ਵਿੱਤ ਮੰਤਰਾਲਾ
ਵਿਸ਼ੇਸ਼ ਮੁਹਿੰਮ 6.0: DIPAM ਨੇ MSTC ਨੂੰ ਵਿਭਾਗੀ ਈ-ਵੇਸਟ (e-waste) ਦੀ ਨਿਲਾਮੀ ਅਤੇ ਜ਼ਿੰਮੇਵਾਰਾਨਾ ਰੀਸਾਈਕਲਿੰਗ ਲਈ ਜੋੜਿਆ
ਇਸ ਭਾਈਵਾਲੀ ਦਾ ਉਦੇਸ਼ 'ਵਿਸ਼ੇਸ਼ ਮੁਹਿੰਮ 6.0' ਤਹਿਤ ਵਿਗਿਆਨਕ ਅਤੇ ਵਾਤਾਵਰਣ-ਅਨੁਕੂਲ ਢੰਗ ਨਾਲ ਈ-ਵੇਸਟ ਦਾ ਨਿਪਟਾਰਾ ਕਰਨਾ ਹੈ
Posted On:
30 SEP 2026 3:31PM by PIB Chandigarh
ਸਵੱਛਤਾ ਨੂੰ ਸੰਸਥਾਗਤ ਰੂਪ ਦੇਣ ਅਤੇ ਇਲੈਕਟ੍ਰੌਨਿਕ ਰਹਿੰਦ-ਖੂੰਹਦ (ਈ-ਵੇਸਟ) ਦੇ ਵਾਤਾਵਰਣ-ਅਨੁਕੂਲ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਦੇ ਤਹਿਤ, 'ਡਿਪਾਰਟਮੈਂਟ ਆਫ਼ ਇਨਵੈਸਟਮੈਂਟ ਐਂਡ ਪਬਲਿਕ ਅਸੈੱਟ ਮੈਨੇਜਮੈਂਟ' (DIPAM) ਨੇ ਵਿਭਾਗ ਦੇ ਅੰਦਰ ਪੈਦਾ ਹੋਣ ਵਾਲੇ ਈ-ਵੇਸਟ ਨੂੰ ਵਿਗਿਆਨਕ ਢੰਗ ਨਾਲ ਇਕੱਠਾ ਕਰਨ, ਵੱਖ-ਵੱਖ ਕਰਨ ਅਤੇ ਨਿਪਟਾਰਾ ਕਰਨ ਲਈ MSTC ਲਿਮਿਟੇਡ ਦੀਆਂ ਸੇਵਾਵਾਂ ਲਈਆਂ ਹਨ। MSTC ਲਿਮਿਟੇਡ, ਸਟੀਲ ਮੰਤਰਾਲੇ ਦੇ ਅਧੀਨ ਇੱਕ 'ਮਿੰਨੀਰਤਨ ਸ਼੍ਰੇਣੀ-I' (Miniratna Category-I) ਕੇਂਦਰੀ ਜਨਤਕ ਖੇਤਰ ਦਾ ਅਦਾਰਾ ਹੈ।
ਇਹ ਕਦਮ 'ਵਿਸ਼ੇਸ਼ ਮੁਹਿੰਮ 6' (2 ਤੋਂ 31 ਅਕਤੂਬਰ 2026) ਤਹਿਤ ਚੁੱਕਿਆ ਜਾ ਰਿਹਾ ਹੈ। ਇਹ ਮੁਹਿੰਮ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੁਆਰਾ ਜਾਰੀ 'ਈ-ਵੇਸਟ (ਪ੍ਰਬੰਧਨ) ਨਿਯਮ, 2022' ਦੇ ਅਨੁਸਾਰ "ਈ-ਵੇਸਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਇਕੱਠਾ ਕਰਨ, ਵੱਖ-ਵੱਖ ਕਰਨ ਅਤੇ ਨਿਪਟਾਰਾ ਕਰਨ" 'ਤੇ ਵਿਸ਼ੇਸ਼ ਜ਼ੋਰ ਦਿੰਦੀ ਹੈ।
MSTC ਦਾ ਵਿਸ਼ੇਸ਼ ਈ-ਨਿਲਾਮੀ ਪਲੈਟਫਾਰਮ ਕੰਪਿਊਟਰ, ਪ੍ਰਿੰਟਰ, ਸਰਵਰ ਅਤੇ ਸੂਚਨਾ ਤਕਨਾਲੋਜੀ ਨਾਲ ਜੁੜੀਆਂ ਹੋਰ ਦੂਜੀਆਂ ਵਸਤੂਆਂ ਜਿਵੇਂ ਕਿ ਪੁਰਾਣੇ ਇਲੈਕਟ੍ਰੌਨਿਕ ਸਮਾਨ ਨੂੰ ਪਾਰਦਰਸ਼ੀ ਢੰਗ ਨਾਲ ਅਤੇ ਨਿਯਮਾਂ ਮੁਤਾਬਕ ਨਿਪਟਾਰੇ ਵਿੱਚ ਮਦਦ ਕਰੇਗਾ। ਇਸ ਨਾਲ ਨਾ ਸਿਰਫ਼ ਦਫ਼ਤਰ ਵਿੱਚ ਕਾਫ਼ੀ ਥਾਂ ਖਾਲੀ ਹੋਵੇਗੀ, ਸਗੋਂ ਇਹ ਵੀ ਯਕੀਨੀ ਬਣੇਗਾ ਕਿ ਈ-ਵੇਸਟ ਨੂੰ ਅਧਿਕਾਰਤ ਚੈਨਲਾਂ ਰਾਹੀਂ ਰੀਸਾਈਕਲ ਕੀਤਾ ਜਾਵੇ; ਤਾਂ ਜੋ ਰਹਿੰਦ-ਖੂੰਹਦ ਨੂੰ ਇੱਕ ਸੰਸਾਧਨ ਵਿੱਚ ਬਦਲਿਆ ਜਾ ਸਕੇ ਅਤੇ ਇਸ ਦੀ ਵਿਕਰੀ ਰਾਹੀਂ ਸਰਕਾਰ ਨੂੰ ਆਮਦਨ ਪ੍ਰਾਪਤੀ ਹੋਵੇ।
DIPAM 'ਵਿਸ਼ੇਸ਼ ਮੁਹਿੰਮ 6' ਦੇ ਵਿਆਪਕ ਟੀਚਿਆਂ ਪ੍ਰਤੀ ਵਚਨਬੱਧ ਹੈ, ਜਿਨ੍ਹਾਂ ਵਿੱਚ ਸਰਕਾਰੀ ਦਫ਼ਤਰਾਂ ਵਿੱਚ ਪੂਰੀ ਨਾਲ ਸਵੱਛਤਾ ਨੂੰ ਯਕੀਨੀ ਬਣਾਉਣਾ, ਲੰਬਿਤ ਕੰਮਾਂ (pendency) ਨੂੰ ਘਟਾਉਣਾ ਅਤੇ ਆਪਣੇ ਦਫ਼ਤਰਾਂ ਵਿੱਚ ਵਧੀਆ ਕਾਰਜ-ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ।
*****
ਸੰਜੈ ਰਾਏ/ਦਿਵਯਾ ਐਨ ਮੈਥਿਊ/ਬਲਜੀਤ ਸਿੰਘ
(Release ID: 2317755)
ਵਿਜ਼ੀਟਰ ਕਾਊਂਟਰ : 9