ਸਹਿਕਾਰਤਾ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਗੋਪਾਲਕ ਸੰਮੇਲਨ ਨੂੰ ਸੰਬੋਧਨ ਕੀਤਾ ਅਤੇ ਨਵੀਆਂ ਨਿਆਂ ਸੰਹਿਤਾਵਾਂ ’ਤੇ ਰਾਜ ਪੱਧਰੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ‘ਸਹਕਾਰ ਸੇ ਸਮ੍ਰਿੱਧੀ’ ਦੇ ਵਿਜ਼ਨ ਅਨੁਸਾਰ ਸਹਿਕਾਰਤਾ ਅਤੇ ਡੇਅਰੀ ਰਾਹੀਂ ਪਸ਼ੂਪਾਲਕਾਂ, ਕਿਸਾਨਾਂ ਅਤੇ ਮਾਤ੍ਰ ਸ਼ਕਤੀ ਦੀ ਖੁਸ਼ਹਾਲੀ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ

ਗੋਪਾਲਕਾਂ ਦਾ ਇਹ ਵਿਸ਼ਾਲ ਸੰਮੇਲਨ ਮੱਧ ਪ੍ਰਦੇਸ਼ ਵਿੱਚ ਚਿੱਟੀ ਕ੍ਰਾਂਤੀ ਲਈ ਸ਼ੁਭ ਸੰਕੇਤ ਹੈ

ਸੁਤੰਤਰ ਸਹਿਕਾਰਤਾ ਮੰਤਰਾਲੇ ਦੀ ਮੰਗ ਨੂੰ ਵਿਰੋਧੀ ਪਾਰਟੀ ਨੇ 75 ਸਾਲਾਂ ਤੱਕ ਅਣਸੁਣਿਆ ਕੀਤਾ, ਜਦਕਿ ਮੋਦੀ ਜੀ ਨੇ ਵੱਖਰਾ ਸਹਿਕਾਰਤਾ ਮੰਤਰਾਲਾ ਬਣਾ ਕੇ ਗੋਪਾਲਕਾਂ ਨੂੰ ਸਭ ਤੋਂ ਵੱਡਾ ਲਾਭ ਪਹੁੰਚਾਇਆ

ਮੋਹਨ ਯਾਦਵ ਸਰਕਾਰ ਨੇ ਮੱਧ ਪ੍ਰਦੇਸ਼ ਵਿੱਚ ਰੋਜ਼ਾਨਾ ਦੁੱਧ ਇਕੱਠਾ ਕਰਨ ਦੀ ਮਾਤਰਾ ਨੂੰ 12 ਲੱਖ ਲੀਟਰ ਤੋਂ ਵਧਾ ਕੇ 52 ਲੱਖ ਲੀਟਰ ਕਰਨ ਦਾ ਟੀਚਾ ਰੱਖਿਆ ਹੈ

2014-15 ਵਿੱਚ ਦੇਸ਼ ਦਾ ਕੁੱਲ ਦੁੱਧ ਉਤਪਾਦਨ 14.06 ਕਰੋੜ ਟਨ ਸੀ, ਜਿਸ ਨੂੰ ਮੋਦੀ ਜੀ ਨੇ 10 ਸਾਲਾਂ ਵਿੱਚ ਵਧਾ ਕੇ ਲਗਭਗ 25 ਕਰੋੜ ਟਨ ਤੱਕ ਪਹੁੰਚਾ ਦਿੱਤਾ

ਪ੍ਰਤੀ ਵਿਅਕਤੀ ਦੁੱਧ ਉਪਲਬਧਤਾ 2014-15 ਦੇ 307 ਗ੍ਰਾਮ ਤੋਂ 58 ਫੀਸਦੀ ਵਧ ਕੇ ਅੱਜ 485 ਗ੍ਰਾਮ ਪ੍ਰਤੀ ਦਿਨ ਹੋ ਗਿਆ ਹੈ ਅਤੇ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਬਣ ਚੁੱਕਿਆ ਹੈ

ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ—ਦੁੱਧ ਉਤਪਾਦਨ ਵਿੱਚ ਚੋਟੀ ਦੇ ਪੰਜ ਰਾਜ ਭਾਜਪਾ ਸ਼ਾਸਿਤ ਹਨ; ਕਾਂਗਰਸ ਦੇ ਰਾਜਾਂ ਵਿੱਚ ਪਸ਼ੂਪਾਲਕਾਂ ਦਾ ਕਦੇ ਭਲਾ ਨਹੀਂ ਹੋਇਆ

ਚਿੱਟੀ ਕ੍ਰਾਂਤੀ 2.0 ਦੇ ਤਹਿਤ 75 ਹਜ਼ਾਰ ਨਵੀਆਂ ਸਹਿਕਾਰੀ ਡੇਅਰੀਆਂ ਬਣਾਈਆਂ ਜਾਣਗੀਆਂ ਅਤੇ 46 ਹਜ਼ਾਰ ਮੌਜੂਦਾ ਡੇਅਰੀਆਂ ਮਜ਼ਬੂਤ ਹੋਣਗੀਆਂ, ਇਸ ਦਾ ਸਭ ਤੋਂ ਵੱਧ ਲਾਭ ਮੱਧ ਪ੍ਰਦੇਸ਼ ਨੂੰ ਹੋਵੇਗਾ

ਗੋਬਰ ਦੀ ਪ੍ਰੋਸੈਸਿੰਗ ਵਿੱਚ ਤਕਨਾਲੋਜੀ ਦੀ ਵਰਤੋਂ ’ਤੇ ਅਧਾਰਿਤ ਪੰਜ ਮਾਡਲ ਤਿਆਰ ਕੀਤੇ ਗਏ ਹਨ, ਜਿਨ੍ਹਾਂ ਨਾਲ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ

ਸਹਿਕਾਰੀ ਪ੍ਰਣਾਲੀ ਨਾਲ ਜੁੜਨ ’ਤੇ ਪਸ਼ੂਪਾਲਕਾਂ ਨੂੰ ਦੁੱਧ ਦਾ ਉਚਿਤ ਮੁੱਲ ਮਿਲਣ ਦੇ ਨਾਲ-ਨਾਲ ਪ੍ਰੋਸੈਸਿੰਗ ਅਤੇ ਵੈਲਿਊ ਐਡੀਸ਼ਨ ਦਾ ਲਾਭ ਵੀ ਮਿਲੇਗਾ: ਸ੍ਰੀ ਅਮਿਤ ਸ਼ਾਹ।

ਮੱਧ ਪ੍ਰਦੇਸ਼ ਵਿੱਚ ਗਊਵੰਸ਼ ਅਤੇ ਮੱਝਾਂ ਦੀ ਨਸਲ ਸੁਧਾਰ ਲਈ 50 ਏਕੜ ਜ਼ਮੀਨ ਉਪਲਬਧ ਕਰਵਾਉਣ ’ਤੇ ਸਿਧਾਂਤਕ ਸਹਿਮਤੀ; ਦੇਸੀ ਨਸਲਾਂ ਦੀ ਸੰਭਾਲ ਅਤੇ ਆਧੁਨਿਕ ਪ੍ਰਜਨਨ ਤਕਨੀਕਾਂ ਨੂੰ ਉਤਸ਼ਾਹ ਮਿਲੇਗਾ

ਡੇਅਰੀ ਸਹਿਕਾਰਤਾ ਮਹਿਲਾ ਸਸ਼ਕਤੀਕਰਨ, ਪੇਂਡੂ ਵਿਕਾਸ, ਕਿਸਾਨਾਂ ਦੀ ਆਰਥਿਕ ਖੁਸ਼ਹਾਲੀ ਅਤੇ ਕੁਪੋਸ਼ਣ ਵਿਰੁੱਧ ਲੜਾਈ ਦਾ ਮਹੱਤਵਪੂਰਨ ਸਾਧਨ ਹੈ: ਸ੍ਰੀ ਅਮਿਤ ਸ਼ਾਹ।

ਨਵੀਆਂ ਨਿਆਂ ਸੰਹਿਤਾਵਾਂ ਦਾ ਮੂਲ ਮੰਤਰ ‘ਨਿਆਂ’ ਹੈ, ‘ਦੰਡ’ ਨਹੀਂ; ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ ਭਾਰਤ ਦੀ ਅਪਰਾਧਿਕ ਨਿਆਂ ਪ੍ਰਣਾਲੀ ਦੁਨੀਆ ਦੀਆਂ ਸਭ ਤੋਂ ਆਧੁਨਿਕ ਪ੍ਰਣਾਲੀਆਂ ਵਿੱਚ ਸ਼ਾਮਲ ਹੋਵੇਗੀ: ਕੇਂਦਰੀ ਗ੍ਰਹਿ ਮੰਤਰੀ।

ਮੋਦੀ ਜੀ ਦੀ ਅਗਵਾਈ ਵਿੱਚ ਬਣੀਆਂ ਨਵੀਆਂ ਨਿਆਂ ਸੰਹ

Posted On: 03 OCT 2026 6:24PM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ‘ਸਹਕਾਰ ਸੇ ਸਮ੍ਰਿੱਧੀ’ ਦੇ ਵਿਜ਼ਨ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਸਹਿਕਾਰਤਾ ਨੂੰ ਪੇਂਡੂ ਅਰਥਵਿਵਸਥਾ, ਖੇਤੀਬਾੜੀ ਵਿਕਾਸ, ਪਸ਼ੂਪਾਲਕਾਂ ਦੀ ਆਮਦਨ ਵਧਾਉਣ ਅਤੇ ਮਹਿਲਾ ਸਸ਼ਕਤੀਕਰਨ ਦਾ ਪ੍ਰਭਾਵਸ਼ਾਲੀ ਸਾਧਨ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸੇ ਕੜੀ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਅੱਜ ਮੱਧ ਪ੍ਰਦੇਸ਼ ਦੇ ਭੋਪਾਲ ਸਥਿਤ ਦਸ਼ਹਿਰਾ ਮੈਦਾਨ ਵਿੱਚ ਆਯੋਜਿਤ ਗੋਪਾਲਕ ਸੰਮੇਲਨ ਨੂੰ ਸੰਬੋਧਨ ਕੀਤਾ ਅਤੇ ਨਵੀਆਂ ਨਿਆਂ ਸੰਹਿਤਾਵਾਂ ’ਤੇ ਆਯੋਜਿਤ ਰਾਜ ਪੱਧਰੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਸਮਾਗਮ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ, ਉਪ ਮੁੱਖ ਮੰਤਰੀ ਸ੍ਰੀ ਜਗਦੀਸ਼ ਦੇਵੜਾ ਅਤੇ ਸ੍ਰੀ ਰਾਜੇਂਦਰ ਸ਼ੁਕਲਾ, ਰਾਜ ਸਰਕਾਰ ਦੇ ਕਈ ਮੰਤਰੀ, ਸੰਸਦ ਮੈਂਬਰ, ਵਿਧਾਇਕ, ਸਹਿਕਾਰਤਾ ਖੇਤਰ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਪਸ਼ੂਪਾਲਕ ਅਤੇ ਦੁੱਧ ਉਤਪਾਦਕ ਮੌਜੂਦ ਸਨ।

ਸਮਾਗਮ ਦੀ ਸ਼ੁਰੂਆਤ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਨਵੀਆਂ ਨਿਆਂ ਸੰਹਿਤਾਵਾਂ ’ਤੇ ਆਯੋਜਿਤ ਰਾਜ ਪੱਧਰੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਇਨ੍ਹਾਂ ਦੇ ਲਾਗੂਕਰਨ ਨਾਲ ਸਬੰਧਿਤ ਮੱਧ ਪ੍ਰਦੇਸ਼ ਪੁਲਿਸ ਦੀਆਂ ਪ੍ਰਾਪਤੀਆਂ ਅਤੇ ਪ੍ਰਦਰਸ਼ਨੀ ਦੇ ਵੱਖ-ਵੱਖ ਭਾਗਾਂ ਦਾ ਜਾਇਜ਼ਾ ਲਿਆ।

ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਬਸਤੀਵਾਦੀ ਦੌਰ ਦੀ ਦੰਡ-ਕੇਂਦਰਿਤ ਅਪਰਾਧਿਕ ਨਿਆਂ ਪ੍ਰਣਾਲੀ ਤੋਂ ਅੱਗੇ ਵਧਦਿਆਂ ਨਾਗਰਿਕਾਂ ਨੂੰ ਨਿਆਂ ਪ੍ਰਦਾਨ ਕਰਨ ਵਾਲੀ ਨਵੀਂ ਪ੍ਰਣਾਲੀ ਵੱਲ ਇਤਿਹਾਸਕ ਬਦਲਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨਾਂ ਦਾ ਮੁੱਖ ਉਦੇਸ਼ ਸ਼ਾਸਨ ਦੀ ਰੱਖਿਆ ਕਰਨ ਦੀ ਬਜਾਏ ਭਾਰਤ ਦੇ ਨਾਗਰਿਕਾਂ ਦੇ ਸਨਮਾਨ, ਸੰਪਤੀ ਅਤੇ ਸਰੀਰ ਦੀ ਰੱਖਿਆ ਕਰਨਾ ਹੈ ਅਤੇ ਇਨ੍ਹਾਂ ਦਾ ਮੂਲ ਮੰਤਰ ‘ਨਿਆਂ’ ਹੈ, ‘ਦੰਡ’ ਨਹੀਂ। ਉਨ੍ਹਾਂ ਕਿਹਾ ਕਿ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ ਨਵੀਂ ਪ੍ਰਣਾਲੀ ਤਹਿਤ FIR ਦਰਜ ਹੋਣ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਦੀ ਨਿਆਂਇਕ ਪ੍ਰਕਿਰਿਆ ਨੂੰ ਸਮਾਂਬੱਧ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ।

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਵੀਂ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਆਧੁਨਿਕ ਵਿਗਿਆਨ ਅਤੇ ਤਕਨਾਲੋਜੀ ਦੀ ਵਿਆਪਕ ਵਰਤੋਂ ਕੀਤੀ ਗਈ ਹੈ। ਇਲੈਕਟ੍ਰਾਨਿਕ ਸਬੂਤ, ਔਨਲਾਈਨ ਸੰਮਨ, ਔਨਲਾਈਨ ਸੁਣਵਾਈ, ਵੀਡੀਓ ਕਾਨਫਰੰਸਿੰਗ ਅਤੇ ਫੋਰੈਂਸਿਕ ਵਿਗਿਆਨ ਨਾਲ ਸਬੰਧਿਤ ਪ੍ਰਬੰਧਾਂ ਸਮੇਤ ਕਈ ਆਧੁਨਿਕ ਵਿਗਿਆਨਕ ਪ੍ਰਣਾਲੀਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਸੁਰੱਖਿਆ, ਲਾਪਤਾ ਬੱਚਿਆਂ, ਅੱਤਵਾਦ ਅਤੇ ਭੀੜ ਵੱਲੋਂ ਕੀਤੀ ਹਿੰਸਾ (ਮੌਬ ਲਿੰਚਿੰਗ) ਵਰਗੇ ਅਪਰਾਧਾਂ ਨਾਲ ਨਜਿੱਠਣ ਲਈ ਵੀ ਨਵੇਂ ਕਾਨੂੰਨਾਂ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ ਭਾਰਤ ਦੀ ਅਪਰਾਧਿਕ ਨਿਆਂ ਪ੍ਰਣਾਲੀ ਦੁਨੀਆ ਦੀਆਂ ਸਭ ਤੋਂ ਆਧੁਨਿਕ ਪ੍ਰਣਾਲੀਆਂ ਵਿੱਚ ਸ਼ਾਮਲ ਹੋਵੇਗੀ।

ਸਹਿਕਾਰਤਾ ਖੇਤਰ ਦਾ ਜ਼ਿਕਰ ਕਰਦਿਆਂ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਲੰਬੇ ਸਮੇਂ ਤੋਂ ਸੁਤੰਤਰ ਸਹਿਕਾਰਤਾ ਮੰਤਰਾਲੇ ਦੀ ਮੰਗ ਸੀ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵੱਖਰਾ ਸਹਿਕਾਰਤਾ ਮੰਤਰਾਲਾ ਸਥਾਪਿਤ ਕਰਕੇ ਸਹਿਕਾਰਤਾ ਖੇਤਰ ਨੂੰ ਨਵੀਂ ਊਰਜਾ ਅਤੇ ਗਤੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮੰਤਰਾਲੇ ਦੀ ਸਥਾਪਨਾ ਦਾ ਸਭ ਤੋਂ ਵੱਡਾ ਲਾਭ ਕਿਸਾਨਾਂ, ਪਸ਼ੂਪਾਲਕਾਂ ਅਤੇ ਪੇਂਡੂ ਅਰਥਵਿਵਸਥਾ ਨਾਲ ਜੁੜੇ ਲੋਕਾਂ ਤੱਕ ਪਹੁੰਚ ਰਿਹਾ ਹੈ।

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਖੁੱਲ੍ਹੇ ਬਾਜ਼ਾਰ ਵਿੱਚ ਦੁੱਧ ਵੇਚਣ ਵਾਲੇ ਪਸ਼ੂਪਾਲਕਾਂ ਨੂੰ ਕਈ ਵਾਰ ਵਿਚੋਲਿਆਂ ਕਾਰਨ ਆਪਣੇ ਉਤਪਾਦ ਦਾ ਉਚਿਤ ਮੁੱਲ ਨਹੀਂ ਮਿਲ ਪਾਉਂਦਾ, ਜਦਕਿ ਸਹਿਕਾਰੀ ਪ੍ਰਣਾਲੀ ਪਸ਼ੂਪਾਲਕਾਂ ਨੂੰ ਬਿਹਤਰ ਕੀਮਤ ਦੇ ਨਾਲ-ਨਾਲ ਉਨ੍ਹਾਂ ਦੇ ਦੁੱਧ ਦੀ ਪ੍ਰੋਸੈਸਿੰਗ ਅਤੇ ਵੈਲਿਊ ਐਡੀਸ਼ਨ ਤੋਂ ਹੋਣ ਵਾਲੇ ਆਰਥਿਕ ਲਾਭ ਨਾਲ ਵੀ ਜੋੜਦੀ ਹੈ। ਉਨ੍ਹਾਂ ਕਿਹਾ ਕਿ ਦੁੱਧ ਤੋਂ ਆਈਸਕ੍ਰੀਮ, ਮੱਖਣ, ਘਿਓ, ਪਨੀਰ ਅਤੇ ਮਾਵਾ ਵਰਗੇ ਮੁੱਲ-ਅਧਾਰਿਤ ਉਤਪਾਦ ਤਿਆਰ ਕਰਨ ਲਈ ਮਜ਼ਬੂਤ ਪ੍ਰੋਸੈਸਿੰਗ ਬੁਨਿਆਦੀ ਢਾਂਚਾ ਜ਼ਰੂਰੀ ਹੈ ਅਤੇ ਸਰਕਾਰ ਇਸੇ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕਰ ਰਹੀ ਹੈ।

ਨਸਲ ਸੁਧਾਰ ਨੂੰ ਡੇਅਰੀ ਖੇਤਰ ਦੀ ਉਤਪਾਦਕਤਾ ਵਧਾਉਣ ਦਾ ਮਹੱਤਵਪੂਰਨ ਸਾਧਨ ਦੱਸਦਿਆਂ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਮੱਧ ਪ੍ਰਦੇਸ਼ ਸਰਕਾਰ ਤੋਂ ਗਊਵੰਸ਼ ਅਤੇ ਮੱਝਾਂ ਦੀ ਨਸਲ ਸੁਧਾਰ ਨਾਲ ਸਬੰਧਿਤ ਪ੍ਰੋਗਰਾਮਾਂ ਲਈ 50 ਏਕੜ ਜ਼ਮੀਨ ਉਪਲਬਧ ਕਰਵਾਉਣ ਦੀ ਮੰਗ ਕੀਤੀ ਸੀ ਅਤੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਇਸ ਲਈ ਸਿਧਾਂਤਕ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਨਸਲ ਸੁਧਾਰ ਤਕਨੀਕਾਂ ਨਾਲ ਪਸ਼ੂਆਂ ਦੀ ਸਿਹਤ ਅਤੇ ਦੁੱਧ ਉਤਪਾਦਕਤਾ ਵਿੱਚ ਸੁਧਾਰ ਦੇ ਨਾਲ-ਨਾਲ ਭਾਰਤੀ ਦੇਸੀ ਨਸਲਾਂ ਦੀ ਸੰਭਾਲ ਨੂੰ ਵੀ ਉਤਸ਼ਾਹ ਮਿਲੇਗਾ। ਸੈਕਸ-ਸੋਰਟਡ ਸੀਮਨ ਵਰਗੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਨਾਲ ਪਸ਼ੂਪਾਲਕਾਂ ਨੂੰ ਵਾਧੂ ਆਰਥਿਕ ਲਾਭ ਮਿਲਣ ਦੀ ਸੰਭਾਵਨਾ ਵੀ ਵਧੇਗੀ।

ਮੱਧ ਪ੍ਰਦੇਸ਼ ਵਿੱਚ ਦੁੱਧ ਉਤਪਾਦਨ ਵਧਾਉਣ ਲਈ ਰਾਜ ਸਰਕਾਰ ਦੇ ਟੀਚੇ ਦਾ ਜ਼ਿਕਰ ਕਰਦਿਆਂ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਇੱਕ ਮਹੱਤਵਾਕਾਂਖੀ ਟੀਚਾ ਹੈ ਅਤੇ ਕੇਂਦਰ ਸਰਕਾਰ ਇਸ ਨੂੰ ਹਾਸਲ ਕਰਨ ਵਿੱਚ ਰਾਜ ਸਰਕਾਰ ਅਤੇ ਮੱਧ ਪ੍ਰਦੇਸ਼ ਦੇ ਪਸ਼ੂਪਾਲਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕਰੇਗੀ ।

ਦੇਸ਼ ਵਿੱਚ ਡੇਅਰੀ ਖੇਤਰ ਦੀ ਤਰੱਕੀ ਦਾ ਜ਼ਿਕਰ ਕਰਦਿਆਂ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਾਲ 2014-15 ਵਿੱਚ ਦੇਸ਼ ਦਾ ਕੁੱਲ ਦੁੱਧ ਉਤਪਾਦਨ ਲਗਭਗ 14.60 ਕਰੋੜ ਟਨ ਸੀ, ਜੋ ਹੁਣ ਵਧ ਕੇ ਲਗਭਗ 24.80 ਕਰੋੜ ਟਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਸਮੇਂ ਦੌਰਾਨ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਲਗਭਗ 307 ਗ੍ਰਾਮ ਪ੍ਰਤੀ ਦਿਨ ਤੋਂ 58 ਫੀਸਦੀ ਵਧ ਕੇ ਲਗਭਗ 485 ਗ੍ਰਾਮ ਪ੍ਰਤੀ ਦਿਨ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਹੈ।

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਾਲ 2047 ਤੱਕ ਭਾਰਤ ਨੂੰ ਹਰ ਖੇਤਰ ਵਿੱਚ ਮੋਹਰੀ ਰਾਸ਼ਟਰ ਬਣਾਉਣ ਦੇ ਸੰਕਲਪ ਅਨੁਸਾਰ ਖੇਤੀਬਾੜੀ, ਪਸ਼ੂਪਾਲਣ ਅਤੇ ਸਹਿਕਾਰਤਾ ਖੇਤਰਾਂ ਨੂੰ ਵੀ ਆਧੁਨਿਕ ਅਤੇ ਵਿਸ਼ਵ ਪੱਧਰ ’ਤੇ ਮੁਕਾਬਲੇਯੋਗ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਡੇਅਰੀ ਉਤਪਾਦਾਂ ਦਾ ਨਿਰਯਾਤ ਵਧ ਕੇ ਲਗਭਗ ₹4,666 ਕਰੋੜ ਤੱਕ ਪਹੁੰਚ ਗਿਆ ਹੈ ਅਤੇ ਸੰਯੁਕਤ ਅਰਬ ਅਮੀਰਾਤ, ਬੰਗਲਾਦੇਸ਼, ਅਮਰੀਕਾ, ਸਾਊਦੀ ਅਰਬ ਅਤੇ ਭੂਟਾਨ ਸਮੇਤ ਕਈ ਦੇਸ਼ਾਂ ਵਿੱਚ ਭਾਰਤੀ ਡੇਅਰੀ ਉਤਪਾਦਾਂ ਦਾ ਨਿਰਯਾਤ ਕੀਤਾ ਜਾ ਰਿਹਾ ਹੈ।

ਚਿੱਟੀ ਕ੍ਰਾਂਤੀ 2.0 ਦਾ ਜ਼ਿਕਰ ਕਰਦਿਆਂ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਸ ਤਹਿਤ ਦੇਸ਼ ਭਰ ਵਿੱਚ 75 ਹਜ਼ਾਰ ਨਵੀਆਂ ਸਹਿਕਾਰੀ ਡੇਅਰੀਆਂ ਸਥਾਪਿਤ ਕਰਨ ਅਤੇ 46 ਹਜ਼ਾਰ ਮੌਜੂਦਾ ਡੇਅਰੀਆਂ ਨੂੰ ਮਜ਼ਬੂਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਮੱਧ ਪ੍ਰਦੇਸ਼ ਵਿੱਚ ਵੱਡੀ ਗਿਣਤੀ ਵਿੱਚ ਨਵੀਆਂ ਸਹਿਕਾਰੀ ਡੇਅਰੀਆਂ ਸਥਾਪਿਤ ਕੀਤੀਆਂ ਜਾਣਗੀਆਂ, ਜਿਸ ਨਾਲ ਰਾਜ ਦੇ ਪਸ਼ੂਪਾਲਕਾਂ ਨੂੰ ਸੰਗਠਿਤ ਬਾਜ਼ਾਰ, ਬਿਹਤਰ ਕੀਮਤ, ਆਧੁਨਿਕ ਪ੍ਰੋਸੈਸਿੰਗ ਅਤੇ ਸਹਿਕਾਰੀ ਨੈੱਟਵਰਕ ਦਾ ਲਾਭ ਮਿਲੇਗਾ।

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਡੇਅਰੀ ਖੇਤਰ ਨੂੰ ਨੈੱਟ ਜ਼ੀਰੋ ਅਤੇ ਚੱਕਰੀ ਅਰਥਵਿਵਸਥਾ ਦੇ ਮਾਡਲ ਨਾਲ ਜੋੜਨ ਲਈ ਵੀ ਕਈ ਕਦਮ ਚੁੱਕੇ ਜਾ ਰਹੇ ਹਨ। ਨਸਲ ਸੁਧਾਰ, ਟੀਕਾਕਰਨ, ਗੁਣਵੱਤਾਪੂਰਨ ਪਸ਼ੂਧਨ, ਚਾਰਾ ਪ੍ਰਬੰਧਨ, ਆਰਟੀਫਿਸ਼ੀਅਲ ਗਰਭਧਾਰਣ ਅਤੇ ਸੈਕਸ-ਸੋਰਟਡ ਸੀਮਨ ਵਰਗੀਆਂ ਵਿਵਸਥਾਵਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਰਦਾਰ ਪਟੇਲ ਕੋਆਪਰੇਟਿਵ ਡੇਅਰੀ ਫੈਡਰੇਸ਼ਨ ਲਿਮਟਿਡ ਦੀ ਸਥਾਪਨਾ ਵੀ ਕੀਤੀ ਗਈ ਹੈ।

ਗੋਬਰ ਅਧਾਰਿਤ ਅਰਥਵਿਵਸਥਾ ਦੀਆਂ ਸੰਭਾਵਨਾਵਾਂ ਨੂੰ ਰੇਖਾਂਕਿਤ ਕਰਦਿਆਂ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਗੋਬਰ ਦਾ ਵਿਗਿਆਨਕ ਸੰਗ੍ਰਹਿ, ਮੀਥੇਨ ਉਤਸਰਜਨ ਵਿੱਚ ਕਮੀ, ਸਵੱਛ ਊਰਜਾ ਉਤਪਾਦਨ, ਪੋਸ਼ਕ ਤੱਤਾਂ ਦੀ ਰੀਸਾਈਕਲਿੰਗ ਅਤੇ ਪੇਂਡੂ ਰੋਜ਼ਗਾਰ ਸਿਰਜਣਾ—ਇਨ੍ਹਾਂ ਸਾਰਿਆਂ ਨੂੰ ਇਕੱਠੇ ਅੱਗੇ ਵਧਾਉਣ ਲਈ ਵੱਖ-ਵੱਖ ਮਾਡਲ ਵਿਕਸਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੀ ਪ੍ਰਣਾਲੀ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇਗਾ, ਜਿਸ ਨਾਲ ਮੱਧ ਪ੍ਰਦੇਸ਼ ਵਿੱਚ ਗੋਬਰ ਵੀ ਪਸ਼ੂਪਾਲਕਾਂ ਅਤੇ ਕਿਸਾਨਾਂ ਲਈ ਆਮਦਨ ਦਾ ਵਾਧੂ ਸਰੋਤ ਬਣ ਸਕੇ।

ਡੇਅਰੀ ਸਹਿਕਾਰਤਾ ਵਿੱਚ ਮਹਿਲਾਵਾਂ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰੀ ਡੇਅਰੀ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਦਾ ਸਾਧਨ ਸ਼ਾਇਦ ਹੀ ਕੋਈ ਹੋਰ ਹੋ ਸਕਦਾ ਹੈ। ਡੇਅਰੀ ਰਾਹੀਂ ਮਹਿਲਾਵਾਂ ਦੇ ਹੱਥ ਵਿੱਚ ਸਿੱਧੀ ਆਮਦਨ ਪਹੁੰਚਦੀ ਹੈ ਅਤੇ ਇਸ ਨਾਲ ਮਹਿਲਾ ਸਸ਼ਕਤੀਕਰਨ ਦੇ ਨਾਲ-ਨਾਲ ਪੇਂਡੂ ਵਿਕਾਸ, ਕਿਸਾਨਾਂ ਦੀ ਆਰਥਿਕ ਤਰੱਕੀ ਅਤੇ ਪਰਿਵਾਰ ਦੀ ਖੁਸ਼ਹਾਲੀ ਵੀ ਜੁੜਦੀ ਹੈ। ਉਨ੍ਹਾਂ ਕਿਹਾ ਕਿ ਡੇਅਰੀ ਖੇਤਰ ਦੇਸ਼ ਵਿੱਚ ਕੁਪੋਸ਼ਣ ਵਿਰੁੱਧ ਲੜਾਈ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਮੱਧ ਪ੍ਰਦੇਸ਼ ਨੂੰ ਨਸ਼ੀਲੇ ਪਦਾਰਥਾਂ ਤੋਂ ਮੁਕਤ ਬਣਾਉਣ ਦੀ ਦਿਸ਼ਾ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੇ ਯਤਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਵਿਸ਼ੇ ’ਤੇ ਮੁੱਖ ਮੰਤਰੀ ਅਤੇ ਸਬੰਧਿਤ ਵਿਭਾਗਾਂ ਨਾਲ ਵਿਸਥਾਰਪੂਰਵਕ ਬੈਠਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਨੂੰ ਨਾਰਕੋਟਿਕਸ ਅਤੇ ਨਸ਼ੀਲੇ ਪਦਾਰਥਾਂ ਤੋਂ ਮੁਕਤ ਬਣਾਉਣ ਲਈ ਵਿਸਥਾਰਪੂਰਵਕ ਅਤੇ ਬਾਰੀਕੀ ਵਾਲੀ ਕਾਰਜ-ਯੋਜਨਾ ਤਿਆਰ ਕਰਕੇ ਉਸ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇਗਾ, ਤਾਂ ਜੋ ਰਾਜ ਦੇ ਨੌਜਵਾਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਅਤੇ ਉਜਵਲ ਭਵਿੱਖ ਯਕੀਨੀ ਬਣਾਇਆ ਜਾ ਸਕੇ।

ਸ੍ਰੀ ਅਮਿਤ ਸ਼ਾਹ ਨੇ ਪਸ਼ੂਪਾਲਕਾਂ ਦੇ ਹਿੱਤ ਵਿੱਚ ਮੱਧ ਪ੍ਰਦੇਸ਼ ਸਰਕਾਰ ਵੱਲੋਂ ਲਏ ਗਏ ਵੱਖ-ਵੱਖ ਫੈਸਲਿਆਂ ਲਈ ਮੁੱਖ ਮੰਤਰੀ ਡਾ. ਮੋਹਨ ਯਾਦਵ, ਉਪ ਮੁੱਖ ਮੰਤਰੀਆਂ ਅਤੇ ਰਾਜ ਸਰਕਾਰ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਦੁੱਧ ਉਤਪਾਦਨ ਅਤੇ ਸਹਿਕਾਰੀ ਡੇਅਰੀ ਨੈੱਟਵਰਕ ਨੂੰ ਵੱਡੇ ਪੱਧਰ ’ਤੇ ਵਧਾਉਣ ਦਾ ਟੀਚਾ ਮੁਸ਼ਕਲ ਜ਼ਰੂਰ ਹੈ, ਪਰ ਕੇਂਦਰ ਸਰਕਾਰ ਰਾਜ ਸਰਕਾਰ ਅਤੇ ਪਸ਼ੂਪਾਲਕਾਂ ਨਾਲ ਮਿਲ ਕੇ ਇਸ ਟੀਚੇ ਨੂੰ ਹਾਸਲ ਕਰਨ ਲਈ ਪੂਰਾ ਸਹਿਯੋਗ ਕਰੇਗੀ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਡੇਅਰੀ ਅਤੇ ਗੋਪਾਲਨ ਰਾਹੀਂ ਮੱਧ ਪ੍ਰਦੇਸ਼ ਖੁਸ਼ਹਾਲ ਹੋਵੇ, ਸੂਬੇ ਦਾ ਕਿਸਾਨ ਖੁਸ਼ਹਾਲ ਹੋਵੇ ਅਤੇ ਖ਼ਾਸ ਤੌਰ ’ਤੇ ਮਾਤ੍ਰ ਸ਼ਕਤੀ ਖੁਸ਼ਹਾਲ ਹੋਵੇ—ਇਸੇ ਸੰਕਲਪ ਨਾਲ ਕੇਂਦਰ ਅਤੇ ਰਾਜ ਸਰਕਾਰ ਸਹਿਕਾਰਤਾ ਅਤੇ ਡੇਅਰੀ ਖੇਤਰ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਲਈ ਕੰਮ ਕਰ ਰਹੀਆਂ ਹਨ।

ਇਸ ਮੌਕੇ ਭੋਪਾਲ ਵਿੱਚ ‘ਮੋਰਵਨ ਪ੍ਰੋਜੈਕਟ’ ਤਹਿਤ ਨਗਰ ਵਨ ਵਿਕਸਿਤ ਕਰਨ ਲਈ ਕ੍ਰਿਭਕੋ (KRIBHCO) ਅਤੇ ਮੱਧ ਪ੍ਰਦੇਸ਼ ਰਾਜ ਜੈਵ ਵਿਭਿੰਨਤਾ ਬੋਰਡ ਵਿਚਕਾਰ ਸਮਝੌਤਾ ਪੱਤ ਦਾ ਆਦਾਨ-ਪ੍ਰਦਾਨ ਵੀ ਕੀਤਾ ਗਿਆ।

ਸਮਾਗਮ ਦੌਰਾਨ ਸ੍ਰੀ ਅਮਿਤ ਸ਼ਾਹ ਨੇ ਉੱਜੈਨ ਵਿੱਚ ₹255 ਕਰੋੜ ਦੀ ਲਾਗਤ ਨਾਲ ਸਥਾਪਿਤ ਕੀਤੇ ਜਾਣ ਵਾਲੇ ਰੋਜ਼ਾਨਾ 3 ਲੱਖ ਲੀਟਰ ਸਮਰੱਥਾ ਵਾਲੇ ਦੁੱਧ ਪ੍ਰੋਸੈਸਿੰਗ ਪਲਾਂਟ ਦਾ ਡਿਜ਼ੀਟਲ ਮਾਧਿਅਮ ਰਾਹੀਂ ਭੂਮੀ ਪੂਜਨ ਕੀਤਾ। ਇਸ ਦੇ ਨਾਲ ਹੀ ਭੋਪਾਲ ਵਿੱਚ ਲਗਭਗ ₹16.5 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਗਏ ਰੋਜ਼ਾਨਾ 40 ਹਜ਼ਾਰ ਲੀਟਰ ਸਮਰੱਥਾ ਵਾਲੇ ਪ੍ਰੋਡਕਟ ਡੇਅਰੀ ਪਲਾਂਟ ਅਤੇ ₹12.42 ਕਰੋੜ ਦੀ ਲਾਗਤ ਨਾਲ ਤਿਆਰ ਕੀਤੀ ਗਈ ਅਤਿ-ਆਧੁਨਿਕ ਰਾਜ ਪੱਧਰੀ ਕੇਂਦਰੀ ਪ੍ਰਯੋਗਸ਼ਾਲਾ ਦਾ ਲੋਕਅਰਪਣ ਕੀਤਾ ਗਿਆ। ਸ਼ਿਵਪੁਰੀ ਵਿੱਚ ₹6.5 ਕਰੋੜ ਦੀ ਲਾਗਤ ਨਾਲ ਮਿੰਨੀ ਡੇਅਰੀ ਪਲਾਂਟ ਦੇ ਮਜ਼ਬੂਤੀਕਰਨ ਕਾਰਜ ਦਾ ਵੀ ਡਿਜ਼ੀਟਲ ਮਾਧਿਅਮ ਰਾਹੀਂ ਲੋਕਅਰਪਣ ਕੀਤਾ ਗਿਆ। ਇਨ੍ਹਾਂ ਪ੍ਰੋਜੈਕਟਾਂ ਨਾਲ ਮੱਧ ਪ੍ਰਦੇਸ਼ ਵਿੱਚ ਦੁੱਧ ਪ੍ਰੋਸੈਸਿੰਗ, ਗੁਣਵੱਤਾ ਜਾਂਚ ਅਤੇ ਡੇਅਰੀ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ।

ਸਮਾਗਮ ਦੌਰਾਨ ਭੋਪਾਲ ਅਤੇ ਇੰਦੌਰ ਦੁੱਧ ਸੰਘਾਂ ਨਾਲ ਜੁੜੇ ਪਸ਼ੂਪਾਲਕਾਂ ਨੂੰ ਬੋਨਸ ਅਤੇ ਗਊਸ਼ਾਲਾਵਾਂ ਨੂੰ ਸਹਾਇਤਾ ਰਾਸ਼ੀ ਸਿੰਗਲ ਕਲਿੱਕ ਰਾਹੀਂ ਪ੍ਰਦਾਨ ਕੀਤੀ ਗਈ। ਦੁੱਧ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਲਾਭਾਂਸ਼ ਵੰਡਿਆ ਗਿਆ ਅਤੇ ਪਸ਼ੂਪਾਲਕਾਂ ਦਾ ਸਨਮਾਨ ਕੀਤਾ ਗਿਆ। ਮਹਿਲਾ ਪਸ਼ੂਪਾਲਕਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ‘ਗੋਪਾਲਕ ਦੀਦੀਆਂ’ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਡਾ. ਭੀਮਰਾਓ ਅੰਬੇਡਕਰ ਕਾਮਧੇਨੂ ਯੋਜਨਾ ਤਹਿਤ ਮਨਜ਼ੂਰੀ ਪੱਤਰ ਵੀ ਪ੍ਰਦਾਨ ਕੀਤੇ ਗਏ।

****

ਏਕੇ/ਬਲਜੀਤ


(Release ID: 2319593) ਵਿਜ਼ੀਟਰ ਕਾਊਂਟਰ : 3