ਜਲ ਸ਼ਕਤੀ ਮੰਤਰਾਲਾ
ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਨੇ ਆਪਣੇ ਨਿਵਾਸ ਸਥਾਨ 'ਤੇ ਭਾਰਤ ਤੋਂ ਆਏ ਜਲ ਸੰਭਾਲ ਯੋਧਿਆਂ ਦੀ ਮੇਜ਼ਬਾਨੀ ਕੀਤੀ
ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਚੈਂਪੀਅਨ ਦਰਿਆ ਦੇ ਕਾਇਆਕਲਪ, ਜਲ ਸੰਭਾਲ ਅਤੇ ਭਾਈਚਾਰਕ ਲਾਮਬੰਦੀ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਸਾਂਝੀਆਂ ਕਰਦੇ ਹਨ
ਸ਼੍ਰੀ ਪਾਟਿਲ ਨੇ ਟੀਚਾਬੱਧ ਕਾਰਵਾਈ, ਮਾਪਣਯੋਗ ਨਤੀਜੇ ਅਤੇ ਵਿਆਪਕ ਜਨਤਕ ਭਾਗੀਦਾਰੀ ਦਾ ਸੱਦਾ ਦਿੱਤਾ
ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਮੁੜ-ਸੁਰਜੀਤੀਕਰਣ ਵਿਭਾਗ ਦੇ ਸਕੱਤਰ ਸ਼੍ਰੀਮਤੀ ਅਰਚਨਾ ਵਰਮਾ ਨੇ ਜਲ ਸਬੰਧੀ ਸਮੂਹਿਕ ਕਾਰਵਾਈ ਲਈ ਭਾਈਚਾਰਿਆਂ ਨੂੰ ਲਾਮਬੰਦ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ
Posted On:
01 OCT 2026 6:42PM by PIB Chandigarh
ਕੇਂਦਰੀ ਜਲ ਸ਼ਕਤੀ ਮੰਤਰੀ, ਸ਼੍ਰੀ ਸੀ.ਆਰ. ਪਾਟਿਲ ਨੇ ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਜਲ ਸੰਭਾਲ ਯੋਧਾਵਾਂ ਅਤੇ ਨਦੀ (ਦਰਿਆ) ਪੁਨਰ- ਸੁਰਜੀਤੀ ਯੋਧਿਆਂ ਨਾਲ ਗੱਲਬਾਤ ਕੀਤੀ ਜੋ ਜਲ ਸੰਭਾਲ, ਨਦੀ ਅਤੇ ਜਲ ਸਰੋਤਾਂ ਦੀ ਸੁਰੱਖਿਆ ਅਤੇ ਵਾਤਾਵਰਣ ਸੰਭਾਲ ਦੇ ਖੇਤਰਾਂ ਵਿੱਚ ਜ਼ਮੀਨੀ ਪੱਧਰ 'ਤੇ ਪਹਿਲਕਦਮੀਆਂ ਦੀ ਅਗਵਾਈ ਕਰ ਰਹੇ ਹਨ। ਨਮਾਮੀ ਗੰਗਾ ਅਭਿਆਨ ਦੇ ਤਹਿਤ ਰਾਸ਼ਟਰੀ ਸਵੱਛ ਗੰਗਾ ਮਿਸ਼ਨ (ਐੱਨਐੱਮਸੀਜੀ) ਦੁਆਰਾ ਆਯੋਜਿਤ, ਇਸ ਗੱਲਬਾਤ ਨੇ ਇਨ੍ਹਾਂ ਜ਼ਮੀਨੀ ਪੱਧਰ ਦੇ ਯੋਧਿਆਂ ਨੂੰ ਆਪਣੇ ਅਨੁਭਵ ਸਾਂਝੇ ਕਰਨ, ਇੱਕ ਦੂਜੇ ਤੋਂ ਸਿੱਖਣ ਅਤੇ ਸਫਲ ਭਾਈਚਾਰਕ ਅਗਵਾਈ ਵਾਲੇ ਮਾਡਲਾਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਦੇਸ਼ ਭਰ ਵਿੱਚ ਲਾਗੂ ਕਰਨ ਦੇ ਤਰੀਕਿਆਂ 'ਤੇ ਚਰਚਾ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕੀਤਾ।

ਭਾਗੀਦਾਰਾਂ ਨੇ ਦਰਿਆਵਾਂ ਅਤੇ ਤਲਾਬਾਂ ਨੂੰ ਮੁੜ ਸੁਰਜੀਤ ਕਰਨ, 'ਸ਼੍ਰਮਦਾਨ' ਕਰਨ, ਮੀਂਹ ਦੇ ਪਾਣੀ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ, ਜਲ-ਸਰੋਤਾਂ ਦੇ ਨੇੜਿਓਂ ਪਲਾਸਟਿਕ ਅਤੇ ਹੋਰ ਕੂੜਾ-ਕਚਰਾ ਹਟਾਉਣ, ਬੂਟੇ ਲਗਾਉਣ ਦੀਆਂ ਮੁਹਿੰਮਾਂ ਚਲਾਉਣ ਅਤੇ ਔਰਤਾਂ, ਨੌਜਵਾਨਾਂ, ਵਲੰਟੀਅਰਾਂ ਤੇ ਸਥਾਨਕ ਭਾਈਚਾਰਿਆਂ ਨੂੰ ਲਾਮਬੰਦ ਕਰਨ ਦੇ ਆਪਣੇ ਸਿੱਧੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਦੀਆਂ ਕਹਾਣੀਆਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਕਿਵੇਂ ਵਿਅਕਤੀਗਤ ਪਹਿਲਕਦਮੀ, ਜਦੋਂ ਸਮੂਹਿਕ ਕਾਰਵਾਈ ਅਤੇ ਭਾਈਚਾਰਕ ਮਾਲਕੀ ਦੀ ਭਾਵਨਾ ਨਾਲ ਜੁੜਦੀ ਹੈ, ਤਾਂ ਜ਼ਮੀਨੀ ਪੱਧਰ 'ਤੇ ਸਪਸ਼ਟ ਅਤੇ ਸਥਾਈ ਸੁਧਾਰ ਲਿਆ ਸਕਦੀ ਹੈ।
ਆਪਣਾ ਕੰਮ ਸਾਂਝਾ ਕਰਨ ਵਾਲਿਆਂ ਵਿੱਚ ਰਾਮਵੀਰ ਤੰਵਰ ਵੀ ਸ਼ਾਮਲ ਸਨ, ਜਿਨ੍ਹਾਂ ਨੂੰ "ਭਾਰਤ ਦਾ ਤਲਾਬ ਪ੍ਰੇਮੀ" ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ 100 ਤੋਂ ਵੱਧ ਤਲਾਬ ਮੁੜ ਸੁਰਜੀਤ ਕਰਨ ਅਤੇ 10 ਛੋਟੇ ਸ਼ਹਿਰੀ ਜੰਗਲ ਸਥਾਪਿਤ ਕਰਨ ਬਾਰੇ ਗੱਲ ਕੀਤੀ। ਬਿਹਾਰ ਦੀ ਕਾਮਿਨੀ ਕੁਮਾਰੀ ਨੇ ਬਾਇਆ ਨਦੀ ਦੇ ਕਿਨਾਰੇ ਇੱਕ ਦਿਨ ਵਿੱਚ 500 ਪਾਣੀ ਦੇ ਟੋਏ ਬਣਾਉਣ ਲਈ 500 ਔਰਤਾਂ ਨੂੰ ਸੰਗਠਿਤ ਕਰਨ ਦੀ ਆਪਣੀ ਪਹਿਲਕਦਮੀ 'ਤੇ ਚਾਨਣਾ ਪਾਇਆ, ਜਿਸ ਨਾਲ ਪਾਣੀ ਦੀ ਸੰਭਾਲ ਨੂੰ ਭੂਮੀਗਤ ਪਾਣੀ ਰੀਚਾਰਜ, ਟਿਕਾਊ ਖੇਤੀਬਾੜੀ ਅਤੇ ਔਰਤਾਂ ਲਈ ਰੋਜ਼ੀ-ਰੋਟੀ ਦੇ ਮੌਕਿਆਂ ਨਾਲ ਜੋੜਿਆ ਜਾ ਸਕੇ।
ਸੁਰੇਂਦਰ ਸਿੰਘ ਚੌਧਰੀ, ਜੋ 'ਬਿੱਟੂ ਤਬਾਹੀ' ਵਜੋਂ ਜਾਣੇ ਜਾਂਦੇ ਹਨ, ਨੇ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਬਿਆਓਰਾ (Biaora) ਵਿਖੇ ਪ੍ਰਦੂਸ਼ਿਤ ਅਜਨਾਰ ਨਦੀ ਦੀ ਸਫ਼ਾਈ ਕਰਨ ਦੇ ਆਪਣੇ ਸਫ਼ਰ ਬਾਰੇ ਜਾਣਕਾਰੀ ਸਾਂਝੀ ਕੀਤੀ। ਬੀ.ਐੱਸ.ਸੀ. ਦੇ ਇੱਕ ਨੌਜਵਾਨ ਵਿਦਿਆਰਥੀ ਵਜੋਂ, ਉਨ੍ਹਾਂ ਨੇ 26 ਜਨਵਰੀ 2026 ਨੂੰ ਇਹ ਉਪਰਾਲਾ ਸ਼ੁਰੂ ਕੀਤਾ ਅਤੇ ਮੁੱਖ ਤੌਰ 'ਤੇ ਆਪਣੀ ਨਿਜੀ ਪਹਿਲਕਦਮੀ ਨਾਲ ਨਦੀ ਵਿੱਚੋਂ ਪਲਾਸਟਿਕ, ਜੰਗਲੀ ਬੂਟੀ, ਚਿੱਕੜ ਅਤੇ ਹੋਰ ਕੂੜਾ-ਕਚਰਾ ਹੱਥੀਂ ਸਾਫ਼ ਕਰਨ ਦਾ ਕੰਮ ਕੀਤਾ। ਉਨ੍ਹਾਂ ਦਾ ਇਹ ਕੰਮ, ਜੋ ਇੱਕ ਸਥਾਨਕ ਉਪਰਾਲੇ ਵਜੋਂ ਸ਼ੁਰੂ ਹੋਇਆ ਸੀ, ਲੋਕਾਂ ਦਾ ਵਿਆਪਕ ਧਿਆਨ ਖਿੱਚਣ ਵਿੱਚ ਸਫਲ ਰਿਹਾ ਅਤੇ ਇਸ ਨੇ ਸਥਾਨਕ ਜਲ-ਸਰੋਤਾਂ ਦੀ ਸਫ਼ਾਈ ਅਤੇ ਬਹਾਲੀ ਲਈ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਉਤਸ਼ਾਹਿਤ ਕੀਤਾ ਹੈ।
ਬੰਗਲੁਰੂ ਤੋਂ ਆਨੰਦ ਮੱਲੀਗੜ ਨੇ 33 ਝੀਲਾਂ ਨੂੰ ਮੁੜ ਸੁਰਜੀਤ ਕਰਨ ਅਤੇ ਇੱਕ ਲੱਖ ਤੋਂ ਵੱਧ ਦੇਸੀ ਰੁੱਖ ਲਗਾਉਣ ਦੇ ਆਪਣੇ ਕੰਮ ਬਾਰੇ ਗੱਲ ਕੀਤੀ। ਉੱਤਰਾਖੰਡ ਤੋਂ ਜਗਦੀਸ਼ ਸਿੰਘ ਨੇਗੀ ਨੇ ਜਲ ਸੰਭਾਲ, ਜੰਗਲਾਂ ਦੀ ਬਹਾਲੀ ਅਤੇ ਪਲਾਸਟਿਕ ਵੇਸਟ ਨੂੰ ਵਾਤਾਵਰਣ ਅਨੁਕੂਲ ਇੱਟਾਂ ਵਿੱਚ ਬਦਲਣ ਵਿੱਚ ਆਪਣੇ ਕੰਮ ਨੂੰ ਸਾਂਝਾ ਕੀਤਾ। ਸ਼ੁਭਮ ਕੁਮਾਰ ਨੇ ਨਦੀ ਦੀ ਸਫਾਈ ਵਿੱਚ ਨੌਜਵਾਨਾਂ ਅਤੇ ਵਲੰਟੀਅਰਾਂ ਦੀ ਭੂਮਿਕਾ ਅਤੇ ਗੰਗਾ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਕੰਢਿਆਂ ਤੋਂ 2.47 ਲੱਖ ਕਿਲੋਗ੍ਰਾਮ ਤੋਂ ਵੱਧ ਕਚਰਾ ਹਟਾਉਣ ਲਈ ਭਾਈਚਾਰਿਆਂ ਨੂੰ ਲਾਮਬੰਦ ਕਰਨ ਦੇ ਉਨ੍ਹਾਂ ਦੇ ਯਤਨਾਂ 'ਤੇ ਚਾਨਣਾ ਪਾਇਆ।
ਇਸ ਗੱਲਬਾਤ ਵਿੱਚ ਨਦੀਆਂ ਅਤੇ ਘਾਟਾਂ ਨੂੰ ਸਾਫ਼ ਰੱਖਣ ਵਿੱਚ ਜਲ ਵਲੰਟੀਅਰਾਂ ਅਤੇ ਭਾਈਚਾਰਕ ਸਮੂਹਾਂ ਦੀ ਭੂਮਿਕਾ 'ਤੇ ਵੀ ਚਾਨਣਾ ਪਾਇਆ ਗਿਆ। ਉੱਤਰ ਪ੍ਰਦੇਸ਼ ਤੋਂ ਆਕਾਸ਼ ਯਾਦਵ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ 15 ਮੈਂਬਰੀ ਵਲੰਟੀਅਰ ਸਮੂਹ ਨੇ ਗੰਗਾ ਦੇ ਚਾਰ ਘਾਟਾਂ ਦੀ ਬਹਾਲੀ ਅਤੇ ਇੱਕ ਟਨ ਤੋਂ ਵੱਧ ਪਲਾਸਟਿਕ ਵੇਸਟ ਨੂੰ ਹਟਾਉਣ ਵਿੱਚ ਯੋਗਦਾਨ ਦਿੱਤਾ ਹੈ। ਕਾਨਪੁਰ ਤੋਂ ਡਾ. ਸੰਜੀਵਨੀ ਸ਼ਰਮਾ ਨੇ ਗੰਗਾ ਸੰਭਾਲ ਮੁਹਿੰਮ ਲਈ 900 ਤੋਂ ਵੱਧ ਵਲੰਟੀਅਰਾਂ ਨੂੰ ਲਾਮਬੰਦ ਕਰਨ ਅਤੇ 120 ਮੀਟ੍ਰਿਕ ਟਨ ਤੋਂ ਵੱਧ ਕੂੜੇ ਨੂੰ ਹਟਾਉਣ ਦੇ ਨਾਲ-ਨਾਲ ਪਲਾਸਟਿਕ ਰੀਸਾਈਕਲਿੰਗ, ਰਹਿੰਦ-ਖੂੰਹਦ ਸਮੱਗਰੀ ਦੀ ਮੁੜ ਵਰਤੋਂ ਅਤੇ ਭਾਈਚਾਰੇ ਦੀ ਅਗਵਾਈ ਵਾਲੇ ਕੂੜੇ ਪ੍ਰਬੰਧਨ ਰਾਹੀਂ ਔਰਤਾਂ ਲਈ ਰੋਜ਼ੀ-ਰੋਟੀ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਬਾਰੇ ਗੱਲ ਕੀਤੀ।
ਹੋਰਨਾਂ 'ਜਲ ਯੋਧਿਆਂ' ਵਿੱਚ ਸ਼੍ਰੀਮਤੀ ਕੁਸਮ ਗਿਲਦਿਆਲ, ਸ਼੍ਰੀ ਜਗਦੀਸ਼ ਨੇਗੀ, ਸ਼੍ਰੀਮਤੀ ਰਮਾ ਤਿਵਾਰੀ, ਡਾ. ਸੁਮਨ ਪਾਂਡੇ, ਸ਼੍ਰੀਮਤੀ ਕੁਮਾਰੀ ਸੁਨੀਤਾ ਸਿੰਘ, ਸ਼੍ਰੀ ਸੰਜੈ ਕੁਮਾਰ ਸਿੰਘ, ਸ਼੍ਰੀ ਅਜੈ ਕੁਮਾਰ ਤਿਵਾਰੇ, ਸ਼੍ਰੀ ਨਿਤੀਸ਼ ਕੁਮਾਰ ਸਿੰਘ, ਸ਼੍ਰੀ ਕਮਲੇਸ਼ ਭਾਈ ਸ਼ਾਸਤਰੀ, ਸ਼੍ਰੀ ਸੰਦੀਪ ਚੌਧਰੀ, ਸ਼੍ਰੀਮਤੀ ਸਿਰਕੁੰਵਰ, ਸ਼੍ਰੀਮਤੀ ਫੂਲਬਤੀ ਅਤੇ ਸ਼੍ਰੀ ਵਿਵੇਕ ਭੱਟ ਸ਼ਾਮਲ ਸਨ। ਇਨ੍ਹਾਂ ਯੋਧਿਆਂ ਦੇ ਕੰਮ ਦੀ ਮਾਣਯੋਗ ਜਲ ਸ਼ਕਤੀ ਮੰਤਰੀ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਪੁਨਰ ਸੁਰਜੀਤੀ ਵਿਭਾਗ ਦੇ ਸਕੱਤਰ ਸ਼੍ਰੀਮਤੀ ਅਰਚਨਾ ਵਰਮਾ ਨੇ ਸਰਕਾਰੀ ਪ੍ਰੋਗਰਾਮਾਂ ਤੋਂ ਪਰ੍ਹੇ ਭਾਈਚਾਰਿਆਂ ਤੱਕ ਪਾਣੀ ਦੀ ਸੰਭਾਲ ਅਤੇ ਸਫਾਈ ਦੇ ਸੰਦੇਸ਼ ਨੂੰ ਲੈ ਕੇ ਵਾਟਰ ਵੌਰੀਅਰਜ਼ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨਦੀਆਂ, ਤਲਾਬਾਂ ਅਤੇ ਹੋਰ ਜਲ ਸਰੋਤਾਂ ਦੇ ਨੇੜੇ ਲੋਕਾਂ ਨੂੰ ਲਾਮਬੰਦ ਕਰਨ ਅਤੇ ਸਮੂਹਿਕ ਕਾਰਵਾਈ ਦਾ ਆਯੋਜਨ ਕਰਨ ਦੀ ਉਨ੍ਹਾਂ ਦੀ ਯੋਗਤਾ ਦੀ ਪ੍ਰਸ਼ੰਸਾ ਕੀਤੀ, ਇਸ ਗੱਲ 'ਤੇ ਜ਼ੋਰ ਦਿੱਤਾ ਕਿ ਲੰਬੇ ਸਮੇਂ ਵਿੱਚ ਜਲ ਸੰਭਾਲ ਅਤੇ ਨਦੀ ਸੁਰੱਖਿਆ ਦੇ ਯਤਨਾਂ ਨੂੰ ਕਾਇਮ ਰੱਖਣ ਲਈ ਅਜਿਹੀ ਨਾਗਰਿਕ-ਅਗਵਾਈ ਵਾਲੀ ਭਾਗੀਦਾਰੀ ਜ਼ਰੂਰੀ ਹੈ।
ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਸੀ.ਆਰ. ਪਾਟਿਲ ਨੇ ਉਨ੍ਹਾਂ ਦੀ ਵਚਨਬੱਧਤਾ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੇ ਤਜ਼ਰਬਿਆਂ ਨੂੰ ਸਿੱਧੇ ਤੌਰ 'ਤੇ ਸੁਣਨਾ ਦੇਸ਼ ਭਰ ਵਿੱਚ ਚੱਲ ਰਹੇ ਜ਼ਮੀਨੀ ਪੱਧਰ ਦੇ ਕੰਮ ਦੇ ਪੈਮਾਨੇ, ਵਿਭਿੰਨਤਾ ਅਤੇ ਪ੍ਰਭਾਵ ਨੂੰ ਸਮਝਣ ਦਾ ਇੱਕ ਮੌਕਾ ਸੀ। ਉਨ੍ਹਾਂ ਮੰਨਿਆ ਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਮੁਸ਼ਕਲ ਸਥਾਨਕ ਹਾਲਤਾਂ ਵਿੱਚ ਕੰਮ ਕਰਦੇ ਰਹੇ ਅਤੇ ਫਿਰ ਵੀ ਲੋਕਾਂ ਨੂੰ ਪਾਣੀ ਅਤੇ ਵਾਤਾਵਰਣ ਸੰਭਾਲ ਲਈ ਲਾਮਬੰਦ ਕਰਨ ਵਿੱਚ ਸਫਲ ਹੋਏ। ਵਿਆਪਕ ਰਾਸ਼ਟਰੀ ਅੰਦੋਲਨ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਪਾਟਿਲ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਜਲ ਸੰਭਾਲ ਜਨਤਕ ਭਾਗੀਦਾਰੀ 'ਤੇ ਅਧਾਰਿਤ ਇੱਕ ਦੇਸ਼ ਵਿਆਪੀ ਜਨ ਅੰਦੋਲਨ ਵਿੱਚ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੀ ਦੇ ਪਾਣੀ ਦੀ ਹਰ ਬੂੰਦ ਨੂੰ ਸੰਭਾਲਣ 'ਤੇ ਨਿਰੰਤਰ ਜ਼ੋਰ ਨੇ ਦੇਸ਼ ਭਰ ਦੇ ਨਾਗਰਿਕਾਂ ਅਤੇ ਭਾਈਚਾਰਿਆਂ ਨੂੰ ਜਲ ਸੰਭਾਲ ਦੀ ਜ਼ਿੰਮੇਵਾਰੀ ਲੈਣ ਲਈ ਪ੍ਰੇਰਿਤ ਕੀਤਾ ਹੈ ਅਤੇ ਜਲ ਯੋਧਿਆਂ ਦਾ ਕੰਮ ਸਮੂਹਿਕ ਕਾਰਵਾਈ ਦੀ ਇਸ ਭਾਵਨਾ ਨੂੰ ਦਰਸਾਉਂਦਾ ਹੈ।
ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅਗਲਾ ਕਦਮ ਇਸ ਊਰਜਾ ਨੂੰ ਨਿਸ਼ਾਨਾ, ਮਾਪਣਯੋਗ ਅਤੇ ਨਿਰੰਤਰ ਨਤੀਜਿਆਂ ਵਿੱਚ ਬਦਲਣਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਭਾਗੀਦਾਰਾਂ ਨੂੰ ਖਾਸ ਨਦੀਆਂ, ਤਲਾਬ, ਘਾਟ ਅਤੇ ਹੋਰ ਜਲ ਸਰੋਤਾਂ ਦੀ ਪਛਾਣ ਕਰਨ, ਸਪਸ਼ਟ ਟੀਚੇ ਨਿਰਧਾਰਿਤ ਕਰਨ ਅਤੇ ਜ਼ਮੀਨ 'ਤੇ ਪ੍ਰਤੱਖ ਸੁਧਾਰਾਂ ਦਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਔਰਤਾਂ, ਨੌਜਵਾਨਾਂ, ਸਕੂਲੀ ਬੱਚਿਆਂ, ਬਜ਼ੁਰਗ ਨਾਗਰਿਕਾਂ ਅਤੇ ਸਮਾਜ ਦੇ ਹੋਰ ਵਰਗਾਂ ਨੂੰ ਸ਼ਾਮਲ ਕਰਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ, ਤਾਂ ਜੋ ਪਾਣੀ ਦੀ ਸੰਭਾਲ ਅਤੇ ਸੈਨੀਟੇਸ਼ਨ ਇੱਕ ਵਾਰ ਦੀਆਂ ਗਤੀਵਿਧੀਆਂ ਦੀ ਬਜਾਏ ਇੱਕ ਸਥਾਈ ਜਨਤਕ ਲਹਿਰ ਬਣ ਸਕੇ।
ਸ਼੍ਰੀ ਪਾਟਿਲ ਨੇ ਜਲ ਯੋਧਿਆਂ ਨੂੰ ਜੁੜੇ ਰਹਿਣ, ਨਿਯਮਿਤ ਤੌਰ 'ਤੇ ਆਪਣਾ ਕੰਮ ਸਾਂਝਾ ਕਰਨ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲਾਗੂ ਕੀਤੇ ਜਾ ਰਹੇ ਸਫਲ ਮਾਡਲਾਂ ਤੋਂ ਸਿੱਖਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਚੰਗੀਆਂ ਸਥਾਨਕ ਪਹਿਲਕਦਮੀਆਂ ਨੂੰ ਇੱਕ ਜਗ੍ਹਾ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ, ਸਗੋਂ ਉਨ੍ਹਾਂ ਨੂੰ ਅਪਣਾਇਆ ਜਾਣਾ ਚਾਹੀਦਾ ਹੈ ਅਤੇ ਫੈਲਾਇਆ ਜਾਣਾ ਚਾਹੀਦਾ ਹੈ ਜਿੱਥੇ ਵੀ ਉਹ ਭਾਈਚਾਰਿਆਂ ਨੂੰ ਸਮਾਨ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਮਦਦ ਕਰ ਸਕਣ।
ਜਲ ਯੋਧਿਆਂ ਨੇ ਮੰਤਰੀ ਦੇ ਨਿਵਾਸ 'ਤੇ ਸੱਦਾ ਮਿਲਣ ਅਤੇ ਉਨ੍ਹਾਂ ਨਾਲ ਸਿੱਧੇ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਦੇ ਮੌਕੇ 'ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਹੋਰ ਜ਼ਮੀਨੀ ਪੱਧਰ ਦੇ ਚੈਪੀਅਨਾਂ ਨਾਲ ਗੱਲਬਾਤ ਕਰਨ, ਅਨੁਭਵਾਂ ਦਾ ਅਦਾਨ-ਪ੍ਰਦਾਨ ਕਰਨ, ਭਾਈਚਾਰਕ ਗਤੀਸ਼ੀਲਤਾ ਲਈ ਵੱਖ-ਵੱਖ ਪਹੁੰਚਾਂ ਨੂੰ ਸਮਝਣ ਅਤੇ ਭਵਿੱਖ ਵਿੱਚ ਜੁੜੇ ਰਹਿਣ ਅਤੇ ਸਹਿਯੋਗ ਕਰਨ ਦੇ ਤਰੀਕਿਆਂ ਦੀ ਪੜਚੋਲ ਕਰਨ ਦੇ ਮੌਕੇ ਦੀ ਵੀ ਕਦਰ ਕੀਤੀ।
ਇਸ ਗੱਲਬਾਤ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦਰਿਆਵਾਂ ਦੀ ਸੁਰੱਖਿਆ ਅਤੇ ਜਲ ਸੰਭਾਲ ਸਿਰਫ਼ ਬੁਨਿਆਦੀ ਢਾਂਚੇ ਅਤੇ ਸਰਕਾਰੀ ਪ੍ਰੋਗਰਾਮਾਂ ਰਾਹੀਂ ਸੰਭਵ ਨਹੀਂ ਹੈ। ਨਿਰੰਤਰ ਜਨਤਕ ਭਾਗੀਦਾਰੀ, ਸ਼੍ਰਮਦਾਨ, ਜ਼ਿੰਮੇਵਾਰ ਭਾਈਚਾਰਕ ਵਿਵਹਾਰ ਅਤੇ ਵਚਨਬੱਧ ਜ਼ਮੀਨੀ ਪੱਧਰ ਦੀ ਅਗਵਾਈ ਬਰਾਬਰ ਮਹੱਤਵਪੂਰਨ ਹਨ। ਮੀਟਿੰਗ ਦੌਰਾਨ ਸਾਂਝੇ ਕੀਤੇ ਗਏ ਤਜ਼ਰਬਿਆਂ ਨੇ ਦਿਖਾਇਆ ਕਿ ਨਾਗਰਿਕ, ਵਲੰਟੀਅਰ ਅਤੇ ਸਥਾਨਕ ਭਾਈਚਾਰੇ ਸਾਫ਼ ਦਰਿਆਵਾਂ, ਸੁਰੱਖਿਅਤ ਜਲ ਸਰੋਤਾਂਅਤੇ ਇੱਕ ਸਵੱਛ ਅਤੇ ਵਧੇਰੇ ਟਿਕਾਊ ਵਾਤਾਵਰਣ ਲਈ ਰਾਸ਼ਟਰੀ ਯਤਨਾਂ ਵਿੱਚ ਸ਼ਕਤੀਸ਼ਾਲੀ ਭਾਈਵਾਲ ਹੋ ਸਕਦੇ ਹਨ।
************
ਐੱਨਡੀ/ਐੱਚਐੱਮ/ਏਕੇ
(Release ID: 2318241)
ਵਿਜ਼ੀਟਰ ਕਾਊਂਟਰ : 8