਦੇ ਜਿਵੇਂ ਕੈਲਸ਼ੀਅਮ ਦੀਆਂ ਗੋਲੀਆਂ ਖਾਣ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ, ਉਸੇ ਤਰ੍ਹਾਂ ਬਿਨਾ ਜ਼ਰੂਰਤ ਦੇ ਰਸਾਇਣਿਕ ਖਾਦ ਪਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਖਤਮ ਹੋ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਤਾਕੀਦ ਕੀਤੀ, ‘ਰਾਮਲਾਲ ਨੇ ਚਾਰ ਕੱਟੇ ਪਾਏ ਤਾਂ ਸ਼ਿਆਮਲਾਲ ਸਾਢੇ ਚਾਰ ਬੋਰੀਆਂ ਪਾਵੇ- ਇਸ ਦੇਖਾ-ਦੇਖੀ ਦੀ ਆਦਤ ਤੋਂ ਬਾਹਰ ਨਿਕਲੋ। ਪਹਿਲਾ ਸੌਇਲ ਹੈਲਥ ਕਾਰਡ ਨਾਲ ਮਿੱਟੀ ਦੀ ਜਾਂਚ ਕਰਵਾਓ ਅਤੇ ਜਿੰਨੀ ਲੋੜ ਹੋਵੇ ਓਨਾ ਹੀ ਸੰਤੁਲਿਤ ਪੋਸ਼ਣ ਦਿਓ। ਇਸ ਨਾਲ ਲਾਗਤ ਵੀ ਘਟੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਧਰਤੀ ਦੀ ਸਿਹਤ ਵੀ ਸੁਰੱਖਿਅਤ ਰਹੇਗੀ।’

ਕੁਦਰਤੀ ਖੇਤੀ ਦਾ ਸੱਦਾ: ‘ਘੱਟ ਤੋਂ ਘੱਟ ਇੱਕ ਏਕੜ ਨਾਲ ਵਿਧੀਪੂਰਵਕ ਕਰੋ ਸ਼ੁਰੂਆਤ’
ਕੁਦਰਤੀ ਖੇਤੀ ਨੂੰ ਲੈ ਕੇ ਕਿਸਾਨਾਂ ਦੀਆਂ ਸ਼ੰਕਾਵਾਂ ਦਾ ਹੱਲ ਕਰਦੇ ਹੋਏ ਸ਼ਿਵਰਾਜ ਸਿੰਘ ਚੌਹਾਨ ਨੇ ਆਪਣੇ ਖੁਦ ਦੇ ਖੇਤਾਂ ਦੇ ਤਜ਼ਰਬੇ ਸਾਂਝਾ ਕੀਤੇ। ਉਨ੍ਹਾਂ ਨੇ ਦੱਸਿਆ ਕਿ ਉਹ ਖੁਦ ਆਪਣੇ ਖੇਤ ਵਿੱਚ ਜਾਂਦੇ ਹਨ, ਸਬਜ਼ੀਆਂ, ਫਲ ਅਤੇ ਫਸਲਾਂ ਉਗਾਉਂਦੇ ਹਨ ਅਤੇ ਕੁਦਰਤੀ ਖੇਤੀ ਕਰ ਰਹੇ ਹਨ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਕੁਦਰਤੀ ਖੇਤੀ ਨਾਲ ਉਤਪਾਦਨ ਤਾਂ ਹੀ ਬਿਹਤਰ ਮਿਲਦਾ ਹੈ ਜੇਕਰ ਉਸ ਨੂੰ ਵਿਗਿਆਨਕ ਅਤੇ ਸਹੀ ਢੰਗ ਨਾਲ ਕੀਤਾ ਜਾਵੇ। ਜੀਵਾਮ੍ਰਿਤ, ਘਨਜੀਵਾਮ੍ਰਿਤ ਅਤੇ ਬੀਜਾਮ੍ਰਿਤ ਦਾਸਹੀ ਅਨੁਪਾਤ ਅਤੇ ਸਹੀ ਸਮੇਂ 'ਤੇ ਵਰਤੋਂ ਹੀ ਇਸ ਦੀ ਸਫਲਤਾ ਦੀ ਕੁੰਜੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਤਾਕੀਦ ਕੀਤੀ ਕਿ ਜੇਕਰ ਕਿਸੇ ਕੋਲ ਤਿੰਨ ਜਾਂ ਪੰਜ ਏਕੜ ਜ਼ਮੀਨ ਹੈ ਤਾਂ ਉਹ ਪਹਿਲਾਂ ਸਿਰਫ਼ ਇੱਕ ਏਕੜ ਵਿੱਚ ਪੂਰੀ ਵਿਧੀ ਸਿੱਖ ਕੇ ਕੁਦਰਤੀ ਖੇਤੀ ਸ਼ੁਰੂ ਕਰੇ। ਜਦੋਂ ਲਾਭ ਦਿਖੇਗਾ, ਤਾਂ ਬਾਕੀ ਕਿਸਾਨ ਵੀ ਖੁਦ ਹੀ ਪ੍ਰੇਰਿਤ ਹੋਣਗੇ।
ਦੇਸੀ ਗੋਵੰਸ਼ ਅਤੇ ਸੈਕਸਡ-ਸੀਮੇਨ (Sexed Semen) ਤਕਨੀਕ ‘ਤੇ ਚਰਚਾ
ਚੌਪਾਲ ਵਿੱਚ ਕਿਸਾਨਾਂ ਨੇ ਦੇਸੀ ਗਊਆਂ ਦੀ ਸੰਭਾਲ, ਦੁੱਧ ਦੀਆਂ ਕੀਮਤਾਂ ਅਤੇ ਵੱਛੀਆਂ ਪੈਦਾ ਕਰਨ ਵਾਲੀਆਂ ਉੱਨਤ ਤਕਨੀਕਾਂ(Sex-sorted semen) ਵਿਸ਼ੇ ਬਾਰੇ ਗੱਲ ਕੀਤੀ। ਇਸ ‘ਤੇ ਵਿਗਿਆਨੀਆਂ ਦੀ ਮੌਜੂਦਗੀ ਵਿੱਚ ਚਰਚਾ ਕਰਦੇ ਹੋਏ ਭਰੋਸਾ ਦਿੱਤਾ ਗਿਆ ਕਿ ਸਰਕਾਰ ਅਜਿਹੀ ਸਸਤੀ ਅਤੇ ਪਹੁੰਚਯੋਗ ਤਕਨੀਕ ਨੂੰ ਤੇਜ਼ੀ ਨਾਲ ਮਾਨਤਾ ਪ੍ਰਦਾਨ ਕਰ ਰਹੀ ਹੈ ਜਿਸ ਨਾਲ ਕਿਸਾਨਾਂ ਨੂੰ ਵਾਜ਼ਬ ਦਰਾਂ ‘ਤੇ ਇਹ ਸਹੂਲਤ ਮਿਲੇ। ਨਾਲ ਹੀ, ਦੇਸੀ ਗਾਂ ਦੇ ਦੁੱਧ ਦੀ ਬਿਹਤਰ ਬਜ਼ਾਰ ਦੀਆਂ ਕੀਮਤਾਂ ਅਤੇ ਕੁਦਰਤੀ ਖੇਤੀ ਵਿੱਚ ਗਊਮੁਤਰ ਅਤੇ ਗੋਬਰ ਦੀ ਕੇਂਦਰੀ ਭੂਮਿਕਾ ‘ਤੇ ਵੀ ਜ਼ੋਰ ਦਿੱਤਾ ਗਿਆ।
ਪਰਾਲੀ ਪ੍ਰਬੰਧਨ ਵਿੱਚ ਹਰਿਆਣਾ ਦੇ ਕਿਸਾਨਾਂ ਦੀ ਭਰਪੂਰ ਸ਼ਲਾਘਾ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਚੌਹਾਨ ਨੇ ਇਸ ਵਰ੍ਹੇ ਹਰਿਆਣਾ ਵਿੱਚ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਵਿੱਚ ਆਈ ਭਾਰੀ ਗਿਰਾਵਟ ਅਤੇ ਕਿਸਾਨਾਂ ਦੀ ਚੌਕਸੀ ਦੀ ਦਿਲ ਖੋਲ੍ਹ ਕੇ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜਿਸ ਮੌਸਮ ਵਿੱਚ ਪਹਿਲਾਂ ਚਾਰੇ ਪਾਸੇ ਧੂੰਆਂ ਅਤੇ ਧੁੰਦ ਛਾਈ ਰਹਿੰਦੀ ਸੀ, ਇਸ ਵਾਰ ਹਰਿਆਣਾ ਦੇ ਕਿਸਾਨਾਂ ਨੇ ਪਰਾਲੀ ਪ੍ਰਬੰਧਨ ਅਤੇ ਸੁਪਰ ਸੀਡਰ ਵਰਗੀਆਂ ਤਕਨੀਕਾਂ ਨੂੰ ਅਪਣਾ ਕੇ ਵਾਤਾਵਰਣ ਦੀ ਸੁਰੱਖਿਆ ਦੀ ਜੋ ਮਿਸਾਲ ਪੇਸ਼ ਕੀਤੀ ਹੈ, ਉਹ ਪੂਰੇ ਦੇਸ਼ ਲਈ ਮਿਸਾਲੀ ਹੈ। ਇਹ ਜਨਤਾ, ਕਿਸਾਨਾਂ ਅਤੇ ਸਰਕਾਰ ਦੇ ਸਾਂਝੇ ਸੰਕਲਪ ਦੀ ਸ਼ਾਨਦਾਰ ਜਿੱਤ ਹੈ।

ਤਰਾਵੜ੍ਹੀ ਦੀ ਇਹ ਕਿਸਾਨ ਚੌਪਾਲ ਸਿਰਫ਼ ਇੱਕ ਰਸਮੀ ਸੰਵਾਦ ਨਹੀਂ, ਸਗੋਂ ਸਿੱਧੇ ਖੇਤੀਬਾੜੀ ਤੋਂ ਪੈਦਾ ਹੋਈਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਵਿਗਿਆਨਕ ਸਮਾਧਾਨ ਦਾ ਇੱਕ ਜੀਵੰਤ ਮੰਚ ਸਾਬਤ ਹੋਈ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਨੇ ਭਰੋਸਾ ਦਿਵਾਇਆ ਕਿ ਕਿਸਾਨਾਂ ਤੋਂ ਮਿਲੇ ਹਰ ਸੁਝਾਅ ਅਤੇ ਜ਼ਰੂਰਤ ‘ਤੇ ਖੇਤੀਬਾੜੀ ਮੰਤਰਾਲਾ ਤਤਪਰਤਾ ਨਾਲ ਠੋਸ ਕਦਮ ਚੁੱਕੇਗਾ।
****
ਐੱਸਐੱਸ/ਐੱਮਐੱਸ/ਏਕੇ