ਪ੍ਰਧਾਨ ਮੰਤਰੀ ਦਫਤਰ
ਇੰਡੀਆ ਮੋਬਾਈਲ ਕਾਂਗਰਸ ਦੇ 10ਵੇਂ ਐਡੀਸ਼ਨ ਦੇ ਉਦਘਾਟਨੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
Posted On:
08 OCT 2026 1:05PM by PIB Chandigarh
ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਜਯੋਤਿਰਾਦਿੱਤਿਆ ਸਿੰਧੀਆ ਜੀ, ਰਾਜ ਮੰਤਰੀ ਚੰਦਰਸ਼ੇਖਰ ਪੇਮਾਸਾਨੀ ਜੀ, ਵੱਖ-ਵੱਖ ਸੂਬਾ ਸਰਕਾਰਾਂ ਦੇ ਮੰਤਰੀ ਸਾਹਿਬਾਨ, ਜੀਐੱਸਐੱਮਏ ਬੋਰਡ ਦੇ ਸਾਰੇ ਮੈਂਬਰ, ਦੁਨੀਆ ਭਰ ਤੋਂ ਆਏ ਟੈਲੀਕਾਮ ਆਪਰੇਟਰਾਂ ਦੇ ਨੁਮਾਇੰਦੇ, ਸਨਅਤੀ ਆਗੂ, ਮਾਹਰ, ਦੇਸ਼ ਦੇ ਵੱਖ-ਵੱਖ ਕਾਲਜਾਂ ਅਤੇ ਸਟਾਰਟਅੱਪਸ ਤੋਂ ਆਏ ਮੇਰੇ ਨੌਜਵਾਨ ਸਾਥੀਓ, ਦੇਵੀਓ ਅਤੇ ਸੱਜਣੋ।
ਅੱਜ 8 ਅਕਤੂਬਰ ਹੈ, ਭਾਰਤ ਲਈ ਇਹ ਇੱਕ ਖਾਸ ਦਿਨ ਹੈ। ਅੱਜ ਦੇ ਦਿਨ ਨੂੰ ਅਸੀਂ ‘ਏਅਰ ਫੋਰਸ ਡੇਅ’ ਵਜੋਂ ਮਨਾਉਂਦੇ ਹਾਂ। ਮੈਂ ਆਪਣੇ ਸਾਰੇ ਬਹਾਦਰ ਯੋਧਿਆਂ ਨੂੰ ਸਲਾਮ ਕਰਦਾ ਹਾਂ, ਦੇਸ਼ ਨੂੰ ਏਅਰ ਫੋਰਸ ਡੇਅ ’ਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਜਿਵੇਂ ਹੁਣੇ ਸਿੰਧੀਆ ਜੀ ਦੱਸ ਰਹੇ ਸਨ, ਕੱਲ੍ਹ ਹੀ ਮੈਨੂੰ ‘ਸਰਕਾਰ ਦੇ ਮੁਖੀ’ (ਹੈੱਡ ਆਫ ਦਿ ਗਵਰਨਮੈਂਟ) ਵਜੋਂ ਦੇਸ਼ ਦੀ ਸੇਵਾ ਕਰਦਿਆਂ 25 ਸਾਲ ਪੂਰੇ ਹੋਏ ਹਨ। ਮੇਰੇ ਲਈ ਇਹ ਸੇਵਾ ਦਾ ਬਹੁਤ ਸੁਭਾਵਿਕ ਸਫ਼ਰ ਰਿਹਾ ਹੈ। ਮੈਂ ਹਰ ਦੇਸ਼ਵਾਸੀ ਦਾ, ਅਤੇ ਦੁਨੀਆ ਭਰ ਵਿੱਚ ਭਾਰਤ ਦੇ ਹਰ ਮਿੱਤਰ ਦਾ ਸ਼ੁਭਕਾਮਨਾਵਾਂ ਲਈ ਧੰਨਵਾਦ ਕਰਦਾ ਹਾਂ।
ਸਾਥੀਓ,
ਇਹ ਵੀ ਸਬੱਬ ਹੀ ਹੈ ਕਿ ਇਸੇ ਮੌਕੇ ’ਤੇ ‘ਇੰਡੀਆ ਮੋਬਾਈਲ ਕਾਂਗਰਸ’ ਦੇ ਸੰਮੇਲਨ ਦੇ ਵੀ 10 ਸਾਲ ਪੂਰੇ ਹੋਏ ਹਨ। ਇਸ ਸਾਲ ਜੀਐੱਸਐੱਮਏ ਬੋਰਡ ਦੀ ਮੀਟਿੰਗ ਲਈ ਭਾਰਤ ਨੂੰ ਚੁਣਿਆ ਗਿਆ ਹੈ। ਮੈਂ ਦੁਨੀਆ ਭਰ ਤੋਂ ਆਏ ਟੈਲੀਕਾਮ ਆਪਰੇਟਰਾਂ, ਸਨਅਤੀ ਆਗੂਆਂ, ਮਾਹਰਾਂ, ਸਿੱਖਿਆ ਜਗਤ ਅਤੇ ਸਟਾਰਟਅੱਪਸ ਦੇ ਤੁਹਾਡੇ ਸਾਰੇ ਨੁਮਾਇੰਦਿਆਂ ਦਾ ਭਾਰਤ ਵਿੱਚ ਸਵਾਗਤ ਕਰਦਾ ਹਾਂ, ਜੀ ਆਇਆਂ ਨੂੰ ਆਖਦਾ ਹਾਂ।
ਸਾਥੀਓ,
ਅੱਜ ਸਵੇਰੇ ਹੀ ਇਹ ਖ਼ਬਰ ਆਈ ਹੈ ਕਿ ਉੱਘੇ ਅਦਾਕਾਰ ਨਾਨਾ ਪਾਟੇਕਰ ਜੀ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਹ ਇੱਕ ਬਿਹਤਰੀਨ ਕਲਾਕਾਰ ਸਨ, ਜਿਨ੍ਹਾਂ ਨੇ ਵੱਖ-ਵੱਖ ਕਿਰਦਾਰਾਂ ਰਾਹੀਂ ਦਰਸ਼ਕਾਂ ਦਾ ਦਿਲ ਜਿੱਤਿਆ। ਨਾਨਾ ਪਾਟੇਕਰ ਜੀ ਦਾ ਜੀਵਨ ਤਿਰੰਗੇ ਦੀ ਆਨ-ਬਾਨ ਅਤੇ ਸ਼ਾਨ ਲਈ ਸਮਰਪਿਤ ਰਿਹਾ। ਉਹ ਬੰਧਨਾਂ ਵਿੱਚ ਨਹੀਂ ਰਹੇ, ਸਗੋਂ ਪੰਛੀ ਵਾਂਗ ਫਿਲਮਾਂ ਦੇ ਅਸਮਾਨ ਵਿੱਚ ਉੱਡੇ। ਉਨ੍ਹਾਂ ਨੇ ਸਮਾਜ ਵਿੱਚ ਫੈਲੀ ਬਦਇੰਤਜ਼ਾਮੀ ’ਤੇ ਆਪਣੀਆਂ ਫਿਲਮਾਂ ਰਾਹੀਂ ਕਰਾਰੀ ਚੋਟ ਕੀਤੀ। ਉਹ ਇੱਕ ਅਜਿਹੇ ਕ੍ਰਾਂਤੀਵੀਰ ਸਨ, ਜਿਨ੍ਹਾਂ ਨੇ ਬੁਰਾਈਆਂ ਦੇ ਖਿਲਾਫ਼ ਕੰਮ ਕੀਤਾ। ਉਨ੍ਹਾਂ ਦੀ ਆਵਾਜ਼ ਜਿੰਨੀ ਬੁਲੰਦ ਸੀ, ਉਨ੍ਹਾਂ ਦੀ ਖਾਮੋਸ਼ੀ ਵੀ ਓਨੀ ਹੀ ਅਸਰਦਾਰ ਸੀ। ਉਹ ਦੇਸ਼ ਵਿਰੋਧੀਆਂ ’ਤੇ ਲਗਾਤਾਰ ਨਕੇਲ ਕੱਸਣ ਦੇ ਹੱਕ ਵਿੱਚ ਸਨ। ਮੈਂ ਨਾਨਾ ਪਾਟੇਕਰ ਜੀ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਚਾਹੁਣ ਵਾਲਿਆਂ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ।
ਦੋਸਤੋ,
ਮੈਨੂੰ ‘ਇੰਡੀਆ ਮੋਬਾਈਲ ਕਾਂਗਰਸ’ ਦੇ ਕਈ ਐਡੀਸ਼ਨਾਂ ਵਿੱਚ ਤੁਹਾਡੇ ਸਾਰਿਆਂ ਵਿਚਕਾਰ ਆਉਣ ਦਾ ਮੌਕਾ ਮਿਲਿਆ ਹੈ। ਟੈਲੀਕਾਮ ਸੈਕਟਰ ਅਤੇ ਡਿਜੀਟਲ ਕਨੈਕਟੀਵਿਟੀ ਕਿਵੇਂ ਵਿਕਸਿਤ ਹੋਈ, ਇਹ ਪਲੈਟਫਾਰਮ ਇਸ ਗੱਲ ਦਾ ਗਵਾਹ ਰਿਹਾ ਹੈ। 2022 ਵਿੱਚ, ਇਸੇ ਮੰਚ ਤੋਂ ਅਸੀਂ ਦੇਸ਼ ਵਿੱਚ 5ਜੀ ਦੀ ਸ਼ੁਰੂਆਤ ਕੀਤੀ ਸੀ, ਫਿਰ 2023 ਵਿੱਚ ਮੈਂ ਦੱਸਿਆ ਸੀ ਕਿ ਭਾਰਤ ਕਿਵੇਂ 5ਜੀ ਰੋਲ-ਆਊਟ ਤੋਂ 5ਜੀ ਰੀਚ-ਆਊਟ ਵੱਲ ਵਧ ਰਿਹਾ ਹੈ। ਅਤੇ ਅੱਜ ਅਸੀਂ ਸਾਰੇ ਦੇਖ ਰਹੇ ਹਾਂ ਕਿ ਦੇਸ਼ ਦੇ ਹਰ ਜ਼ਿਲ੍ਹੇ ਤੱਕ 5ਜੀ ਕਨੈਕਟੀਵਿਟੀ ਪਹੁੰਚ ਚੁੱਕੀ ਹੈ। ਅੱਜ ਭਾਰਤ ਵਿੱਚ ਸਾਢੇ ਪੰਜ ਲੱਖ ਤੋਂ ਵੱਧ ਬੇਸ ਸਟੇਸ਼ਨ ਹਨ, ਜਿੱਥੋਂ 5ਜੀ ਨੈੱਟਵਰਕ ਕੰਮ ਕਰ ਰਿਹਾ ਹੈ। ਮੋਬਾਈਲ ਇੰਟਰਨੈੱਟ ਦੀ ਸਪੀਡ 2022 ਦੇ ਮੁਕਾਬਲੇ 10 ਗੁਣਾ ਵਧੀ ਹੈ।
ਸਾਥੀਓ,
2024 ਵਿੱਚ ਇੰਡੀਆ ਮੋਬਾਈਲ ਕਾਂਗਰਸ ਦੇ ਇਸੇ ਮੰਚ ’ਤੇ ਅਸੀਂ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ (ਆਈਟੀਯੂ) ਦੀ ਮੌਜੂਦਗੀ ਦੇਖੀ। ਉਦੋਂ ਅਸੀਂ ਡਿਜੀਟਲ ਦੁਨੀਆ ਲਈ ਆਲਮੀ ਮਿਆਰਾਂ ਦੀ ਲੋੜ ਬਾਰੇ ਗੱਲ ਕੀਤੀ ਸੀ। ਪਿਛਲੇ ਸਾਲ ਅਸੀਂ ਨਿਵੇਸ਼, ਨਵੀਆਂ ਖੋਜਾਂ ਅਤੇ ‘ਮੇਕ ਇਨ ਇੰਡੀਆ’ ’ਤੇ ਚਰਚਾ ਕੀਤੀ ਸੀ। ਅੱਜ ਭਾਰਤ ਟੈਲੀਕਾਮ ਸੈਕਟਰ ਵਿੱਚ ਜਿੱਥੇ ਪਹੁੰਚਿਆ ਹੈ, ਉਸ ਵਿੱਚ ਇੰਡੀਆ ਮੋਬਾਈਲ ਕਾਂਗਰਸ ਦੀ ਵੀ ਅਹਿਮ ਭੂਮਿਕਾ ਰਹੀ ਹੈ। ਪਿਛਲੇ ਸਾਲਾਂ ਵਿੱਚ ਇਹ ਪਲੈਟਫਾਰਮ ਭਾਰਤ ਦੀ ਤਰੱਕੀ ਦਾ, ਭਾਰਤ ਦੇ ਸੁਪਨਿਆਂ ਦਾ ਮੰਚ ਬਣ ਕੇ ਉੱਭਰਿਆ ਹੈ। ਇਸ ਲਈ, ਮੈਂ ਤੁਹਾਡਾ ਸਾਰਿਆਂ ਦਾ ਖਾਸ ਤੌਰ ’ਤੇ ਧੰਨਵਾਦ ਕਰਦਾ ਹਾਂ।
ਦੋਸਤੋ,
ਇਸ ਸਾਲ ਤੁਸੀਂ ਸਾਰਿਆਂ ਨੇ ਇਸ ਸੰਮੇਲਨ ਵਿੱਚ ਆਪਣੀ ਚਰਚਾ ਲਈ ਵਿਸ਼ਾ ਤੈਅ ਕੀਤਾ ਹੈ- ‘ਸਕੇਲ ਵਿਦਾਊਟ ਬਾਊਂਡਰੀਜ਼’, ਭਾਵ ਹਰ ਸਰਹੱਦ ਤੋਂ ਪਾਰ ਜਾ ਕੇ ਵਿਸਤਾਰ ਕਰਨਾ। ਮੈਂ ਤੁਹਾਨੂੰ ਭਾਰਤ ਦੇ ਤਜ਼ਰਬਿਆਂ ਤੋਂ ਦੱਸਣਾ ਚਾਹਾਂਗਾ ਕਿ ਅਸੀਂ ਕਿਵੇਂ ‘ਸਕੇਲ ਵਿਦਾਊਟ ਬਾਊਂਡਰੀਜ਼’ ਦੇ ਸੁਪਨੇ ਨੂੰ ਹਕੀਕਤ ਬਣਾ ਕੇ ਦਿਖਾਇਆ ਹੈ।
ਸਾਥੀਓ,
ਜਦੋਂ ਅਸੀਂ ਟੈਲੀਕਾਮ ਦੀ ਗੱਲ ਕਰਦੇ ਹਾਂ, ਤਾਂ ਅਕਸਰ ਨੈੱਟਵਰਕ ਦੀ ਚਰਚਾ ਹੁੰਦੀ ਹੈ, ਸਪੈਕਟ੍ਰਮ ’ਤੇ ਬਹਿਸ ਹੁੰਦੀ ਹੈ, ਟਾਵਰਾਂ ਦੀ, ਪਹੁੰਚ ਦੀ ਅਤੇ ਸਪੀਡ ਦੀਆਂ ਗੱਲਾਂ ਹੁੰਦੀਆਂ ਹਨ। ਪਰ ਭਾਰਤ ਦੇ ਲੋਕਾਂ ਲਈ ਟੈਲੀਕਾਮ ਦੇ ਮਾਅਨੇ ਕੁਝ ਹੋਰ ਵੀ ਰਹੇ ਹਨ। ਪਿਛਲੇ 10-12 ਸਾਲਾਂ ਵਿੱਚ ਮੋਬਾਈਲ ਫੋਨ ਆਧੁਨਿਕ ਸੰਚਾਰ ਦੇ ਸਾਧਨ ਦੇ ਨਾਲ-ਨਾਲ ਸੁਸ਼ਾਸਨ ਦਾ ਵੀ ਇੱਕ ਅਹਿਮ ਟੂਲ ਬਣ ਕੇ ਸਾਹਮਣੇ ਆਇਆ ਹੈ। ਅਤੇ ਇਹ ਸਾਡੇ ‘ਡਿਜੀਟਲ ਇੰਡੀਆ’ ਦੀ ਦੂਰਅੰਦੇਸ਼ੀ ਦੇ ਬਿਲਕੁਲ ਕੇਂਦਰ ਵਿੱਚ ਰਿਹਾ ਹੈ।
ਸਾਥੀਓ,
ਅੱਜ ਅਸੀਂ ਸੁਣਦੇ ਹਾਂ ਕਿ ਭਾਰਤ ਵਿੱਚ ਡੇਟਾ ਸਸਤਾ ਹੈ, ਮੋਬਾਈਲ ਫੋਨ ਸਸਤੇ ਹਨ, ਮੋਬਾਈਲ ਫੋਨ ਵਰਤੋਂਕਾਰਾਂ ਦੀ ਗਿਣਤੀ ਇੰਨੀ ਵੱਧ ਗਈ ਹੈ, ਇਹ ਸਭ ਆਪਣੀ ਥਾਂ ਬਿਲਕੁਲ ਸੱਚ ਹੈ, ਪਰ ਇਹ ਹੋਇਆ ਕਿਵੇਂ? ਅਤੇ ਇਹ ਸਭ ਕੀਤਾ ਕਿਉਂ ਗਿਆ? ਜਦੋਂ ਅਸੀਂ ਇਹ ਸਮਝਾਂਗੇ, ਤਾਂ ਸਾਰਿਆਂ ਨੂੰ ਭਾਰਤ ਦਾ ਟੀਚਾ, ਭਾਰਤ ਦਾ ਫੋਕਸ ਏਰੀਆ ਬਿਲਕੁਲ ਸਪੱਸ਼ਟ ਹੋ ਜਾਵੇਗਾ।
ਸਾਥੀਓ,
ਇੱਕ ਦਹਾਕਾ ਪਹਿਲਾਂ ਤੱਕ ਭਾਰਤ ਵਿੱਚ ਡਿਜੀਟਲ ਪਾੜਾ ਬਹੁਤ ਵੱਡੀ ਚੁਣੌਤੀ ਸੀ। ਆਧੁਨਿਕ ਤਕਨੀਕ ਸਿਰਫ਼ ਖਾਸ ਲੋਕਾਂ ਦਾ ਅਧਿਕਾਰ ਬਣਦੀ ਜਾ ਰਹੀ ਸੀ। ਭਾਵ ਜਿਸ ਕੋਲ ਸਾਧਨ ਹਨ, ਉਹੀ ਆਧੁਨਿਕ ਤਕਨੀਕ ਦਾ ਫਾਇਦਾ ਲੈ ਸਕਦਾ ਸੀ। ਭਾਰਤ ਵਿੱਚ ਇਹੀ ਸਥਿਤੀ ਬਣਦੀ ਜਾ ਰਹੀ ਸੀ। ‘ਡਿਜੀਟਲ ਇੰਡੀਆ’ ਮੁਹਿੰਮ ਰਾਹੀਂ ਅਸੀਂ ਇਸ ਸਥਿਤੀ ਨੂੰ ਬਦਲਣ ਦਾ ਫੈਸਲਾ ਕੀਤਾ ਅਤੇ ਇਸ ਦੇ ਕੇਂਦਰ ਵਿੱਚ ਮੋਬਾਈਲ ਫੋਨ ਨੂੰ ਲੈ ਕੇ ਆਏ। ਇਹ ਤਕਨੀਕ ਨੂੰ ਹਰ ਆਮ ਆਦਮੀ ਤੱਕ ਪਹੁੰਚਾਉਣ ਦਾ ਬਹੁਤ ਵੱਡਾ ਉਪਰਾਲਾ ਸੀ। ਇਸ ਲਈ ਟੈਲੀਕਾਮ ਸੈਕਟਰ ਵਿੱਚ ਹਰ ਜ਼ਰੂਰੀ ਸੁਧਾਰ ਕੀਤੇ ਗਏ, ਬੁਨਿਆਦੀ ਢਾਂਚੇ ਦਾ ਵਿਸਤਾਰ ਕੀਤਾ ਗਿਆ। ਅਸੀਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮੋਬਾਈਲ ਫੋਨ ਅਤੇ ਹੋਰ ਟੈਲੀਕਾਮ ਹਾਰਡਵੇਅਰ ਭਾਰਤ ਵਿੱਚ ਹੀ ਬਣਨ।
ਸਾਥੀਓ,
ਅਜਿਹੀ ਹਰ ਕੋਸ਼ਿਸ਼ ਨਾਲ ਮੋਬਾਈਲ ਫੋਨ ਅਤੇ ਡੇਟਾ ਭਾਰਤ ਦੇ ਹਰ ਆਮ ਨਾਗਰਿਕ ਦੀ ਪਹੁੰਚ ਵਿੱਚ ਆ ਗਿਆ। ਅਤੇ ਅੱਜ ਇਹ ਭਾਰਤ ਦੇ ਲੋਕਾਂ ਦਾ ਜੀਵਨ ਸੁਖਾਲਾ ਬਣਾ ਰਿਹਾ ਹੈ। ਕੋਵਿਡ ਦੌਰਾਨ ਵੀ ਅਸੀਂ ਦੇਖਿਆ ਸੀ ਕਿ ਕਿਵੇਂ ਸਭ ਕੁਝ ਰੁਕ ਗਿਆ ਸੀ। ਪਰ ਭਾਰਤ ਵਿੱਚ ਦਫ਼ਤਰ ਚੱਲਦੇ ਰਹੇ, ਬੈਂਕ ਚੱਲਦੇ ਰਹੇ, ਪੜ੍ਹਾਈ ਚੱਲਦੀ ਰਹੀ। ਇਹ ਭਾਰਤ ਦੇ ਡਿਜੀਟਲ ਈਕੋਸਿਸਟਮ ਕਾਰਨ ਹੋਇਆ। ਮੋਬਾਈਲ ਅਤੇ ਇੰਟਰਨੈੱਟ ਦੀ ਕਨੈਕਟੀਵਿਟੀ ਨੇ ਸਿੱਖਿਆ, ਸਿਹਤ, ਭੁਗਤਾਨ ਅਤੇ ਸਰਕਾਰੀ ਸੇਵਾਵਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਚਾਲੂ ਰੱਖਿਆ। ਅੱਜ ਦੂਰ-ਦੁਰਾਡੇ ਬੈਠੇ ਪਿੰਡਾਂ ਅਤੇ ਗਰੀਬਾਂ ਦੇ ਬੱਚੇ ਵੀ ਮਿਆਰੀ ਸਿੱਖਿਆ ਹਾਸਲ ਕਰ ਰਹੇ ਹਨ। ਡਿਜੀਟਲ ਲਰਨਿੰਗ ਸਭ ਦੀ ਪਹੁੰਚ ਵਿੱਚ ਆ ਰਹੀ ਹੈ।
ਸਾਥੀਓ,
ਮੈਂ ਤੁਹਾਨੂੰ ਇੱਕ ਅੰਕੜਾ ਦਿੰਦਾ ਹਾਂ, ਜਿਸ ਨਾਲ ਡਿਜੀਟਲ ਇੰਡੀਆ ਦੇ ਅਸਰ ਦਾ ਹੋਰ ਵੀ ਪਤਾ ਲੱਗਦਾ ਹੈ। ਆਨਲਾਈਨ ਸਿੱਖਿਆ ਲਈ ਸਾਡਾ ਇੱਕ ‘ਦੀਕਸ਼ਾ’ ਪਲੈਟਫਾਰਮ ਹੈ। ਕੋਵਿਡ ਦੌਰਾਨ, ਜੁਲਾਈ 2022 ਤੱਕ ਇਸ ਪਲੈਟਫਾਰਮ ’ਤੇ 500 ਕਰੋੜ ਤੋਂ ਵੱਧ ਲਰਨਿੰਗ ਸੈਸ਼ਨ ਅਤੇ ਕਰੀਬ 6 ਹਜ਼ਾਰ ਕਰੋੜ ਲਰਨਿੰਗ ਮਿੰਟ ਦਰਜ ਹੋਏ। ਹੁਣ ਸਾਡੀ ਕੋਸ਼ਿਸ਼ ਹੈ ਕਿ ਸਾਡੇ ਜਿੰਨੇ ਵੀ ਡਿਜੀਟਲ ਅਤੇ ਆਨਲਾਈਨ ਸਿੱਖਿਆ ਦੇ ਸਾਧਨ ਹਨ, ਉਨ੍ਹਾਂ ਰਾਹੀਂ ਅਸੀਂ ਕਰੀਬ 25 ਕਰੋੜ ਵਿਦਿਆਰਥੀਆਂ ਨੂੰ ਜੋੜ ਸਕੀਏ।
ਭਾਵ ਸਾਥੀਓ,
ਟੈਲੀਕਾਮ ਦੇ ਖੇਤਰ ਵਿੱਚ ਜੋ ਕ੍ਰਾਂਤੀ ਆਈ ਹੈ, ਇਸ ਦਾ ਭਾਰਤ ਦੇ ਨਾਗਰਿਕ ਨੂੰ ਸਿੱਧਾ-ਸਿੱਧਾ ਫਾਇਦਾ ਹੋਇਆ ਹੈ। ਤੁਸੀਂ ਜਾਣਦੇ ਹੋ ਕਿ ਭਾਰਤ, ਭਾਸ਼ਾ ਅਤੇ ਭੂਗੋਲ, ਹਰ ਪੱਖੋਂ ਵਿਭਿੰਨਤਾਵਾਂ ਨਾਲ ਭਰਿਆ ਹੋਇਆ ਦੇਸ਼ ਹੈ। ਇਸ ਕਾਰਨ ਲੋਕਾਂ ਦੇ ਜੀਵਨ ਵਿੱਚ ਕਈ ਮੁਸ਼ਕਲਾਂ ਵੀ ਆਉਂਦੀਆਂ ਹਨ। ਮੋਬਾਈਲ ਕਨੈਕਟੀਵਿਟੀ ਨੇ ਇਸ ਵਿਭਿੰਨਤਾ ਨੂੰ ਵੀ ਸਹੂਲਤ ਨਾਲ ਜੋੜਿਆ ਹੈ। ਪਹਿਲਾਂ ਜ਼ਿਆਦਾਤਰ ਬੈਂਕ ਸ਼ਹਿਰਾਂ ਵਿੱਚ ਹੀ ਹੁੰਦੇ ਸਨ, ਹਸਪਤਾਲ ਸ਼ਹਿਰਾਂ ਵਿੱਚ ਹੁੰਦੇ ਸਨ, ਸਰਕਾਰੀ ਦਫ਼ਤਰ ਬਲਾਕ ਜਾਂ ਜ਼ਿਲ੍ਹਾ ਪੱਧਰ ’ਤੇ ਰਹਿੰਦੇ ਸਨ। ਭਾਵ ਕੁਝ ਵੀ ਕੰਮ ਕਰਨਾ ਹੋਵੇ, ਸਰਕਾਰੀ ਸੇਵਾ ਲੈਣੀ ਹੋਵੇ, ਤਾਂ ਲੋਕਾਂ ਦਾ ਪੈਸਾ ਅਤੇ ਸਮਾਂ ਦੋਵੇਂ ਖਰਚ ਹੁੰਦੇ ਸਨ। ਡਿਜੀਟਲ ਗਵਰਨੈਂਸ ਨੇ ਇਨ੍ਹਾਂ ਹਾਲਾਤ ਨੂੰ ਬਦਲਿਆ ਹੈ। ਅੱਜ ਸਰਕਾਰ ਦੀਆਂ ਸੈਂਕੜੇ ਸੇਵਾਵਾਂ ਮੋਬਾਈਲ ਫੋਨ ’ਤੇ ਮੌਜੂਦ ਹਨ। ਸਰਕਾਰੀ ਮਦਦ ਹੁਣ ਸਿੱਧੀ ਲਾਭਪਾਤਰੀਆਂ ਦੇ ਖਾਤੇ ਵਿੱਚ ਜਾਂਦੀ ਹੈ। ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਰਾਹੀਂ ਕਰੀਬ 50 ਲੱਖ ਕਰੋੜ ਰੁਪਏ, ਸਿੱਧੇ ਲਾਭਪਾਤਰੀਆਂ ਦੇ ਮੋਬਾਈਲ ਵਿੱਚ ਭੇਜੇ ਗਏ, ਬੈਂਕ ਖਾਤਿਆਂ ਵਿੱਚ ਪਹੁੰਚੇ। ਅਤੇ ਇਸ ਨਾਲ ਕਰੀਬ 5 ਲੱਖ ਕਰੋੜ ਰੁਪਏ, ਇਹ ਅੰਕੜਾ ਛੋਟਾ ਨਹੀਂ ਹੈ, 5 ਲੱਖ ਕਰੋੜ ਰੁਪਏ ਗਲਤ ਹੱਥਾਂ ਵਿੱਚ ਜਾਣ ਤੋਂ ਬਚੇ ਹਨ। ਹੁਣ ਮੈਨੂੰ ਦੱਸੋ, ਜਿਨ੍ਹਾਂ ਦੀ ਇਹ ਮੁਫ਼ਤ ਦੀ ਕਮਾਈ ਬੰਦ ਹੋ ਗਈ ਹੈ, ਕੀ ਉਹ ਮੋਦੀ ਨੂੰ ਪਿਆਰ ਕਰਨਗੇ? ਮੈਂ ਸਹੀ ਕੀਤਾ ਕਿ ਨਹੀਂ ਕੀਤਾ? ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ? ਇਹ ਸਾਰੇ ਗਲਤ ਕੰਮ ਬੰਦ ਕਰਨੇ ਚਾਹੀਦੇ ਹਨ ਕਿ ਨਹੀਂ ਕਰਨੇ ਚਾਹੀਦੇ? ਉਹ ਭਾਵੇਂ ਕਿੰਨਾ ਵੀ ਰੌਲਾ ਪਾਉਂਦੇ ਰਹਿਣ, ਚੀਕਦੇ ਰਹਿਣ, ਮੈਂ ਇਹ ਪੱਕਾ ਇਰਾਦਾ ਕਰ ਲਿਆ ਹੈ, ਅਤੇ ਮੈਂ ਇਹ ਕਰਕੇ ਹੀ ਰਹਾਂਗਾ।
ਜੇਕਰ ਸਾਥੀਓ,
ਪੁਰਾਣੀ ਵਿਵਸਥਾ ਹੁੰਦੀ, ਤਾਂ ਸਰਕਾਰ ਦਾ 5 ਲੱਖ ਕਰੋੜ ਰੁਪਿਆ ਲੀਕੇਜ ਵਿੱਚ ਚਲਾ ਜਾਂਦਾ ਅਤੇ ਅਜਿਹੇ ਲੋਕਾਂ ਦੀਆਂ ਜੇਬਾਂ ਭਰ ਦਿੰਦਾ, ਮੋਦੀ ਨੇ ਇਸ ਨੂੰ ਰੋਕਿਆ ਹੈ। ਅਤੇ ਹੁਣ ਉਹੀ ਪੈਸਾ ਸਹੀ ਲਾਭਪਾਤਰੀ ਨੂੰ ਮਿਲ ਰਿਹਾ ਹੈ ਅਤੇ ਬਚਿਆ ਹੋਇਆ ਪੈਸਾ ਸਹੀ ਕੰਮਾਂ ਲਈ ਵਰਤਿਆ ਜਾ ਰਿਹਾ ਹੈ।
ਸਾਥੀਓ,
‘ਪੀਐੱਮ ਕਿਸਾਨ ਸਨਮਾਨ ਨਿਧੀ’ ਤਹਿਤ ਅਸੀਂ 4 ਲੱਖ ਕਰੋੜ ਰੁਪਏ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾ ਚੁੱਕੇ ਹਾਂ। ਇਹ ਰਕਮ ਹਰ 4 ਮਹੀਨਿਆਂ ਬਾਅਦ ਜਾਂਦੀ ਹੈ ਅਤੇ ਕਿਸਾਨ ਨੂੰ ਮੋਬਾਈਲ ਫੋਨ ’ਤੇ ਹੀ ਇਸ ਦਾ ਮੈਸੇਜ ਮਿਲ ਜਾਂਦਾ ਹੈ। ਇਹ ਪੈਸਾ ਉਨ੍ਹਾਂ ਕਰੋੜਾਂ ਛੋਟੇ ਕਿਸਾਨਾਂ ਤੱਕ ਪਹੁੰਚਿਆ ਹੈ, ਜਿਨ੍ਹਾਂ ਤੱਕ ਕਦੇ ਸਰਕਾਰੀ ਸਕੀਮਾਂ ਦਾ ਫਾਇਦਾ ਪਹੁੰਚ ਹੀ ਨਹੀਂ ਪਾਉਂਦਾ ਸੀ।
ਭਾਵ ਸਾਥੀਓ,
ਮੋਬਾਈਲ ਫੋਨ ਸਿਰਫ਼ ਗੱਲਬਾਤ (ਚੈਟ) ਦਾ ਸਾਧਨ ਨਹੀਂ ਰਿਹਾ, ਸਗੋਂ ਇਸ ਨੇ ਘੱਟ ਸਫ਼ਰ, ਘੱਟ ਇੰਤਜ਼ਾਰ, ਘੱਟ ਖਰਚਾ ਅਤੇ ਵਧੇਰੇ ਸਹੂਲਤ ਨੂੰ ਯਕੀਨੀ ਬਣਾਇਆ ਹੈ। ਅਤੇ ਇਹੀ ਤਕਨੀਕ ਦਾ ਨਾਗਰਿਕਾਂ ਲਈ ਸਭ ਤੋਂ ਵੱਡਾ ਲਾਭ ਹੈ।
ਸਾਥੀਓ,
ਪਿਛਲੇ ਦਹਾਕੇ ਵਿੱਚ ਭਾਰਤ ਦੇ ਟੈਲੀਕਾਮ ਬੁਨਿਆਦੀ ਢਾਂਚੇ ਦਾ ਲਗਾਤਾਰ ਵਿਸਤਾਰ ਹੋਇਆ ਹੈ। ਦੂਰ-ਦੁਰਾਡੇ ਵਾਲੇ ਇਲਾਕਿਆਂ ਵਿੱਚ ਟਾਵਰ ਲਗਾਏ ਗਏ, ਆਪਟੀਕਲ ਫਾਈਬਰ ਦਾ ਬੇਮਿਸਾਲ ਵਿਸਤਾਰ ਹੋਇਆ ਅਤੇ ਡੇਟਾ ਵੀ ਸਸਤਾ ਹੋਇਆ। ਇਸ ਨਾਲ ਅਰਥਵਿਵਸਥਾ ਦੇ ਨਵੇਂ ਸੈਕਟਰ ਵੀ ਪੈਦਾ ਹੋਏ ਹਨ। ਇਸ ਨਾਲ ਤਕਨੀਕ, ਮਨੋਰੰਜਨ ਅਤੇ ਸਿੱਖਿਆ ਸੈਕਟਰ ਵਿੱਚ ਨਵੇਂ ਖਪਤਕਾਰ ਵੀ ਬਣੇ, ਅਤੇ ਨਵੇਂ ਕ੍ਰਿਏਟਰਾਂ ਦੀ ਇੱਕ ਨਵੀਂ ਪੀੜ੍ਹੀ ਵੀ ਤਿਆਰ ਹੋਈ ਹੈ। ਤੁਸੀਂ ਗੇਮਿੰਗ ਦੇ ਸੈਕਟਰ ਨੂੰ ਹੀ ਦੇਖ ਲਓ, ਇੱਕ ਅੰਦਾਜ਼ਾ ਹੈ ਕਿ ਅੱਜ ਭਾਰਤ ਵਿੱਚ 50 ਕਰੋੜ ਤੋਂ ਵੱਧ ਲੋਕ ਕਿਸੇ ਨਾ ਕਿਸੇ ਤਰ੍ਹਾਂ ਗੇਮਿੰਗ ਈਕੋਸਿਸਟਮ ਨਾਲ ਜੁੜੇ ਹੋਏ ਹਨ। ਇਸ ਵਿੱਚ ਬਹੁਤ ਵੱਡੀ ਗਿਣਤੀ ਭਾਰਤ ਦੇ ਨੌਜਵਾਨਾਂ ਦੀ ਹੈ। ਟੀਅਰ-2 ਅਤੇ ਟੀਅਰ-3 (ਛੋਟੇ) ਸ਼ਹਿਰਾਂ ਦਾ ਨੌਜਵਾਨ ਵੀ ਇਸ ਨਾਲ ਜੁੜਿਆ ਹੈ। ਹੁਣ ਉਹ ਗੇਮਾਂ ਨਾਲ ਜੁੜਨ ਦੇ ਨਾਲ-ਨਾਲ ਈ-ਸਪੋਰਟਸ ਵਿੱਚ ਵੀ ਮੁਕਾਬਲਾ ਕਰ ਰਿਹਾ ਹੈ, ਗੇਮਿੰਗ ਕੰਟੈਂਟ ਬਣਾ ਰਿਹਾ ਹੈ ਅਤੇ ਨਵੇਂ ਗੇਮਿੰਗ ਕਾਰੋਬਾਰ ਖੜ੍ਹੇ ਕਰ ਰਿਹਾ ਹੈ। ਭਾਵ ਭਾਰਤ ਵਿੱਚ ਮੋਬਾਈਲ ਫੋਨ ਅੱਜ ਗੇਮਿੰਗ ਕੰਸੋਲ ਵੀ ਹੈ ਅਤੇ ਨਿਰਮਾਣ ਦਾ ਸਟੂਡੀਓ ਵੀ ਬਣ ਗਿਆ ਹੈ।
ਸਾਥੀਓ,
ਭਾਰਤ ਵਿੱਚ ਆਈ ਟੈਲੀਕਾਮ ਕ੍ਰਾਂਤੀ ਨੇ ਇਹੀ ਬਦਲਾਅ ਕੰਟੈਂਟ ਦੀ ਦੁਨੀਆ ਵਿੱਚ ਵੀ ਲਿਆ ਦਿੱਤਾ ਹੈ। ਬਿਹਤਰ, ਤੇਜ਼ ਕਨੈਕਟੀਵਿਟੀ ਅਤੇ ਸਸਤੇ ਡੇਟਾ ਨੇ ਕਈ ਵੀਡੀਓ ਸ਼ੇਅਰਿੰਗ ਪਲੈਟਫਾਰਮਾਂ ਨੂੰ, ਸੋਸ਼ਲ ਮੀਡੀਆ ਅਤੇ ਖੇਤਰੀ ਓਟੀਟੀ ਨੂੰ ਪਿੰਡਾਂ ਅਤੇ ਕਸਬਿਆਂ ਤੱਕ ਪਹੁੰਚਾ ਦਿੱਤਾ ਹੈ। ਇਸ ਨਾਲ ਭਾਸ਼ਾ ਨਾਲ ਜੁੜੀਆਂ ਜੋ ਸਮੱਸਿਆਵਾਂ ਆਉਂਦੀਆਂ ਸਨ, ਜੋ ਬੰਦਿਸ਼ਾਂ ਸਨ, ਉਹ ਵੀ ਦੂਰ ਹੋ ਗਈਆਂ ਹਨ। ਭਾਵ ਸਿਰਫ਼ ਕੰਟੈਂਟ ਬਣਾਉਣ ਨਾਲ ਜੁੜੀ ਇੰਡਸਟਰੀ ਹੀ ਭਾਰਤ ਵਿੱਚ ਅੱਜ ਹਜ਼ਾਰਾਂ ਕਰੋੜ ਰੁਪਏ ਦੀ ਹੋ ਗਈ ਹੈ, ਜਿਸ ਨਾਲ ਲੱਖਾਂ ਲੋਕਾਂ ਨੂੰ ਕਮਾਈ ਹੋ ਰਹੀ ਹੈ। ਭਾਵ ਮੋਬਾਈਲ ਫੋਨ ਨੇ ਭਾਰਤ ਵਿੱਚ ਕੰਟੈਂਟ ਕ੍ਰਿਏਸ਼ਨ ਨੂੰ ਵੀ ਹਰ ਆਮ ਆਦਮੀ ਤੱਕ ਪਹੁੰਚਾ ਦਿੱਤਾ ਹੈ।
ਸਾਥੀਓ,
ਅੱਜ ਜਦੋਂ ਟੈਲੀਕਾਮ ਅਤੇ ਡਿਜੀਟਲ ਤਕਨੀਕ ਦੀ ਇੰਨੀ ਅਹਿਮੀਅਤ ਹੈ, ਤਾਂ ਇਸ ਨਾਲ ਜੁੜੇ ਸੁਰੱਖਿਆ ਢਾਂਚੇ ਨੂੰ ਵੀ ਪੁਖਤਾ ਕਰਨਾ ਬਹੁਤ ਜ਼ਰੂਰੀ ਹੈ। ਫੋਨ ਦੀ ਸੁਰੱਖਿਆ ਅਤੇ ਨੈੱਟਵਰਕ ਦੀ ਸੁਰੱਖਿਆ, ਇਹ ਸਾਡੇ ਸਾਰਿਆਂ ਦੀ ਤਰਜੀਹ ਹੈ। ਇੱਕ ਆਮ ਨਾਗਰਿਕ ਪ੍ਰੋਟੋਕੋਲ ਜਾਂ ਆਰਕੀਟੈਕਚਰ ਦੀ ਭਾਸ਼ਾ ਵਿੱਚ ਨਹੀਂ ਸੋਚਦਾ, ਉਸ ਲਈ ਭਰੋਸਾ ਬਹੁਤ ਅਹਿਮ ਹੈ। ਜਦੋਂ ਉਸ ਨੂੰ ਫੋਨ ਆਵੇ, ਤਾਂ ਉਸ ਨੂੰ ਪਤਾ ਹੋਵੇ ਕਿ ਕਾਲ ਕੌਣ ਕਰ ਰਿਹਾ ਹੈ। ਜਦੋਂ ਮੈਸੇਜ ਆਵੇ, ਤਾਂ ਉਸ ਨੂੰ ਪਤਾ ਹੋਵੇ ਕਿ ਉਹ ਅਸਲੀ ਹੈ ਜਾਂ ਫੇਕ (ਫਰਜ਼ੀ)। ਜਦੋਂ ਪੇਮੈਂਟ ਹੋਵੇ, ਤਾਂ ਉਸ ਨੂੰ ਵਿਸ਼ਵਾਸ ਹੋਵੇ ਕਿ ਉਸ ਦਾ ਪੈਸਾ ਸੁਰੱਖਿਅਤ ਹੈ। ਜਦੋਂ ਉਹ ਕਿਸੇ ਫਾਰਮ ਵਿੱਚ ਆਪਣਾ ਡੇਟਾ ਦੇਵੇ, ਤਾਂ ਉਸ ਨੂੰ ਵਿਸ਼ਵਾਸ ਹੋਵੇ ਕਿ ਉਸ ਦਾ ਡੇਟਾ ਸੁਰੱਖਿਅਤ ਹੈ।
ਸਾਥੀਓ,
ਤਕਨੀਕ ਆਪਣਾ ਵੱਡਾ ਦਾਇਰਾ ਤਾਂ ਹੀ ਹਾਸਲ ਕਰਦੀ ਹੈ, ਜਦੋਂ ਉਹ ਭਰੋਸਾ ਹਾਸਲ ਕਰਦੀ ਹੈ। ਅਤੇ ਤੁਸੀਂ ਸਾਰੇ ਜਾਣਦੇ ਹੋ ਕਿ ਸਾਈਬਰ ਧੋਖਾਧੜੀ ਅਤੇ ਸਾਈਬਰ ਅਪਰਾਧ ਵੀ ਸਰਹੱਦਾਂ ਨਹੀਂ ਮੰਨਦੇ, ਉਹ ਪਹਿਲਾਂ ਹੀ ਸਰਹੱਦਾਂ ਤੋਂ ਪਾਰ ਚਲੇ ਗਏ ਹਨ। ਇੱਕ ਦੇਸ਼ ਵਿੱਚ ਬੈਠਾ ਵਿਅਕਤੀ, ਕਿਸੇ ਦੂਜੇ ਦੇਸ਼ ਦੀ ਮਦਦ ਨਾਲ, ਕਿਸੇ ਤੀਜੇ ਦੇਸ਼ ਵਿੱਚ ਅਪਰਾਧ ਕਰ ਸਕਦਾ ਹੈ। ਡੀਪ-ਫੇਕਸ ਕਿੰਨੀ ਵੱਡੀ ਚੁਣੌਤੀ ਬਣ ਚੁੱਕੀ ਹੈ, ਇਹ ਵੀ ਅਸੀਂ ਦੇਖ ਰਹੇ ਹਾਂ। ਇਸ ਲਈ ਜ਼ਰੂਰੀ ਹੈ ਕਿ ਅਸੀਂ ਇਸ ਲਈ ਇੱਕ ਆਲਮੀ ਢਾਂਚੇ ’ਤੇ ਕੰਮ ਕਰੀਏ। ਸਰਕਾਰਾਂ, ਤਕਨਾਲੋਜੀ ਕੰਪਨੀਆਂ, ਟੈਲੀਕਾਮ ਆਪਰੇਟਰ ਅਤੇ ਵਿੱਤੀ ਸੰਸਥਾਵਾਂ, ਸਾਰਿਆਂ ਨੂੰ ਇਸ ਫਰੇਮਵਰਕ ਨਾਲ ਜੁੜਨਾ ਪਵੇਗਾ। ਮੈਂ ਜੀਐੱਸਐੱਮਏ ਅਤੇ ਦੁਨੀਆ ਦੇ ਟੈਲੀਕਾਮ ਆਪਰੇਟਰਾਂ ਨੂੰ ਵੀ ਅਪੀਲ ਕਰਦਾ ਹਾਂ, ਆਓ ਇੱਕ ਅਜਿਹਾ ਆਲਮੀ ਮਕੈਨਿਜ਼ਮ ਬਣਾਈਏ, ਜੋ ਅਜਿਹੀ ਧੋਖਾਧੜੀ ਨੂੰ ਲੋਕਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕ ਸਕੇ। ਭਾਰਤ ਨੇ ਇਸ ਦਿਸ਼ਾ ਵਿੱਚ ਆਪਣੇ ਤਜ਼ਰਬੇ ਤੋਂ ਬਹੁਤ ਕੁਝ ਸਿੱਖਿਆ ਹੈ, ਅਤੇ ਭਾਰਤ ਆਪਣੇ ਤਜ਼ਰਬਿਆਂ ਨੂੰ ਦੁਨੀਆ ਨਾਲ ਸਾਂਝਾ ਕਰਨ ਲਈ ਹਮੇਸ਼ਾ ਤਿਆਰ ਹੈ।
ਸਾਥੀਓ,
ਇਸ ਦਹਾਕੇ ਵਿੱਚ ਹੁਣ ਸਿਰਫ਼ ਚਾਰ ਸਾਲ ਬਚੇ ਹਨ। ਇੰਡੀਆ ਮੋਬਾਈਲ ਕਾਂਗਰਸ ਦੇ ਇਸ ਐਡੀਸ਼ਨ ਵਿੱਚ ਹੁਣ ਤੁਸੀਂ ਜੋ ਚਰਚਾ ਕਰੋਗੇ, ਉਹ ਅਗਲੇ ਦਹਾਕੇ ਦੇ ਰੋਡਮੈਪ ਨੂੰ ਮਜ਼ਬੂਤ ਕਰੇਗੀ। ਅਤੇ ਇਹ ਰੋਡਮੈਪ ਭਾਰਤ ਦੇ ਨਾਲ ਹੀ ਪੂਰੀ ਦੁਨੀਆ ਦੇ ਮੋਬਾਈਲ ਮਾਰਕੀਟ ਨੂੰ ਦਿਸ਼ਾ ਦੇਵੇਗਾ। ਪਿਛਲੇ ਸਾਲਾਂ ਵਿੱਚ ਭਾਰਤ ਨੇ ਖਪਤਕਾਰ ਤੋਂ ਕ੍ਰਿਏਟਰ ਬਣਨ ਦਾ ਸਫ਼ਰ ਤੈਅ ਕੀਤਾ ਹੈ। ਹੁਣ ਭਾਰਤ, ਉਸ ਟੀਚੇ ਵੱਲ ਵਧ ਰਿਹਾ ਹੈ, ਜਿੱਥੇ ਪ੍ਰੋਡਕਟ ਅਤੇ ਡਿਜ਼ਾਈਨ ਵੀ ਭਾਰਤ ਵਿੱਚ ਹੋਵੇਗਾ, ਉਸ ਦੀ ਤਕਨੀਕ ਅਤੇ ਆਈਪੀ ਵੀ ਭਾਰਤ ਦੀ ਹੋਵੇਗੀ। ਇਸ ਲਈ ਹਰ ਜ਼ਰੂਰੀ ਇਨਸੈਂਟਿਵ ਦਿੱਤੇ ਜਾ ਰਹੇ ਹਨ, ਹਰ ਜ਼ਰੂਰੀ ਸੁਧਾਰ ਕੀਤੇ ਜਾ ਰਹੇ ਹਨ। ਭਾਵ ਟੈਲੀਕਾਮ ਸੈਕਟਰ ਵਿੱਚ ਵੀ ਸੁਧਾਰਾਂ ਦੀ ਗੱਡੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਦਹਾਕਿਆਂ ਪੁਰਾਣੇ ਕਾਨੂੰਨਾਂ ਨੂੰ ਅਸੀਂ ਆਧੁਨਿਕ ਬਣਾ ਰਹੇ ਹਾਂ। ਟੈਲੀਕਮਿਊਨੀਕੇਸ਼ਨਜ਼ ਐਕਟ ਰਾਹੀਂ, ਅਸੀਂ ਇੱਕ ਆਧੁਨਿਕ ਰੈਗੂਲੇਟਰੀ ਫਰੇਮਵਰਕ ਬਣਾਇਆ ਹੈ। ਏਜੀਆਰ ਅਤੇ ਬੈਂਕ ਗਾਰੰਟੀਆਂ ਵਰਗੇ ਢਾਂਚਾਗਤ ਬੋਝਾਂ ਨੂੰ ਤਰਕਸੰਗਤ ਕਰਕੇ, ਬੋਝ ਨੂੰ ਕਮਾਲ ਵਿੱਚ ਬਦਲਣ ਦਾ ਕੰਮ ਵੀ ਸਾਡੇ ਵੱਲੋਂ ਹੋ ਰਿਹਾ ਹੈ। ਅਤੇ ‘ਗਤੀਸ਼ਕਤੀ ਸੰਚਾਰ ਪੋਰਟਲ’ ਨੇ ਰਾਈਟ ਆਫ ਵੇਅ (Right of Way) ਮਨਜ਼ੂਰੀਆਂ ਨੂੰ ਡਿਜੀਟਲ ਮਾਧਿਅਮ ਰਾਹੀਂ ਹੋਰ ਤੇਜ਼ ਬਣਾਇਆ ਹੈ।
ਸਾਥੀਓ,
ਭਾਰਤ ਦਾ ਸੈਮੀਕੰਡਕਟਰ ਅਤੇ ਸੈਮੀਕੰਡਕਟਰ ਮੈਨੂਫੈਕਚਰਿੰਗ ਈਕੋਸਿਸਟਮ ਵੀ ਰਫ਼ਤਾਰ ਫੜ ਰਿਹਾ ਹੈ। ਹੁਣ ਤੱਕ ਪੰਜ ਥਾਵਾਂ ’ਤੇ ਵਪਾਰਕ ਉਤਪਾਦਨ ਵੀ ਸ਼ੁਰੂ ਹੋ ਚੁੱਕਾ ਹੈ। ‘ਇੰਡੀਆ ਸੈਮੀਕੰਡਕਟਰ ਮਿਸ਼ਨ’ ਦੇ ਅਗਲੇ ਪੜਾਅ ਵਿੱਚ ਸਾਡਾ ਧਿਆਨ ਪੂਰੀ ਸਪਲਾਈ ਚੇਨ ’ਤੇ ਹੈ। ਭਾਵ ਭਾਰਤ ਟੈਲੀਕਾਮ ਸੈਕਟਰ ਨਾਲ ਜੁੜੇ ਹਰ ਖੇਤਰ ਵਿੱਚ ਵੱਡੇ ਕਦਮ ਚੁੱਕ ਰਿਹਾ ਹੈ।
ਸਾਥੀਓ,
ਪਿਛਲੇ ਸਾਲਾਂ ਵਿੱਚ ਇੰਡੀਆ ਮੋਬਾਈਲ ਕਾਂਗਰਸ ਰਾਹੀਂ ਬਹੁਤ ਕੁਝ ਹਾਸਲ ਕੀਤਾ ਹੈ, ਪਰ ਵਿਕਾਸ ਦਾ ਇਹ ਸਫ਼ਰ, ਨਿੱਤ ਨਵੇਂ ਪੜਾਵਾਂ ਨੂੰ ਪਾਰ ਕਰਨ ਦਾ ਹੈ। ਸਾਡੇ ਸਾਹਮਣੇ ਵਿਕਸਿਤ ਭਾਰਤ ਦਾ ਇੱਕ ਬਹੁਤ ਵੱਡਾ ਸੰਕਲਪ ਹੈ, ਇਸ ਲਈ ਸਾਨੂੰ ਆਪਣੀਆਂ ਕੋਸ਼ਿਸ਼ਾਂ ਦਾ ਦਾਇਰਾ ਲਗਾਤਾਰ ਵਧਾਉਂਦੇ ਰਹਿਣਾ ਹੈ। ਇੱਥੇ ਜੋ ਤਕਨੀਕਾਂ ਪ੍ਰਦਰਸ਼ਿਤ ਹੋਈਆਂ ਹਨ, ਉਨ੍ਹਾਂ ਦੀ ਆਪਣੀ ਅਹਿਮੀਅਤ ਹੈ। ਪਰ ਆਈਐੱਮਸੀ ਨੂੰ ਉਨ੍ਹਾਂ ਭਾਈਵਾਲੀਆਂ ਲਈ ਯਾਦ ਕੀਤਾ ਜਾਵੇ, ਜੋ ਇੱਥੇ ਬਣੀਆਂ ਹਨ। ਉਨ੍ਹਾਂ ਖੋਜ ਪ੍ਰੋਜੈਕਟਾਂ ਲਈ ਯਾਦ ਕੀਤਾ ਜਾਵੇ, ਜੋ ਇੱਥੇ ਸ਼ੁਰੂ ਹੋਏ ਹਨ, ਉਨ੍ਹਾਂ ਉਤਪਾਦਾਂ ਲਈ ਯਾਦ ਕੀਤਾ ਜਾਵੇ, ਜੋ ਇੱਥੋਂ ਦੁਨੀਆ ਤੱਕ ਪਹੁੰਚੇ ਹਨ, ਅਤੇ ਉਨ੍ਹਾਂ ਨਵੀਆਂ ਖੋਜਾਂ ਲਈ ਯਾਦ ਕੀਤਾ ਜਾਵੇ, ਜਿਨ੍ਹਾਂ ਨੇ ਭਾਰਤ ਵਿੱਚੋਂ ਨਿਕਲ ਕੇ ਮਨੁੱਖਤਾ ਦੀ ਸੇਵਾ ਕੀਤੀ ਹੈ। ਅਸੀਂ ਆਈਐੱਮਸੀ ਨੂੰ ਇੱਕ ਅਜਿਹਾ ਪਲੈਟਫਾਰਮ ਬਣਾਉਣਾ ਹੈ, ਜੋ ਤਕਨੀਕ, ਖੋਜ, ਸਨਅਤ, ਨਿਵੇਸ਼ ਅਤੇ ਆਈਡੀਆਜ਼ ਦਾ ਇੱਕ ਜੰਕਸ਼ਨ ਬਣ ਸਕੇ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਇਸ ਲਈ ਹੀ ਜੀ-ਜਾਨ ਨਾਲ ਯਤਨ ਕਰਦੇ ਰਹੋਗੇ। ਇਸੇ ਉਮੀਦ ਨਾਲ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।
ਬਹੁਤ-ਬਹੁਤ ਧੰਨਵਾਦ।
ਡਿਸਕਲੇਮਰ: ਇਹ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਲਗਭਗ ਅਨੁਵਾਦ ਹੈ। ਅਸਲ ਸੰਬੋਧਨ ਹਿੰਦੀ ਵਿੱਚ ਦਿੱਤਾ ਗਿਆ ਸੀ।
************
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ
(Release ID: 2321238)
ਵਿਜ਼ੀਟਰ ਕਾਊਂਟਰ : 4